ਭਗਵਾਨ ਦੇ ਨਾਂ ’ਤੇ ਸਿਆਸਤ ਨਾ ਕਰੋ
Tuesday, Oct 01, 2024 - 08:43 PM (IST)
ਅਯੁੱਧਿਆ ’ਚ 22 ਜਨਵਰੀ ਨੂੰ ਹੋਈ ਪ੍ਰਾਣ-ਪ੍ਰਤਿਸ਼ਠਾ ਲਈ ਤਿਰੂਪਤੀ ਤਿਰੂਮਾਲਾ ਮੰਦਰ ਤੋਂ ਭੇਜੇ ਗਏ ਲੱਡੂਆਂ ’ਚ ਸੂਰ ਦੀ ਚਰਬੀ, ਬੀਫ-ਟੈਲੋ ਅਤੇ ਫਿਸ਼ ਆਇਲ ਦੀ ਮਿਲਾਵਟਖੋਰੀ ਦਾ ਮਾਮਲਾ ਸੁਰਖੀਆਂ ’ਚ ਹੈ। ਇਸ ਗੁਨਾਹ ਦੇ ਜਵਾਬ ਵਿਚ ਧਾਰਮਿਕ ਆਗੂਆਂ ਨੇ ਵਿਸ਼ਾਲ ਮੰਦਰ ਨੂੰ ਮਸਜਿਦ ਐਲਾਨਣ ਦੀ ਬਜਾਏ ਸ਼ੁੱਧੀਕਰਨ ਦੀ ਪ੍ਰਕਿਰਿਆ ਅਪਣਾਈ ਹੈ। ਖੁਰਾਕੀ ਵਸਤਾਂ ਦੀ ਵਿਕਰੀ ਕਰਨ ਵਾਲੇ ਧਾਰਮਿਕ ਸਥਾਨਾਂ ’ਤੇ ਮਾਲਕਾਂ ਅਤੇ ਸੇਵਾਦਾਰਾਂ ਬਾਰੇ ਜਾਣਕਾਰੀ ਜਨਤਕ ਕਰਨ ਦਾ ਦੂਜਾ ਮਾਮਲਾ ਵੀ ਮਿਲਾਵਟ ਨਾਲ ਹੀ ਜੁੜਿਆ ਹੈ। ਇਨ੍ਹਾਂ ਦੋਵਾਂ ਮਾਮਲਿਆਂ ’ਚ ਸਿਆਸਤ ਜੰਮ ਕੇ ਹੋ ਰਹੀ ਹੈ। ਸਮੱਸਿਆ ਦੂਰ ਕਰਨ ਦੇ ਬਦਲੇ ਸਿਆਸੀ ਵਰਕਰਾਂ ਦਰਮਿਆਨ ਦੋਸ਼-ਪ੍ਰਤੀਦੋਸ਼ ਦਾ ਦੌਰ ਜਾਰੀ ਹੈ। ਇਸ ਮਾਮਲੇ ’ਚ ਸੁਪਰੀਮ ਕੋਰਟ ’ਚ ਕਈ ਮੁਕੱਦਮੇ ਦਰਜ ਹੋਏ ਹਨ। ਨਾਲ ਹੀ ਮਿਲਾਵਟਖੋਰੀ ਦਾ ਗੋਰਖ ਧੰਦਾ ਬੇਖੌਫ ਚੱਲ ਰਿਹਾ ਹੈ। ਇਸ ’ਚ ਆਸਥਾ ਦਾ ਤੜਕਾ ਲੱਗਣ ਨਾਲ ਵਿਅੰਜਨ ਜ਼ਾਇਕੇਦਾਰ ਹੋ ਗਿਆ ਹੈ। ਜੁਮਲੇਬਾਜ਼ੀ ਦੇ ਇਸ ਦੌਰ ’ਚ ਤੜਕੇਬਾਜ਼ ਵੀ ਹੁਣ ਉਹ ਹਰ ਪਾਸੇ ਦਿਖਾਈ ਦੇਣ ਲੱਗੇ ਹਨ।
