‘ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜਦੇ’ ਟਿੱਪਰ ਅਤੇ ਟ੍ਰੈਕਟਰ ਲੈ ਰਹੇ ਲੋਕਾਂ ਦੀਆਂ ਜਾਨਾਂ!

Saturday, Aug 08, 2026 - 03:43 AM (IST)

‘ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜਦੇ’ ਟਿੱਪਰ ਅਤੇ ਟ੍ਰੈਕਟਰ ਲੈ ਰਹੇ ਲੋਕਾਂ ਦੀਆਂ ਜਾਨਾਂ!

ਆਮ ਵਾਹਨਾਂ ਤੋਂ ਇਲਾਵਾ ਸਾਮਾਨ ਢੋਹਣ ਲਈ ਵਰਤੇ ਜਾਣ ਵਾਲੇ ਟ੍ਰੈਕਟਰਾਂ ਅਤੇ ਟਿੱਪਰਾਂ ਦੇ ਚਾਲਕਾਂ ਵੱਲੋਂ ‘ਸੜਕ ਸੁਰੱਖਿਆ’ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਕਾਰਨ ਸੜਕ ਹਾਦਸਿਆਂ ’ਚ ਵੱਡੀ ਗਿਣਤੀ ’ਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਜਿਨ੍ਹਾਂ ਦੀਆਂ ਪਿਛਲੇ ਲਗਭਗ ਸਵਾ ਮਹੀਨੇ ਦੀਆਂ ਘਟਨਾਵਾਂ ਹੇਠਾਂ ਦਰਜ ਹਨ :

* 15 ਜੂਨ ਨੂੰ ‘ਕਰਨਾਲ’ (ਹਰਿਆਣਾ) ’ਚ ਇਕ ਟਿੱਪਰ ਦੀ ਟੱਕਰ ਨਾਲ ਟ੍ਰੈਕਟਰ ਬੇਕਾਬੂ ਹੋ ਕੇ ਇਕ ਐਕਟਿਵਾ ਨਾਲ ਟਕਰਾਅ ਜਾਣ ਕਾਰਨ ਐਕਟਿਵਾ ’ਤੇ ਆਪਣੀ ਮਾਂ ਨਾਲ ਜਾ ਰਹੇ ਇਕ 7-8 ਸਾਲਾ ਬੱਚੇ ਦੀ ਟ੍ਰੈਕਟਰ-ਟ੍ਰਾਲੀ ਦੇ ਟਾਇਰ ਹੇਠਾਂ ਆ ਜਾਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ।

* 17 ਜੂਨ ਨੂੰ ‘ਮੇਰਠ’ (ਉੱਤਰ ਪ੍ਰਦੇਸ਼) ’ਚ ਕਿਸਾਨਾਂ ਦੀ ਟ੍ਰੈਕਟਰ-ਟ੍ਰਾਲੀ ਨੂੰ ਇਕ ਤੇਜ਼ ਰਫ਼ਤਾਰ ਟਿੱਪਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।

* 20 ਜੂਨ ਨੂੰ ‘ਸ਼ਾਹਜਹਾਂਪੁਰ’ (ਉੱਤਰ ਪ੍ਰਦੇਸ਼) ਦੇ ‘ਦਤੇਲੀ’ ਪਿੰਡ ’ਚ ਗ਼ੈਰ-ਕਾਨੂੰਨੀ ਖਣਨ ਸਮੱਗਰੀ ਲਿਜਾ ਰਹੀ ਇਕ ਤੇਜ਼ ਰਫ਼ਤਾਰ ਟ੍ਰੈਕਟਰ-ਟ੍ਰਾਲੀ ਨੇ ਸੜਕ ’ਤੇ ਜਾ ਰਹੇ ਇਕ ਬਜ਼ੁਰਗ ਅਤੇ ਉਸ ਦੇ ਪੋਤੇ ਨੂੰ ਕੁਚਲ ਦਿੱਤਾ, ਜਿਸ ਨਾਲ ਦੋਵਾਂ ਦੀ ਮੌਤ ਹੋ ਗਈ।

* 27 ਜੂਨ ਨੂੰ ‘ਗੁਰੂਗ੍ਰਾਮ’ (ਹਰਿਆਣਾ) ’ਚ ‘ਦੁਆਰਕਾ ਐਕਸਪ੍ਰੈੱਸ-ਵੇਅ’ ’ਤੇ ਇਕ ਫਲਾਈਓਵਰ ਦੇ ਉੱਪਰ ਕੰਮ ਖ਼ਤਮ ਕਰ ਕੇ ਪਰਤ ਰਹੇ ਮਜ਼ਦੂਰਾਂ ਦੀ ਟ੍ਰੈਕਟਰ-ਟ੍ਰਾਲੀ ਨੂੰ ਪਿੱਛਿਓਂ ਆ ਰਹੇ ਇਕ ਕੈਂਟਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਟ੍ਰਾਲੀ ’ਚ ਬੈਠੇ ‘ਵਿਮਲੇਸ਼’ ਨਾਂ ਦੇ ਵਰਕਰ ਦੀ 35 ਫੁੱਟ ਉੱਚੇ ਫਲਾਈਓਵਰ ਤੋਂ ਹੇਠਾਂ ਡਿੱਗਣ ਨਾਲ ਮੌਤ ਹੋ ਗਈ।

* 4 ਜੁਲਾਈ ਨੂੰ ‘ਬਹਿਰਾਈਚ’ (ਉੱਤਰ ਪ੍ਰਦੇਸ਼) ’ਚ ਸਵੇਰੇ-ਸਵੇਰੇ ਸੀਮੈਂਟ ਨਾਲ ਲੱਦੀ ਇਕ ਟ੍ਰੈਕਟਰ-ਟ੍ਰਾਲੀ ਅਤੇ ਰੋਡਵੇਜ਼ ਬੱਸ ਦੀ ਸਿੱਧੀ ਟੱਕਰ ’ਚ ਟ੍ਰੈਕਟਰ ਚਾਲਕ ਦੀ ਮੌਤ ਹੋ ਗਈ ਅਤੇ ਬੱਸ ’ਚ ਸਵਾਰ 11 ਤੋਂ ਵੱਧ ਮੁਸਾਫਰ ਜ਼ਖ਼ਮੀ ਹੋ ਗਏ।

* 13 ਜੁਲਾਈ ਨੂੰ ‘ਫਗਵਾੜਾ’ (ਪੰਜਾਬ) ’ਚ ਪਿੰਡ ‘ਰਾਵਲਪਿੰਡੀ’ ਦੇ ਕੋਲ ਇਕ ਤੇਜ਼ ਰਫ਼ਤਾਰ ਟਿੱਪਰ ਦੀ ਟੱਕਰ ਨਾਲ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ।

* 18 ਜੁਲਾਈ ਨੂੰ ‘ਨਾਵਾ’ (ਰਾਜਸਥਾਨ) ’ਚ ਇਕ ਨੌਜਵਾਨ ਦੇ ਟ੍ਰੈਕਟਰ ਨੂੰ ਸਾਹਮਣੇ ਤੋਂ ਆ ਰਹੇ ਤੂੜੀ ਨਾਲ ਭਰੇ ਦੂਜੇ ਟ੍ਰੈਕਟਰ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਨੌਜਵਾਨ ਉਛਲ ਕੇ ਹੇਠਾਂ ਡਿੱਗਿਆ ਅਤੇ ਆਪਣੀ ਹੀ ਟ੍ਰੈਕਟਰ-ਟ੍ਰਾਲੀ ਦੇ ਭਾਰੀ ਟਾਇਰ ਹੇਠਾਂ ਦੱਬੇ ਜਾਣ ਨਾਲ ਉਸ ਦੀ ਜਾਨ ਚਲੀ ਗਈ।

