ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ’ਚ ਨੇਤਾ ਵੀ ਪਿੱਛੇ ਨਹੀਂ
Wednesday, Jan 08, 2025 - 04:55 PM (IST)
ਔਰਤਾਂ ਦੀ ਮਰਿਆਦਾ ਅਤੇ ਸਸ਼ਕਤੀਕਰਨ ਦੀ ਪੈਰਵਾਈ ਕਰਨ ਵਾਲੇ ਨੇਤਾ ਚੋਣਾਂ ਆਉਂਦੇ ਹੀ ਸਭ ਕੁਝ ਭੁੱਲ ਜਾਂਦੇ ਹਨ। ਨੇਤਾ ਔਰਤਾਂ ਨੂੰ ਚੋਣਾਂ ਦੌਰਾਨ ਹਥਿਆਰ ਵਾਂਗ ਇਸਤੇਮਾਲ ਕਰਨ ਤੋਂ ਬਾਜ਼ ਨਹੀਂ ਆਉਂਦੇ। ਔਰਤਾਂ ਲਈ ਮਰਿਆਦਾਹੀਣ ਭਾਸ਼ਾ ਦੀ ਵਰਤੋਂ ਕਰਨ ’ਚ ਕਿਸੇ ਵੀ ਪਾਰਟੀ ਦੇ ਨੇਤਾ ਪਿੱਛੇ ਨਹੀਂ ਹਨ। ਸਭ ਤੋਂ ਵੱਧ ਹੈਰਾਨੀ ਇਹ ਹੈ ਕਿ ਅਜਿਹੇ ਮਾਮਲਿਆਂ ’ਚ ਰਾਜਨੀਤਕ ਦਲ ਆਪਣੇ ਨੇਤਾਵਾਂ ਦਾ ਨਿੱਜੀ ਬਿਆਨ ਕਹਿ ਕੇ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਂਦੇ ਹਨ।
ਅਜਿਹੇ ’ਚ ਜੇ ਨੇਤਾ ਨੂੰ ਲੱਗਦਾ ਹੈ ਕਿ ਜ਼ਿਆਦਾ ਵਿਵਾਦ ਹੋ ਗਿਆ ਹੈ ਅਤੇ ਇਸ ਨਾਲ ਖਾਸ ਤੌਰ ’ਤੇ ਮਹਿਲਾ ਵੋਟਾਂ ਦਾ ਨੁਕਸਾਨ ਹੋ ਸਕਦਾ ਹੈ ਤਾਂ ਬੇਸ਼ਰਮੀ ਨਾਲ ਮੁਆਫੀ ਮੰਗ ਲਈ ਜਾਂਦੀ ਹੈ। ਅਜਿਹੇ ਵੀ ਨੇਤਾਵਾਂ ਦੀ ਕਮੀ ਨਹੀਂ ਹੈ, ਜਿਨ੍ਹਾਂ ਨੂੰ ਔਰਤਾਂ ਪ੍ਰਤੀ ਮਾੜੀਆਂ ਟਿੱਪਣੀਆਂ ਕਰਨ ’ਤੇ ਕਿਸੇ ਤਰ੍ਹਾਂ ਦੀ ਸ਼ਰਮ ਨਹੀਂ ਹੁੰਦੀ ਅਤੇ ਉਲਟਾ ਉਹ ਰਾਵਣ ਵਾਂਗ ਹੰਕਾਰੀ ਬਣ ਕੇ ਮੁਆਫੀ ਮੰਨਣ ਤੋਂ ਸਾਫ ਨਾਂਹ ਕਰ ਦਿੰਦੇ ਹਨ।
ਔਰਤਾਂ ਪ੍ਰਤੀ ਕੀਤੇ ਗਏ ਅਪਮਾਨ ਦੀ ਇਸ ਸੂਚੀ ’ਚ ਇਕ ਹੋਰ ਨੇਤਾ ਦਾ ਨਾਂ ਜੁੜ ਗਿਆ ਹੈ। ਭਾਜਪਾ ਦੇ ਕਾਲਕਾਜੀ ਵਿਧਾਨ ਸਭਾ ਖੇਤਰ ਤੋਂ ਪਾਰਟੀ ਉਮੀਦਵਾਰ ਰਮੇਸ਼ ਬਿਧੂੜੀ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ’ਚ ਜਿੱਤ ਤੋਂ ਬਾਅਦ ਉਹ ਖੇਤਰ ਦੀਆਂ ਸੜਕਾਂ ਨੂੰ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਦੀਆਂ ‘ਗੱਲ੍ਹਾਂ’ ਵਰਗੀਆਂ ਬਣਾ ਦੇਣਗੇ। ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਜੇ ਉਨ੍ਹਾਂ ਦੀਆਂ ਟਿੱਪਣੀਆਂ ਨਾਲ ਕਿਸੇ ਨੂੰ ਸੱਟ ਵੱਜੀ ਹੈ ਤਾਂ ਉਹ ਅਫਸੋਸ ਪ੍ਰਗਟ ਕਰਦੇ ਹਨ। ਪ੍ਰਿਅੰਕਾ ਗਾਂਧੀ ’ਤੇ ਕੀਤੀ ਗਈ ਮਾੜੀ ਟਿੱਪਣੀ ’ਤੇ ਭਾਜਪਾ ਦੇ ਮੌਨ ਧਾਰਨ ਕਰਨ ਨਾਲ ਬਿਧੂੜੀ ਦੇ ਹੌਂਸਲੇ ਹੋਰ ਬੁਲੰਦ ਹੋ ਗਏ।
ਇਸ ਤੋਂ ਬਾਅਦ ਦਿੱਲੀ ਦੇ ਰੋਹਿਣੀ ’ਚ ਇਕ ਚੋਣ ਰੈਲੀ ’ਚ ਮੁੱਖ ਮੰਤਰੀ ਆਤਿਸ਼ੀ ’ਤੇ ਨਿੱਜੀ ਹਮਲਾ ਕਰਦੇ ਹੋਏ ਬਿਧੂੜੀ ਨੇ ਕਿਹਾ ਕਿ ਆਤਿਸ਼ੀ ਜੋ ਕਿ ਮਾਰਲੇਨਾ ਸੀ, ਹੁਣ ਉਹ ਸਿੰਘ ਬਣ ਗਈ ਹੈ। ਇਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਪਿਤਾ ਨੂੰ ਬਦਲ ਦਿੱਤਾ। ਬਿਧੂੜੀ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਚਰਿੱਤਰ ਨੂੰ ਦਰਸਾਉਂਦਾ ਹੈ।
ਜਨਤਕ ਜੀਵਨ ’ਚ ਔਰਤਾਂ ਪਹਿਰਾਵੇ, ਭਾਰ, ਰੂਪ-ਰੰਗ ਜਾਂ ਵਿਵਹਾਰ ਨੂੰ ਲੈ ਕੇ ਵੀ ਅਕਸਰ ਅਤੇ ਸਿਆਸੀ ਮਰਦ ਨੇਤਾਵਾਂ ਦੇ ਹੱਥੋਂ ਅਸ਼ਲੀਲ, ਅਭੱਦਰ ਅਤੇ ਬੇਇੱਜ਼ਤੀ ਭਰੀਆਂ ਟਿੱਪਣੀਆਂ ਦੀ ਸ਼ਿਕਾਰ ਹੁੰਦੀਆਂ ਰਹੀਆਂ ਹਨ। ਚੋਣ ਰੈਲੀਆਂ ’ਚ ਅਕਸਰ ਸਿਆਸੀ ਬਿਆਨਬਾਜ਼ੀ ’ਚ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਸਾਲ 2012 ’ਚ ਨਰਿੰਦਰ ਮੋਦੀ ਨੇ ਚੋਣ ਰੈਲੀ ’ਚ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਥਰੂਰ ਬਾਰੇ ਕਿਹਾ ਸੀ ਕਿ ‘ਵਾਹ ਕਿਆ ਗਰਲਫ੍ਰੈਂਡ ਹੈ। ਤੁਸੀਂ ਕਦੇ ਦੇਖੀ ਹੈ 50 ਕਰੋੜ ਦੀ ਗਰਲਫ੍ਰੈਂਡ।’ ਇਸ ’ਤੇ ਪਲਟਵਾਰ ਕਰਦੇ ਹੋਏ ਸ਼ਸ਼ੀ ਥਰੂਰ ਨੇ ਜਵਾਬ ਦਿੱਤਾ ਸੀ, ‘ਮੋਦੀ ਜੀ ਮੇਰੀ ਪਤਨੀ 50 ਕਰੋੜ ਦੀ ਨਹੀਂ ਸਗੋਂ ਅਨਮੋਲ ਹੈ ਪਰ ਤੁਹਾਨੂੰ ਇਹ ਸਮਝ ’ਚ ਨਹੀਂ ਆਏਗਾ ਕਿਉਂਕਿ ਤੁਸੀਂ ਕਿਸੇ ਦੇ ਪਿਆਰ ਦੇ ਲਾਇਕ ਨਹੀਂ ਹੋ।’
ਦਸੰਬਰ 2012 ’ਚ ਦਿੱਲੀ ’ਚ ਨਿਰਭਯਾ ਗੈਂਗਰੇਪ ਤੋਂ ਬਾਅਦ ਪੱਛਮੀ ਬੰਗਾਲ ਦੇ ਜਾਂਗੀਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਭਿਜੀਤ ਮੁਖਰਜੀ ਨੇ ਇਸ ਮੁੱਦੇ ’ਤੇ ਕਿਹਾ ਸੀ ਕਿ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲੈ ਰਹੀਆਂ ਵਿਦਿਆਰਥਣਾਂ ਬਣੀਆਂ-ਸੰਵਰੀਆਂ ਔਰਤਾਂ ਹਨ, ਜਿਨ੍ਹਾਂ ਨੂੰ ਹਕੀਕਤ ਬਾਰੇ ਕੁਝ ਪਤਾ ਨਹੀਂ। ਮੁਖਰਜੀ ਨੇ ਕਿਹਾ, ‘‘ਇਹ ਬਣੀਆਂ-ਸੰਵਰੀਆਂ ਔਰਤਾਂ ਪਹਿਲਾਂ ਡਿਸਕੋਥੇਕ ’ਚ ਗਈਆਂ ਅਤੇ ਫਿਰ ਇਸ ਗੈਂਗਰੇਪ ਵਿਰੁੱਧ ਵਿਰੋਧ ਦਿਖਾਉਣ ਇੰਡੀਆ ਗੇਟ ’ਤੇ ਪਹੁੰਚੀਆਂ।’’ ਹਾਲਾਂਕਿ ਇਸ ਤੋਂ ਬਾਅਦ ਸੰਸਦ ਮੈਂਬਰ ਮੁਖਰਜੀ ਨੇ ਆਪਣੀ ਟਿੱਪਣੀ ਲਈ ਮੁਆਫੀ ਮੰਗ ਲਈ ਸੀ।
ਸਾਲ 2018 ’ਚ ਜਯਾ ਬੱਚਨ ਨੂੰ ਸਮਾਜਵਾਦੀ ਪਾਰਟੀ ਵੱਲੋਂ ਰਾਜ ਸਭਾ ’ਚ ਮੁੜ ਤੋਂ ਨਾਮਜ਼ਦ ਕੀਤਾ ਗਿਆ ਤਾਂ ਭਾਜਪਾ ਦੇ ਨਰੇਸ਼ ਅਗਰਵਾਲ ਨੇ ਜਯਾ ਬੱਚਨ ਨੂੰ ਫਿਲਮਾਂ ’ਚ ਨੱਚਣ ਵਾਲੀ ਦੱਸਿਆ। ਇਸੇ ਤਰ੍ਹਾਂ ਸਾਲ 2018 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ’ਚ ‘ਆਧਾਰ’ ’ਤੇ ਬਿਆਨ ਦੌਰਾਨ ਕਾਂਗਰਸ ਦੀ ਸੰਸਦ ਮੈਂਬਰ ਰੇਣੁਕਾ ਚੌਧਰੀ ਦੇ ਹਾਸੇ ’ਤੇ ਮੁਸਕਰਾਉਂਦੇ ਹੋਏ ਕਿਹਾ ਸੀ, ‘ਸਭਾਪਤੀ ਜੀ, ਰੇਣੁਕਾ ਜੀ ਨੂੰ ਤੁਸੀਂ ਕੁਝ ਨਾ ਕਹੋ, ਰਾਮਾਇਣ ਸੀਰੀਅਲ ਤੋਂ ਬਾਅਦ ਅਜਿਹਾ ਹਾਸਾ ਸੁਣਨ ਦਾ ਅੱਜ ਮੌਕਾ ਮਿਲਿਆ ਹੈ।’ ਬਾਅਦ ’ਚ ਕੇਂਦਰ ਸਰਕਾਰ ’ਚ ਰਾਜ ਮੰਤਰੀ ਕਿਰਨ ਰਿਜਿਜੂ ਨੇ ਫੇਸਬੁੱਕ ’ਤੇ ਇਕ ਵੀਡੀਓ ਸ਼ੇਅਰ ਕਰ ਕੇ ਰੇਣੁਕਾ ਚੌਧਰੀ ਦੇ ਹਾਸੇ ਦੀ ਤੁਲਨਾ ਰਾਮਾਇਣ ਦੇ ਕਿਰਦਾਰ ਸ਼ਰੂਪਨਖਾ ਨਾਲ ਕਰ ਦਿੱਤੀ। ਇਸ ਤੋਂ ਬਾਅਦ ਭਾਜਪਾ ਆਈ. ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਰਾਮਾਇਣ ’ਚ ਸ਼ਰੂਪਨਖਾ ਦਾ ਨੱਕ ਕੱਟੇ ਜਾਣ ਦਾ ਦ੍ਰਿਸ਼ ਵੀ ਟਵਿਟਰ ’ਤੇ ਸ਼ੇਅਰ ਕੀਤਾ।
2018 ’ਚ ਰਾਜਸਥਾਨ ’ਚ ਚੋਣ ਰੈਲੀ ’ਚ ਜਨਤਾ ਦਲ (ਯੂ) ਦੇ ਨੇਤਾ ਸ਼ਰਦ ਯਾਦਵ ਨੇ ਤਤਕਾਲੀ ਮੁੱਖ ਮੰਤਰੀ ਵਸੁੰਧਰਾ ਰਾਜੇ ’ਤੇ ਨਿੱਜੀ ਟਿੱਪਣੀ ਕਰ ਦਿੱਤੀ। ਯਾਦਵ ਨੇ ਕਿਹਾ ਕਿ ਇਨ੍ਹਾਂ ਨੂੰ ਆਰਾਮ ਦਿਓ, ਬਹੁਤ ਥੱਕ ਗਈ ਹੈ। ਬਹੁਤ ਮੋਟੀ ਹੋ ਗਈ ਹੈ, ਪਹਿਲਾਂ ਪਤਲੀ ਸੀ। ਸ਼ਰਦ ਯਾਦਵ ਦੀ ਕਮਾਨ ਤੋਂ ਔਰਤਾਂ ਪ੍ਰਤੀ ਗਲਤ ਢੰਗ ਦਾ ਅਜਿਹਾ ਤੀਰ ਪਹਿਲੀ ਵਾਰ ਨਹੀਂ ਨਿਕਲਿਆ। ਜੂਨ 1997 ’ਚ ਸੰਸਦ ’ਚ ਮਹਿਲਾ ਰਾਖਵਾਂਕਰਨ ਬਿੱਲ ’ਤੇ ਬਹਿਸ ’ਚ ਯਾਦਵ ਨੇ ਕਿਹਾ ਸੀ ਕਿ ਇਸ ਬਿੱਲ ਨਾਲ ਸਿਰਫ ‘ਪਰਕਟੀ ਔਰਤਾਂ’ ਨੂੰ ਫਾਇਦਾ ਪਹੁੰਚੇਗਾ। ਪਰਕਟੀ ਸ਼ਹਿਰੀ ਔਰਤਾਂ ਸਾਡੀਆਂ ਦਿਹਾਤੀ ਔਰਤਾਂ ਦੀ ਨੁਮਾਇੰਦਗੀ ਕਿਵੇਂ ਕਰਨਗੀਆਂ। ਜ਼ਿਕਰਯੋਗ ਹੈ ਕਿ ਸ਼ਰਦ ਯਾਦਵ ਨੂੰ ਸਭ ਤੋਂ ਵਧੀਆ ਸੰਸਦ ਮੈਂਬਰ ਦਾ ਐਵਾਰਡ ਮਿਲ ਚੁੱਕਾ ਹੈ।