ਆਪਣਾ ਦੇਸ਼ ਦੁੱਧ ਉਤਪਾਦਨ ਦੇ ਮਾਮਲੇ ’ਚ ਦੁਨੀਆ ਭਰ ’ਚ ਸਭ ਨੂੰ ਪਿੱਛੇ ਛੱਡ ਚੁੱਕਾ ਹੈ। ਔਸਤ 15 ਕਰੋੜ ਲੀਟਰ ਉਤਪਾਦਨ ਹਰ ਦਿਨ ਪਸ਼ੂਆਂ ਤੋਂ ਹੁੰਦਾ ਹੈ। ਇੰਨੀ ਹੀ ਮਾਤਰਾ ਮਿਲਕ ਪਾਊਡਰ ਤੋਂ ਬਣੇ ਦੁੱਧ ਦੀ ਹੈ ਪਰ ਹਰ ਰੋਜ਼ ਦੁੱਧ ਦੀ ਖਪਤ 65 ਕਰੋੜ ਲੀਟਰ ਹੁੰਦੀ ਹੈ। ਇਸ ਤੋਂ ਸਪੱਸ਼ਟ ਹੈ ਕਿ ਅੱਧੀ ਤੋਂ ਵੱਧ ਖਪਤ ਨਕਲੀ ਦੁੱਧ ਦੀ ਹੈ। ਆਸਥਾ ਦੇ ਨਾਂ ’ਤੇ ਮਿਲਾਵਟਖੋਰੀ ਵਿਰੁੱਧ ਅੰਦੋਲਨ ਕਰਨ ਵਾਲੀ ਜਮਾਤ ਇਸ ਸੱਚਾਈ ਤੋਂ ਪਹਿਲਾਂ ਹੀ ਜਾਣੂ ਹੈ। ਇਸ ਚੌਕਸੀ ਕਾਰਨ ਜੇ ਮਿਲਾਵਟ ਦੇ ਇਸ ਗੋਰਖ ਧੰਦੇ ਤੋਂ ਦੇਸ਼ ਨੂੰ ਮੁਕਤੀ ਮਿਲੇ ਤਾਂ ਵੱਡੀ ਪ੍ਰਾਪਤੀ ਮੰਨੀ ਜਾਵੇਗੀ। ਸਿਆਸੀ ਜਮਾਤ ਅਤੇ ਧਾਰਮਿਕ ਆਗੂਆਂ ਦਾ ਇਹ ਸਮੀਕਰਨ ਦੇਸ਼ ਨੂੰ ਮਿਲਾਵਟੀ ਖੁਰਾਕੀ ਵਸਤਾਂ ਤੋਂ ਮੁਕਤੀ ਦਿਵਾਏਗਾ ਭਾਵ ਧਰੁਵੀਕਰਨ ਦੀ ਸਿਆਸਤ ਦਾ ਇਹ ਅਗਲਾ ਪੈਂਤੜਾ ਸਾਬਤ ਹੋਵੇਗਾ, ਇਸ ’ਤੇ ਦਾਅਵੇ ਨਾਲ ਕੁਝ ਕਹਿਣਾ ਸੌਖਾ ਨਹੀਂ ਹੈ।
ਖੁਰਾਕੀ ਪਦਾਰਥਾਂ ਅਤੇ ਦਵਾਈਆਂ ’ਚ ਮਿਲਾਵਟ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ। ਹੌਲੀ ਜ਼ਹਿਰ ਦੇ ਇਸ ਕਾਰੋਬਾਰ ’ਤੇ ਰੋਕ ਲਾਉਣ ਲਈ ਸੱਤ ਦਹਾਕੇ ਪਹਿਲਾਂ ਕਾਨੂੰਨ ਬਣਾਇਆ ਗਿਆ ਸੀ। ਫਿਰ ਇਸ ’ਚ ਸੰਸਦ ਕਈ ਸੋਧਾਂ ਵੀ ਕਰਦੀ ਹੈ। ਅੱਜ ਇਸ ਅਪਰਾਧ ਦੇ ਦੋਸ਼ੀਆਂ ਲਈ ਛੇ ਮਹੀਨੇ ਦੀ ਕੈਦ ਅਤੇ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਣ ਦੀ ਵੀ ਵਿਵਸਥਾ ਹੈ। ਅਸਾਮ, ਬੰਗਾਲ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ’ਚ ਮਿਲਾਵਟਖੋਰੀ ਦੇ ਅਪਰਾਧੀਆਂ ਲਈ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਹੈ ਪਰ ਸਖਤ ਕਾਨੂੰਨ ਨਾਲ ਮਿਲਾਵਟ ਦਾ ਇਹ ਧੰਦਾ ਇਨ੍ਹਾਂ ਪੰਜਾਂ ਸੂਬਿਆਂ ’ਚ ਬੰਦ ਹੋ ਗਿਆ ਹੋਵੇ, ਅਜਿਹੀ ਕੋਈ ਗੱਲ ਨਹੀਂ ਹੈ, ਇੰਨੀ ਗੱਲ ਜ਼ਰੂਰ ਹੋਈ ਕਿ ਇਨ੍ਹਾਂ ਮਾਮਲਿਆਂ ’ਚ ਪ੍ਰਸ਼ਾਸਨ ਦੀ ਉਗਰਾਹੀ ਵਧਦੀ ਹੈ। ਲੋਕ ਸਮਾਜ ਦੀ ਸਰਗਰਮੀ ਬਿਨਾਂ ਕਾਨੂੰਨ ਅਤੇ ਪ੍ਰਸ਼ਾਸਨ ਦੇ ਸਿਰ ’ਤੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਸੰਭਵ ਨਹੀਂ ਹੈ।
ਵਿਸ਼ਵ ਪ੍ਰਸਿੱਧ ਤਿਰੂਮਾਲਾ ਤਿਰੂਪਤੀ ਦੇਵਸਥਾਨਮ ਦਰਸ਼ਨ ਲਈ ਅੌਸਤਨ 87 ਹਜ਼ਾਰ ਭਗਤ ਹਰ ਦਿਨ ਆਉਂਦੇ ਹਨ। ਇਨ੍ਹਾਂ ਨੂੰ ਪ੍ਰਸ਼ਾਦ ਵਜੋਂ ਲੱਡੂ ਦਿੱਤਾ ਜਾਂਦਾ ਹੈ। ਇਸ ਲਈ ਹਰ ਮਹੀਨੇ 42 ਹਜ਼ਾਰ ਕਿਲੋ ‘ਸ਼ੁੱਧ ਦੇਸੀ ਘਿਓ’ ਖਰੀਦਿਆ ਜਾਂਦਾ ਹੈ। ਦੇਵਸਥਾਨਮ ਨੇ 319.80 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ‘ਸ਼ੁੱਧ ਦੇਸੀ ਘਿਓ’ ਦੀ ਸਪਲਾਈ ਕਰਨ ਵਾਲੀ ਕੰਪਨੀ ਏ.ਆਰ.ਫੂਡ ਸਪਲਾਈ ਪ੍ਰਾਈਵੇਟ ਲਿਮਟਿਡ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਹੈ। ਵੈਦਿਕ ਘਿਓ ਦੇ ਨਾਂ ਨਾਲ ਕੇਸਰੀਆ ਫਾਰਮ ਇਸ ਨੂੰ 3,699 ਰੁਪਏ ਪ੍ਰਤੀ ਕਿਲੋ ਅਤੇ ਪਤੰਜਲੀ ਆਯੁਰਵੇਦਾ ਗਾਂ ਦਾ ਘਿਓ 665 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਬਾਜ਼ਾਰ ’ਚ ਅੱਜ ਵੇਚ ਰਹੇ ਹਨ। ਪਿੰਡ ਦੇ ਕਿਸਾਨ 750 ਤੋਂ 800 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਦੇਸੀ ਘਿਓ ਵੇਚ ਰਹੇ ਹਨ। ਮੰਦਰ ਟਰੱਸਟ ਵਲੋਂ ਅੱਜ ਵੀ ਕਈ ਥਾਂ 20 ਤੋਂ 30 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਗਾਂ ਅਤੇ ਮੱਝ ਦਾ ਦੁੱਧ ਖਰੀਦਿਆ ਜਾ ਰਿਹਾ ਹੈ। ਕੀ ਇਨ੍ਹਾਂ ਨੂੰ ਪਤਾ ਨਹੀਂ ਹੈ ਕਿ ਇਹ ਸ਼ਰਧਾਲੂਆਂ ਅਤੇ ਭਗਤਾਂ ਦੀ ਸਿਹਤ ਨਾਲ ਖਿਲਵਾੜ ਦਾ ਮਾਮਲਾ ਹੈ? ਜੇ ਇਹ ਪਾਪ ਵੱਕਾਰੀ ਮੱਠਾਂ ਅਤੇ ਮੰਦਰਾਂ ਵਿਚ ਪ੍ਰਵਾਨ ਨਾ ਹੁੰਦਾ ਤਾਂ ਸ਼ੁੱਧਤਾ ਦਾ ਮਾਰਗ ਇੰਨੀ ਜਲਦੀ ਨਹੀਂ ਲੱਭਿਆ ਜਾਣਾ ਸੀ।
ਚੁਟਕੀ ਵਜਾਉਂਦਿਆਂ ਹੀ ਸਮੱਸਿਆ ਛੂਮੰਤਰ ਕਰਨ ਵਾਲੇ ਧਰਮ ਗੁਰੂਆਂ ਨੇ ਬਹੁਤ ਆਸਾਨੀ ਨਾਲ ਗੰਗਾ ਜਲ ਨਾਲ ਧੋ-ਸੁਆਰ ਕੇ ਸਮੱਸਿਆ ਦੂਰ ਕਰ ਦਿੱਤੀ ਹੈ। ਸ਼ੁੱਧੀਕਰਨ ਦਾ ਮਾਰਗ ਪੱਧਰਾ ਕਰਨ ਵਾਲੇ ਇਨ੍ਹਾਂ ਧਰਮ ਗੁਰੂਆਂ ਨੇ ਇਸ ਗੋਰਖ ਧੰਦੇ ’ਚ ਅਪ੍ਰਤੱਖ ਸਹਿਮਤੀ ਪ੍ਰਗਟਾਈ ਹੈ। ਅੰਕੜਿਆਂ ਤੋਂ ਸਪੱਸ਼ਟ ਹੈ ਕਿ ‘ਸ਼ੁੱਧ ਦੇਸੀ ਘਿਓ’ ਦੀ ਵਰਤੋਂ ਕਰ ਕੇ ਬਣਾਏ ਗਏ ਲੱਡੂਆਂ ਦੇ ਪ੍ਰਸ਼ਾਦ ਦੀ ਵਰਤੋਂ ਤਿਰੂਪਤੀ ਦੇਵਸਥਾਨਮ ’ਚ ਧੜੱਲੇ ਨਾਲ ਚੱਲ ਰਹੀ ਹੈ। ਕੀ ਸ਼ਰਧਾਲੂਆਂ ਅਤੇ ਭਗਤਾਂ ਦੀ ਅਪ੍ਰਤੱਖ ਸਹਿਮਤੀ ਬਗੈਰ ਅਜਿਹਾ ਸੰਭਵ ਹੈ। ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਆਸਥਾ ਦੇ ਇਸ ਕਾਰੋਬਾਰ ’ਚ ਲੱਗੇ ਧਾਰਮਿਕ ਗੁਰੂ ਤਾਂ ਭਗਤਾਂ ਨੂੰ ਮੁਕਤੀ ਦਾ ਰਾਹ ਦੱਸਦੇ ਹੋਏ ਤ੍ਰਿਸ਼ੰਕੂ ਬਣਾਉਣ ਤੋਂ ਵੀ ਨਹੀਂ ਖੁੰਝਦੇ।