* 21 ਜੁਲਾਈ ਨੂੰ ‘ਬਿਲਾਸਪੁਰ’ (ਛੱਤੀਸਗੜ੍ਹ) ’ਚ ਤੇਜ਼ ਰਫ਼ਤਾਰ ਕਾਰਨ ਇਕ ਬੇਕਾਬੂ ਟ੍ਰੈਕਟਰ-ਟ੍ਰਾਲੀ ਦੇ ਸੜਕ ਦੇ ਕਿਨਾਰੇ ਪਲਟ ਜਾਣ ਨਾਲ ਟ੍ਰਾਲੀ ’ਚ ਸਵਾਰ 2 ਔਰਤਾਂ ਦੀ ਮੌਤ ਹੋ ਗਈ ਅਤੇ 4 ਹੋਰ ਵਿਅਕਤੀ ਜ਼ਖ਼ਮੀ ਹੋ ਗਏ।

* 28 ਜੁਲਾਈ ਨੂੰ ‘ਬੁਲੰਦਸ਼ਹਿਰ’ (ਉੱਤਰ ਪ੍ਰਦੇਸ਼) ’ਚ ਮੁਸਾਫਰਾਂ ਨਾਲ ਭਰੀ ਉੱਤਰ ਪ੍ਰਦੇਸ਼ ਰੋਡਵੇਜ਼ ਦੀ ਬੱਸ ਅਤੇ ਟ੍ਰੈਕਟਰ-ਟ੍ਰਾਲੀ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ’ਚ ਇਕ ਔਰਤ ਦੀ ਮੌਤ ਹੋ ਗਈ ਅਤੇ 11 ਹੋਰ ਮੁਸਾਫਰ ਜ਼ਖ਼ਮੀ ਹੋ ਗਏ।

* 28 ਜੁਲਾਈ ਨੂੰ ਹੀ ‘ਬਠਿੰਡਾ’ (ਪੰਜਾਬ) ਦੇ ਪਿੰਡ ‘ਨਰੂਆਣਾ’ ਨੇੜੇ ਝੋਨੇ ਦੀ ਲੁਆਈ ਤੋਂ ਬਾਅਦ ਸੜਕ ਦੇ ਕਿਨਾਰੇ ਆਰਾਮ ਕਰ ਰਹੀ ਇਕ ਪ੍ਰਵਾਸੀ ਮਹਿਲਾ ਮਜ਼ਦੂਰ ਨੂੰ ਤੇਜ਼ ਰਫ਼ਤਾਰ ਟਿੱਪਰ ਨੇ ਕੁਚਲ ਦਿੱਤਾ।

* 31 ਜੁਲਾਈ ਨੂੰ ‘ਹੁਸ਼ਿਆਰਪੁਰ’ (ਪੰਜਾਬ) ’ਚ ‘ਅਹਰਿਆਣਾ’ ਪਿੰਡ ਨੇੜੇ ਇਕ ‘ਟਿੱਪਰ’ ਦੀ ਲਪੇਟ ’ਚ ਆ ਜਾਣ ਨਾਲ ਮੋਟਰਸਾਈਕਲ ’ਤੇ ਸਵਾਰ ਪਤੀ-ਪਤਨੀ ਅਤੇ ਉਨ੍ਹਾਂ ਦੇ 6 ਸਾਲਾ ਬੇਟੇ ਦੀ ਮੌਤ ਹੋ ਗਈ।

* 2 ਅਗਸਤ ਨੂੰ ‘ਏਟਾ’ (ਉੱਤਰ ਪ੍ਰਦੇਸ਼) ਤੋਂ ਜਲਾਭਿਸ਼ੇਕ ਲਈ ਜਾ ਰਹੇ ਕਾਂਵੜੀਏ ਨਾਲ ਭਰੀ ਟ੍ਰੈਕਟਰ-ਟ੍ਰਾਲੀ ਅਤੇ ਇਕ ਤੇਜ਼ ਰਫ਼ਤਾਰ ਟਰੱਕ ਵਿਚਾਲੇ ਟੱਕਰ ਨਾਲ ਇਕ ਕਾਂਵੜੀਏ ਦੀ ਮੌਤ ਹੋ ਗਈ ਅਤੇ 7 ਹੋਰ ਸ਼ਿਵ ਭਗਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।

