ਜਦੋਂ ਸ਼ਬਦਾਂ ਦੀ ਮਰਿਆਦਾ ਗੁਆਚ ਜਾਂਦੀ ਹੈ, ਤਾਂ ਰਾਸ਼ਟਰ ਆਪਣੀ ਆਤਮਾ ਗੁਆ ਦਿੰਦਾ ਹੈ

Monday, Aug 03, 2026 - 05:28 PM (IST)

ਜਦੋਂ ਸ਼ਬਦਾਂ ਦੀ ਮਰਿਆਦਾ ਗੁਆਚ ਜਾਂਦੀ ਹੈ, ਤਾਂ ਰਾਸ਼ਟਰ ਆਪਣੀ ਆਤਮਾ ਗੁਆ ਦਿੰਦਾ ਹੈ

ਇਕ ਰਾਸ਼ਟਰ ਦੇ ਚਰਿੱਤਰ ਦਾ ਅੰਦਾਜ਼ਾ ਸਿਰਫ ਉਸ ਦੀ ਆਰਥਿਕ ਤਰੱਕੀ, ਫ਼ੌਜੀ ਸ਼ਕਤੀ ਜਾਂ ਤਕਨੀਕੀ ਪ੍ਰਾਪਤੀਆਂ ਤੋਂ ਨਹੀਂ ਲਗਾਇਆ ਜਾਂਦਾ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾਂਦਾ ਹੈ ਕਿ ਉਸ ਦੇ ਲੋਕ ਇਕ-ਦੂਜੇ ਨਾਲ ਕਿਵੇਂ ਗੱਲ ਕਰਦੇ ਹਨ, ਉਹ ਆਪਣੇ ਵੱਡਿਆਂ, ਅਧਿਆਪਕਾਂ ਅਤੇ ਸੰਸਥਾਵਾਂ ਪ੍ਰਤੀ ਕਿਹੋ ਜਿਹਾ ਸਤਿਕਾਰ ਦਿਖਾਉਂਦੇ ਹਨ ਅਤੇ ਮਤਭੇਦਾਂ ਨੂੰ ਕਿੰਨੀ ਮਰਿਆਦਾ ਨਾਲ ਸੰਭਾਲਦੇ ਹਨ। ਕਿਸੇ ਸਮਾਜ ਦੀ ਭਾਸ਼ਾ ਉਸ ਦੀ ਸੰਸਕ੍ਰਿਤੀ ਦਾ ਸ਼ੀਸ਼ਾ ਹੁੰਦੀ ਹੈ। ਜਦੋਂ ਉਹ ਭਾਸ਼ਾ ਅਪਮਾਨਜਨਕ ਅਤੇ ਹਮਲਾਵਰ ਹੋ ਜਾਂਦੀ ਹੈ, ਤਾਂ ਇਹ ਸਿਰਫ ਸ਼ਿਸ਼ਟਾਚਾਰ ’ਚ ਗਿਰਾਵਟ ਨਹੀਂ, ਇਹ ਇਕ ਚਿਤਾਵਨੀ ਹੈ ਕਿ ਸਮਾਜ ਦੇ ਅੰਦਰ ਕੁਝ ਗੰਭੀਰ ਬਦਲ ਰਿਹਾ ਹੈ।

ਭਾਰਤ ਹਮੇਸ਼ਾ ਤੋਂ ਗਿਆਨ, ਅਧਿਆਤਮਿਕਤਾ ਅਤੇ ਸਹਿਣਸ਼ੀਲਤਾ ਦੀ ਧਰਤੀ ਵਜੋਂ ਜਾਣਿਆ ਜਾਂਦਾ ਰਿਹਾ ਹੈ।

ਸਾਡੀਆਂ ਪ੍ਰਾਚੀਨ ਰਵਾਇਤਾਂ ਨੇ ਸਾਨੂੰ ਸਿਖਾਇਆ ਕਿ ਸ਼ਬਦ ਪਵਿੱਤਰ ਹੁੰਦੇ ਹਨ। ਸੰਤਾਂ, ਦਾਰਸ਼ਨਿਕਾਂ ਅਤੇ ਵਿਦਵਾਨਾਂ ਦਾ ਮੰਨਣਾ ਸੀ ਕਿ ਬੋਲਾਂ ’ਚ ਰਿਸ਼ਤੇ ਬਣਾਉਣ, ਸੰਘਰਸ਼ ਸੁਲਝਾਉਣ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦੀ ਸ਼ਕਤੀ ਹੁੰਦੀ ਹੈ। ਗੰਭੀਰ ਬਹਿਸਾਂ ਦੌਰਾਨ ਵੀ ਜ਼ੋਰ ਗਿਆਨ, ਤਰਕ ਅਤੇ ਆਪਸੀ ਸਤਿਕਾਰ ’ਤੇ ਹੁੰਦਾ ਸੀ। ਦੁੱਖ ਦੀ ਗੱਲ ਹੈ ਕਿ ਉਹ ਪਰੰਪਰਾ ਕਮਜ਼ੋਰ ਹੁੰਦੀ ਦਿਖਾਈ ਦੇ ਰਹੀ ਹੈ।

ਅੱਜ, ਅਪਮਾਨਜਨਕ ਭਾਸ਼ਾ ਰੋਜ਼ਾਨਾ ਦੀ ਜ਼ਿੰਦਗੀ ਦਾ ਇਕ ਪ੍ਰਵਾਨਿਤ ਹਿੱਸਾ ਬਣ ਗਈ ਹੈ। ਕਿਸੇ ਭੀੜ-ਭੜੱਕੇ ਵਾਲੀ ਸੜਕ, ਬਾਜ਼ਾਰ ਜਾਂ ਇੱਥੋਂ ਤੱਕ ਕਿ ਕਈ ਸਕੂਲਾਂ ਅਤੇ ਕਾਲਜਾਂ ਦੇ ਬਾਹਰ ਲੰਘੋ, ਤਾਂ ਅਜਿਹੇ ਸ਼ਬਦ ਸੁਣਨ ਨੂੰ ਮਿਲਦੇ ਹਨ, ਜਿਨ੍ਹਾਂ ਨੇ ਕਦੇ ਸਮਾਜ ਨੂੰ ਹੈਰਾਨ ਕਰ ਦਿੱਤਾ ਹੁੰਦਾ। ਗਾਲੀ-ਗਲੋਚ ਦੀ ਵਰਤੋਂ ਲਾਪਰਵਾਹੀ ਨਾਲ ਕੀਤੀ ਜਾਂਦੀ ਹੈ, ਅਕਸਰ ਬਿਨਾਂ ਸੋਚੇ-ਸਮਝੇ। ਕਈ ਲੋਕਾਂ ਦਾ ਮੰਨਣਾ ਹੈ ਕਿ ਕੌੜਾ ਬੋਲਣ ਨਾਲ ਉਹ ਦਲੇਰ ਜਾਂ ਆਧੁਨਿਕ ਲੱਗਦੇ ਹਨ। ਅਸਲ ’ਚ, ਇਹ ਨਾ ਤਾਂ ਆਤਮ-ਵਿਸ਼ਵਾਸ ਨੂੰ ਦਰਸਾਉਂਦਾ ਹੈ ਅਤੇ ਨਾ ਹੀ ਤਾਕਤ ਨੂੰ। ਇਹ ਬੇਸਬਰੀ, ਨਿਰਾਸ਼ਾ ਅਤੇ ਕਦਰਾਂ-ਕੀਮਤਾਂ ਦੇ ਹੌਲੀ-ਹੌਲੀ ਖੁਰਨ ਨੂੰ ਦਰਸਾਉਂਦਾ ਹੈ।