ਰਾਸ਼ਟਰੀ ਡੇਅਰੀ ਵਿਕਾਸ ਬੋਰਡ ਅਤੇ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਦੁੱਧ ਅਤੇ ਦੁੱਧ ਉਤਪਾਦਾਂ ਦੀ ਤੱਤਕਾਲ ਜਾਂਚ ਲਈ ਇਲੈਕਟ੍ਰਾਨਿਕ ਕਿੱਟ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੀ ਹੈ। ਇਨ੍ਹਾਂ ਉਪਰਕਰਨਾਂ ਦੀ ਮਦਦ ਨਾਲ ਵਰਤੋਂ ਤੋਂ ਪਹਿਲਾਂ ਹੀ ਆਸਾਨੀ ਨਾਲ ਗੁਣਵੱਤਾ ਪ੍ਰੀਖਣ ਮੁਮਕਿਨ ਹੈ ਪਰ ਅੱਧੇ ਪੌਣੇ ਮੁੱਲ ’ਤੇ ਖਰੀਦ ਕਰਨ ਵਾਲੇ ਅਜਿਹਾ ਕਰਨ ਲਈ ਨੈਤਿਕ ਤੌਰ ’ਤੇ ਸਮਰੱਥ ਨਹੀਂ ਹਨ।
ਇਸ ਲਈ ਕਿਸੇ ਸਪਲਾਇਰ ਦੀ ਬਜਾਏ ਮੰਦਰ ਦੇ ਪ੍ਰਬੰਧਕ ਜ਼ਿੰਮੇਵਾਰ ਹੁੰਦੇ ਹਨ। ਇਸ ਮਾਮਲੇ ’ਚ ਤਿਰੂਮਾਲਾ ਤਿਰੂਪਤੀ ਦੇਵਸਥਾਨਮ ਤੋਂ ਵੱਡਾ ਦੋਸ਼ੀ ਕੋਈ ਸਪਲਾਇਰ ਨਹੀਂ ਮੰਨਿਆ ਜਾ ਸਕਦਾ ਹੈ। ਤਿਰੂਪਤੀ ਮੰਦਰ ਦਾ ਪ੍ਰਬੰਧਨ ਸੂਬਾ ਸਰਕਾਰ ਕਰਦੀ ਹੈ। ਦੇਸ਼ ਭਰ ’ਚ ਹਜ਼ਾਰਾਂ ਅਜਿਹੇ ਮੰਦਰ ਹਨ ਜਿਨ੍ਹਾਂ ਦਾ ਪ੍ਰਬੰਧਨ ਸੂਬਾ ਸਰਕਾਰ ਦੇ ਅਧੀਨ ਹੈ। ਜਿਨ੍ਹਾਂ ਮੰਦਰਾਂ ’ਚ ਸੂਬੇ ਦੀ ਕੋਈ ਦਖਲ-ਅੰਦਾਜ਼ੀ ਨਹੀਂ ਹੈ , ਉਨ੍ਹਾਂ ਦੀ ਦਸ਼ਾ ਵੀ ਅਜਿਹੀ ਹੀ ਹੈ। ਮਿਲਾਵਟਖੋਰਾਂ ਨੂੰ ਧਰਮ ਗੁਰੂਆਂ ਦੀ ਮਦਦ ਨਾਲ ਭਗਵਾਨ ਦੀ ਕ੍ਰਿਪਾ ਪ੍ਰਾਪਤ ਹੋ ਗਈ ਹੈ। ਧਰਮ ਦੀ ਮਰਿਆਦਾ ਨਿਭਾਉਣ ਵਾਲੇ ਅਚਾਰੀਆ ਮਠਿਆਈਆਂ ਬਦਲੇ ਫਲ ਅਤੇ ਮੇਵਾ ਪ੍ਰਸ਼ਾਦ ਵਜੋਂ ਵਰਤਣ ਲੱਗੇ ਹਨ।
ਕੌਸ਼ਲ ਕਿਸ਼ੋਰ