ਡੋਨਾਲਡ ਟਰੰਪ ਨੇ ਇਕ ਵਾਰ ਫਿਰ ਜਿੱਤੀ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ

Thursday, Nov 07, 2024 - 03:28 AM (IST)

ਅਮਰੀਕਾ ਦੇ 47ਵੇਂ ਰਾਸ਼ਟਰਪਤੀ ਲਈ 5 ਨਵੰਬਰ ਨੂੰ ਵੋਟਾਂ ਪਈਆਂ, ਜਿਸ ’ਤੇ ਸਾਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਇਸ ਵਿਚ ਅਖੀਰ ਡੋਨਾਲਡ ਟਰੰਪ 279 ਇਲੈਕਟੋਰਲ ਵੋਟਾਂ ਲੈ ਕੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਗਏ।

78 ਸਾਲਾ ਡੋਨਾਲਡ ਟਰੰਪ ਇਕ ਜਰਮਨ ਨਾਈ ਦੇ ਪੋਤੇ ਹਨ, ਜਿਨ੍ਹਾਂ ਦਾ ਜਨਮ ਨਿਊਯਾਰਕ ਸ਼ਹਿਰ ਵਿਚ ਹੋਇਆ ਸੀ। ਉਹ ਪਹਿਲੀ ਵਾਰ 2016 ਵਿਚ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਸਨ ਅਤੇ 2020 ਦੀਆਂ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਈਡੇਨ ਤੋਂ ਹਾਰ ਗਏ ਸਨ ਪਰ ਇਸ ਵਾਰ ਦੀਆਂ ਚੋਣਾਂ ਵਿਚ ਦੁਬਾਰਾ ਜਿੱਤ ਕੇ ਉਹ 132 ਸਾਲ ਬਾਅਦ ਪਿਛਲੀਆਂ ਚੋਣਾਂ ਵਿਚ ਹਾਰਨ ਪਿੱਛੋਂ ਦੁਬਾਰਾ ਚੋਣ ਜਿੱਤਣ ਵਾਲੇ ਰਾਸ਼ਟਰਪਤੀ ਚੁਣੇ ਗਏ ਹਨ।

1884 ਵਿਚ ਗਰੋਵਰ ਕਲੀਵਲੈਂਡ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਸਨ ਪਰ 1888 ਵਿਚ ਹਾਰਨ ਪਿੱਛੋਂ 1892 ਵਿਚ ਉਹ ਦੁਬਾਰਾ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਸਨ।

ਡੋਨਾਲਡ ਟਰੰਪ ਦੀ ਚੋਣ ਮੁਹਿੰਮ ਦਾ ਨਾਅਰਾ ਸੀ ‘ਮੇਕ ਅਮਰੀਕਾ ਗ੍ਰੇਟ ਅਗੇਨ’। ਉਨ੍ਹਾਂ ਦੀ ਪ੍ਰਚਾਰ ਮੁਹਿੰਮ ਵਿਚ ‘ਟੈਸਲਾ’ ਅਤੇ ‘ਸਪੇਸ ਐਕਸ’ ਦੇ ਸੀ. ਈ. ਓ. ਐਲਨ ਮਸਕ, ਮਾਡਲ ਐਂਬਰ ਰੋਜ਼, ਰੀਐਲਿਟੀ ਟੀ. ਵੀ. ਸਟਾਰ ਕੈਟਲਿਨ ਜੈਨਰ, ਅਦਾਕਾਰ ਜਾਚਾਰੀ ਲੇਵੀ ਵਰਗੀਆਂ ਹਸਤੀਆਂ ਜੁਟੀਆਂ, ਜਦ ਕਿ ਕਮਲਾ ਹੈਰਿਸ ਲਈ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ, ਗਾਇਕਾਵਾਂ ਲੇਡੀ ਗਾਗਾ ਅਤੇ ਬਿਓਂਸ ਨੋਵੇਲਸ ਅਤੇ ਗਾਇਕਾ-ਅਦਾਕਾਰਾ ਜੈਨੀਫਰ ਲੋਪੇਜ਼ ਆਦਿ ਨੇ ਪ੍ਰਚਾਰ ਕੀਤਾ।

