ਡਰੱਗਜ਼ ’ਤੇ ਨਕੇਲ ਲਈ ਆਰ-ਪਾਰ ਦੀ ਲੜਾਈ ਸ਼ੁਰੂ

Thursday, Feb 27, 2025 - 04:32 PM (IST)

ਡਰੱਗਜ਼ ’ਤੇ ਨਕੇਲ ਲਈ ਆਰ-ਪਾਰ ਦੀ ਲੜਾਈ ਸ਼ੁਰੂ

ਡਰੱਗਜ਼ ਦੀ ਸਪਲਾਈ ਨੂੰ ਰੋਕਣਾ ਜ਼ਰੂਰੀ ਹੈ। ਉਸ ਤੋਂ ਵੀ ਵੱਧ ਜ਼ਰੂਰੀ ਹੈ ਬੱਚਿਆਂ ਨੂੰ ਇਸ ਤੋਂ ਦੂਰ ਰਹਿਣ ਲਈ ਸ਼ੁਰੂ ਤੋਂ ਹੀ ਪ੍ਰੇਰਿਤ ਕਰਨਾ। ਇਹ ਕੰਮ ਮਾਂ-ਬਾਪ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ। ਮੇਰਾ ਬਚਪਨ ਪਿੰਡ ’ਚ ਬੀਤਿਆ। ਉਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਖੇਤੀਬਾੜੀ ’ਚ ਲੱਗੇ ਸਨ। ਕੁਝ ਪ੍ਰਾਈਵੇਟ ਤਾਂ ਕੁਝ ਸਰਕਾਰੀ ਨੌਕਰੀ ’ਚ ਵੀ ਸਨ। ਮਨੋਰੰਜਨ ਦੇ ਨਾਂ ’ਤੇ ਵਾਲੀਬਾਲ, ਕਬੱਡੀ, ਕ੍ਰਿਕਟ, ਗੁੱਲੀ-ਡੰਡਾ, ਫੁੱਟਬਾਲ, ਪਰਵ-ਤਿਉਹਾਰ, ਪੂਜਾ-ਪਾਠ, ਭਜਨ-ਨਾਟਕ, ਤੁਲਸੀ ਜੈਅੰਤੀ-ਰਾਮਧੂਣੀ, ਕੁਝ ਨਾ ਕੁਝ ਚਲਦਾ ਹੀ ਰਹਿੰਦਾ ਸੀ। ਕੁਝ ਬੁੱਢੇ-ਵਿਹਲੜ, ਭੰਗ, ਗਾਂਜਾ, ਅਫੀਮ, ਸ਼ਤਰੰਜ, ਤਾਸ਼ ਦਾ ਖੁੱਲ੍ਹਾ ਸ਼ੌਕ ਰੱਖਦੇ ਸਨ। ਟਰੱਕ ਡਰਾਇਵਰੀ ਦਾ ਕੰਮ ਕਰਨ ਵਾਲੇ ਆਪਣੇ ਪਿੰਡ ਆਉਣ ਦੀ ਸੂਚਨਾ ਸ਼ਰਾਬ ਪੀ ਕੇ ਦੇ ਦਿੰਦੇ ਸਨ।

ਪਿੰਡ ਦਾ ਹੀ ਪੁਲਸ ’ਚ ਇਕ ਜਮਾਂਦਾਰ ਸੀ। ਲੰਬੇ ਵਾਲ, ਧੱਸੀਆਂ ਗੱਲ੍ਹਾਂ ਅਤੇ ਦਿਨ-ਰਾਤ ਪਾਨ ਚਬਾਉਣ ਕਾਰਨ ਸੜੇ ਦੰਦ। ਜ਼ਿਆਦਾਤਰ ਘਰ ’ਚ ਹੀ ਰਹਿੰਦਾ ਸੀ। ਗਾਂਜੇ ਦਾ ਜੁਗਾੜ ਉਹ ਹੀ ਕਰਦਾ ਸੀ। ਇਸ ’ਚ ਸਵਰਗ ਲੱਭ ਰਹੇ ਬੁੱਢੇ, ਵਿਹਲੜ ਅਤੇ ਆਵਾਰਾ ਕਿਸਮ ਦੇ ਲੜਕੇ ਸ਼ਾਮ ਨੂੰ ਖਾਸ ਘਰ ਦੇ ਬਰਾਂਡੇ ’ਚ ਇਕੱਠੇ ਹੁੰਦੇ। ਬੈਕਗ੍ਰਾਊਂਡ ’ਚ ਧਰਮਿੰਦਰ ਦੀ ‘ਚਰਸ’ ਫਿਲਮ ਦਾ ਪੋਸਟਰ ਲੱਗਾ ਹੁੰਦਾ। ਡਕੈਤੀ ਦੇ ਮੁਕੱਦਮੇ ’ਚ ਜ਼ਮਾਨਤ ’ਤੇ ਆਇਆ ਇਕ ਬਦਮਾਸ਼ ਪੂਰੇ ਮਨੋਯੋਗ ਨਾਲ ਚਿਲਮ ਤਿਆਰ ਕਰਦਾ। ਵਾਰੀ-ਵਾਰੀ ਨਾਲ ਸਾਰੇ ‘ਬੰਮ-ਬੰਮ ਭੋਲੇ’ ਬੋਲ ਕੇ ਡੂੰਘਾ ਕਸ਼ ਖਿੱਚਦੇ।

