‘ਬੰਗਲਾਦੇਸ਼ ਕੱਟੜਪੰਥੀ ਤਾਕਤਾਂ ਦੇ ਪੰਜੇ ’ਚ’ ਹਿੰਦੂਆਂ ’ਤੇ ਵਧ ਰਹੇ ਹਮਲੇ!
Wednesday, Jan 07, 2026 - 07:30 AM (IST)
ਬੰਗਲਾਦੇਸ਼ ’ਚ ਜੂਨ, 2024 ’ਚ ਸ਼ੇਖ ਹਸੀਨਾ ਦੀ ਸਰਕਾਰ ਵਿਰੁੱਧ ਰਾਖਵੇਂਕਰਨ ਅਤੇ ਨੌਕਰੀਆਂ ਆਦਿ ਵਿਚ ਵਿਤਕਰੇ ਵਰਗੇ ਮੁੱਦਿਆਂ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ ਦੇ 3 ਮਹੀਨਿਆਂ ਬਾਅਦ ਅਖੀਰ 5 ਅਗਸਤ, 2024 ਨੂੰ ਸ਼ੇਖ ਹਸੀਨਾ ਨੂੰ ਗੱਦੀ ਛੱਡਣੀ ਪਈ ਅਤੇ ਉਦੋਂ ਤੋਂ ਉਨ੍ਹਾਂ ਨੇ ਭਾਰਤ ਵਿਚ ਹੀ ਪਨਾਹ ਲੈ ਰੱਖੀ ਹੈ।
‘ਸ਼ੇਖ ਹਸੀਨਾ’ ਦੇ ਭਾਰਤ ਆਉਣ ਤੋਂ ਬਾਅਦ ਫੌਜ ਨੇ ਜਦੋਂ ‘ਮੁਹੰਮਦ ਯੂਨੁਸ’ ਨੂੰ ਦੇਸ਼ ਦੀ ਸੱਤਾ ਸੌਂਪ ਿਦੱਤੀ ਤਾਂ ਉਮੀਦ ਸੀ ਿਕ ਸ਼ਾਇਦ ਉਹ ਨਰਮਖਿਆਲੀ ਵਤੀਰਾ ਅਪਨਾ ਕੇ ਦੇਸ਼ ’ਚ ਫੈਲੀ ਬੇਚੈਨੀ ਨੂੰ ਦੂਰ ਕਰਨ ਅਤੇ ਵਾਤਾਵਰਣ ਆਮ ਵਰਗਾ ਬਣਾਉਣ ਿਵਚ ਸਹਾਇਤਾ ਕਰਨਗੇ।
ਆਸ ਦੇ ਉਲਟ ‘ਮੁ. ਯੂਨੁਸ’ ਨੇ ਦੇਸ਼ ਦੀਆਂ ਪਾਠ-ਪੁਸਤਕਾਂ ’ਚੋਂ ਬੰਗਲਾਦੇਸ਼ ਦੇ ਮੁਕਤੀ ਸੰਗਰਾਮ ਅਤੇ ਬੰਗ ਬੰਧੂ ਸ਼ੇਖ ਮਜੀਬੁਰਹਿਮਾਨ ਨਾਲ ਸਬੰਧਤ ਅਧਿਆਏ ਕੱਢ ਦੇਣ ਦਾ ਹੁਕਮ ਜਾਰੀ ਕਰ ਕੇ ਦੇਸ਼ ਦੇ ਮੁਕਤੀ ਸੰਗਰਾਮ ਦਾ ਇਤਿਹਾਸ ਮਿਟਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਅਤੇ ਸੈਂਕੜੇ ਅੱਤਵਾਦੀਆਂ ਨੂੰ ਜ਼ਮਾਨਤ ਦੇ ਕੇ ਜਾਂ ਉਨ੍ਹਾਂ ਵਿਰੁੱਧ ਦੋਸ਼ ਵਾਪਸ ਲੈ ਕੇ ਉਨ੍ਹਾਂ ਨੂੰ ਜੇਲਾਂ ’ਚੋਂ ਬਾਹਰ ਕਰ ਦਿੱਤਾ ਹੈ।
ਫੌਜ ਅਤੇ ਕੱਟੜਪੰਥੀਆਂ ਦੇ ਦਬਾਅ ਵਿਚ ਆ ਕੇ ਯੂਨੁਸ ਪ੍ਰਸ਼ਾਸਨ ਨੇ ਦੇਸ਼ ’ਚ 12 ਫਰਵਰੀ, 2026 ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਯੂਨੁਸ ਨੇ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ’ਤੇ ਪਾਬੰਦੀ ਲਗਾ ਕੇ ਉਸ ਨੂੰ ਕਿਰਿਆਤਮਕ ਤੌਰ ’ਤੇ ਚੋਣਾਂ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਹੈ।
