ਗੁਰੂ ਰਵਿਦਾਸ ਜੀ : ਸਿਰਫ਼ ਇਤਿਹਾਸ ਨਹੀਂ, ਸਗੋਂ ਮਨੁੱਖਤਾ ਦੇ ਭਵਿੱਖ ਦੀ ਦਿਸ਼ਾ
Thursday, Aug 06, 2026 - 03:33 PM (IST)
ਭਾਰਤੀ ਰੂਹਾਨੀ ਪ੍ਰੰਪਰਾ ’ਚ ਸ੍ਰੀ ਗੁਰੂ ਰਵਿਦਾਸ ਜੀ ਦਾ ਰੁਤਬਾ ਸਿਖ਼ਰਲਾ ਵੀ ਹੈ ਅਤੇ ਵਿਲੱਖਣ ਵੀ। ਉਹ ਸਿਰਫ਼ ਸੰਤ ਜਾਂ ਕਵੀ ਹੀ ਨਹੀਂ ਸਗੋਂ ਅਜਿਹੇ ਸਮਾਜਿਕ ਚਿੰਤਕ ਸਨ, ਜਿਨ੍ਹਾਂ ਨੇ ਮੱਧਕਾਲੀ ਭਾਰਤ ਦੇ ਜਾਤ-ਪਾਤ ਆਧਾਰਿਤ ਸਮਾਜਿਕ ਢਾਂਚੇ ਨੂੰ ਸਿੱਧੀ ਚੁਣੌਤੀ ਦਿੱਤੀ।
ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ 1433 ਈਸਵੀ ’ਚ ਕਾਸ਼ੀ (ਬਨਾਰਸ), ਉੱਤਰ ਪ੍ਰਦੇਸ਼ ’ਚ ਹੋਇਆ। ਉਨ੍ਹਾਂ ਦੇ ਪਿਤਾ ਸੰਤੋਖ ਦਾਸ ਜੀ ਅਤੇ ਮਾਤਾ ਕਲਸਾ ਦੇਵੀ ਜੀ ਸਨ। ਆਪ ਜੀ ਦੀ ਨਿੱਜੀ ਜ਼ਿੰਦਗੀ ਸਾਦਗੀ, ਕਿਰਤ ਅਤੇ ਪ੍ਰਮਾਤਮਾ ਦੀ ਭਗਤੀ ਦਾ ਉੱਤਮ ਸੁਮੇਲ ਸੀ। ਉਨ੍ਹਾਂ ਸਿਰਫ਼ ਪ੍ਰਵਚਨ ਹੀ ਨਹੀਂ ਕੀਤਾ, ਸਗੋਂ ਜੁੱਤੀਆਂ ਗੰਢਣ ਦੇ ਕੰਮ ਨੂੰ ਆਪ ਕਰਕੇ ਕਿਰਤ ਨੂੰ ਵਡਿਆਈ ਬਖ਼ਸੀ। 15ਵੀਂ ਸਦੀ ਦੇ ਛੂਤ-ਛਾਤ ਵਾਲੇ ਸਮਾਜ ’ਚ ਉਨ੍ਹਾਂ ਸ਼ੂਦਰਾਂ ਅਤੇ ਮਿਹਨਤਕਸਾਂ ਨੂੰ ਆਵਾਜ਼ ਦਿੱਤੀ, ਜਿਸ ਨੇ ਮਨੁੱਖੀ ਬਰਾਬਰੀ ਦਾ ਐਲਾਨ ਇਨ੍ਹਾਂ ਸ਼ਬਦਾਂ ’ਚ ਕੀਤਾ :
ਜਾਤਿ-ਜਾਤਿ ਮੇਂ ਜਾਤਿ ਹੈਂ, ਜੋ ਕੇਤਨ ਕੇ ਪਾਤ।
ਰੈਦਾਸ ਮਨੁਸ਼ ਨਾ ਜੁੜ ਸਕੇ, ਜਬ ਤਕ ਜਾਤਿ ਨ ਜਾਤ।।