ਡੋਨਾਲਡ ਟਰੰਪ ਨੇ ਅਮਰੀਕੀ ਅਰਥਵਿਵਸਥਾ, ਮਹਿੰਗਾਈ ਅਤੇ ਨਾਜਾਇਜ਼ ਪ੍ਰਵਾਸ ਦੀ ਸਮੱਸਿਆ ਨੂੰ ਮੁੱਦਾ ਬਣਾਉਣ ਤੋਂ ਇਲਾਵਾ ਅਮਰੀਕਾ ਫਸਟ ਦੀ ਨੀਤੀ ਅਪਣਾਉਣ, ਤਕਨਾਲੋਜੀ ਦੇ ਖੇਤਰ ਵਿਚ ਚੀਨ ਨੂੰ ਮਿਲੀ ਬੜ੍ਹਤ ਘੱਟ ਕਰਨ ਲਈ ਆਪਣੇ ਦੇਸ਼ ਵਿਚ ਨਵੀਆਂ ਪ੍ਰਤਿਭਾਵਾਂ ਨੂੰ ਬੁਲਾਉਣ ਦੀ ਗੱਲ ਵੀ ਕਹੀ ਹੈ। ਡੋਨਾਲਡ ਟਰੰਪ ਨੇ ਅਮਰੀਕਾ ਦੇ ਵੋਟਰਾਂ ਨੂੰ ਤੀਜੇ ਵਿਸ਼ਵ ਯੁੱਧ ਨੂੰ ਟਾਲਣ ਲਈ ਵੀ ਉਨ੍ਹਾਂ (ਟਰੰਪ) ਨੂੰ ਜਿਤਾਉਣ ਦਾ ਸੱਦਾ ਦਿੱਤਾ।

ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਕਮਲਾ ਦੇਵੀ ਹੈਰਿਸ ਦੀ ਹਾਰ ਪਿੱਛੇ ਸੱਤਾ ਵਿਰੋਧੀ ਲਹਿਰ, ਵੋਟਰਾਂ ਦੀ ਉਨ੍ਹਾਂ ਪ੍ਰਤੀ ਭਰੋਸੇ ਵਿਚ ਕਮੀ ਅਤੇ ਡੈਮੋਕ੍ਰੇਟਿਕ ਪਾਰਟੀ ਅੰਦਰ ਬੇਚੈਨੀ ਵਰਗੇ ਕਈ ਕਾਰਨ ਸ਼ਾਮਲ ਸਨ, ਹਾਲਾਂਕਿ ਉਨ੍ਹਾਂ ਨੇ ਆਪਣੇ ਪ੍ਰਚਾਰ ਵਿਚ ਔਰਤਾਂ ਦੇ ਮੁੱਦੇ ਉਠਾਏ ਪਰ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਨੂੰ ਮਿਲਣ ਵਾਲੀਆਂ ਔਰਤਾਂ ਦੀਆਂ ਵੋਟਾਂ ਦਾ ਵੀ ਜ਼ਿਆਦਾ ਫਰਕ ਨਹੀਂ ਰਿਹਾ। ਜਿਥੇ ਕਮਲਾ ਨੂੰ 54 ਫੀਸਦੀ ਔਰਤਾਂ ਦੀਆਂ ਵੋਟਾਂ ਮਿਲੀਆਂ, ਉਥੇ ਹੀ ਟਰੰਪ ਨੇ 40 ਫੀਸਦੀ ਔਰਤਾਂ ਦੀਆਂ ਵੋਟਾਂ ਪ੍ਰਾਪਤ ਕੀਤੀਆਂ।

ਆਪਣੀ ਜਿੱਤ ਪਿੱਛੋਂ ਪਹਿਲੇ ਸੰਬੋਧਨ ਵਿਚ ਡੋਨਾਲਡ ਟਰੰਪ ਨੇ ਕਿਹਾ, ‘‘ਅਗਲੇ 4 ਸਾਲ ਅਮਰੀਕਾ ਲਈ ਸਵਰਨ ਯੁੱਗ ਹੋਵੇਗਾ। ਇਹ ਅਮਰੀਕਾ ਦੇ ਲੋਕਾਂ ਦੀ ਸ਼ਾਨਦਾਰ ਜਿੱਤ ਹੈ, ਜੋ ਸਾਨੂੰ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਦੇ ਸਮਰੱਥ ਬਣਾਵੇਗੀ। ਅਸੀਂ ਮਿਲ ਕੇ ਅਮਰੀਕਾ ਲਈ ਸ਼ਾਨਦਾਰ ਕਿਸਮਤ ਦੇ ਦੁਆਰ ਖੋਲ੍ਹਣ ਜਾ ਰਹੇ ਹਾਂ।’’