ਚਿਲਮ ਦੀ ਅੱਗ ਨੂੰ ਮਘਾ ਕੇ ਲਾਟ ਉੱਚੀ ਕਰ ਦੇਣ ਵਾਲੇ ਨੂੰ ‘ਦਮਦਾਰ’ ਦਾ ਖਿਤਾਬ ਮਿਲਦਾ। ਧੂੰਏਂ ਦਾ ਹਵਾ ’ਚ ਛੱਲਾ ਬਣਾਉਣ ਦੀ ਮੁਹਾਰਤ ਕਿਸੇ-ਕਿਸੇ ਨੂੰ ਹੀ ਹਾਸਲ ਸੀ। ਇਕ ਸੁੱਕੇ ਸਰੀਰ ਅਤੇ ਲੰਬੇ, ਕਾਲੇ ਘੁੰਗਰਾਲੇ ਵਾਲਾਂ ਵਾਲੇ ਦਾ ਇਸ ਕਲਾ ’ਚ ਪੂਰੇ ਇਲਾਕੇ ’ਚ ਵੱਡਾ ਨਾਂ ਸੀ। ਜਿਵੇਂ-ਜਿਵੇਂ ਖੁਮਾਰ ਚੜ੍ਹਦਾ, ਸਾਰੇ ‘ਦਮ-ਮਾਰੋ-ਦਮ, ਮਿਟ-ਜਾਏਂ-ਗਮ’ ਦਾ ਫਿਲਮੀ ਗੀਤ ਬੇਸੁਰਾ ਗਾਉਣ ਲੱਗਦੇ।

ਇਕ ਕਰਜ਼ਖੋਰ ਢਿੱਡਲ ਦਿਖਾਵੇ ਲਈ ਪਾਠ-ਪੂਜਾ ਕਰਦਾ ਸੀ ਪਰ ਅਸਲ ’ਚ ਗਾਂਜੇ-ਚਰਸ ਦੇ ਧੰਦੇ ’ਚ ਗਲ ਤਕ ਡੁੱਬਿਆ ਹੋਇਆ ਸੀ। ਰੋਡਵੇਜ਼ ਦੀਆਂ ਬੱਸਾਂ ’ਚ ਤੇਜ਼ ਗੰਧ ਵਾਲੇ ਸਬਜ਼ੀ-ਮਸਾਲਿਆਂ ਦੇ ਥੈਲੇ ’ਚ ਲੁਕੋ ਕੇ ਇਸ ਨੂੰ ਲਿਆਉਂਦਾ ਅਤੇ ਪਹਿਲਾਂ ਤੋਂ ਤੈਅ ਨਸ਼ੇੜੀਆਂ ਨੂੰ ਫਟਾਫਟ ਨਕਦ ਵੇਚ ਦਿੰਦਾ। ਭੰਗ ਤਾਂ ਹਰ ਜਗ੍ਹਾ ਹਰੀ ਸੀ ਬਸ ਹੱਥ ਵਧਾ ਕੇ ਪੱਤੇ ਤੋੜਨੇ ਹੁੰਦੇ ਸਨ। ਚਕਰਧਰ ਪਾਂਡੇ, ਜਿਸ ਦੀ ਵਾਹਵਾ ਜਜਮਾਨੀ ਸੀ, ਕਦੇ ਇਸਦੇ ਨਸ਼ੇ ਤੋਂ ਬਾਹਰ ਦਿਸਿਆ ਹੀ ਨਹੀਂ। ਭੰਗ ਨੂੰ ਪੱਥਰ ’ਤੇ ਪੀਹਣ ਦਾ ਕੰਮ ਦੋ-ਤਿੰਨ ਨਾਕਾਰਾ ਲੋਕ ਦੁਪਹਿਰ ਢਲਦਿਆਂ ਹੀ ਸ਼ੁਰੂ ਕਰ ਦਿੰਦੇ ਸਨ। ਆਲੇ-ਦੁਆਲੇ ਮਹਿਫਿਲ ਸਜ ਜਾਂਦੀ ਸੀ। ਹੋਲੀ ਵਾਲੇ ਦਿਨ ਭੰਗ ਵਾਲੇ ਪਕੌੜੇ, ਮਠਿਆਈ ਅਤੇ ਸ਼ਰਬਤ ਮੌਕੇ ਦੀ ਮੰਗ ਹੁੰਦੀ ਸੀ।

