ਸਿਆਸਤਦਾਨ, ਕਵੀ, ਪੰਜ ਦਹਾਕਿਆਂ ਤੱਕ ਸੰਸਦ ਮੈਂਬਰ ਅਤੇ ਤਿੰਨ ਵਾਰ ਦੇ ਪੀ.ਐੱਮ. ਅਟਲ ਬਿਹਾਰੀ ਵਾਜਪਾਈ
Friday, Aug 15, 2025 - 03:02 PM (IST)

ਭਾਰਤੀ ਸਿਆਸਤਦਾਨ, ਕਵੀ, ਪੰਜ ਦਹਾਕਿਆਂ ਤੱਕ ਸੰਸਦ ਮੈਂਬਰ ਅਤੇ ਤਿੰਨ ਵਾਰ ਦੇ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਸੇਵਾ ਕਰਨ ਵਾਲੇ ਅਟਲ ਬਿਹਾਰੀ ਵਾਜਪਾਈ ਹਿੰਦੂ ਰਾਸ਼ਟਰਵਾਦੀ ਸੰਗਠਨ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੈਂਬਰ ਸਨ। ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਵਾਜਪਾਈ ਜੀ ਨੇ ਆਪਣੀ ਜ਼ਿੰਦਗੀ ’ਚ ਦੇਸ਼-ਭਗਤੀ ਅਤੇ ਫਰਜ਼ ਨਿਭਾਉਣ ’ਚ ਅਜਿਹੀ ਮਿਸਾਲ ਕਾਇਮ ਕੀਤੀ ਕਿ ਵਿਰੋਧੀ ਧਿਰ ਵਾਲੇ ਵੀ ਉਨ੍ਹਾਂ ਦਾ ਲੋਹਾ ਮੰਨਦੇ ਸਨ।
ਜਨਤਾ ਦਰਮਿਆਨ ਆਪਣੀ ਸਿਆਸੀ ਪ੍ਰਤੀਬੱਧਤਾ ਲਈ ਪ੍ਰਸਿੱਧ ਅਟਲ ਬਿਹਾਰੀ ਵਾਜਪਾਈ ਦਾ ਜਨਮ 25 ਦਸੰਬਰ, 1924 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ’ਚ ਇਕ ਕਾਨਿਆਕੁਬਜ ਬ੍ਰਾਹਮਣ ਪਰਿਵਾਰ ’ਚ ਬ੍ਰਹਮ ਮਹੂਰਤ ’ਚ ਮਾਤਾ ਿਕ੍ਰਸ਼ਨਾ ਦੇਵੀ ਦੀ ਕੁੱਖੋਂ ਪਿਤਾ ਕ੍ਰਿਸ਼ਨ ਬਿਹਾਰੀ ਵਾਜਪਾਈ ਦੇ ਘਰ ਹੋਇਆ।
ਵਾਜਪਾਈ ਨੇ ਆਪਣੀ ਸਕੂਲੀ ਸਿੱਖਿਆ ਗਵਾਲੀਅਰ ਦੇ ਸਰਸਵਤੀ ਸ਼ਿਸ਼ੂ ਮੰਦਰ ’ਚ ਕੀਤੀ। 1934 ’ਚ ਇਨ੍ਹਾਂ ਨੂੰ ਉੱਜੈਨ ਜ਼ਿਲੇ ਦੇ ਬਾਰਨਗਰ ’ਚ ਐਂਗਲੋ-ਵਰਨਾਕਿਊਲਰ ਮਿਡਲ (ਏ. ਵੀ. ਐੱਮ.) ਸਕੂਲ ’ਚ ਦਾਖਲ ਕਰਵਾਇਆ ਗਿਆ ਸੀ। ਬਾਅਦ ’ਚ ਉਨ੍ਹਾਂ ਨੇ ਗਵਾਲੀਅਰ ਦੇ ਵਿਕਟੋਰੀਆ ਕਾਲਜ, ਆਗਰਾ ਯੂਨੀਵਰਸਿਟੀ (ਹੁਣ ਮਹਾਰਾਣੀ ਲਕਸ਼ਮੀਬਾਈ ਗਵਰਨਮੈਂਟ ਕਾਲਜ ਆਫ ਐਕਸੀਲੈਂਸ) ਤੋਂ ਹਿੰਦੀ, ਅੰਗਰੇਜ਼ੀ ਅਤੇ ਸੰਸਕ੍ਰਿਤੀ ’ਚ ਆਰਟ ਗ੍ਰੈਜੂਏਸ਼ਨ ਦੇ ਨਾਲ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। 1939 ’ਚ ਵਿਦਿਆਰਥੀ ਜ਼ਿੰਦਗੀ ਤੋਂ ਉਹ ਰਾਸ਼ਟਰੀ ਸਵੈਮਸੇਵਕ ਸੰਘ ਦੇ ਸਵੈਮਸੇਵਕ ਬਣੇ।
