ਅੱਜ ਵਿਸ਼ਵ ਜੈਵ-ਭਿੰਨਤਾ ਦਿਵਸ ’ਤੇ ਵਿਸ਼ੇਸ਼- ਸੰਕਟ ’ਚ ਜੈਵਿਕ ਸੰਤੁਲਨ
Friday, May 22, 2026 - 07:04 PM (IST)
‘ਵਰਲਡ ਵਾਈਡ ਫੰਡ ਫਾਰ ਨੇਚਰ’ (ਡਬਲਯੂ. ਡਬਲਯੂ. ਐੱਫ.) ਦੀ ਇਕ ਰਿਪੋਰਟ ਅਨੁਸਾਰ ਬੀਤੇ 5 ਦਹਾਕਿਆਂ ’ਚ ਧਰਤੀ ਦੀ 68 ਫੀਸਦੀ ਜੈਵ-ਭਿੰਨਤਾ ਨਸ਼ਟ ਹੋ ਗਈ ਹੈ। ਇਸ ਦੌਰਾਨ ਹਰ 10 ’ਚੋਂ 7 ਜੈਵਿਕ ਪ੍ਰਜਾਤੀਆਂ ਖ਼ਤਮ ਹੋ ਚੁੱਕੀਆਂ ਹਨ। ਸਭ ਤੋਂ ਜ਼ਿਆਦਾ ਨੁਕਸਾਨ ਮਿੱਠੇ ਪਾਣੀ ਦੀਆਂ ਪ੍ਰਜਾਤੀਆਂ ਨੂੰ ਹੋਇਆ ਹੈ, ਜਿਨ੍ਹਾਂ ਦੀ ਆਬਾਦੀ ’ਚ 84 ਫੀਸਦੀ ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਰਿਪੋਰਟ ਅਨੁਸਾਰ ਜੇਕਰ ਜੈਵ-ਭਿੰਨਤਾ ਦੀ ਸੰਭਾਲ ਲਈ ਇਮਾਨਦਾਰੀ ਨਾਲ ਯਤਨ ਕੀਤੇ ਜਾਣ, ਤਾਂ ਵੀ 2050 ਤੋਂ ਪਹਿਲਾਂ ਇਸ ’ਚ ਸੁਧਾਰ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਡਬਲਯੂ. ਡਬਲਯੂ. ਐੱਫ. ਦੀ ਭਾਰਤ ਇਕਾਈ ਨੇ ਕਿਹਾ ਹੈ ਕਿ ਭਾਰਤ ’ਚ 12 ਫੀਸਦੀ ਜੰਗਲੀ ਥਣਧਾਰੀ ਜੀਵ ਅਤੇ ਪੰਛੀਆਂ ਦੀਆਂ 3 ਫੀਸਦੀ ਪ੍ਰਜਾਤੀਆਂ ਅਲੋਪ ਹੋਣ ਦੇ ਕੰਢੇ ’ਤੇ ਹਨ, ਜਦੋਂ ਕਿ 19 ਫੀਸਦੀ ਪਾਣੀ ’ਚ ਰਹਿਣ ਵਾਲੇ ਜੀਵ ਗੰਭੀਰ ਖ਼ਤਰੇ ’ਚ ਹਨ। ਇਸ ਅਧਿਐਨ ’ਚ ਦੱਸਿਆ ਗਿਆ ਹੈ ਕਿ ਬੀਤੇ 4 ਦਹਾਕਿਆਂ ’ਚ ਭਾਰਤ ਦੀ ਨਮੀ ਵਾਲੀ ਭੂਮੀ (ਵੈੱਟਲੈਂਡ) ਦਾ ਇਕ-ਤਿਹਾਈ ਹਿੱਸਾ ਗਾਇਬ ਹੋ ਚੁੱਕਾ ਹੈ।