ਗਾਂਜਾ-ਭੰਗ-ਚਰਸ-ਅਫੀਮ-ਵਿਹਲਿਆਂ ਦਾ ਟਾਈਮ ਪਾਸ ਅਤੇ ਬਦਮਾਸ਼ਾਂ ਦਾ ਟਾਨਿਕ ਸੀ। ਬੇਲਗਾਮ ਲੋਕ ਆਪਣੀਆਂ ਜ਼ਮੀਨਾਂ ਅੱਧੇ-ਪੌਣੇ ਭਾਅ ’ਤੇ ਵੇਚ ਕੇ ਪੈਸਿਆਂ ਨੂੰ ਧੂੰਏਂ ’ਚ ਉਡਾਉਣ ’ਚ ਲੱਗੇ ਸਨ ਪਰ ਜ਼ਿਆਦਾਤਰ ਲੋਕ ਇਸ ਨੂੰ ਬੇਕਾਰ ਦਾ ਕੰਮ ਸਮਝਦੇ ਅਤੇ ਇਸ ਤੋਂ ਦੂਰ ਹੀ ਰਹਿੰਦੇ ਸਨ। ਜਿਸ ਦਾ ਬਾਪ ਮਜ਼ਬੂਤ ਸੀ ਉਹ ਆਪਣੇ ਬੱਚਿਆਂ ਨੂੰ ਇਸ ਤੋਂ ਬਚਾਉਣ ਲਈ ਡਾਂਗ ਲੈ ਕੇ ਪਿੱਛੇ-ਪਿੱਛੇ ਘੁੰਮਦਾ। ਸ਼ੋਹਦਿਆਂ ਤੋਂ ਦੂਰ ਰਹਿਣ ਅਤੇ ਪੜ੍ਹ-ਲਿਖ ਕੇ ਪਿੰਡ ਛੱਡ ਕੇ ਚਲੇ ਜਾਣ ਲਈ ਕਹਿੰਦਾ।

ਸਮਾਂ ਬੀਤਣ ਦੇ ਨਾਲ ਜਿਹੜੇ ਲੜਕੇ ਠੀਕ-ਠਾਕ ਸਨ, ਪਿੰਡੋਂ ਨਿਕਲ ਗਏ। ਜੋ ਰਹਿ ਗਏ ਉਨ੍ਹਾਂ ਤੋਂ ਜ਼ਿਆਦਾਤਰ ਨੇ ਪੀ-ਪੂ ਕੇ ਲੜਾਈ-ਝਗੜਾ ਕਰਨਾ ਰੋਜ਼ ਦਾ ਕੰਮ ਬਣਾ ਲਿਆ। ਪਰਿਵਾਰ ਦਾ ਕੰਟਰੋਲ ਕਮਜ਼ੋਰ ਪੈਂਦਾ ਗਿਆ। ਚਿੰਤਾ ਕਰਨ ਵਾਲੇ ਵੱਡਿਆਂ-ਬਜ਼ੁਰਗਾਂ ਦੀ ਗਿਣਤੀ ਘਟਦੀ ਗਈ। ਖੇਡ ਮੈਦਾਨ ਤੋਂ ਵਾਲੀਬਾਲ ਦਾ ਪੋਲ ਉੱਖੜ ਗਿਆ। ਸ਼ਰਾਬ ਦੀਆਂ ਸਰਕਾਰੀ ਦੁਕਾਨਾਂ ਖੁੱਲ੍ਹ ਗਈਆਂ।