ਸਭ ਤੋਂ ਵੱਡੀ ਚਿੰਤਾ ਇਹ ਨਹੀਂ ਕਿ ਵੱਡੇ ਅਜਿਹੀ ਭਾਸ਼ਾ ਦੀ ਵਰਤੋਂ ਕਰਦੇ ਹਨ। ਵੱਡੀ ਚਿੰਤਾ ਇਹ ਹੈ ਕਿ ਬੱਚੇ ਸੁਣ ਰਹੇ ਹਨ। ਇਕ ਬੱਚਾ ਸਪੰਜ ਦੀ ਤਰ੍ਹਾਂ ਹੁੰਦਾ ਹੈ। ਘਰ ’ਚ, ਸਕੂਲ ’ਚ, ਟੈਲੀਵਿਜ਼ਨ ’ਤੇ, ਫ਼ਿਲਮਾਂ ’ਚ, ਸੋਸ਼ਲ ਮੀਡੀਆ ’ਤੇ ਅਤੇ ਜਨਤਕ ਤੌਰ ’ਤੇ ਬੋਲਿਆ ਗਿਆ ਹਰ ਸ਼ਬਦ ਉਸ ਦੁਨੀਆ ਦਾ ਹਿੱਸਾ ਬਣ ਜਾਂਦਾ ਹੈ, ਜਿਸ ਨੂੰ ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਇਹੋ ਕਾਰਨ ਹੈ ਕਿ ਮਾਪਿਆਂ ’ਤੇ ਭਾਰੀ ਜ਼ਿੰਮੇਵਾਰੀ ਹੈ। ਬੱਚਾ ਸਲਾਹ ਨਾਲੋਂ ਕਿਤੇ ਵੱਧ ਵਿਵਹਾਰ ਤੋਂ ਸਿੱਖਦਾ ਹੈ। ਜੇਕਰ ਮਾਪੇ ਸਤਿਕਾਰਪੂਰਵਕ ਗੱਲ ਕਰਦੇ ਹਨ, ਤਾਂ ਬੱਚੇ ਸਤਿਕਾਰ ਗ੍ਰਹਿਣ ਕਰਦੇ ਹਨ। ਜੇਕਰ ਅਸਹਿਮਤੀ ਨੂੰ ਗੁੱਸੇ ਦੀ ਬਜਾਏ ਧੀਰਜ ਨਾਲ ਸੰਭਾਲਿਆ ਜਾਂਦਾ ਹੈ, ਤਾਂ ਬੱਚੇ ਭਾਵਨਾਤਮਕ ਮਜ਼ਬੂਤੀ ਸਿੱਖਦੇ ਹਨ। ਸਕੂਲਾਂ ਨੂੰ ਵੀ ਇਕ ਵਾਰ ਫਿਰ ਨੈਤਿਕ ਸਿੱਖਿਆ, ਕਦਰਾਂ-ਕੀਮਤਾਂ, ਅਨੁਸ਼ਾਸਨ ਅਤੇ ਨਾਗਰਿਕ ਜ਼ਿੰਮੇਵਾਰੀ ’ਤੇ ਵੱਧ ਜ਼ੋਰ ਦੇਣਾ ਚਾਹੀਦਾ ਹੈ। ਚਰਿੱਤਰ ਤੋਂ ਬਿਨਾਂ ਸਫ਼ਲਤਾ ਅਧੂਰੀ ਹੈ। ਕਦਰਾਂ-ਕੀਮਤਾਂ ਤੋਂ ਬਿਨਾਂ ਗਿਆਨ ਖ਼ਤਰਨਾਕ ਹੈ।

ਸਤਿਕਾਰਯੋਗ ਭਾਸ਼ਾ ’ਚ ਇਹ ਗਿਰਾਵਟ ਸਿਰਫ ਸੜਕਾਂ ’ਤੇ ਹੀ ਨਹੀਂ, ਸਗੋਂ ਕਦੇ-ਕਦੇ ਦੇਸ਼ ਦੀ ਸਰਵਉੱਚ ਲੋਕਤੰਤਰੀ ਸੰਸਥਾ, ਸੰਸਦ ’ਚ ਵੀ ਦਿਖਾਈ ਦਿੰਦੀ ਹੈ। ਲੋਕਤੰਤਰ ਬਹਿਸ ਦੀ ਮੰਗ ਕਰਦਾ ਹੈ। ਇਹ ਸਰਕਾਰ ਦੀ ਜਾਂਚ, ਮਜ਼ਬੂਤ ਵਿਰੋਧੀ ਧਿਰ, ਔਖੇ ਸਵਾਲਾਂ ਅਤੇ ਇਮਾਨਦਾਰ ਆਲੋਚਨਾ ਦੀ ਮੰਗ ਕਰਦਾ ਹੈ। ਇਨ੍ਹਾਂ ਤੋਂ ਬਿਨਾਂ, ਲੋਕਤੰਤਰ ਫਲ-ਫੁੱਲ ਨਹੀਂ ਸਕਦਾ ਪਰ ਲੋਕਤੰਤਰ ਅਨੁਸ਼ਾਸਨ ਦੀ ਵੀ ਮੰਗ ਕਰਦਾ ਹੈ। ਇਹ ਮੰਗ ਕਰਦਾ ਹੈ ਕਿ ਬਹਿਸ ਹੋਵੇ, ਤਰਕ ਸੁਣੇ ਜਾਣ ਅਤੇ ਸੰਸਦ ਚੱਲੇ।