ਸ੍ਰੀ ਗੁਰੂ ਰਵਿਦਾਸ ਜੀ ਦੇ ਇਹ ਸ਼ਬਦ ਸਿਰਫ਼ ਜਾਤ-ਪਾਤ ਦੀ ਆਲੋਚਨਾ ਹੀ ਨਹੀਂ, ਸਗੋਂ ਸਮਾਜਿਕ ਏਕਤਾ ਦਾ ਡੂੰਘਾ ਦਰਸ਼ਨ ਵੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਮਨੁੱਖ ਜਾਤ-ਪਾਤ ਦੀਆਂ ਦੀਵਾਰਾਂ ’ਚ ਵੰਡਿਆ ਰਹੇਗਾ, ਉਦੋਂ ਤੱਕ ਸਮਾਜ ’ਚ ਬਰਾਬਰੀ ਅਤੇ ਸਮਾਜਿਕ ਨਿਆਂ ਨਹੀਂ ਹੋ ਸਕਦਾ।
ਸੱਚੇ, ਪਵਿੱਤਰਤਾ ਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਲਈ ਉਨ੍ਹਾਂ ਬੇਗਮਪੁਰੇ ਦਾ ਸੰਕਲਪ ਦਿੱਤਾ। ਇਹ ਕੋਈ ਕਾਲਪਨਿਕ ਸ਼ਹਿਰ ਨਹੀਂ ਸਗੋਂ ਸਮਾਜਿਕ ਨਿਆਂ ਦਾ ਮਹਾਨ ਸਿਧਾਂਤ ਹੈ। ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਮਹਾਵਾਕ ਹੈ :
ਬੇਗਮਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਇਹ ਇਕ ਅਜਿਹੇ ਸਮਾਜ ਦੀ ਕਲਪਨਾ ਦਾ ਸਿਧਾਂਤ ਹੈ, ਜਿੱਥੇ ਨਾ ਕੋਈ ਸਵਰਨ ਹੋਵੇਗਾ, ਨਾ ਕੋਈ ਦਲਿਤ, ਨਾ ਜ਼ਾਲਮ ਹੋਵੇਗਾ, ਨਾ ਸ਼ੋਸ਼ਿਤ, ਇੱਥੇ ਨਾ ਡਰ ਹੋਵੇਗਾ ਅਤੇ ਨਾ ਅਨਿਆਂ। ਰੋਚਕ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੀਆਂ ਆਸਾਂ ਤੇ ਉਮੀਦਾਂ ਸੰਸਾਰ ਭਰ ’ਚ ਲੋਕਤੰਤਰੀ ਪ੍ਰਣਾਲੀਆਂ ’ਚ ਕੀਤੀਆਂ ਜਾਂਦੀਆਂ ਹਨ, ਜਿਸ ਤਰ੍ਹਾਂ ਦੇ ਸਮਾਜਿਕ ਨਿਆਂ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਅਤੇ ਅੰਦੋਲਨ ਹੁੰਦੇ ਹਨ, ਬਾਰੇ ਸ੍ਰੀ ਗੁਰੂ ਰਵਿਦਾਸ ਨੇ 15ਵੀਂ ਸਦੀ ’ਚ ਹੀ ਅਾਵਾਜ਼ ਉਠਾ ਦਿੱਤੀ ਸੀ।
ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਸਮਾਜਿਕ ਲੋਕਤੰਤਰ ਨੂੰ ਰਾਜਨੀਤਿਕ ਜਮਹੂਰੀਅਤ ਦੀ ਨੀਂਹ ਦੱਸਿਆ ਸੀ। ਉਨ੍ਹਾਂ ਕਿਹਾ ਸੀ :
‘ਸਿਆਸੀ ਲੋਕਤੰਤਰ ਉਦੋਂ ਤੱਕ ਟਿਕ ਨਹੀਂ ਸਕਦਾ ਜਦੋਂ ਤੱਕ ਉਸ ਲਈ ਸਮਾਜਿਕ ਜਮਹੂਰੀਅਤ ਦਾ ਅਾਧਾਰ ਨਾ ਹੋਵੇ।’
ਡਾਕਟਰ ਭੀਮ ਰਾਓ ਅੰਬੇਡਕਰ ਨੇ ਇਹ ਸ਼ਬਦ ਵੀਹਵੀਂ ਸਦੀ ’ਚ ਕਹੇ ਸਨ। ਇਹ ਦੇਖਿਆ ਜਾਵੇ ਤਾਂ ਇਸ ਸਿਧਾਂਤ ਦਾ ਅਾਧਾਰ 5 ਸਦੀਆਂ ਪਹਿਲਾਂ ਗੁਰੂ ਰਵਿਦਾਸ ਦੀ ਬਾਣੀ ’ਚ ਮਿਲ ਜਾਂਦਾ ਹੈ। ਬੇਗਮਪੁਰਾ ਦਰਅਸਲ ਸਮਾਜਿਕ ਲੋਕਤੰਤਰ ਦੀ ਹੀ ਰੂਹਾਨੀ ਤਰੀਕੇ ਨਾਲ ਕੀਤੀ ਗਈ ਵਿਆਖਿਆ ਹੈ।
ਸ੍ਰੀ ਗੁਰੂ ਰਵਿਦਾਸ ਦੀ ਬਾਣੀ ਦੀ ਇਕ ਖਾਸ ਗੱਲ ਇਹ ਵੀ ਹੈ ਕਿ ਉਹ ਕਿਸੇ ਖਾਸ ਧਰਮ ਜਾਂ ਫਿਰਕੇ ਦੇ ਘੇਰੇ ’ਚ ਬੱਝੀ ਹੋਈ ਨਹੀਂ ਹੈ। ਵੈਸੇ ਵੀ ਦੇਖਿਆ ਜਾਵੇ ਤਾਂ ਸੱਚ, ਭਗਤੀ ਅਤੇ ਮਨੁੱਖੀ ਬਰਾਬਰੀ ’ਤੇ ਕਿਸੇ ਜਾਤ ਜਾਂ ਵਰਗ ਦਾ ਪੇਟੈਂਟ ਨਹੀਂ ਹੁੰਦਾ। ਸ਼ਾਇਦ ਇਹੀ ਕਾਰਨ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ ਗੁਰੂ ਰਵਿਦਾਸ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸੁਸ਼ੋਭਿਤ ਕੀਤਾ। ਉਨ੍ਹਾਂ ਦੀ ਬਾਣੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਹਨ। ਸਿੱਖ ਗੁਰੂ ਸਾਹਿਬਾਨ ਦੇ ਫਲਸਫ਼ੇ ਮੁਤਾਬਕ ਰੂਹਾਨੀ ਮਹਾਨਤਾ ਦਾ ਪੈਮਾਨਾ ਜਨਮ ਨਹੀਂ ਸਗੋਂ ਜੀਵਨ ਦੀ ਸੱਚਾਈ ਹੈ।
