ਬਿਹਾਰ ’ਚ ਕੋਸੀ ਦੇ ਹੜ੍ਹ ਪ੍ਰਭਾਵਿਤ ਕਿਸਾਨ ਦੇਖ ਰਹੇ ਹਨ ਈ 20 ’ਚ ‘ਸੋਨੇ ਦੀ ਖਾਨ’
Monday, Aug 10, 2026 - 05:06 PM (IST)
ਇਥੇਨੌਲ ਅਤੇ ਈ 20 ਦੀਆਂ ਬਹਿਸਾਂ ਨੂੰ ਪਾਸੇ ਰੱਖ ਕੇ ਦੇਖੀਏ, ਤਾਂ ਬਿਹਾਰ ਦੇ ਹੜ੍ਹ ਪ੍ਰਭਾਵਿਤ ਕੋਸੀ ਦੇ ਮੈਦਾਨ ਇਕ ਵੱਖਰੀ ਹੀ ਕਹਾਣੀ ਬਿਆਨ ਕਰਦੇ ਹਨ-‘ਪੀਲਾ ਸੋਨਾ’, ਜਿਵੇਂ ਕਿ ਸਥਾਨਕ ਲੋਕ ਇਸ ਨੂੰ ਕਹਿੰਦੇ ਹਨ, ਦੀ ਬਦੌਲਤ 5 ਸਾਲਾਂ ’ਚ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ ਹੈ। ਕੋਸੀ ’ਚ ਮੱਕੀ ਇਹ ਦੱਸਦੀ ਹੈ ਕਿ ਕਿਵੇਂ ਇਕ ਰਾਸ਼ਟਰੀ ਊਰਜਾ ਨੀਤੀ ਗੇਮ-ਚੇਂਜਰ ਸਾਬਤ ਹੋ ਰਹੀ ਹੈ।
ਸੁਪੌਲ ਦੇ ਕੁੜੀਆ ਪੱਟੀ ਪਿੰਡ ਦੇ 52 ਸਾਲਾ ਕਿਸਾਨ ਰਮਨ ਕੁਮਾਰ ਰਾਹੀ ਨੇ ਇਕ ਹਫ਼ਤੇ ਪਹਿਲਾਂ ਆਪਣੀ 20 ਏਕੜ ਜ਼ਮੀਨ ਤੋਂ ਮੱਕੀ ਦੀ ਫ਼ਸਲ 13 ਲੱਖ ਰੁਪਏ ’ਚ ਵੇਚੀ। ਲਗਭਗ 8 ਲੱਖ ਰੁਪਏ ਦਾ ਨਿਵੇਸ਼ ਕਰਨ ਤੋਂ ਬਾਅਦ, ਉਨ੍ਹਾਂ ਨੇ 6 ਮਹੀਨਿਆਂ ’ਚ ਆਪਣੇ ਪੈਸੇ ਲਗਭਗ ਦੁੱਗਣੇ ਕਰ ਲਏ। ਮੱਕੀ ਬਾਰੇ ਉਹ ਕਹਿੰਦੇ ਹਨ, ‘‘ਇਹ ਪੀਲਾ ਸੋਨਾ ਹੈ।’’
ਉਨ੍ਹਾਂ ਨੇ ਕਿਹਾ, ‘‘ਕੋਈ ਵੀ ਬੈਂਕ ਜਾਂ ਬੱਚਤ ਯੋਜਨਾ ਇਸ ਤਰ੍ਹਾਂ ਦੇ ਰਿਟਰਨ ਦੀ ਗਾਰੰਟੀ ਨਹੀਂ ਦੇ ਸਕਦੀ। ਮੈਂ ਹੋਰ ਵੀ ਕਮਾ ਸਕਦਾ ਸੀ ਪਰ ਮਾਰਚ ’ਚ ਬੇਵਕਤ ਆਏ ਹਨੇਰੀ-ਤੂਫ਼ਾਨ ਅਤੇ ਮੀਂਹ ਕਾਰਨ ਫ਼ਸਲ ਪ੍ਰਭਾਵਿਤ ਹੋ ਗਈ।’’ ਰਾਹੀ ਹੁਣ ਝੋਨੇ ਦੀ ਫ਼ਸਲ ਦੀ ਤਿਆਰੀ ਕਰ ਰਹੇ ਹਨ।