ਬਦਕਿਸਮਤੀ ਨਾਲ, ਅਜਿਹੇ ਮੌਕੇ ਆਉਂਦੇ ਹਨ ਜਦੋਂ ਚੀਕਣਾ-ਚਿੱਲਾਉਣਾ, ਵਾਰ-ਵਾਰ ਰੁਕਾਵਟ ਪਾਉਣਾ ਅਤੇ ਦੋਸ਼ਾਂ ਦਾ ਆਦਾਨ-ਪ੍ਰਦਾਨ ਸਾਰਥਕ ਚਰਚਾ ’ਤੇ ਭਾਰੂ ਪੈਂਦਾ ਹੈ। ਤਰਕਪੂਰਨ ਬਹਿਸ ਦੀ ਬਜਾਏ, ਟਕਰਾਅ ਹੁੰਦਾ ਹੈ। ਮਨਾਉਣ ਦੀ ਬਜਾਏ, ਤਮਾਸ਼ਾ ਹੁੰਦਾ ਹੈ। ਮਹਿੰਗਾਈ, ਬੇਰੋਜ਼ਗਾਰੀ, ਸਿੱਖਿਆ, ਸਿਹਤ ਸੰਭਾਲ, ਰਾਸ਼ਟਰੀ ਸੁਰੱਖਿਆ ਜਾਂ ਕਿਸਾਨਾਂ ਦੀ ਭਲਾਈ ਦੇ ਹੱਲ ’ਤੇ ਚਰਚਾ ਕਰਨ ਦੀ ਬਜਾਏ, ਕੀਮਤੀ ਘੰਟੇ ਹੰਗਾਮੇ ’ਚ ਬਰਬਾਦ ਹੋ ਜਾਂਦੇ ਹਨ। ਸਭ ਤੋਂ ਵੱਡਾ ਨੁਕਸਾਨ ਆਮ ਨਾਗਰਿਕ ਦਾ ਹੁੰਦਾ ਹੈ, ਜਿਸ ਦੀਆਂ ਚਿੰਤਾਵਾਂ ਅਣਸੁਲਝੀਆਂ ਰਹਿ ਜਾਂਦੀਆਂ ਹਨ।