ਬਾਬਾ ਸਾਹਿਬ ਆਪਟੇ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਨੇ 1940 ਤੋਂ 1944 ਦੌਰਾਨ ਆਰ. ਐੱਸ. ਐੱਸ. ਦੇ ਟ੍ਰੇਨਿੰਗ ਕੈਂਪਾਂ ’ਚ ਹਿੱਸਾ ਲਿਆ ਅਤੇ 1947 ’ਚ ਪਰਿਵਾਰ ਛੱਡ ਕੇ ਪ੍ਰਚਾਰਕ ਬਣ ਕੇ ਸਾਰੀ ਉਮਰ ਅਣਵਿਆਹੇ ਰਹੇ। 1951 ’ਚ ਉਨ੍ਹਾਂ ਨੂੰ ਆਰ. ਐੱਸ. ਐੱਸ. ਵਲੋਂ ਨਵਗਠਿਤ ਸਿਆਸੀ ਪਾਰਟੀ ਭਾਰਤੀ ਜਨਸੰਘ ਦੇ ਉੱਤਰੀ ਖੇਤਰ ਦੇ ਇੰਚਾਰਜ ਅਤੇ ਪਾਰਟੀ ਦੇ ਰਾਸ਼ਟਰੀ ਸਕੱਤਰ ਵਜੋਂ ਨਿਯੁਕਤ ਕੀਤਾ ਿਗਆ।
1952 ’ਚ ਇਨ੍ਹਾਂ ਨੇ ਪਹਿਲੀ ਵਾਰ ਲੋਕ ਸਭਾ ਚੋਣ ਲੜੀ, ਪਰ ਸਫਲਤਾ ਨਹੀਂ ਮਿਲੀ। 1957 ਦੀਆਂ ਆਮ ਚੋਣਾਂ ’ਚ ਵਾਜਪਾਈ ਬਲਰਾਮਪੁਰ ਲੋਕ ਸਭਾ ਹਲਕੇ ਤੋਂ ਚੁਣੇ ਗਏ। ਲੋਕ ਸਭਾ ’ਚ ਉਨ੍ਹਾਂ ਦੇ ਭਾਸ਼ਣ ਦੀ ਕਲਾ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਨ੍ਹਾਂ ਨੇ ਭਵਿੱਖਬਾਣੀ ਕੀਤੀ ਕਿ ਵਾਜਪਾਈ ਇਕ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ। 1968 ’ਚ ਜਨਸੰਘ ਦੇ ਰਾਸ਼ਟਰੀ ਪ੍ਰਧਾਨ ਬਣੇ।
1975 ’ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਐਮਰਜੈਂਸੀ ਦਾ ਕਾਲਾ ਕਾਨੂੰਨ ਦੇਸ਼ ’ਤੇ ਥੋਪਣ ’ਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ ’ਚ ਬੰਦ ਕਰ ਦਿੱਤਾ ਿਗਆ। 1977 ’ਚ ਜਨਤਾ ਪਾਰਟੀ ਬਣਾਉਣ ਲਈ ਭਾਰਤੀ ਜਨਸੰਘ ਦਾ ਕਈ ਹੋਰਨਾਂ ਪਾਰਟੀਆਂ ਨਾਲ ਰਲੇਵਾਂ ਹੋ ਗਿਆ ਜਿਸ ਨੇ 1977 ਦੀਆਂ ਆਮ ਚੋਣਾਂ ਜਿੱਤੀਆਂ।