ਮੱਕੀ ਦੀ ਕਹਾਣੀ : ਅਜਿਹਾ ਨਹੀਂ ਹੈ ਕਿ ਇਸ ਇਲਾਕੇ ਦੇ ਕਿਸਾਨ ਪਹਿਲਾਂ ਮੱਕੀ ਨਹੀਂ ਉਗਾਉਂਦੇ ਸਨ ਪਰ ਉਦੋਂ ਇਸ ਦਾ ਦਾਇਰਾ ਛੋਟਾ ਸੀ ਅਤੇ ਮੁਨਾਫ਼ਾ ਸੀਮਤ। ਪੂਰਨੀਆ ਦੇ ਪਰੋਰਾ ਪਿੰਡ ਦੇ 61 ਸਾਲਾ ਕਿਸਾਨ ਅਰਵਿੰਦ ਸਿੰਘ ਨੇ ਕਿਹਾ, ‘‘ਅਸੀਂ ਕਣਕ ਅਤੇ ਜੂਟ ਦੀ ਖੇਤੀ ਜ਼ਿਆਦਾ ਕਰਦੇ ਸੀ ਅਤੇ ਥੋੜ੍ਹੀ ਮਾਤਰਾ ’ਚ ਮੱਕੀ ਉਗਾਉਂਦੇ ਸੀ। ਮੈਨੂੰ ਯਾਦ ਹੈ 2010 ’ਚ ਮੱਕੀ 800 ਰੁਪਏ ਪ੍ਰਤੀ ਕੁਇੰਟਲ ਸੀ।
ਅੱਜ ਇਹ 1,800 ਤੋਂ 1,900 ਰੁਪਏ ਪ੍ਰਤੀ ਕੁਇੰਟਲ ਦੇ ਆਸ-ਪਾਸ ਹੈ।’’ ਆਪਣੀ 8 ਏਕੜ ਜ਼ਮੀਨ ਤੋਂ ਅਰਵਿੰਦ ਸਿੰਘ ਨੇ ਮੱਕੀ ਵੇਚ ਕੇ 40,000 ਰੁਪਏ ਪ੍ਰਤੀ ਏਕੜ ਦੀ ਕਮਾਈ ਕੀਤੀ।
ਪਰੋਰਾ ’ਚ 35 ਏਕੜ ਜ਼ਮੀਨ ਵਾਲੇ ਕਿਸਾਨ ਉਦਯ ਸ਼ੰਕਰ ਚੌਧਰੀ ਨੇ ਦੱਸਿਆ, ‘‘ਅੱਜਕਲ ਪਿੰਡਾਂ ’ਚ ਜੋ ਵੀ ਪੈਸਾ ਤੁਸੀਂ ਦੇਖ ਰਹੇ ਹੋ, ਉਹ ਮੁੱਖ ਤੌਰ ’ਤੇ ਮੱਕੀ ਦੀ ਵਜ੍ਹਾ ਨਾਲ ਹੈ। ਜਿਹੜੇ ਲੋਕ ਸਾਈਕਲ ਦਾ ਖ਼ਰਚਾ ਨਹੀਂ ਉਠਾ ਸਕਦੇ ਸਨ, ਉਨ੍ਹਾਂ ਕੋਲ ਹੁਣ ਮੋਟਰਸਾਈਕਲ ਹੈ।’’ ਹੜ੍ਹ ਪ੍ਰਭਾਵਿਤ ਇਸ ਖੇਤਰ ’ਚ ਮੱਕੀ ਦਾ ਫ਼ਸਲ ਚੱਕਰ ਉਨ੍ਹਾਂ ਨੂੰ ਸਾਉਣੀ ਦੀ ਝੋਨੇ ਦੀ ਫ਼ਸਲ ’ਚ ਹੋਣ ਵਾਲੇ ਨੁਕਸਾਨ ਦੀ ਪੂਰਤੀ ਕਰਨ ਦਾ ਮੌਕਾ ਦਿੰਦਾ ਹੈ।