ਇਕ ਸਿਧਾਂਤ ਰਾਜਨੀਤੀ ਤੋਂ ਉੱਪਰ ਰਹਿਣਾ ਚਾਹੀਦਾ ਹੈ-ਸਪੀਕਰ ਦੀ ਮਰਿਆਦਾ।

ਜੋ ਕੋਈ ਵੀ ਕੁਰਸੀ ’ਤੇ ਬੈਠਦਾ ਹੈ, ਉਹ ਸੰਸਥਾ ਵੱਲੋਂ ਅਜਿਹਾ ਕਰਦਾ ਹੈ। ਵਿਅਕਤੀ ਬਦਲ ਸਕਦੇ ਹਨ, ਸਰਕਾਰਾਂ ਬਦਲ ਸਕਦੀਆਂ ਹਨ ਅਤੇ ਰਾਜਨੀਤਿਕ ਕਿਸਮਤ ਉੱਠ ਅਤੇ ਡਿੱਗ ਸਕਦੀ ਹੈ ਪਰ ਸੰਸਥਾਵਾਂ ਟਿਕੀਆਂ ਰਹਿੰਦੀਆਂ ਹਨ। ਭਾਰਤ ਦੀ ਸੰਸਦ ਨੇ ਲੋਕਤੰਤਰੀ ਇਤਿਹਾਸ ’ਚ ਕੁਝ ਬਹਿਤਰੀਨ ਬਹਿਸਾਂ ਦਿੱਤੀਆਂ ਹਨ। ਵੱਖ-ਵੱਖ ਰਾਜਨੀਤਿਕ ਪਿਛੋਕੜ ਵਾਲੇ ਮਹਾਨ ਨੇਤਾਵਾਂ ਨੇ ਉਤਸ਼ਾਹਪੂਰਵਕ ਅਸਹਿਮਤੀ ਜਤਾਈ, ਫਿਰ ਵੀ ਕਈ ਲੋਕਾਂ ਨੇ ਸੰਸਦੀ ਰਵਾਇਤਾਂ ਲਈ ਸ਼ਾਨਦਾਰ ਸ਼ਿਸ਼ਟਾਚਾਰ ਅਤੇ ਸਤਿਕਾਰ ਦਾ ਪ੍ਰਦਰਸ਼ਨ ਕੀਤਾ। ਉਹ ਸਮਝਦੇ ਸਨ ਕਿ ਭਾਵੇਂ ਰਾਜਨੀਤਿਕ ਵਿਰੋਧੀ ਨੀਤੀਆਂ ’ਤੇ ਵੱਖਰੇ ਹੋ ਸਕਦੇ ਹਨ, ਪਰ ਸੰਸਥਾ ਨੂੰ ਹਮੇਸ਼ਾ ਪੱਖਪਾਤੀ ਹਿੱਤਾਂ ਤੋਂ ਉੱਪਰ ਰਹਿਣਾ ਚਾਹੀਦਾ ਹੈ।

ਜਨਤਕ ਸੰਵਾਦ ’ਚ ਗਿਰਾਵਟ ਦਾ ਹੱਲ ਸਮਾਜ ਦੇ ਕਿਸੇ ਇਕ ਵਰਗ ਨੂੰ ਦੋਸ਼ ਦੇਣ ’ਚ ਨਹੀਂ ਹੈ। ਇਹ ਸਮੂਹਿਕ ਆਤਮ-ਚਿੰਤਨ ’ਚ ਹੈ। ਮਾਪਿਆਂ ਨੂੰ ਆਪਣੇ ਆਚਰਣ ਨਾਲ ਸਤਿਕਾਰ ਸਿਖਾਉਣਾ ਚਾਹੀਦਾ ਹੈ। ਅਧਿਆਪਕਾਂ ਨੂੰ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਚਰਿੱਤਰ ਦਾ ਪੋਸ਼ਣ ਕਰਨਾ ਚਾਹੀਦਾ ਹੈ। ਧਾਰਮਿਕ ਅਤੇ ਭਾਈਚਾਰਕ ਨੇਤਾਵਾਂ ਨੂੰ ਰਹਿਮਦਿਲੀ ਅਤੇ ਨਾਗਰਿਕਤਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਮੀਡੀਆ ਨੂੰ ਰੇਟਿੰਗ ਲਈ ਸੰਘਰਸ਼ ਨੂੰ ਇਨਾਮ ਦੇਣ ਦੀ ਬਜਾਏ ਵਿਚਾਰਸ਼ੀਲ ਸੰਵਾਦ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਰਾਜਨੀਤਿਕ ਦਲਾਂ ਨੂੰ, ਵਿਚਾਰਧਾਰਾ ਤੋਂ ਪਰ੍ਹੇ, ਆਪਣੇ ਨੁਮਾਇੰਦਿਆਂ ਨੂੰ ਸੰਸਦੀ ਵਿਵਹਾਰ ਦੇ ਉੱਚਤਮ ਮਾਪਦੰਡਾਂ ਨੂੰ ਬਣਾਏ ਰੱਖਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਜਨਤਕ ਸ਼ਖਸੀਅਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਲੱਖਾਂ ਲੋਕ ਉਨ੍ਹਾਂ ਵੱਲ ਦੇਖਦੇ ਹਨ, ਵਿਸ਼ੇਸ਼ ਤੌਰ ’ਤੇ ਨੌਜਵਾਨ ਦਿਮਾਗ, ਜੋ ਆਦਰਸ਼ਾਂ ਦੀ ਭਾਲ ’ਚ ਹਨ।

ਸਭ ਤੋਂ ਉੱਪਰ, ਹਰ ਨਾਗਰਿਕ ਨੂੰ ਬੋਲਣ ਤੋਂ ਪਹਿਲਾਂ ਇਕ ਸਾਧਾਰਨ ਸਵਾਲ ਪੁੱਛਣਾ ਚਾਹੀਦਾ ਹੈ—ਕੀ ਮੇਰੇ ਸ਼ਬਦ ਸਮੱਸਿਆ ਦਾ ਹੱਲ ਕਰਨਗੇ, ਜਾਂ ਇਸ ਨੂੰ ਹੋਰ ਡੂੰਘਾ ਕਰਨਗੇ?