ਆਮ ਲੋਕਾਂ ’ਚ ਲੋਕ ਮੁਹਾਵਰਿਆਂ ਵਜੋਂ ਵਰਤਿਆ ਜਾਂਦਾ ਸ੍ਰੀ ਗੁਰੂ ਰਵਿਦਾਸ ਦਾ ਸ਼ਬਦ ਹੈ :
ਮਨ ਚੰਗਾ ਤਾਂ ਕਠੌਤੀ ’ਚ ਗੰਗਾ।।
ਭਾਰਤੀ ਇਤਿਹਾਸਕਾਰ ਡਾ. ਆਰ. ਸੀ. ਮਜੂਮਦਾਰ ਭਗਤੀ ਲਹਿਰ ਨੂੰ ਭਾਰਤੀ ਸਮਾਜ ’ਚ ਧਾਰਮਿਕ ਲੋਕਤੰਤਰ ਦੀ ਸ਼ੁਰੂਆਤ ਮੰਨਦੇ ਹਨ। ਉਨ੍ਹਾਂ ਮੁਤਾਬਕ ਭਗਤੀ ਲਹਿਰ ਦੇ ਸੰਤਾਂ ਨੇ ਧਰਮ ਨੂੰ ਪੁਜਾਰੀਆਂ ਦੀਆਂ ਹੱਦਾਂ ਤੋਂ ਕੱਢ ਕੇ ਆਮ ਲੋਕਾਂ ਤੱਕ ਪਹੁੰਚਾਇਆ। ਇਸ ਲਹਿਰ ’ਚ ਸ੍ਰੀ ਗੁਰੂ ਰਵਿਦਾਸ ਜੀ ਦਾ ਯੋਗਦਾਨ ਸਭ ਤੋਂ ਵੱਖਰਾ ਇਸ ਲਈ ਹੈ ਕਿਉਂਕਿ ਉਨ੍ਹਾਂ ਨੇ ਸਿਰਫ ਭਗਤੀ ਦੀ ਗੱਲ ਨਹੀਂ ਕੀਤੀ, ਸਗੋਂ ਸਮਾਜਿਕ ਬਰਾਬਰੀ ਨੂੰ ਵੀ ਧਰਮ ਦਾ ਅਟੁੱਟ ਹਿੱਸਾ ਬਣਾਇਆ।
ਪ੍ਰਸਿੱਧ ਭਗਤੀ ਸਾਹਿਤ ਵਿਦਵਾਨ ਜੌਨ ਸਟ੍ਰੈਟਨ ਹੌਲੀ ਲਿਖਦੇ ਹਨ :
‘ਗੁਰੂ ਰਵਿਦਾਸ ਵਰਗੇ ਸੰਤਾਂ ਨੇ ਉਨ੍ਹਾਂ ਵਰਗਾਂ ਨੂੰ ਆਵਾਜ਼ ਦਿੱਤੀ ਜੋ ਸਦੀਆਂ ਤੋਂ ਸਮਾਜ ਦੇ ਹਾਸ਼ੀਏ ’ਤੇ ਸਨ। ਉਨ੍ਹਾਂ ਦੀ ਬਾਣੀ ਸਿਰਫ਼ ਰੂਹਾਨੀ ਅਨੁਭਵ ਨਹੀਂ, ਸਗੋਂ ਸਮਾਜਿਕ ਵਿਰੋਧ ਦੀ ਵੀ ਮਜ਼ਬੂਤ ਭਾਸ਼ਾ ਹੈ।’
ਇਤਿਹਾਸਕਾਰ ਰੋਮੀਲਾ ਥਾਪਰ ਲਿਖਦੇ ਹਨ : ‘ਭਗਤੀ ਪ੍ਰੰਪਰਾ ਨੇ ਜਨਮ-ਆਧਾਰਿਤ ਵਿਸ਼ੇਸ਼ ਅਧਿਕਾਰਾਂ ਨੂੰ ਚੁਣੌਤੀ ਦੇ ਕੇ ਪ੍ਰਭੂ ਨਾਲ ਸਿੱਧੇ ਰਿਸ਼ਤੇ ਨੂੰ ਮਹੱਤਵ ਦਿੱਤਾ। ਇਹੀ ਵਿਚਾਰ ਸ੍ਰੀ ਗੁਰੂ ਰਵਿਦਾਸ ਜੀ ਦੇ ਦਰਸ਼ਨ ਦਾ ਕੇਂਦਰ ਹੈ। ਉਨ੍ਹਾਂ ਲਈ ਹਰ ਮਨੁੱਖ ਇਕੋ ਰੱਬ ਦੀ ਔਲਾਦ ਹੈ ਅਤੇ ਇਸ ਲਈ ਸਾਰੇ ਮਨੁੱਖ ਬਰਾਬਰ ਹਨ।’