ਇਥੇਨੌਲ ਦਾ ਪ੍ਰਭਾਵ : 5 ਸਾਲ ਪਹਿਲਾਂ ਤੱਕ ਬਿਹਾਰ ’ਚ ਮੱਕੀ ਨੂੰ ਕਦੇ ਨਕਦੀ ਫ਼ਸਲ ਨਹੀਂ ਮੰਨਿਆ ਜਾਂਦਾ ਸੀ। ਇਸ ਦੀ ਵਰਤੋਂ ਭੋਜਨ, ਸਟਾਰਚ ਅਤੇ ਕੌਰਨ ਫਲੈਕਸ ਤੇ ਪੌਪਕਾਰਨ ਲਈ ਕੁਝ ਐੱਫ. ਐੱਮ. ਸੀ. ਜੀ. ਕੰਪਨੀਆਂ ਵੱਲੋਂ ਖ਼ਰੀਦ ਤੱਕ ਹੀ ਸੀਮਤ ਸੀ। ਵੱਡੀ ਪੱਧਰ ਦੇ ਵਪਾਰੀ ਸਥਾਨਕ ਵਪਾਰੀਆਂ ਤੋਂ ਖ਼ਰੀਦਦਾਰੀ ਕਰਦੇ ਸਨ।
ਸੁਪੌਲ ਦੇ ਨਕਟਾ ਪਿੰਡ ਦੇ 58 ਸਾਲਾ ਕਿਸਾਨ ਮਿਥਿਲੇਸ਼ ਕੁਮਾਰ ਨੇ ਦੱਸਿਆ, ‘‘ਪਿਛਲੇ 10 ਸਾਲਾਂ ’ਚ ਚੀਜ਼ਾਂ ਬਦਲੀਆਂ ਹਨ। ਮੁਰਗੀਆਂ ਅਤੇ ਅਾਂਡਿਆਂ ਦੀ ਵਧਦੀ ਮੰਗ ਕਾਰਨ ਪੋਲਟਰੀ ਫ਼ੀਡ ਲਈ ਮੱਕੀ ਦੀ ਮੰਗ ਵਧੀ ਹੈ। ਪਿਛਲੇ 3-4 ਸਾਲਾਂ ’ਚ ਇਥੇਨੌਲ ਉਦਯੋਗ ਇਕ ਪ੍ਰਮੁੱਖ ਮੰਗ ਪੈਦਾ ਕਰਨ ਵਾਲੇ ਵਜੋਂ ਉਭਰਿਆ ਹੈ।’’
ਮਾਰਚ 2021 ’ਚ, ਬਿਹਾਰ ਇਥੇਨੌਲ ਉਤਪਾਦਨ ਨੀਤੀ ਲਿਆਉਣ ਵਾਲੀ ਪਹਿਲੀ ਰਾਜ ਸਰਕਾਰ ਬਣੀ।
ਸਾਬਕਾ ਰਾਜ ਉਦਯੋਗ ਮੰਤਰੀ ਸ਼ਾਨਵਾਜ਼ ਹੁਸੈਨ ਨੇ ਦੱਸਿਆ, ‘‘ਮੈਂ ਦੇਖਿਆ ਕਿ ਬਿਹਾਰ ’ਚ ਸਿਰਫ਼ ਖੇਤੀ ਆਧਾਰਿਤ ਉਦਯੋਗ ਹੀ ਵਧ ਸਕਦਾ ਹੈ। ਉਸ ਸਮੇਂ ਕੇਂਦਰ ਸਰਕਾਰ ਪੈਟਰੋਲ ’ਚ ਇਥੇਨੌਲ ਮਿਸ਼ਰਣ ਅਤੇ ਹੋਰ ਜੈਵਿਕ ਬਾਲਣ ’ਤੇ ਜ਼ੋਰ ਦੇ ਰਹੀ ਸੀ। ਇਹ ਬਿਹਾਰ ਲਈ ਖੇਤੀ ਨੂੰ ਉਦਯੋਗ ਨਾਲ ਜੋੜਨ ਦਾ ਇਕ ਮੌਕਾ ਸੀ। ਅਸੀਂ ਉਦਯੋਗਾਂ ਨੂੰ ਬਿਹਾਰ ’ਚ ਇਥੇਨੌਲ ਪਲਾਂਟ ਸਥਾਪਤ ਕਰਨ ਲਈ ਸੱਦਾ ਦਿੱਤਾ। ਉਸੇ ਨੇ ਸਭ ਕੁਝ ਬਦਲ ਦਿੱਤਾ।’’