ਮਾਰਚ 1977 ’ਚ ਵਾਜਪਾਈ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੇ ਮੰਤਰੀ ਮੰਡਲ ’ਚ ਵਿਦੇਸ਼ ਮੰਤਰੀ ਬਣੇ। ਇਨ੍ਹਾਂ ਨੇ 1979 ’ਚ ਅਸਤੀਫਾ ਦੇ ਦਿੱਤਾ ਅਤੇ ਇਸ ਦੇ ਤੁਰੰਤ ਬਾਅਦ ਜਨਤਾ ਗੱਠਜੋੜ ਟੁੱਟ ਿਗਆ। ਭਾਰਤੀ ਜਨਸੰਘ ਦੇ ਸਾਬਕਾ ਮੈਂਬਰਾਂ ਨੇ 6 ਦਸੰਬਰ, 1980 ’ਚ ਭਾਜਪਾ ਦਾ ਗਠਨ ਕੀਤਾ, ਜਿਸਦੇ ਉਹ ਪਹਿਲੇ ਪ੍ਰਧਾਨ ਬਣੇ।
ਨਵੰਬਰ 1995 ’ਚ ਮੁੰਬਈ ’ਚ ਭਾਜਪਾ ਦੇ ਇਕ ਸੰਮੇਲਨ ਦੌਰਾਨ, ਭਾਜਪਾ ਪ੍ਰਧਾਨ ਅਡਵਾਨੀ ਨੇ ਐਲਾਨ ਕੀਤਾ ਕਿ ਵਾਜਪਾਈ ਆਉਣ ਵਾਲੀਆਂ ਚੋਣਾਂ ’ਚ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹੋਣਗੇ। 6 ਦਸੰਬਰ, 1992 ਨੂੰ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰਨ ਦੇ ਨਤੀਜੇ ਵਜੋਂ ਦੇਸ਼ ਭਰ ’ਚ ਧਾਰਮਿਕ ਧਰੁਵੀਕਰਨ ਨਾਲ 1996 ਦੀਆਂ ਆਮ ਚੋਣਾਂ ’ਚ ਭਾਜਪਾ ਸੰਸਦ ’ਚ ਸਭ ਤੋਂ ਵੱਡੀ ਪਾਰਟੀ ਬਣ ਗਈ, ਤਾਂ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਨੇ ਵਾਜਪਾਈ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ। ਵਾਜਪਾਈ ਨੇ ਭਾਰਤ ਦੇ 10ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਪਰ ਭਾਜਪਾ ਲੋਕ ਸਭਾ ਦੇ ਮੈਂਬਰਾਂ ਦੇ ਦਰਮਿਆਨ ਬਹੁਮਤ ਹਾਸਲ ਕਰਨ ’ਚ ਅਸਫਲ ਰਹੀ।
ਇਨ੍ਹਾਂ ਨੇ ਭਾਰਤ ਦੇ 10ਵੇਂ ਪ੍ਰਧਾਨ ਮੰਤਰੀ ਵਜੋਂ 3 ਵਾਰ ਸੇਵਾ ਕੀਤੀ। ਪਹਿਲੀ ਵਾਰ 1996 ’ਚ 13 ਦਿਨਾਂ ਦਾ ਅਰਸਾ, ਫਿਰ 1998 ਤੋਂ 1999 ਤੱਕ 13 ਮਹੀਨਿਆਂ ਦਾ ਅਰਸਾ ਅਤੇ ਉਸ ਦੇ ਬਾਅਦ 1999 ਤੋਂ 2004 ਤੱਕ ਮੁਕੰਮਲ ਕਾਰਜਕਾਲ ਲਈ।
