‘ਗਾਂਧੀ ਪਰਿਵਾਰ ਦੀ ਤੁਲਨਾ ’ਚ ਸੰਘ ਪਰਿਵਾਰ ਕਿਤੇ ਵੱਧ ਜਮਹੂਰੀ’

Thursday, Aug 06, 2026 - 04:59 PM (IST)

‘ਗਾਂਧੀ ਪਰਿਵਾਰ ਦੀ ਤੁਲਨਾ ’ਚ ਸੰਘ ਪਰਿਵਾਰ ਕਿਤੇ ਵੱਧ ਜਮਹੂਰੀ’

ਰਾਜ ਸਭਾ ਮੈਂਬਰ ਸੁਸ਼ਮਿਤਾ ਦੇਵ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਤੋਂ ਅਸਤੀਫ਼ਾ ਦੇਣ ਦੇ ਕੁਝ ਹੀ ਹਫ਼ਤਿਆਂ ਬਾਅਦ ਹਾਲ ਹੀ ’ਚ ਭਾਜਪਾ ’ਚ ਸ਼ਾਮਲ ਹੋਈ ਹੈ। ਟੀ. ਐੱਮ. ਸੀ. ’ਚ ਉਨ੍ਹਾਂ ਦਾ ਕਾਰਜਕਾਲ 5 ਸਾਲ ਤੱਕ ਰਿਹਾ, ਜੋ ਉਸ ਤੋਂ ਪਹਿਲਾਂ ਕਾਂਗਰਸ ਨਾਲ ਉਨ੍ਹਾਂ ਦੇ ਦਹਾਕਿਆਂ ਲੰਬੇ ਜੁੜਾਅ ਤੋਂ ਕਾਫੀ ਛੋਟਾ ਸੀ। ਸੁਸ਼ਮਿਤਾ ਨੇ ਆਪਣੇ ਪੁਰਾਣੇ ਦਲਾਂ ਤੋਂ ਮੋਹ ਭੰਗ ਦੇ ਕਾਰਨਾਂ, ਨੀਟ ਪੇਪਰ ਲੀਕ ਦੇ ਖ਼ਿਲਾਫ਼ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨਾਲ ਸਰਕਾਰ ਦੇ ਨਜਿੱਠਣ ਦੇ ਤਰੀਕੇ ਅਤੇ ਆਰ. ਐੱਸ. ਐੱਸ. ਬਾਰੇ ਗੱਲ ਕੀਤੀ।

ਤਿੰਨ ਸਿਆਸੀ ਦਲਾਂ ’ਚ ਰਹੀ ਸੁਸ਼ਮਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਐੱਨ. ਐੱਸ. ਯੂ. ਆਈ., ਜੋ ਕਿ ਕਾਂਗਰਸ ਦੀ ਵਿਦਿਆਰਥੀ ਇਕਾਈ ਹੈ, ਤੋਂ ਵਿਦਿਆਰਥੀ ਰਾਜਨੀਤੀ ਦੇ ਰੂਪ ’ਚ ਕੀਤੀ ਸੀ ਅਤੇ 2021 ’ਚ ਇਸ ਨੂੰ ਛੱਡ ਦਿੱਤਾ। ਤਾਂ, ਕਾਂਗਰਸ ਤੋਂ ਤ੍ਰਿਣਮੂਲ ’ਚ ਜਾਣਾ ਕੋਈ ਵਿਚਾਰਧਾਰਕ ਬਦਲਾਅ ਨਹੀਂ ਸੀ..., ਮਮਤਾ ਦੀਦੀ ਨੇ ਖੁਦ ਕਾਂਗਰਸ ਛੱਡ ਕੇ ਇਸ ਪਾਰਟੀ ਦਾ ਗਠਨ ਕੀਤਾ ਸੀ।

ਉਨ੍ਹਾਂ ਨੂੰ ਬਹੁਤ ਜਲਦੀ ਇਹ ਅਹਿਸਾਸ ਹੋਇਆ ਕਿ ਬੰਗਾਲ ਜਾਂ ਦੇਸ਼ ’ਚ ਕਿਤੇ ਵੀ ਟੀ. ਐੱਮ. ਸੀ. ਦਾ ਵੋਟ-ਸ਼ੇਅਰ ਵਿਚਾਰਧਾਰਕ ਨਹੀਂ ਹੈ, ਇਹ ਨੇਤਾ-ਕੇਂਦਰਿਤ ਹੈ। ਇਸ ਦੇ ਉਲਟ, ਕਾਂਗਰਸ ਦਾ ਇਕ ਵਿਚਾਰਧਾਰਕ ਆਧਾਰ ਹੈ, ਜੇਕਰ ਤੁਸੀਂ ਭਾਜਪਾ ਨੂੰ ਪਸੰਦ ਨਹੀਂ ਕਰਦੇ, ਤਾਂ ਤੁਸੀਂ ਕਾਂਗਰਸ ਨੂੰ ਵੋਟ ਦਿੰਦੇ ਹੋ ਪਰ ਭਾਜਪਾ ਦੀ ਵੋਟ ਪੂਰੀ ਤਰ੍ਹਾਂ ਨਾਲ ਵਿਚਾਰਧਾਰਕ ਹੈ। ਜਦੋਂ ਉਨ੍ਹਾਂ ਕੋਲ ਦੋ ਸੰਸਦ ਮੈਂਬਰ ਸਨ ਜਾਂ ਜਦੋਂ ਉਨ੍ਹਾਂ ਕੋਲ ਇਕ ਵੀ ਸੰਸਦ ਮੈਂਬਰ ਨਹੀਂ ਸੀ ਅਤੇ ਅੱਜ ਜਦੋਂ ਉਹ ਸੱਤਾ ਪੱਖ ’ਚ ਹਨ, ਉਨ੍ਹਾਂ ਨੇ ਆਪਣੀ ਵਿਚਾਰਧਾਰਾ ਨਾਲ ਕਦੇ ਸਮਝੌਤਾ ਨਹੀਂ ਕੀਤਾ।

ਪਾਰਟੀਆਂ ਦੀ ਚੋਟੀ ਦੀ ਲੀਡਰਸ਼ਿਪ ਬਾਰੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹਰ ਚੋਣ ਤੋਂ ਬਾਅਦ ਕਈ ਸਮੀਖਿਆ ਬੈਠਕਾਂ ਕਰਦੀ ਹੈ। ਇਸ ਲਈ, ਇਹ ਲੋਕਤੰਤਰਿਕ ਪ੍ਰਤੀਤ ਹੁੰਦੀ ਹੈ ਪਰ ਜਦੋਂ ਲਾਗੂ ਕਰਨ ਦੀ ਗੱਲ ਆਉਂਦੀ ਹੈ, ਤਾਂ ਅੰਦਰੂਨੀ ਸਹਿਮਤੀ ਦੀ ਘਾਟ ਹੁੰਦੀ ਹੈ ਅਤੇ ਤ੍ਰਿਣਮੂਲ ’ਚ, ਚਰਚਾ ਲਈ ਸ਼ਾਇਦ ਹੀ ਕੋਈ ਮੰਚ ਹੋਵੇ। ਸੱਤਾ ਇਕ ਹੀ ਵਿਅਕਤੀ ਦੇ ਹੱਥਾਂ ’ਚ ਕੇਂਦਰਿਤ ਹੈ, ਕਿਉਂਕਿ ਉਨ੍ਹਾਂ ਨੇ ਪਾਰਟੀ ਬਣਾਈ ਅਤੇ ਇਸ ਨੂੰ ਚਲਾਇਆ।

ਆਲੋਚਕ ਕਹਿਣਗੇ ਕਿ ਭਾਜਪਾ ’ਚ ਤੁਹਾਡੀ ਕੋਈ ਆਵਾਜ਼ ਨਹੀਂ ਹੈ। ਉੱਥੇ ਸਿਰਫ ਦੋ ਲੋਕ ਹਨ, ਪੀ. ਐੱਮ. ਮੋਦੀ ਅਤੇ ਗ੍ਰਹਿ ਮੰਤਰੀ (ਅਮਿਤ ਸ਼ਾਹ)। ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਸੱਚ ਹੈ ਕਿਉਂਕਿ ਸਾਰੇ ਸੰਸਦ ਮੈਂਬਰਾਂ ਦਾ ਇਕ ਸਰਪ੍ਰਸਤ ਮੰਤਰੀ ਹੁੰਦਾ ਹੈ। ਤੁਸੀਂ ਆਪਣੇ ਰਾਜ ’ਚ ਜੋ ਕੁਝ ਵੀ ਸਾਹਮਣਾ ਕਰ ਰਹੇ ਹੋ, ਉਸ ਬਾਰੇ ਉਨ੍ਹਾਂ ਨਾਲ ਗੱਲ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਹਾਡੇ ਕੋਲ ਸੰਗਠਨ ਹੈ..., ਜੇਕਰ ਕੁਝ ਵੀ ਕੰਮ ਨਹੀਂ ਕਰਦਾ, ਚਾਹੇ ਤੁਸੀਂ ਇਸ ਨੂੰ ਪਸੰਦ ਕਰੋ ਜਾਂ ਨਾ ਕਰੋ, ਸੰਘ ਪਰਿਵਾਰ ਦੀਆਂ ਅੱਖਾਂ ਅਤੇ ਕੰਨ ਜ਼ਮੀਨ ’ਤੇ ਹਨ।