ਕੌੜਾ ਸੱਚ ਤਾਂ ਇਹੀ ਹੈ ਕਿ ਭਾਰਤ ਸਮੇਤ ਪੂਰੇ ਵਿਸ਼ਵ ਦੀ ਜੈਵ-ਭਿੰਨਤਾ ਤੇਜ਼ੀ ਨਾਲ ਘਟ ਰਹੀ ਹੈ। ਜੈਵ-ਭਿੰਨਤਾ ’ਤੇ ਮੰਡਰਾਅ ਰਿਹਾ ਇਹ ਖ਼ਤਰਾ ਸਾਡੇ ਵਾਤਾਵਰਣ ਲਈ ਨਿੱਤ ਨਵੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਆਪਣੇ ਸਵਾਰਥ ਲਈ ਮਨੁੱਖ ਵਲੋਂ ਕੀਤੇ ਗਏ ਕੁਦਰਤੀ ਸ਼ੋਸ਼ਣ ਦਾ ਨਤੀਜਾ ਇਹ ਹੋਇਆ ਕਿ ਬੀਤੇ 40 ਸਾਲਾਂ ’ਚ ਪਸ਼ੂ-ਪੰਛੀਆਂ ਦੀ ਗਿਣਤੀ ਘਟ ਕੇ ਇਕ-ਤਿਹਾਈ ਰਹਿ ਗਈ। ਇਸ ਦੌਰਾਨ ਰੁੱਖ-ਪੌਦਿਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਵੀ ਹੈਰਾਨੀਜਨਕ ਤੌਰ ’ਤੇ ਘਟੀਆਂ ਹਨ। ਅਸਲ ’ਚ ਅਮੀਰ ਜੈਵ-ਭਿੰਨਤਾ ਸਾਡੇ ਵਾਤਾਵਰਣ ਨੂੰ ਪੋਸ਼ਣ ਤਾਂ ਦਿੰਦੀ ਹੀ ਹੈ, ਸਾਡੀ ਜ਼ਿੰਦਗੀ ’ਤੇ ਵੀ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ। ਤ੍ਰਾਸਦੀ ਇਹ ਹੈ ਕਿ ਜੈਵ-ਭਿੰਨਤਾ ਦੇ ਸੰਕਟ ਨੂੰ ਦੇਖਦੇ ਹੋਏ ਵੀ ਅਸੀਂ ਆਪਣੀ ਜੀਵਨਸ਼ੈਲੀ ਨੂੰ ਬਦਲਣ ਲਈ ਤਿਆਰ ਨਹੀਂ ਹਾਂ।
ਕੁਝ ਸਮਾਂ ਪਹਿਲਾਂ ਸੰਯੁਕਤ ਰਾਸ਼ਟਰ (ਯੂ. ਐੱਨ.) ਵਲੋਂ ਜਾਰੀ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਮਨੁੱਖਤਾ ਉਸੇ ਕੁਦਰਤੀ ਦੁਨੀਆ ਨੂੰ ਤੇਜ਼ੀ ਨਾਲ ਨਸ਼ਟ ਕਰ ਰਹੀ ਹੈ, ਜਿਸ ’ਤੇ ਉਸ ਦੀ ਖ਼ੁਸ਼ਹਾਲੀ ਅਤੇ ਹੋਂਦ ਟਿਕੀ ਹੋਈ ਹੈ। ਜੰਗਲਾਂ, ਮਹਾਸਾਗਰਾਂ, ਜ਼ਮੀਨ ਅਤੇ ਹਵਾ ਦੇ ਦਹਾਕਿਆਂ ਤੋਂ ਹੋ ਰਹੇ ਸ਼ੋਸ਼ਣ ਅਤੇ ਉਨ੍ਹਾਂ ਨੂੰ ਜ਼ਹਿਰੀਲਾ ਬਣਾਏ ਜਾਣ ਕਾਰਨ ਹੋਏ ਬਦਲਾਵਾਂ ਨੇ ਦੁਨੀਆ ਨੂੰ ਖ਼ਤਰੇ ’ਚ ਪਾ ਦਿੱਤਾ ਹੈ। ਮਾਹਿਰਾਂ ਅਨੁਸਾਰ ਜਾਨਵਰਾਂ ਅਤੇ ਪੌਦਿਆਂ ਦੀਆਂ 10 ਲੱਖ ਪ੍ਰਜਾਤੀਆਂ ਅਲੋਪ ਹੋਣ ਦੇ ਕੰਢੇ ’ਤੇ ਪਹੁੰਚ ਗਈਆਂ ਹਨ। ਇਹ ਪ੍ਰਜਾਤੀਆਂ ਪਿਛਲੇ ਇਕ ਕਰੋੜ ਸਾਲਾਂ ਦੀ ਤੁਲਨਾ ’ਚ ਹਜ਼ਾਰਾਂ ਗੁਣਾ ਤੇਜ਼ੀ ਨਾਲ ਅਲੋਪ ਹੋ ਰਹੀਆਂ ਹਨ। ਜਿਸ ਤੇਜ਼ੀ ਨਾਲ ਇਹ ਪ੍ਰਜਾਤੀਆਂ ਖ਼ਤਮ ਹੋ ਰਹੀਆਂ ਹਨ, ਉਸ ਨੂੰ ਦੇਖਦੇ ਹੋਏ ਡਾਇਨਾਸੋਰ ਦੇ ਅਲੋਪ ਹੋਣ ਤੋਂ ਬਾਅਦ ਪ੍ਰਿਥਵੀ ’ਤੇ ਪਹਿਲੀ ਵਾਰ ਇੰਨੀ ਵੱਡੀ ਗਿਣਤੀ ’ਚ ਪ੍ਰਜਾਤੀਆਂ ਦੇ ਖ਼ਤਮ ਹੋਣ ਦਾ ਖ਼ਤਰਾ ਬਣਿਆ ਹੈ।
ਸੰਯੁਕਤ ਰਾਸ਼ਟਰ ਦੇ ਜੈਵ-ਭਿੰਨਤਾ ਅਤੇ ਈਕੋ-ਸਿਸਟਮ ਸੇਵਾਵਾਂ ਦੇ ਮਾਹਿਰ ਜੋਸਫ਼ ਸੇਟਲ ਅਨੁਸਾਰ, ਘੱਟ ਸਮੇਂ ’ਚ ਮਨੁੱਖਾਂ ’ਤੇ ਖ਼ਤਰਾ ਨਹੀਂ ਹੈ, ਪਰ ਲੰਬੇ ਸਮੇਂ ’ਚ ਇਹ ਕਹਿਣਾ ਮੁਸ਼ਕਲ ਹੈ। ਜੇਕਰ ਮਨੁੱਖ ਅਲੋਪ ਹੁੰਦੇ ਹਨ ਤਾਂ ਕੁਦਰਤ ਆਪਣਾ ਰਸਤਾ ਖ਼ੁਦ ਲੱਭ ਲਵੇਗੀ ਕਿਉਂਕਿ ਉਹ ਹਮੇਸ਼ਾ ਅਜਿਹਾ ਕਰ ਲੈਂਦੀ ਹੈ। ਕੁਦਰਤ ਨੂੰ ਬਚਾਉਣ ਲਈ ਵੱਡੇ ਬਦਲਾਵਾਂ ਦੀ ਲੋੜ ਹੈ। ਸਾਨੂੰ ਹਰ ਸਮੱਗਰੀ ਦੇ ਉਤਪਾਦਨ, ਪੈਦਾਵਾਰ ਅਤੇ ਉਸ ਦੀ ਵਰਤੋਂ ਦੇ ਤਰੀਕੇ ’ਚ ਬੁਨਿਆਦੀ ਤਬਦੀਲੀ ਕਰਨੀ ਪਵੇਗੀ।
ਅਸਲ ’ਚ ਪਸ਼ੂ-ਪੰਛੀ ਆਪਣੇ ਕੁਦਰਤੀ ਨਿਵਾਸ ’ਚ ਹੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਕੁਦਰਤੀ ਨਿਵਾਸ ’ਚ ਹੀ ਇਨ੍ਹਾਂ ਦੀਆਂ ਜੈਵਿਕ ਕਿਰਿਆਵਾਂ ਵਿਚਾਲੇ ਇਕ ਸੰਤੁਲਨ ਬਣਿਆ ਰਹਿੰਦਾ ਹੈ। ਇਹ ਮੰਦਭਾਗਾ ਹੈ ਕਿ ਇਸ ਦੌਰ ’ਚ ਵੱਖ-ਵੱਖ ਕਾਰਨਾਂ ਕਰਕੇ ਪੰਛੀਆਂ ਦੇ ਕੁਦਰਤੀ ਨਿਵਾਸ ਉੱਜੜਦੇ ਜਾ ਰਹੇ ਹਨ। ਵਧ ਰਹੇ ਸ਼ਹਿਰੀਕਰਨ ਅਤੇ ਉਦਯੋਗੀਕਰਨ ਕਾਰਨ ਰੁੱਖ ਲਗਾਤਾਰ ਘਟਦੇ ਜਾ ਰਹੇ ਹਨ। ਜਲ-ਪੰਛੀਆਂ ਦੇ ਕੁਦਰਤੀ ਨਿਵਾਸ ਵੀ ਸੁਰੱਖਿਅਤ ਨਹੀਂ ਬਚੇ। ਇਨ੍ਹਾਂ ਹੀ ਕਾਰਨਾਂ ਕਰਕੇ ਕਿਸੇ ਇਕ ਨਿਸ਼ਚਿਤ ਜਗ੍ਹਾ ’ਤੇ ਟਿਕਣ ਲਈ ਪੰਛੀਆਂ ਵਿਚਾਲੇ ਮੁਕਾਬਲਾ ਵਧਦਾ ਜਾ ਰਿਹਾ ਹੈ। ਇਕ ਪਾਸੇ ਪੰਛੀ ਮਨੁੱਖੀ ਲਾਲਚ ਦੀ ਭੇਟ ਚੜ੍ਹ ਰਹੇ ਹਨ ਤਾਂ ਦੂਜੇ ਪਾਸੇ ਜਲਵਾਯੂ ਤਬਦੀਲੀ ਕਾਰਨ ਇਨ੍ਹਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ।
ਅਸਲ ’ਚ ਜਦੋਂ ਵੀ ਜੀਵਾਂ ਦੀ ਸੰਭਾਲ ਦੀਆਂ ਯੋਜਨਾਵਾਂ ਬਣਦੀਆਂ ਹਨ, ਤਾਂ ਬਾਘ, ਸ਼ੇਰ ਅਤੇ ਹਾਥੀ ਵਰਗੇ ਵੱਡੇ ਜੀਵਾਂ ਦੀ ਸੰਭਾਲ ਵੱਲ ਤਾਂ ਧਿਆਨ ਦਿੱਤਾ ਜਾਂਦਾ ਹੈ, ਪਰ ਪੰਛੀਆਂ ਦੀ ਸੰਭਾਲ ਨੂੰ ਬਣਦਾ ਮਹੱਤਵ ਨਹੀਂ ਦਿੱਤਾ ਜਾਂਦਾ। ਰੁੱਖਾਂ ਦੀ ਗਿਣਤੀ ’ਚ ਵਾਧਾ, ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਕੇ ਅਤੇ ਮਾਈਕ੍ਰੋਵੇਵ ਪ੍ਰਦੂਸ਼ਣ ਨੂੰ ਘੱਟ ਕਰਕੇ ਕਾਫ਼ੀ ਹੱਦ ਤੱਕ ਪੰਛੀਆਂ ਨੂੰ ਅਲੋਪ ਹੋਣ ਤੋਂ ਬਚਾਇਆ ਜਾ ਸਕਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਤੇ ਅਸੀਂ ਸਾਰੇ ਮਿਲ ਕੇ ਜੈਵ-ਭਿੰਨਤਾ ਨੂੰ ਬਚਾਉਣ ਦਾ ਸਮੂਹਿਕ ਯਤਨ ਕਰੀਏ। ਸਾਨੂੰ ਇਹ ਸਮਝਣਾ ਹੋਵੇਗਾ ਕਿ ਜੈਵ-ਭਿੰਨਤਾ ’ਤੇ ਮੰਡਰਾਅ ਰਿਹਾ ਇਹ ਖ਼ਤਰਾ ਭਵਿੱਖ ’ਚ ਸਾਡੀ ਆਪਣੀ ਹੋਂਦ ’ਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਸਕਦਾ ਹੈ।
—ਰੋਹਿਤ ਕੌਸ਼ਿਕ