ਡਰੱਗਜ਼ ਤਾਂ ਇਕ ਕੌਮਾਂਤਰੀ ਸਿਆਪਾ ਹੈ। ਭਾਰਤ ਡਰੱਗਜ਼ ਦੇ ਕਾਰੋਬਾਰ ’ਚ ਲੱਗੇ ਦੋ ਦੇਸ਼-ਸਮੂਹਾਂ-‘ਗੋਲਡਨ ਟਰਾਈਐਂਗਲ’ ਅਤੇ ‘ਗੋਲਡਨ ਕ੍ਰੀਸੈਂਟ’ ਦਰਮਿਆਨ ਫਸਿਆ ਹੈ। ਵੱਡੇ-ਵੱਡੇ ਸਮੱਗਲਰ ਇਸ ’ਚ ਸ਼ਾਮਲ ਹਨ, ਇਨ੍ਹਾਂ ਨੂੰ ਜੇਲ ਭੇਜ ਕੇ ਹੀ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। 1990 ਦੇ ਅੱਧ ’ਚ ਹਰਿਆਣਾ ’ਚ ਸ਼ਰਾਬ-ਬੰਦੀ ਦੇ ਮੁੱਦੇ ’ਤੇ ਸਰਕਾਰ ਬਣੀ ਪਰ ਪੀਣ ਵਾਲੇ ਬੇਖੌਫ ਪੀਂਦੇ ਰਹੇ। ਮਿਹਨਤ-ਮਜ਼ਦੂਰੀ ਕਰਨ ਵਾਲੇ ਸ਼ਰਾਬ ਦੀ ਪ੍ਰਚੂਨ ਅਤੇ ਬਦਮਾਸ਼ ਥੋਕ ਦੀ ਵਿਕਰੀ ’ਚ ਜੁੱਟ ਗਏ। ਸ਼ਰਾਬਬੰਦੀ ਦੇ ਢਾਈ ਸਾਲ ਦੇ ਅੰਦਰ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ।

ਡਰੱਗਜ਼ ਦੀ ਲਤ ਅਤੇ ਇਸ ਨਾਲ ਹੋਣ ਵਾਲੇ ਕਲੇਸ਼ ਦਾ ਇਤਿਹਾਸ ਪੁਰਾਣਾ ਹੈ। ਸਿੰਥੈਟਿਕ ਡਰੱਗਜ਼ ਦੇ ਪ੍ਰਸਾਰ ਅਤੇ ਦਵਾਈਆਂ ਦੀ ਵਰਤੋਂ ਨਸ਼ੇ ਲਈ ਕਰਨ ਦੇ ਪ੍ਰਚਲਨ ਨੇ ਸਮੱਸਿਆ ਨੂੰ ਵਿਕਰਾਲ ਰੂਪ ਦੇ ਦਿੱਤਾ ਹੈ। ਪੁਲਸ ਇਸ ਦੀ ਸਪਲਾਈ ਰੋਕਣ ਲਈ ਵੱਡੇ-ਛੋਟੇ ਸਮੱਗਲਰਾਂ ਅਤੇ ਉਨ੍ਹਾਂ ਨਾਲ ਗੱਠਜੋੜ ਰੱਖਣ ਵਾਲੇ ਸਰਮਾਏਦਾਰਾਂ ’ਤੇ ਨਕੇਲ ਕੱਸ ਰਹੀ ਹੈ। ਇਨ੍ਹਾਂ ਦੀ ਕਾਲੀ ਕਮਾਈ ਜ਼ਬਤ ਕਰ ਰਹੀ ਹੈ।

ਇਨ੍ਹਾਂ ਦੇ ਨਾਜਾਇਜ਼ ਕਬਜ਼ੇ ਢਾਹ ਰਹੀ ਹੈ। ਸਿਆਸੀ ਮਤਭੇਦ ਤੋਂ ਉੱਪਰ ਉੱਠ ਕੇ ਪਾਰਟੀਆਂ ਇਸ ਦੇ ਖਿਲਾਫ ਲਾਮਬੰਦ ਹੋ ਰਹੀਆਂ ਹਨ। ਆਮ ਰਾਇ ਹੈ ਕਿ ਪਾਣੀ ਨੱਕ ਤੱਕ ਆ ਗਿਆ ਹੈ, ਡਰੱਗਜ਼ ਦੀ ਜ਼ਦ ’ਚ ਬੱਚੇ ਤਕ ਆ ਰਹੇ ਹਨ ਅਤੇ ਇਸ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਸਮਾਂ ਆ ਗਿਆ ਹੈ।