ਚੋਣ ਪ੍ਰੋਗਰਾਮ ਦੇ ਐਲਾਨ ਦੇ ਅਗਲੇ ਹੀ ਦਿਨ ਕੱਟੜਪੰਥੀ ਸੰਗਠਨ ‘ਇਨਕਲਾਬ ਮੰਚ’ ਦੇ ਬੁਲਾਰੇ ਅਤੇ ਵਿਦਿਆਰਥੀ ਨੇਤਾ ‘ਸ਼ਰੀਫ-ਉਸਮਾਨ-ਹਾਦੀ’ ਨੇ ‘ਢਾਕਾ-8’ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਿਦੱਤਾ ਪਰ ਇਸ ਦੇ ਅਗਲੇ ਹੀ ਦਿਨ ਸ਼ਰੇਆਮ ਇਕ ਮੋਟਰਸਾਈਕਲ ਸਵਾਰ ਨੇ ਉਸ ਦਾ ਕਤਲ ਕਰ ਦਿੱਤਾ।
ਚੋਣਾਂ ਲਈ ਤੈਅ ਮਿਤੀ ਦੇ ਐਲਾਨ ਦੇ ਨਾਲ ਹੀ ਬੰਗਲਾਦੇਸ਼ ਵਿਚ ਹਿੰਦੂਆਂ ’ਤੇ ਹਮਲੇ ਵਧ ਗਏ ਅਤੇ ਪਿਛਲੇ 18 ਦਿਨਾਂ ਿਵਚ ਹੀ ਉਥੇ ਅੱਧੀ ਦਰਜਨ ਤੋਂ ਵੱਧ ਹਿੰਦੂਆਂ ਦਾ ਕਤਲ ਕੀਤਾ ਜਾ ਚੁੱਕਾ ਹੈ, ਜਦਕਿ ਇਕ ਹਿੰਦੂ ਔਰਤ ਨਾਲ ਜਬਰ- ਜ਼ਨਾਹ ਤੇ ਦਰਿੰਦਗੀ ਅਤੇ ਸਾੜ-ਫੂਕ ਦਾ ਵੇਰਵਾ ਹੇਠਾਂ ਦਰਜ ਹੈ :
* 18 ਦਸੰਬਰ, 2025 ਨੂੰ ਈਸ਼ਨਿੰਦਾ ਦੇ ਦੋਸ਼ ਵਿਚ ਦੰਗਾਕਾਰੀ ਭੀੜ ਨੇ ਇਕ ਫੈਕਟਰੀ ਵਿਚ ਕੰਮ ਕਰਨ ਵਾਲੇ ‘ਦੀਪੂ ਚੰਦਰ ਦਾਸ’ ਦਾ ਕੁੱਟ-ਕੁੱਟ ਕੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਰੁੱਖ ਨਾਲ ਲਟਕਾ ਕੇ ਅੱਗ ਲਾ ਦਿੱਤੀ।
* 23 ਦਸੰਬਰ, 2025 ਨੂੰ ਅਣਪਛਾਤੇ ਵਿਅਕਤੀਆਂ ਨੇ 2 ਸਕੇ ਭਰਾਵਾਂ ‘ਸੁਖ ਸ਼ੀਲ’ ਅਤੇ ‘ਅਨਿਲ ਸ਼ੀਲ’ ਦੇ ਘਰਾਂ ਨੂੰ ਅੱਗ ਲਾ ਦਿੱਤੀ।
* 24 ਦਸੰਬਰ, 2025 ਨੂੰ ਦੰਗਾਕਾਰੀ ਭੀੜ ਨੇ ਜਬਰੀ ਵਸੂਲੀ ਦੇ ਦੋਸ਼ ’ਚ ‘ਅੰਮ੍ਰਿਤ ਮੰਡਲ’ ਨਾਂ ਦੇ ਦੁਕਾਨਦਾਰ ਨੂੰ ਮਾਰ ਦਿੱਤਾ।
* 31 ਦਸੰਬਰ, 2025 ਨੂੰ ਭੀੜ ਨੇ ‘ਖੋਕਨ ਚੰਦਰਦਾਸ’ ’ਤੇ ਹਮਲਾ ਕਰਨ ਤੋਂ ਬਾਅਦ ਉਸ ਨੂੰ ਪੈਟਰੋਲ ਪਾ ਕੇ ਸਾੜ ਿਦੱਤਾ, ਿਜਸ ਨਾਲ ਉਸ ਦੀ ਮੌਤ ਹੋ ਗਈ।