ਜੇਕਰ ਅਸੀਂ ਭਵਿੱਖ ਦੀਆਂ ਪੀੜ੍ਹੀਆਂ ਲਈ ਇਕ ਮਜ਼ਬੂਤ ਰਾਸ਼ਟਰ ਛੱਡਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀ ਭਾਸ਼ਾ ’ਚ ਮਰਿਆਦਾ ਅਤੇ ਆਪਣੇ ਜਨਤਕ ਜੀਵਨ ’ਚ ਸਤਿਕਾਰ ਨੂੰ ਬਹਾਲ ਕਰ ਕੇ ਸ਼ੁਰੂਆਤ ਕਰਨੀ ਪਵੇਗੀ। ਜੋ ਸਮਾਜ ਨਿਮਰਤਾ ਨਾਲ ਗੱਲ ਕਰਦਾ ਹੈ, ਉਹ ਸਪੱਸ਼ਟ ਰੂਪ ’ਚ ਸੋਚਦਾ ਹੈ। ਜੋ ਸੰਸਦ ਅਨੁਸ਼ਾਸਨ ਨਾਲ ਬਹਿਸ ਕਰਦੀ ਹੈ, ਉਹ ਜਨਤਾ ਦੀ ਸੇਵਾ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਕਰਦੀ ਹੈ ਅਤੇ ਜੋ ਰਾਸ਼ਟਰ ਆਪਣੀਆਂ ਸੰਸਥਾਵਾਂ ਦਾ ਸਤਿਕਾਰ ਕਰਦਾ ਹੈ, ਉਹ ਆਪਣੇ ਲੋਕਤੰਤਰ ਨੂੰ ਮਜ਼ਬੂਤ ਕਰਦਾ ਹੈ।

ਭਾਰਤ ਦਾ ਭਵਿੱਖ ਸਿਰਫ ਕਾਨੂੰਨਾਂ, ਨੀਤੀਆਂ ਜਾਂ ਚੋਣਾਂ ਰਾਹੀਂ ਨਹੀਂ ਲਿਖਿਆ ਜਾਵੇਗਾ। ਇਹ ਉਨ੍ਹਾਂ ਸ਼ਬਦਾਂ ਰਾਹੀਂ ਵੀ ਲਿਖਿਆ ਜਾਵੇਗਾ ਜਿਨ੍ਹਾਂ ਨੂੰ ਅਸੀਂ ਹਰ ਦਿਨ ਚੁਣਦੇ ਹਾਂ-ਸਾਡੇ ਘਰਾਂ ’ਚ, ਸਾਡੀਆਂ ਸੜਕਾਂ ’ਤੇ, ਸਾਡੀਆਂ ਟੈਲੀਵਿਜ਼ਨ ਸਕ੍ਰੀਨਾਂ ’ਤੇ ਅਤੇ ਸੰਸਦ ਦੇ ਅੰਦਰ। ਜਦੋਂ ਸਾਡੇ ਸ਼ਬਦ ਗੁੱਸੇ ਤੋਂ ਉੱਪਰ ਉੱਠਣਗੇ ਅਤੇ ਸਾਡਾ ਆਚਰਣ ਵੰਡ ਤੋਂ ਉੱਪਰ ਉੱਠੇਗਾ, ਤਾਂ ਭਾਰਤ ਸਿਰਫ ਇਕ ਮਜ਼ਬੂਤ ਲੋਕਤੰਤਰ ਹੀ ਨਹੀਂ ਬਣੇਗਾ, ਇਹ ਇਕ ਬਹਿਤਰੀਨ ਸੱਭਿਅਤਾ ਬਣੇਗਾ।

—ਦੇਵੀ ਚੇਰੀਅਨ


author

Anmol Tagra

Content Editor

Related News