ਉਹ ਸੰਘ ਪਰਿਵਾਰ ਦੇ ਕਿਸੇ ਵਿਅਕਤੀ ਨੂੰ ਨਹੀਂ ਮਿਲੀ ਪਰ ਉਨ੍ਹਾਂ ਲਈ ਬਹੁਤ ਸਾਫ਼ ਹੈ ਕਿ ਸੰਘ ਦੇ ਬਹੁਤ ਸੀਨੀਅਰ, ਤਜਰਬੇਕਾਰ ਨੇਤਾ ਸੰਸਦੀ ਪ੍ਰਣਾਲੀ ਦਾ ਇਕ ਬਹੁਤ ਮਹੱਤਵਪੂਰਨ ਹਿੱਸਾ ਹਨ। ਇਸ ਲਈ ਗੱਲਬਾਤ ਦੇ ਬਹੁਤ ਸਾਰੇ ਪੱਧਰ ਹਨ। ਕਾਂਗਰਸ ’ਚ, ਜੇਕਰ ਚੋਟੀ ’ਤੇ ਕੋਈ ਤੁਹਾਡੇ ਤੋਂ ਨਾਰਾਜ਼ ਹੋ ਜਾਂਦਾ ਹੈ, ਤਾਂ ਤੁਹਾਡਾ ਕਰੀਅਰ ਖ਼ਤਮ ਹੋ ਜਾਂਦਾ ਹੈ। ਤੁਸੀਂ ਕਾਂਗਰਸ ’ਚ ਪਰਿਵਾਰ ਦਾ ਮੁਕਾਬਲਾ ਨਹੀਂ ਕਰ ਸਕਦੇ ਅਤੇ ਜਿਊਂਦੇ (ਰਾਜਨੀਤਿਕ ਰੂਪ ’ਚ) ਨਹੀਂ ਰਹਿ ਸਕਦੇ ਪਰ ਜੇਕਰ ਤੁਸੀਂ ਭਾਜਪਾ ’ਚ ਇਕ ਯੋਗ ਵਿਅਕਤੀ ਹੋ, ਤਾਂ ਤੁਹਾਡੇ ਲਈ ਹਮੇਸ਼ਾ ਇਕ ਮੰਚ ਰਹੇਗਾ।

ਭਾਜਪਾ ’ਚ ਸੰਘ ਪਰਿਵਾਰ ਦੀ ਭੂਮਿਕਾ ਬਾਰੇ ਸੁਸ਼ਮਿਤਾ ਦਾ ਕਹਿਣਾ ਹੈ, ਕਾਂਗਰਸ ’ਤੇ ਵੀ ਇਕ ਪਰਿਵਾਰ ਦਾ ਰਾਜ ਹੈ। ਇਕ ਪਾਰਟੀ ਗਾਂਧੀ ਪਰਿਵਾਰ ਨਾਲ ਹੈ ਅਤੇ ਭਾਜਪਾ ਲਈ, ਉਨ੍ਹਾਂ ਦਾ ਵਿਚਾਰ ਸੰਘ ਪਰਿਵਾਰ ਹੈ ਅਤੇ ਇਕ ਵੱਡੇ ਸੰਗਠਨ ਜਿਵੇਂ ਆਰ. ਐੱਸ. ਐੱਸ. ਦਾ ਹੋਣਾ ਬਿਹਤਰ ਹੈ, ਜਿੱਥੇ ਅਲੱਗ-ਅਲੱਗ ਵਿਚਾਰ ਹੋਣ, ਨਾ ਕਿ ਸਿਰਫ ਇਕ ਪਰਿਵਾਰ। ਪਰਿਵਾਰ ਤਾਂ ਦੋਵਾਂ ਪਾਸੇ ਹੈ। ਉਸ ਪਾਸੇ ਇਕ ‘ਪਹਿਲਾ ਪਰਿਵਾਰ’ ਹੈ ਅਤੇ ਇਸ ਪਾਸੇ, ਇਕ ਸੰਘ ਪਰਿਵਾਰ ਹੈ ਪਰ ਸੰਘ ਪਰਿਵਾਰ ਕਿਤੇ ਵੱਧ ਲੋਕਤੰਤਰਿਕ ਹੈ ਕਿਉਂਕਿ ਇਹ ਇਕ ਪਰਿਵਾਰ ਦੀ ਤੁਲਨਾ ’ਚ ਇਕ ਵੱਡਾ ਅਦਾਰਾ ਹੈ।