* 2 ਅਗਸਤ ਨੂੰ ਹੀ ‘ਬਾਰਾਬੰਕੀ’ (ਉੱਤਰ ਪ੍ਰਦੇਸ਼) ’ਚ ਸੀਤਾਪੁਰ ਤੋਂ ‘ਗੋਲਾ ਗੋਕਰਣਨਾਥ’ ਜਲ ਚੜ੍ਹਾਉਣ ਜਾ ਰਹੇ ਕਾਂਵੜੀਆਂ ਦੀ ਤੇਜ਼ ਰਫ਼ਤਾਰ ਟ੍ਰੈਕਟਰ-ਟ੍ਰਾਲੀ ਬੇਕਾਬੂ ਹੋ ਕੇ ਸੜਕ ਕਿਨਾਰੇ ਟੋਏ ’ਚ ਪਲਟ ਜਾਣ ਨਾਲ ਅਨੇਕਾਂ ਸ਼ਿਵ ਭਗਤ ਜ਼ਖ਼ਮੀ ਹੋ ਗਏ।

* 6 ਅਗਸਤ ਨੂੰ ‘ਹਰਿਦੁਆਰ’ (ਉੱਤਰਾਖੰਡ) ਤੋਂ ਜਲ ਲੈ ਕੇ ਆਪਣੇ ਪਿਤਾ ਨਾਲ ਪਰਤ ਰਹੇ ‘ਬਾਗਪਤ’ ਦੇ ‘ਬੜੌਲੀ’ ਪਿੰਡ ਦੇ 9 ਸਾਲਾ ਮਾਸੂਮ ਬੱਚੇ ਦੀ ਟ੍ਰੈਕਟਰ-ਟ੍ਰਾਲੀ ਦੇ ਹੇਠਾਂ ਦੱਬਣ ਨਾਲ ਦਰਦਨਾਕ ਮੌਤ ਹੋ ਗਈ।

* 6 ਅਗਸਤ ਨੂੰ ਹੀ ‘ਉੱਨਾਵ’ (ਉੱਤਰ ਪ੍ਰਦੇਸ਼) ’ਚ ਇਕ ਟ੍ਰੈਕਟਰ-ਟ੍ਰਾਲੀ ਅਚਾਨਕ ਬੇਕਾਬੂ ਹੋ ਕੇ ਨਹਿਰ ’ਚ ਪਲਟ ਗਈ, ਜਿਸ ਨਾਲ ਉਸ ਦੇ ਹੇਠਾਂ ਦੱਬੇ ਜਾਣ ਨਾਲ ਇਕ ਕਿਸਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਉਂਝ ਤਾਂ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਵਾਉਣੀ ਸੂਬਾਈ ਸਰਕਾਰਾਂ ਦੇ ਟਰਾਂਸਪੋਰਟ ਵਿਭਾਗ ਦੇ ਨਾਲ-ਨਾਲ ਟ੍ਰੈਫਿਕ ਪੁਲਸ ਦੀ ਵੀ ਜ਼ਿੰਮੇਵਾਰੀ ਹੈ ਪਰ ਬਦਕਿਸਮਤੀ ਨਾਲ ਇਨ੍ਹਾਂ ਦੋਵਾਂ ਹੀ ਵਿਭਾਗਾਂ ਦੇ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ।

ਇਸ ਲਈ ਦੋਵਾਂ ਵਿਭਾਗਾਂ ਨੂੰ ਇਸ ਬਾਰੇ ਵਿਸ਼ੇਸ਼ ਮੁਹਿੰਮ ਚਲਾ ਕੇ ਸੜਕਾਂ ’ਤੇ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਦੌੜ ਰਹੇ ਟਿੱਪਰਾਂ ਅਤੇ ਟ੍ਰੈਕਟਰ-ਟ੍ਰਾਲੀਆਂ ਨੂੰ ਰੋਕਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ।

—ਵਿਜੇ ਕੁਮਾਰ


author

Sandeep Kumar

Content Editor

Related News