ਡੋਨਾਲਡ ਟਰੰਪ ਆਪਣੀਆਂ ਚੋਣ ਰੈਲੀਆਂ ਵਿਚ ਕਈ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲੈ ਚੁੱਕੇ ਹਨ। ਦੀਵਾਲੀ ’ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਸਾਈਟ ‘ਐਕਸ’ ’ਤੇ ਪੋਸਟ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ‘ਦੋਸਤ’ ਦੱਸਿਆ ਅਤੇ ਭਾਰਤ-ਅਮਰੀਕਾ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਜਤਾਉਂਦੇ ਹੋਏ ਦੋਵਾਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਨੂੰ ਹੋਰ ਅੱਗੇ ਵਧਾਉਣ ਦਾ ਵਾਅਦਾ ਕੀਤਾ।

ਡੋਨਾਲਡ ਟਰੰਪ ਚੀਨ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਹਨ। ਉਨ੍ਹਾਂ ਦੇ ਪਹਿਲੇ ਕਾਰਜਕਾਲ ਵਿਚ ਅਮਰੀਕਾ ਅਤੇ ਚੀਨ ਦੇ ਰਿਸ਼ਤੇ ਕਾਫੀ ਖਰਾਬ ਹੋ ਗਏ ਸਨ। ਉਹ ਚੀਨ ਨੂੰ ‘ਵਾਇਰਸ’ ਤਕ ਕਰਾਰ ਦੇ ਚੁੱਕੇ ਹਨ। ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਇਹ ਸਥਿਤੀ ਭਾਰਤ ਅਤੇ ਅਮਰੀਕਾ ਦਰਮਿਆਨ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ।

ਆਪਣੇ ਪਹਿਲੇ ਕਾਰਜਕਾਲ ਦੌਰਾਨ ਡੋਨਾਲਡ ਟਰੰਪ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਅਮਰੀਕਾ, ਆਸਟ੍ਰੇਲੀਆ, ਭਾਰਤ ਤੇ ਜਾਪਾਨ ਦੇ ਗੱਠਜੋੜ ‘ਕਵਾਡ’ ਨੂੰ ਮਜ਼ਬੂਤ ਕਰਨ ਲਈ ਕਾਫੀ ਸਰਗਰਮ ਨਜ਼ਰ ਆਏ ਸਨ। ਇਹ ਚੀਨ ਅਤੇ ਪਾਕਿਸਤਾਨ ਦਰਮਿਆਨ ਭਾਰਤ ਦੀ ਸਥਿਤੀ ਵੱਧ ਮਜ਼ਬੂਤ ਕਰ ਸਕਦਾ ਹੈ।

ਅਮਰੀਕੀ ਥਿੰਕ ਟੈਂਕ ’ਚ ‘ਇੰਡੋ-ਪੈਸੀਫਿਕ’ ਦੇ ਵਿਸ਼ਲੇਸ਼ਕ ਡੇਰੇਕ ਗਰਾਸਮੈਨ ਅਨੁਸਾਰ, ‘‘ਟਰੰਪ ਦੇ ਜਿੱਤਣ ਨਾਲ ਭਾਰਤ ਅਤੇ ਅਮਰੀਕਾ ਦੀ ਵਰਤਮਾਨ ਰਣਨੀਤੀ ਜਾਰੀ ਰਹੇਗੀ ਅਤੇ ਕੁੱਲ ਮਿਲਾ ਕੇ ਇਸ ਮਾਮਲੇ ਵਿਚ ਭਾਰਤ ਵੱਧ ਫਾਇਦੇ ਵਿਚ ਰਹੇਗਾ।’’

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਦੁਨੀਆ ਦੇ ਅਨੇਕ ਆਗੂਆਂ ਨੇ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ। ਪਿਛਲੀ ਵਾਰ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ’ਤੇ ਨੇਤਨਯਾਹੂ ਇੰਨੇ ਖੁਸ਼ ਹੋਏ ਸਨ ਕਿ ਉਨ੍ਹਾਂ ਨੇ ਇਜ਼ਰਾਈਲ ਦੇ ਇਕ ਇਲਾਕੇ ਦਾ ਨਾਂ ਹੀ ਟਰੰਪ ਦੇ ਨਾਂ ’ਤੇ ਰੱਖ ਦਿੱਤਾ ਸੀ।

ਇਸ ਦਰਮਿਆਨ ਟਰੰਪ ਦੇ ਜਿੱਤ ਦੇ ਨੇੜੇ ਪਹੁੰਚਦਿਆਂ ਹੀ ਈਰਾਨ ਦੀ ਮੁਦਰਾ ਰਿਆਲ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ।

-ਵਿਜੇ ਕੁਮਾਰ


Inder Prajapati

Content Editor

Related News