ਵਾਜਪਾਈ ਨੇ ਪਾਕਿਸਤਾਨ ਨਾਲ ਡਿਪਲੋਮੈਟਿਕ ਸੰਬੰਧਾਂ ’ਚ ਸੁਧਾਰ ਕਰਨ ’ਤੇ ਜ਼ੋਰ ਦਿੱਤਾ ਅਤੇ ਪਹਿਲ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮਿਲਣ ਲਈ ਬੱਸ ਰਾਹੀਂ ਲਾਹੌਰ ਦੀ ਯਾਤਰਾ ਕੀਤੀ। ਪਾਕਿਸਤਾਨ ਨਾਲ 1999 ਦੀ ਕਾਰਗਿਲ ਜੰਗ ਤੋਂ ਬਾਅਦ ਇਨ੍ਹਾਂ ਨੇ ਪਾਕਿਸਤਾਨੀ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨਾਲ ਗੱਲਬਾਤ ਰਾਹੀਂ ਸੰਬੰਧਾਂ ਨੂੰ ਬਹਾਲ ਕਰਨ ਲਈ ਉਨ੍ਹਾਂ ਨੂੰ ਆਗਰਾ ’ਚ ਇਕ ਸਿਖਰ ਸੰਮੇਲਨ ਲਈ ਭਾਰਤ ਸੱਦਿਆ। ਇਨ੍ਹਾਂ ਨੇ ਆਪਣੇ ਕਾਰਜਕਾਲ ’ਚ ਸਾਰੇ ਭਾਰਤ ਦੇ 4 ਕੋਨਿਆਂ ਨੂੰ ਸੜਕੀ ਮਾਰਗ ਨਾਲ ਜੋੜਨ ਲਈ ਸੁਨਹਿਰੀ ਚਤਰਭੁਜ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। 1994 ’ਚ ਇਨ੍ਹਾਂ ਨੂੰ ਭਾਰਤ ਦਾ ‘ਸਰਵੋਤਮ ਸੰਸਦ ਮੈਂਬਰ’ ਚੁਣਿਆ ਗਿਆ। 2015 ’ਚ ਇਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਵਲੋਂ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਿਗਆ ਸੀ।
ਅਟਲ ਬਿਹਾਰੀ ਵਾਜਪਾਈ ਜੀ ਨੂੰ 2009 ’ਚ ਦਿਲ ਦਾ ਇਕ ਦੌਰਾ ਪਿਆ ਸੀ, ਜਿਸ ਦੇ ਬਾਅਦ ਉਹ ਬੋਲਣ ’ਚ ਅਸਮਰੱਥ ਹੋ ਗਏ ਸਨ। ਉਨ੍ਹਾਂ ਨੂੰ 11 ਜੂਨ, 2018 ’ਚ ਕਿਡਨੀ ’ਚ ਇਨਫੈਕਸ਼ਨ ਅਤੇ ਕੁਝ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ’ਚ ਦਾਖਲ ਕਰਵਾਇਆ ਿਗਆ, ਜਿੱਥੇ 16 ਅਗਸਤ, 2018 ਨੂੰ ਸ਼ਾਮ 5.05 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਅਟਲ ਜੀ ਨੇ ਕਿਹਾ ਸੀ, ‘ਸੱਤਾ ਦੀ ਖੇਡ ਤਾਂ ਚੱਲੇਗੀ, ਸਰਕਾਰਾਂ ਆਉਣਗੀਆਂ, ਜਾਣਗੀਆਂ, ਪਾਰਟੀਆਂ ਬਣਨਗੀਆਂ ਪਰ ਇਹ ਦੇਸ਼ ਰਹਿਣਾ ਚਾਹੀਦਾ ਹੈ, ਇਸ ਦੇਸ਼ ਦਾ ਲੋਕਤੰਤਰ ਅਮਰ ਰਹਿਣਾ ਚਾਹੀਦਾ ਹੈ।’
ਸੁਰੇਸ਼ ਕੁਮਾਰ ਗੋਇਲ