ਫਿਰ ਕਿਵੇਂ ਜਿੱਤੇ ਵਿਰੋਧੀ ਧਿਰ
Sunday, Nov 30, 2025 - 04:38 PM (IST)
ਮੇਰੀ ਬਹੁਤ ਤੇਜ਼ ਕਲਪਨਾ ’ਚ, ਮੈਂ ਇਸ ਨੂੰ ਇੰਨਾ ਸਾਫ-ਸਾਫ ਦੇਖ ਸਕਦਾ ਹਾਂ ਜਿਵੇਂ ਮੈਂ ਖੁਦ ਉਸ ਕਮਰੇ ’ਚ ਬੈਠਾ ਹਾਂ-ਰਾਜਧਾਨੀ ’ਚ ਕਿਤੇ ਇਕ ਵੱਡਾ ਹਾਲ। ਚੋਣ ਹਾਰ ਦੇ ਇਕ ਹੋਰ ਦੌਰ ਦੇ ਬਾਅਦ ਵਿਰੋਧੀ ਪਾਰਟੀਆਂ ਇਕ ਵਾਰ ਫਿਰ ਇਕੱਠੀਆਂ ਹੋਈਆਂ ਹਨ। ਉਹ ਨਾਮੁਮਕਿਨ ਕੰਮ ਕਰਨ ਲਈ ਇਕੱਠੀਆਂ ਹੋਈਆਂ ਹਨ। ਉਹ ਇਹ ਪਤਾ ਲਗਾਉਣਾ ਚਾਹੁੰਦੀਆਂ ਹਨ ਕਿ ਉਸ ਰੱਥ ਨੂੰ ਕਿਵੇਂ ਰੋਕਿਆ ਜਾਵੇ ਜਿਸ ਨੇ ਉਨ੍ਹਾਂ ਨੂੰ ਵਾਰ-ਵਾਰ ਪਟਕ ਦਿੱਤਾ ਹੈ। ਇਕ ਸੀਨੀਅਰ ਨੇਤਾ ਆਪਣਾ ਗਲਾ ਸਾਫ ਕਰਦੇ ਹਨ। ਸਭ ਦੀਆਂ ਨਜ਼ਰਾਂ ਉਨ੍ਹਾਂ ਵੱਲ ਮੁੜ ਜਾਂਦੀਆਂ ਹਨ। ਉਹ ਆਪਣੀ ਸ਼ਾਲ ਠੀਕ ਕਰਦੇ ਹਨ, ਸੋਚਦੇ ਹੋਏ ਆਪਣੀ ਠੋਡੀ ਨੂੰ ਛੂੰਹਦੇ ਹਨ ਅਤੇ ਬੜੀ ਗੰਭੀਰਤਾ ਨਾਲ ਕਹਿੰਦੇ ਹਨ, ‘‘ਰਾਹੁਲ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ।’’ ਉਥੇ ਸੰਨਾਟਾ ਛਾ ਜਾਂਦਾ ਹੈ। ਲੋਕਾਂ ਦੀ ਇਹ ਚੁੱਪ ਕਿ ਇਹ ਸੁਝਾਅ ‘ਪਾਲੀਟੀਕਲ ਪਲੇਅਬੁੱਕ’ ਤੋਂ ਆਇਆ ਹੈ ਜਾਂ ਕਿਸੇ ਵਿਆਹ ਦੀ ਐਡ ਤੋਂ।
ਇਸ ਤੋਂ ਪਹਿਲਾਂ ਕਿ ਕੋਈ ਇਤਰਾਜ਼ ਕਰੇ, ਇਕ ਹੋਰ ਨੇਤਾ ਜੋਸ਼ ਨਾਲ ਉਛਲ ਪੈਂਦਾ ਹੈ ਅਤੇ ਕਹਿੰਦਾ ਹੈ ਕਿ ਮਮਤਾ ਨੂੰ ਆਪਣੀ ਰਬੜ ਦੀਆਂ ਚੱਪਲਾਂ ਬਦਲਣੀਆਂ ਚਾਹੀਦੀਆਂ ਹਨ। ਸਾਨੂੰ ਸਹੀ ਫੁੱਟਵੀਅਰ ਸਿੰਬਾਲਿਜ਼ਮ ਚਾਹੀਦਾ ਹੈ। ਇਸ ਖੁਲਾਸੇ ਦੀ ਅਹਿਮੀਅਤ ’ਤੇ ਸਾਰੇ ਸਿਰ ਹਿਲਾਉਂਦੇ ਹਨ। ਹਾਲ ਹੁਣ ਵਿਚਾਰਾਂ ਨਾਲ ਭਰਿਆ ਹੋਇਆ ਹੈ। ਕੁਝ ਲੋਕ ਨਵਾਂ ਨਾਅਰਾ ਚਾਹੁੰਦੇ ਹਨ। ਕੁਝ ਲੋਕ ਨਵਾਂ ਮੈਸਕਾਟ ਚਾਹੁੰਦੇ ਹਨ। ਇਕ ਆਦਮੀ ਨੈਸ਼ਨਲ ਬਹਿਸ ਦਾ ਸੁਝਾਅ ਦਿੰਦਾ ਹੈ, ਜਿਸ ’ਚ ਹਰ ਵਿਰੋਧੀ ਲੀਡਰ ਇਹ ਦੇਖਣ ਲਈ ਮੁਕਾਬਲਾ ਕਰੇਗਾ ਕਿ ਕੌਣ ਦੂਜੇ ਨੂੰ ਸਭ ਤੋਂ ਜ਼ਿਆਦਾ ਜੋਸ਼ ਨਾਲ ਟੋਕ ਸਕਦਾ ਹੈ।
ਦੂਜੇ ਆਦਮੀ ਨੇ ਇਕ ਮਾਸ ਮੈਡੀਟੇਸ਼ਨ ਸੈਸ਼ਨ ਦਾ ਸੁਝਾਅ ਦਿੱਤਾ ਤਾਂ ਕਿ ਪਾਰਟੀਆਂ ਆਪਣੀ ਐਨਰਜੀ ਇਕੱਠੀਆਂ ਲਗਾ ਸਕਣ। ਕੁਝ ਲੀਡਰ, ਜ਼ੋਰ-ਜ਼ੋਰ ਨਾਲ ਖਰਾਟੇ ਮਾਰਦੇ ਹੋਏ ਬਿਨਾਂ ਪੁੱਛੇ ਹੀ ਮੈਡੀਟੇਸ਼ਨ ਕਰਨਾ ਸ਼ੁਰੂ ਕਰ ਚੁੱਕੇ ਹਨ। ਇਸ ਹਫੜਾ-ਦਫੜੀ ਵਾਲੇ ਪਲ ’ਚ ਪਿੱਛਿਓਂ ਇਕ ਜਵਾਨ ਦੀ ਆਵਾਜ਼ ਆਉਂਦੀ ਹੈ। ਜੀਨਸ ਅਤੇ ਸਿੰਪਲ ਕੁਰਤਾ ਪਹਿਨੇ ਇਕ ਜਵਾਨ। ਉਸ ਦਾ ਹੱਥ ਪਿਆਰ ਨਾਲ ਉੱਠਿਆ ਹੋਇਆ ਹੈ। ਹਰ ਕੋਈ ਉਸ ਨੂੰ ਹਲਕੀ ਚਿੜ ਨਾਲ ਦੇਖਦਾ ਹੈ, ਜਿਵੇਂ ਆਮ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜੋ ਉਨ੍ਹਾਂ ਨੂੰ ਸਕੂਲ ਦੀ ਯਾਦ ਦਿਵਾਉਂਦੇ ਹਨ।
ਉਹ ਬੋਲਦਾ ਹੈ, ‘‘ਰੂਲਿੰਗ ਪਾਰਟੀ ਜੋ ਕਰ ਰਹੀ ਹੈ, ਉਹੀ ਕਿਉਂ ਨਹੀਂ ਕਰਦੇ। ਹਰ ਵੋਟਰ ਦੇ ਬੈਂਕ ਅਕਾਊਂਟ ’ਚ ਪੈਸੇ ਪਾਉਂਦੇ ਹਾਂ।’’ ਕਮਰਾ ਜਮ ਜਾਂਦਾ ਹੈ। ਕੁਰਸੀਆਂ ਦੀ ਪਿੱਠ ਸਿੱਧੀ ਹੋ ਜਾਂਦੀ ਹੈ, ਭਰਵੱਟੇ ਉੱਠ ਜਾਂਦੇ ਹਨ ਅਤੇ ਕਿਸੇ ਦਾ ਬਿਸਕੁੱਟ ਚਾਹ ’ਚ ਡਿੱਗ ਜਾਂਦਾ ਹੈ। ‘ਪਰ ਸਾਨੂੰ ਪੈਸੇ ਕਿੱਥੋਂ ਮਿਲਣਗੇ?’ ਇਕ ਬਜ਼ੁਰਗ ਲੀਡਰ ਪੁੱਛਦਾ ਹੈ, ਜਿਵੇਂ ਉਸ ਜਵਾਨ ਨੇ ਉਨ੍ਹਾਂ ਨੂੰ ਇਕ ਪ੍ਰਾਈਵੇਟ ਆਈਲੈਂਡ ਖਰੀਦਣ ਦਾ ਸੁਝਾਅ ਦਿੱਤਾ ਹੋਵੇ। ‘‘ਰੂਲਿੰਗ ਪਾਰਟੀ ਸਰਕਾਰੀ ਖਜ਼ਾਨੇ ਤੋਂ ਪੈਸਾ ਲੈਂਦੀ ਹੈ।’’ ਜਵਾਨ ਸ਼ਾਂਤੀ ਨਾਲ ਜਵਾਬ ਦਿੰਦਾ ਹੈ। ਇਕ ਬੁੜਬੜਾਹਟ ਹੁੰਦੀ ਹੈ। ਪੂਰੇ ਹਾਲ ’ਚ ਸਮਝ ਦਾ ਇਕ ਸਾਹ ਵਹਿੰਦਾ ਹੈ। ਸਮਝ ਆ ਗਈ ਹੈ। ਗਿਆਨ ਇਕ ਆਸਾਨ ਜਵਾਬ ਦੇ ਰੂਪ ’ਚ ਆ ਗਿਆ ਹੈ। ‘ਤਾਂ’, ਨੌਜਵਾਨ ਨੇ ਅਜਿਹੀ ਆਵਾਜ਼ ’ਚ ਕਿਹਾ ਜੋ ਹੁਣ ਕਿਸੇ ਭਵਿੱਖਬਾਣੀ ਵਰਗੀ ਲੱਗ ਰਹੀ ਸੀ। ‘‘ਹਰ ਵੋਟਰ ਨੂੰ ਇਕ ਵਾਅਦੇ ਵਾਲਾ ਵੋਟ ਦਿਓ। 10 ਹਜ਼ਾਰ ਦਾ ਨਹੀਂ, 20 ਹਜ਼ਾਰ ਦਾ ਨਹੀਂ। ਉਨ੍ਹਾਂ ਨਾਲ ਇਕ-ਇਕ ਲੱਖ ਦਾ ਵਾਅਦਾ ਕਰੋ ਅਤੇ ਉਨ੍ਹਾਂ ਨੂੰ ਕਹੋ ਕਿ ਉਹ ਇਸ ਨੂੰ ਉਦੋਂ ਹੀ ਭੁਨਾ ਸਕਦੇ ਹਨ ਜਦੋਂ ਅਸੀਂ ਵਿਰੋਧੀ ਸੱਤਾ ’ਚ ਆਏ।’’
ਅਚਾਨਕ ਹਾਲ ਗੂੰਜ ਉੱਠਦਾ ਹੈ। ਗਲਿਆਰਿਆਂ ’ਚ ਜੈਕਾਰੇ ਗੂੰਜਦੇ ਹਨ। ਨੇਤਾ ਇਕ-ਦੂਜੇ ਦੀ ਪਿੱਠ ਥਪਥਪਾਉਂਦੇ ਹਨ। ਕੁਝ ਤਾਂ ਨਵੀਂ ਉਮੀਦ ਦੇ ਲਈ ਨੱਚ ਵੀ ਰਹੇ ਹਨ। ਇਹ ਵਿਰੋਧੀ ਧਿਰ ਦੀ ਸਾਲਾਂ ’ਚ ਸਭ ਤੋਂ ਜ਼ੋਰਦਾਰ ਜੈਕਾਰ ਹੈ ਅਤੇ ਰੂਲਿੰਗ ਪਾਰਟੀ ਦੇ ਹੈੱਡਕੁਆਰਟਰ ਤੱਕ ਗੂੰਜਦੀ ਹੈ। ਰੂਲਿੰਗ ਪਾਰਟੀ ਅਚਾਨਕ ਪ੍ਰੇਸ਼ਾਨ ਹੋ ਗਈ ਹੈ। ਨਾਲ ਹੀ, ਕਰਦਾਤਾ ਵੀ ਪ੍ਰੇਸ਼ਾਨ ਹਨ, ਜਿਨ੍ਹਾਂ ਨੂੰ ਅਹਿਸਾਸ ਹੋ ਰਿਹਾ ਹੈ ਕਿ ਉਨ੍ਹਾਂ ਦੀ ਮਿਹਨਤ ਦੀ ਕਮਾਈ ਜਲਦੀ ਹੀ ਵੋਟਰਾਂ ਦੀ ਜੇਬ ’ਚ ਜਾਵੇਗੀ ਅਤੇ ਹੁਣ ਹਰ ਪਾਰਟੀ ਉਸੇ ‘ਲੀਗਲ ਰਿਸ਼ਵਤ’ ਦੀ ਖੇਡ ’ਚ ਸ਼ਾਮਲ ਹੋਣਾ ਚਾਹੁੰਦੀ ਹੈ। ਲੋਕਤੰਤਰ ਸ਼ਾਇਦ ਹੀ ਕਦੇ ਇੰਨਾ ਮਨੋਰੰਜਕ ਲੱਗਾ ਹੋਵੇ ਜਾਂ ਇੰਨਾ ਮਹਿੰਗਾ...!
ਰਾਬਰਟ ਕਲੀਮੈਂਟਸ