ਬਿਹਾਰ ’ਚ ਅਨਾਜ ਆਧਾਰਿਤ 12 ਇਥੇਨੌਲ ਪਲਾਂਟ ਹਨ, ਜਿੱਥੇ ਉਹ ਇਥੇਨੌਲ ਦਾ ਉਤਪਾਦਨ ਕਰਨ ਲਈ ਮੱਕੀ ਜਾਂ ਟੁੱਟੇ ਹੋਏ ਚੌਲਾਂ ਦੀ ਵਰਤੋਂ ਕਰਦੇ ਹਨ।
ਇਕ ਇਥੇਨੌਲ ਕੰਪਨੀ ਦੇ ਐੱਮ. ਡੀ. ਅਜੈ ਸਿੰਘ ਨੇ ਦੱਸਿਆ, ‘‘ਸਾਡੇ ਕੁੱਲ ਇਥੇਨੌਲ ਉਤਪਾਦਨ ਦਾ 40 ਫੀਸਦੀ ਟੁੱਟੇ ਹੋਏ ਚੌਲਾਂ ਤੋਂ ਬਣਾਇਆ ਜਾਂਦਾ ਹੈ ਜਿਸ ਨੂੰ ਅਸੀਂ ਐੱਫ਼. ਸੀ. ਆਈ. ਤੋਂ ਖ਼ਰੀਦਦੇ ਹਾਂ ਅਤੇ ਬਾਕੀ 60 ਫੀਸਦੀ ਮੱਕੀ ਤੋਂ ਤਿਆਰ ਹੁੰਦਾ ਹੈ।’’
ਬਿਹਾਰ ਦੀ ਮੱਕੀ ਕ੍ਰਾਂਤੀ : 2018 ’ਚ, ਬਿਹਾਰ 3.02 ਮਿਲੀਅਨ ਟਨ ਦੇ ਕੁੱਲ ਉਤਪਾਦਨ ਨਾਲ ਤੀਜਾ ਸਭ ਤੋਂ ਵੱਡਾ ਮੱਕੀ ਉਤਪਾਦਕ ਰਾਜ ਸੀ, ਜੋ ਭਾਰਤ ਦੇ ਕੁੱਲ ਮੱਕੀ ਉਤਪਾਦਨ ਦਾ 11 ਫੀਸਦੀ ਸੀ। ਹਾਲਾਂਕਿ, ਅਗਲੇ 3 ਸਾਲਾਂ ’ਚ ਇਹ ਚੋਟੀ ਦੇ 3 ਦੀ ਸੂਚੀ ਤੋਂ ਬਾਹਰ ਹੋ ਗਿਆ, 2022 ’ਚ ਫਿਰ ਤੋਂ ਵਾਪਸੀ ਕੀਤੀ, ਜਦੋਂ ਉਹ ਕਰਨਾਟਕ ਤੋਂ ਬਾਅਦ ਅਤੇ ਮੱਧ ਪ੍ਰਦੇਸ਼ ਨੂੰ ਪਛਾੜ ਕੇ ਦੂਜਾ ਸਭ ਤੋਂ ਵੱਡਾ ਮੱਕੀ ਉਤਪਾਦਕ ਰਾਜ ਬਣਿਆ। ਕੁੱਲ ਮੱਕੀ ਉਤਪਾਦਨ 4.61 ਮਿਲੀਅਨ ਟਨ ਸੀ, ਜੋ ਦੇਸ਼ ਦੇ ਕੁੱਲ ਮੱਕੀ ਉਤਪਾਦਨ ਦਾ 13 ਫੀਸਦੀ ਸੀ। ਉਦੋਂ ਤੋਂ, ਬਿਹਾਰ ਚੋਟੀ ਦੇ 3 ਮੱਕੀ ਉਤਪਾਦਕ ਰਾਜਾਂ ’ਚ ਬਣਿਆ ਹੋਇਆ ਹੈ।