ਪਰ ਰਣਨੀਤੀਕਾਰਾਂ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਇਸ ਸੈਂਕੜੇ ਸਾਲ ਪੁਰਾਣੇ ਰੋਗ ਦਾ ਕੋਈ ਫਟਾਫਟ ਇਲਾਜ ਨਹੀਂ ਹੈ। ਏਮਜ਼ ਦੇ ‘ਨੈਸ਼ਨਲ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ’ ਨਾਲ ਜੁੜੇ ਡਾ. ਅਤੁਲ ਅੰਬੇਕਰ ਦੀ ਦਲੀਲ ਹੈ ਕਿ ਸਾਨੂੰ ਅਮਰੀਕਾ ਦੇ ਤਜਰਬੇ ਤੋਂ ਸਿੱਖਣਾ ਚਾਹੀਦਾ ਹੈ, ਜਿਥੇ ਅਰਬਾਂ ਡਾਲਰ ਖਰਚ ਕਰ ਕੇ ਡਰੱਗ ਸਪਲਾਈ ਰੋਕਣ ਦੀ ਰਣਨੀਤੀ ਕਾਰਗਰ ਨਹੀਂ ਹੋਈ ਹੈ।

ਸਰਕਾਰ ਦਾ ਟੀਚਾ ਡਰੱਗਜ਼ ਦੀ ਵਰਤੋਂ ਨਾਲ ਪੈਣ ਵਾਲੇ ਮਾੜੇ ਪ੍ਰਭਾਵ ਤੋਂ ਲੋਕਾਂ ਨੂੰ ਬਚਾਉਣਾ ਵੀ ਹੋਣਾ ਚਾਹੀਦਾ ਹੈ। ਕੈਨੇਡਾ ’ਚ ‘ਸੇਫ ਇੰਜੈਕਸ਼ਨ ਫੈਸਿਲਟੀ’ ਅਤੇ ‘ਡਰੱਗ ਓਵਰਡੋਜ਼ ਸਾਈਟਸ’ ਬਣਾਈਆਂ ਗਈਆਂ ਹਨ, ਜਿਥੇ ਨਸ਼ੇ ਦੇ ਆਦੀ ਲੋਕ ਇਕ ਸੁਰੱਖਿਅਤ ਮਾਹੌਲ ’ਚ ਡਰੱਗਜ਼ ਲੈ ਸਕਦੇ ਹਨ। ਇਸ ਨਾਲ ਡਰੱਗ-ਓਵਰਡੋਜ਼ ਨਾਲ ਹੋਣ ਵਾਲੀ ਮੌਤ ਦੀ ਦਰ ’ਚ ਕਮੀ ਆਈ ਹੈ।

ਪਰ ਬੱਚਿਆਂ ਨੂੰ ਡਰੱਗਜ਼ ਦੀ ਦਲਦਲ ’ਚ ਫਸਣ ਤੋਂ ਰੋਕਣ ਲਈ ‘ਡਾਂਗ ਚੁੱਕੀ ਫਿਰਦੇ ਬਾਪ’ ਨਾਂ ਦੇ ਜੀਵ ਦਾ ਕੋਈ ਮੁਕਾਬਲਾ ਨਹੀਂ ਹੈ। ਜੇ ਮਾਂ-ਬਾਪ ਸ਼ੁਰੂ ਤੋਂ ਹੀ ਬੱਚਿਆਂ ਦੇ ਸਾਹਮਣੇ ਡਰੱਗਜ਼ ਨੂੰ ਟੈਬੂ (ਉਹ ਚੀਜ਼ ਜੋ ਸਮਾਜਿਕ ਤੌਰ ’ਤੇ ਵਰਜਿਤ ਹੋਵੇ) ਵਾਂਗ ਪੇਸ਼ ਕਰਨ ਤਾਂ ਬਹੁਤ ਸੰਭਵ ਹੈ ਕਿ ਉਹ ਇਸ ’ਚ ਨਹੀਂ ਪਵੇਗਾ। ਡਰੱਗਜ਼ ਦੇ ਸਮੱਗਲਰਾਂ ਦੇ ਨੱਕ ’ਚ ਦਮ ਕਰੀ ਰੱਖਣਾ ਜ਼ਰੂਰੀ ਹੈ ਪਰ ਇਹ ਸਮੱਸਿਆ ਦਾ ਇਕੋ-ਇਕ ਅਤੇ ਸੰਪੂਰਨ ਹੱਲ ਨਹੀਂ ਹੈ। ਐਂਟੀ-ਡਰੱਗਜ਼ ਕਾਰਜ ਯੋਜਨਾ ਅੰਕੜਿਆਂ ’ਤੇ ਆਧਾਰਿਤ ਅਤੇ ਸਮਾਜਿਕ-ਸੱਭਿਆਚਾਰਕ ਮਾਹੌਲ ਨਾਲ ਜੁੜੀ ਹੋਣੀ ਚਾਹੀਦੀ ਹੈ।

-ਓ.ਪੀ. ਸਿੰਘ
 


author

Tanu

Content Editor

Related News