ਬੇਗਾਨੀ ਜੰਗ ’ਚ ‘ਫਜਲੁਰ ਰਹਿਮਾਨ’ ਦੀਵਾਨਾ!

Monday, May 05, 2025 - 06:46 AM (IST)

ਬੇਗਾਨੀ ਜੰਗ ’ਚ ‘ਫਜਲੁਰ ਰਹਿਮਾਨ’ ਦੀਵਾਨਾ!

ਇਸੇ ਸਾਲ ਮਾਰਚ ’ਚ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨੁਸ ਨੇ ਆਪਣੀ ਚੀਨ ਯਾਤਰਾ ਦੌਰਾਨ ਕਿਹਾ ਸੀ ਕਿ ਬੰਗਲਾਦੇਸ਼ ਲਈ ਚੀਨ ਨੂੰ ਚੰਗੇ ਮਿੱਤਰ ਦੇ ਰੂਪ ’ਚ ਦੇਖਣਾ ਮਹੱਤਵਪੂਰਨ ਹੈ ਅਤੇ ਆਸ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਨਵੇਂ ਪੜਾਅ ’ਚ ਦਾਖਲ ਹੋਣਗੇ।

ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਪੱਛਮੀ ਏਸ਼ੀਆ, ਯੂਰਪ ਅਤੇ ਕਈ ਹੋਰਨਾਂ ਦੇਸ਼ਾਂ ਨੂੰ ਅਾਪਣੀ ਬਰਾਮਦ ਲਈ ਕਈ ਭਾਰਤੀ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਦੀ ਵਰਤੋਂ ਕਰ ਰਿਹਾ ਹੈ ਅਤੇ ਕਈ ਮਾਮਲਿਆਂ ’ਚ ਭਾਰਤ ’ਤੇ ਨਿਰਭਰ ਹੈ।

ਅਤੇ ਹੁਣ 29 ਅਪ੍ਰੈਲ ਨੂੰ ਬੰਗਲਾਦੇਸ਼ ਦੇ ਇਕ ਸਾਬਕਾ ਫੌਜੀ ਅਧਿਕਾਰੀ ਅਤੇ ਮੁਹੰਮਦ ਯੂਨੁਸ ਦੇ ਕਰੀਬੀ ਸਹਿਯੋਗੀ ਮੇਜਰ ਜਨਰਲ (ਰਿਟਾਇਰਡ) ਏ. ਐੱਲ. ਐੱਮ. ਫਜਲੁਰ ਰਹਿਮਾਨ ਨੇ ਸੁਝਾਅ ਦਿੱਤਾ ਹੈ ਕਿ ਜੇਕਰ ਭਾਰਤ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ’ਚ ਪਾਕਿਸਤਾਨ ’ਤੇ ਹਮਲਾ ਕਰਦਾ ਹੈ ਤਾਂ ਢਾਕੇ ਨੂੰ ਚੀਨ ਨਾਲ ਮਿਲ ਕੇ ਉਸ ਦੇ ਉੱਤਰ-ਪੂਰਬ ਦੇ 7 ਸੂਬਿਅਾਂ ’ਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਇਸ ਸਬੰਧ ’ਚ ਚੀਨ ਦੇ ਨਾਲ ਸੰਯੁਕਤ ਫੌਜੀ ਵਿਵਸਥਾ ’ਤੇ ਚਰਚਾ ਸ਼ੁਰੂ ਕਰਨਾ ਜ਼ਰੂਰੀ ਹੈ।

ਫਜਲੁਰ ਨੂੰ ਦਸੰਬਰ 2024 ’ਚ ਯੂਨੁਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਵਲੋਂ 2009 ਦੇ ਬੰਗਲਾਦੇਸ਼ ਰਾਈਫਲਜ਼ ਵਿਦਰੋਹ ’ਚ ਹੱਤਿਆਵਾਂ ਦੀ ਜਾਂਚ ਕਰਨ ਲਈ ਰਾਸ਼ਟਰੀ ਸੁਤੰਤਰ ਕਮਿਸ਼ਨ ਦੇ ਪ੍ਰਧਾਨ ਦੇ ਰੂਪ ’ਚ ਨਿਯੁਕਤ ਕੀਤਾ ਗਿਆ ਸੀ।