ਪੱਪੂ ਯਾਦਵ (52), ਜੋ ਇਕ ਕਮਿਸ਼ਨ ਏਜੰਟ ਹਨ, ਖੇਤਰ ਦੇ ਸਭ ਤੋਂ ਵੱਡੇ ਮੱਕੀ ਵਪਾਰ ਕੇਂਦਰ—ਗੁਲਾਬ ਬਾਗ ਮੰਡੀ, ਪੂਰਨੀਆ ’ਚ ਪਿਛਲੇ 10 ਸਾਲਾਂ ਤੋਂ ਮੱਕੀ ਵਪਾਰ ’ਚ ਹਨ। ਉਹ ਕਹਿੰਦੇ ਹਨ, ‘‘ਮੈਂ ਮੱਕੀ ਦੀ ਦਰ ਅਤੇ ਉਤਪਾਦਨ ’ਚ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਪਿਛਲੇ ਕੁਝ ਸਾਲਾਂ ’ਚ ਇਸ ’ਚ ਕੁਝ ਸਥਿਰਤਾ ਆਈ ਹੈ, ਜਿਸ ਨਾਲ ਸਨਮਾਨਜਨਕ ਰਿਟਰਨ ਮਿਲ ਰਿਹਾ ਹੈ। ਮੈਂ ਮੱਕੀ ਉਤਪਾਦਨ ਦੇ ਨਾਲ ਕਿਸਾਨਾਂ ਦੀ ਆਮਦਨ ’ਚ ਤਬਦੀਲੀ ਦੇਖੀ ਹੈ।’’
ਐੱਮ. ਐੱਸ. ਪੀ. ਦੀ ਮੰਗ : ਕਿਸਾਨਾਂ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਯਕੀਨੀ ਬਣਾਉਣ ਨਾਲ ਉਨ੍ਹਾਂ ਦਾ ਜੀਵਨ ਬਿਹਤਰ ਹੋ ਸਕਦਾ ਹੈ। ਮੱਕੀ ਲਈ ਐੱਮ. ਐੱਸ. ਪੀ. 2,410 ਰੁਪਏ ਪ੍ਰਤੀ ਕੁਇੰਟਲ ਹੈ।
ਰਾਹੀ ਅਫ਼ਸੋਸ ਜਤਾਉਂਦੇ ਹੋਏ ਕਹਿੰਦੇ ਹਨ, ‘‘ਚੌਲਾਂ ਅਤੇ ਝੋਨੇ ਦੀ ਤਰ੍ਹਾਂ ਮੱਕੀ ਦੀ ਕੋਈ ਨਿਸ਼ਚਿਤ ਸਰਕਾਰੀ ਖ਼ਰੀਦ ਨਹੀਂ ਹੈ। ਬਿਹਾਰ ’ਚ ਕੋਈ ਮੰਡੀ ਵਿਵਸਥਾ ਨਹੀਂ ਹੈ। ਅਸੀਂ ਨਿੱਜੀ ਵਪਾਰੀਆਂ ’ਤੇ ਨਿਰਭਰ ਹਾਂ ਅਤੇ ਸਾਡੇ ਕੋਲ ਜ਼ਿਆਦਾ ਭਾਅ ਬਣਾਉਣ ਦੀ ਤਾਕਤ ਨਹੀਂ ਹੈ। ਅਸੀਂ ਸਰਕਾਰ ਨੂੰ ਐੱਮ. ਐੱਸ. ਪੀ. ’ਤੇ ਮੱਕੀ ਦੀ ਖ਼ਰੀਦ ਲਈ ਕਦਮ ਚੁੱਕਣ ਦੀ ਅਪੀਲ ਕਰਦੇ ਹਾਂ।’’
ਰਾਜ ਦੇ ਖੇਤੀਬਾੜੀ ਮੰਤਰੀ ਵਿਜੇ ਕੁਮਾਰ ਸਿਨਹਾ ਦਾ ਕਹਿਣਾ ਹੈ ਕਿ ਉਹ ਮੱਕੀ ਦੀ ਸਰਕਾਰੀ ਖ਼ਰੀਦ ਦਾ ਵਾਅਦਾ ਤਾਂ ਨਹੀਂ ਕਰ ਸਕਦੇ ਪਰ ਬਿਹਤਰ ਮੰਡੀ ਬੁਨਿਆਦੀ ਢਾਂਚੇ ਦਾ ਭਰੋਸਾ ਦਿੰਦੇ ਹਨ।
—ਕੁਮਾਰ ਅੰਸ਼ੁਮਾਨ