ਸਮਾਜਿਕ ਚੇਤੰਨਤਾ ਅਤੇ ਸਮਾਜ ਸੁਧਾਰ ਦਾ ਬਹੁਤ ਦੀ ਸੁੰਦਰ ਨਮੂਨਾ ਉਨ੍ਹਾਂ ਦੇ ਇਸ ਸਲੋਕ ’ਚ ਮਿਲ ਜਾਂਦਾ ਹੈ :
ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੈ ਸਭਨ ਕੋ ਅੰਨ।
ਛੋਟੇ ਬੜੇ ਸਭ ਸਮ ਵਸੈ, ਰਵਿਦਾਸ ਰਹੇ ਪ੍ਰਸੰਨ॥
ਇਹ ਸਲੋਕ ਧਾਰਮਿਕ ਅਰਦਾਸ ਹੀ ਨਹੀਂ ਹੈ, ਸਗੋਂ ਇਕ ਕਲਿਆਣਕਾਰੀ ਆਦਰਸ਼ ਰਾਜ ਦਾ ਨਮੂਨਾ ਹੈ।
ਮੌਜੂਦਾ ਦੌਰ ’ਚ ਜਦੋਂ ਸੰਸਾਰ ਜਾਤ-ਪਾਤ, ਫਿਰਕਾਪ੍ਰਸਤੀ, ਧਾਰਮਿਕ ਕੱਟੜਤਾ ਅਤੇ ਆਰਥਿਕ ਗੈਰ-ਬਰਾਬਰੀ ਵਰਗੀਆਂ ਚੁਣੌਤੀਆਂ ਨਾਲ ਦੋ-ਚਾਰ ਹੋ ਰਿਹਾ ਹੈ, ਤਾਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਸਾਡੇ ਸਭ ਲਈ ਹਨੇਰੇ ’ਚ ਆਸ ਦੀ ਕਿਰਨ ਬਣ ਕੇ ਨਵਾਂ ਰਾਹ ਰੁਸ਼ਨਾਉਂਦੀ ਹੈ।
ਸ੍ਰੀ ਗੁਰੂ ਰਵਿਦਾਸ ਜੀ ਦੇ ਵਿਚਾਰ ਕਿਸੇ ਖਾਸ ਮਨੁੱਖ ਜਾਂ ਵਰਗ ਦੇ ਵਿਰੁੱਧ ਨਹੀਂ ਸੀ, ਸਗੋਂ ਅਜਿਹੀ ਸੋਚ ਦੇ ਵਿਰੁੱਧ ਸੀ ਜੋ ਮਨੁੱਖੀ ਸਮਾਜ ’ਚ ਵੰਡੀਆਂ ਪਾਉਂਦੀ ਹੈ, ਮਨੁੱਖ ਹੱਥੋਂ ਮਨੁੱਖ ਦਾ ਸ਼ੋਸ਼ਣ ਕਰਵਾਉਂਦੀ ਹੈ ਅਤੇ ਸਮਾਜ ਨੂੰ ਕਥਿਤ ਸਵਰਨ ਤੇ ਕਥਿਤ ਅਛੂਤ ਵਰਗਾਂ ’ਚ ਵੰਡਦੀ ਹੈ। ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਅਤੇ ਬਾਣੀ ਸਿਰਫ਼ ਇਤਿਹਾਸ ਦਾ ਸਬਜੈਕਟ ਨਹੀਂ ਹੈ, ਸਗੋਂ ਵਰਤਮਾਨ ਅਤੇ ਭਵਿੱਖ ਨੂੰ ਦਿਸ਼ਾ ਦੇਣ ਵਾਲਾ ਸੰਦੇਸ਼ ਹੈ।
-ਅਵਿਨਾਸ਼ ਰਾਏ ਖੰਨਾ
(ਸਾਬਕਾ ਸੰਸਦ ਮੈਂਬਰ)