ਟੀ. ਐੱਮ. ਸੀ. ਛੱਡਣ ਬਾਰੇ ਦੇਵ ਨੇ ਕਿਹਾ ਕਿ ਤ੍ਰਿਣਮੂਲ ’ਚ ਉਨ੍ਹਾਂ ਦੀ ਸਥਿਤੀ ਕਿਸੇ ਹੋਰ ਵਰਗੀ ਨਹੀਂ ਸੀ ਕਿਉਂਕਿ ਉਹ ਬੰਗਾਲ ’ਚ ਜ਼ਮੀਨੀ ਪੱਧਰ ’ਤੇ ਰਾਜਨੀਤੀ ਕਰਨ ਵਾਲੀ ਨਹੀਂ ਸੀ। ਉਨ੍ਹਾਂ ਨੂੰ ਲੱਗਿਆ ਕਿ ਟੀ. ਐੱਮ. ਸੀ. ਨੇਤਾ ਲਈ ਬੰਗਾਲ ਦੇ ਬਾਹਰ ਆਪਣੀ ਪਾਰਟੀ ਦਾ ਵਿਸਥਾਰ ਕਰਨਾ ਬੇਹੱਦ ਔਖਾ ਸੀ। ਉਨ੍ਹਾਂ ਕੋਲ ਕਾਂਗਰਸ ਅਤੇ ਭਾਜਪਾ ਵਿਚਾਲੇ ਇਕ ਬਦਲ ਸੀ। ਉਨ੍ਹਾਂ ਨੂੰ ਲੱਗਿਆ ਕਿ ਜਿਸ ਤਰ੍ਹਾਂ ਨਾਲ ਉਹ (ਭਾਜਪਾ) ਉੱਤਰ-ਪੂਰਬ ਰਾਜਾਂ ’ਚ ਕੰਮ ਕਰ ਰਹੇ ਹਨ, ਉਨ੍ਹਾਂ ਦੀ ਸਵੀਕਾਰਤਾ ਵਧ ਰਹੀ ਹੈ। ਅਸਾਮ ਦੇ ਸੀ. ਐੱਮ. (ਹਿੰਮਤ ਬਿਸਵਾ ਸਰਮਾ) ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕਰਨ ਤੋਂ ਬਾਅਦ, ਉਨ੍ਹਾਂ ਨੂੰ ਸਪੱਸ਼ਟ ਹੋ ਗਿਆ ਸੀ ਕਿ ਜੇਕਰ ਉਹ ਆਪਣੇ ਲੋਕਾਂ ਲਈ ਅਗਲੇ 10-15 ਸਾਲਾਂ ਤੱਕ ਕੰਮ ਕਰਨਾ ਚਾਹੁੰਦੀ ਹੈ ਤਾਂ ਭਾਜਪਾ ਹੀ ਉਹ ਪਾਰਟੀ ਹੈ।

ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨਾਲ ਸਰਕਾਰ ਦੇ ਨਜਿੱਠਣ ਦੇ ਤਰੀਕੇ ਬਾਰੇ ਸੁਸ਼ਮਿਤਾ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਨੇ ਜਿਸ ਤਰ੍ਹਾਂ ਨਾਲ ਪ੍ਰਤੀਕਿਰਿਆ ਦਿੱਤੀ, ਚਾਹੇ ਨਵਾਂ ਕਾਨੂੰਨ ਲਿਆ ਕੇ ਹੋਵੇ, ਧਰਮਿੰਦਰ ਪ੍ਰਧਾਨ ਦੇ ਕਦਮ ਚੁੱਕਣ ਨਾਲ ਹੋਵੇ, ਉਨ੍ਹਾਂ ਨੇ ਇਸ ਨੂੰ ਚੰਗੀ ਤਰ੍ਹਾਂ ਸੰਭਾਲਿਆ। ਹੁਣ ਜੋ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ, ਉਹ ਇਹ ਹੈ ਕਿ ਉੱਥੇ ਵਰਤਿਆ ਗਿਆ ਬਲ ਅਨੁਪਾਤਕ ਅਤੇ ਜ਼ਰੂਰੀ ਸੀ ਜਾਂ ਇਹ ਅਣਉਚਿਤ (ਬਹੁਤ ਜ਼ਿਆਦਾ) ਸੀ। ਹਾਲਾਂਕਿ, ਸੰਸਦ ਵੱਲ ਮਾਰਚ ਕਰਦੇ ਹਜ਼ਾਰਾਂ ਲੋਕਾਂ ਨੂੰ ਦੇਖਦਿਆਂ, ਕੀ ਉਹ ਗੇਟ ’ਤੇ ਰੁਕ ਜਾਂਦੇ? ਸੰਸਦ ਦੀ ਸੁਰੱਖਿਆ ਕਰਨਾ ਵੀ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਹੈ।

- ਦਿਵਿਆ ਏ.

(ਆਈ. ਈ. ਤੋਂ ਧੰਨਵਾਦ ਸਹਿਤ)


author

Anmol Tagra

Content Editor

Related News