* 1 ਜਨਵਰੀ, 2026 ਨੂੰ ਕੱਟੜਵਾਦੀ ਤੱਤਾਂ ਦੀ ਹਿੱਟ ਲਿਸਟ ਵਿਚ ਸ਼ਾਮਲ ‘ਬਜੇਂਦ੍ਰ ਬਿਸਵਾਸ’ ਨਾਂ ਦੇ ਿਵਅਕਤੀ ਦਾ ਕਤਲ ਕਰ ਦਿੱਤਾ ਗਿਆ।
* 3 ਜਨਵਰੀ, 2026 ਨੂੰ ਬੰਗਲਾਦੇਸ਼ ਦੇ ‘ਝਿਨਾਇਦਹ’ ਵਿਚ ਹਿੰਦੂ ਵਿਰੋਧੀ ਤੱਤਾਂ ਨੇ ਇਕ ਵਿਧਵਾ ਹਿੰਦੂ ਔਰਤ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਨੂੰ ਰੁੱਖ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੇ ਵਾਲ ਵੀ ਕੱਟ ਦਿੱਤੇ।
* 5 ਜਨਵਰੀ, 2026 ਨੂੰ ਇਕ ਅਖਬਾਰ ਦੇ ਸੰਪਾਦਕ ‘ਰਾਣਾ ਪ੍ਰਤਾਪ ਬੈਰਾਗੀ’ ਨੂੰ ਉਸ ਦੇ ਿਸਰ ’ਚ ਗੋਲੀ ਮਾਰ ਕੇ ਅਤੇ ਧੌਣ ਵੱਢ ਕੇ ਮਾਰ ਦਿੱਤਾ।
* 5 ਜਨਵਰੀ, 2026 ਨੂੰ ਹੀ ‘ਸਰਤ ਮਣੀ ਚਕਰਵਰਤੀ’ ਨਾਂ ਦੇ ਦੁਕਾਨਦਾਰ ਦਾ ਉਸ ਦੀ ਦੁਕਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ।
ਅਜਿਹੀਆਂ ਘਟਨਾਵਾਂ ’ਤੇ ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੀ ਚੱੁਪ ਉਸ ਦੀ ਨੀਅਤ ਵਿਚ ਖੋਟ ਦਾ ਸੰਕੇਤ ਦਿੰਦੀ ਹੈ, ਜਿਸ ’ਤੇ ਵਿਸ਼ਵ ਭਰ ਵਿਚ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਬੰਗਲਾਦੇਸ਼ ਵਿਚ ‘ਜਮਾਤ-ਏ-ਇਸਲਾਮੀ’ ਵਰਗੀਆਂ ਕੱਟੜਵਾਦੀ ਤਾਕਤਾਂ ਅਤੇ ਪਾਕਿਸਤਾਨ ਦਾ ਪ੍ਰਭਾਵ ਵਧਣ ਨਾਲ ਉਥੋਂ ਦੇ ਲੋਕਾਂ ਵਿਚ ਭਾਰਤ ਿਵਰੋਧੀ ਭਾਵਨਾਵਾਂ ਵਧ ਗਈਆਂ ਹਨ ਅਤੇ ਸੁਰੱਖਿਆ ਮਾਮਲਿਆਂ ਵਿਚ ਸਹਿਯੋਗ ਵੀ ਪ੍ਰਭਾਵਿਤ ਹੋਇਆ ਹੈ।
ਕੁਲ ਮਿਲਾ ਕੇ ਇਸ ਸਮੇਂ ਸਿਆਸੀ ਅਸਥਿਰਤਾ ਝੱਲ ਰਿਹਾ ਬੰਗਲਾਦੇਸ਼ ਕੱਟੜਪੰਥੀਆਂ ਦੇ ਦਬਾਅ ਵਿਚ ਆ ਕੇ ਅਜਿਹੇ ਮੁਕਾਮ ’ਤੇ ਪਹੁੰਚ ਚੁੱਕਾ ਦਿਖਾਈ ਦਿੰਦਾ ਹੈ ਜਿਥੋਂ ਨਾ ਪਰਤਣ ’ਤੇ ਉਸ ਦੀ ਤਬਾਹੀ ਯਕੀਨੀ ਹੈ।
–ਵਿਜੇ ਕੁਮਾਰ