ਹਾਲਾਂਕਿ ਯੂਨੁਸ ਸਰਕਾਰ ਨੇ 2 ਮਈ ਨੂੰ ਫਜਲੁਰ ਰਹਿਮਾਨ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਖੁਦ ਨੂੰ ਵੱਖ ਕਰਦੇ ਹੋਏ ਕਿਹਾ ਹੈ ਕਿ ‘‘ਇਹ ਟਿੱਪਣੀਆਂ ਬੰਗਲਾਦੇਸ਼ ਸਰਕਾਰ ਦੀ ਸਥਿਤੀ ਜਾਂ ਨੀਤੀਆਂ ਨੂੰ ਨਹੀਂ ਦਰਸਾਉਂਦੀਆਂ ਹਨ ਅਤੇ ਇਸ ਤਰ੍ਹਾਂ, ਸਰਕਾਰ ਕਿਸੇ ਵੀ ਰੂਪ ਜਾਂ ਤਰੀਕੇ ਨਾਲ ਇਸ ਤਰ੍ਹਾਂ ਦੀ ਬਿਆਨਬਾਜ਼ੀ ਦਾ ਸਮਰਥਨ ਨਹੀਂ ਕਰਦੀ।

ਢਾਕਾ ਟ੍ਰਿਬਿਊਨ ਅਖਬਾਰ ਦੀ ਰਿਪੋਰਟ ਅਨੁਸਾਰ ਸਰਕਾਰ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਜਲੁਰ ਵਲੋਂ ਪ੍ਰਗਟ ਕੀਤੇ ਗਏ ਨਿੱਜੀ ਵਿਚਾਰਾਂ ਦੇ ਨਾਲ ਦੇਸ਼ ਨੂੰ ਨਾ ਜੋੜਣ ਪਰ ਬੰਗਲਾਦੇਸ਼ ਆਖਿਰ ਅਜਿਹਾ ਕਿਉਂ ਕਰਦਾ ਹੈ।

ਜੇਕਰ ਇਹ ਲੜਾਈ ਪਾਕਿਸਤਾਨ ਅਤੇ ਭਾਰਤ ਵਿਚਾਲੇ ਹੈ ਤਾਂ ਬੰਗਲਾਦੇਸ਼ ਦਾ ਇਸ ’ਚ ਕੀ ਹਿਤ ਹੈ ਜਿਸ ਦੇ ਕਾਰਨ ਉਹ ਪਹਿਲਾਂ ਵੀ ਇਸ ਸਬੰਧ ’ਚ ਟਿੱਪਣੀ ਕਰ ਚੁੱਕਾ ਹੈ ਅਤੇ ਹੁਣ ਇਕ ਵਾਰ ਫਿਰ ਅਜਿਹੇ ਹੀ ਕਮੈਂਟ ਆ ਰਹੇ ਹਨ।

ਕੀ ਇਸ ਤਰ੍ਹਾਂ ਦੇ ਬਿਆਨ ਦੇ ਕੇ ਉਹ ਚੀਨ ਦੇ ਨਾਲ ਆਪਣੀ ਦੋਸਤੀ ਪੱਕੀ ਕਰਨਾ ਚਾਹੁੰਦਾ ਹੈ ਜਾਂ ਚੀਨ ਤੋਂ ਵੱਧ ਸਹੂਲਤਾਂ ਹਾਸਲ ਕਰਨਾ ਚਾਹੁੰਦਾ ਹੈ ਅਤੇ ਇਸੇ ਲਈ ਇਸ ਦੇ ਨੇਤਾ ਅਜਿਹੇ ਬਿਆਨ ਦੇ ਰਹੇ ਹਨ ਕਿ ਚੀਨ ਵੀ ਇਸ ਲੜਾਈ ’ਚ ਆ ਜਾਏ ਅਤੇ ਉਹ ਵੀ ਇਸ ਲੜਾਈ ’ਚ ਹੋਣ। ਇਕ ਛੋਟੇ ਜਿਹੇ ਦੇਸ਼ ਵਲੋਂ ਇੰਨੀਆਂ ਵੱਡੀਆਂ ਗੱਲਾਂ ਕਹਿ ਦੇਣਾ ਮੂਰਖਤਾ ਵੀ ਹੈ ਅਤੇ ਵਿਚਾਰਨਯੋਗ ਵੀ।


author

Sandeep Kumar

Content Editor

Related News