ਔਰਤਾਂ ’ਤੇ ਵਿਵਾਦਗ੍ਰਸਤ ਬਿਆਨਾਂ ਦੀ ਇਹ ਸੂਚੀ ਲੰਬੀ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਨਿਰਭਯਾ ਜਬਰ-ਜ਼ਨਾਹ ਕਾਂਡ ਤੋਂ ਬਾਅਦ ਬਿਆਨ ਦਿੱਤਾ ਸੀ ਕਿ ਲੜਕਿਆਂ ਤੋਂ ਗਲਤੀ ਹੋ ਜਾਂਦੀ ਹੈ ਅਤੇ ਇਸ ਲਈ ਉਨ੍ਹਾਂ ਨੂੰ ਮੌਤ ਦੀ ਸਜ਼ਾ ਨਹੀਂ ਦੇਣੀ ਚਾਹੀਦੀ। ਇਸ ’ਤੇ ਕਾਫੀ ਵਿਵਾਦ ਹੋਇਆ ਸੀ। ਔਰਤਾਂ ਪ੍ਰਤੀ ਅਪਮਾਨਜਨਕ ਸ਼ਬਦ ਬੋਲਣ ਦੇ ਮਾਮਲਿਆਂ ’ਚ ਸਭ ਤੋਂ ਵੱਧ ਹੈਰਾਨੀ ਤਾਂ ਮਹਿਲਾ ਕਮਿਸ਼ਨਾਂ ਦੀ ਭੂਮਿਕਾ ’ਤੇ ਹੁੰਦੀ ਹੈ। ਮਹਿਲਾ ਕਮਿਸ਼ਨ ਭਾਵੇਂ ਸੂਬਾ ਪੱਧਰ ਦੇ ਹੋਣ ਜਾਂ ਰਾਸ਼ਟਰੀ ਪੱਧਰ ਦੇ, ਸਾਰੇ ਚੁੱਪ ਧਾਰੀ ਰੱਖਦੇ ਹਨ। ਇਨ੍ਹਾਂ ਨੂੰ ਔਰਤਾਂ ਦੇ ਅਪਮਾਨ, ਮਾੜੇ ਰਵੱਈਏ ਦੀ ਕੋਈ ਚਿੰਤਾ ਨਹੀਂ ਹੈ।
ਕਿਉਂਕਿ ਕਮਿਸ਼ਨਾਂ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਸੱਤਾਧਾਰੀ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਜਾਂਦੀਆਂ ਹਨ, ਅਜਿਹੇ ’ਚ ਕਮਿਸ਼ਨ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਵਿਰੁੱਧ ਕਾਰਵਾਈ ਕਰਨ ਦੀ ਹਿੰਮਤ ਨਹੀਂ ਕਰ ਪਾਉਂਦੇ। ਦੇਸ਼ ਦੇ ਵੋਟਰਾਂ ਨੂੰ ਔਰਤਾਂ ਦੀ ਬੇਇੱਜ਼ਤੀ ਕਰਨ ਵਾਲੇ ਨੇਤਾਵਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਤਾਂ ਜੋ ਦੂਜੇ ਨੇਤਾ ਵੀ ਇਸ ਤੋਂ ਸਿੱਖਿਆ ਲੈ ਸਕਣ ਕਿ ਸੌੜੇ ਸਿਆਸੀ ਸਵਾਰਥਾਂ ਲਈ ਔਰਤਾਂ ਦੇ ਸਨਮਾਨ ਨਾਲ ਸਮਝੌਤਾ ਕਰਨ ਵਾਲਿਆਂ ਦਾ ਕੀ ਹਾਲ ਹੁੰਦਾ ਹੈ।