‘ਆਨਲਾਈਨ ਮਨੀ ਗੇਮਜ਼ ਆਦਿ ਦਾ ਨਤੀਜਾ’ ਹੋ ਰਹੀਆਂ ਮੌਤਾਂ, ਉਜੜ ਰਹੇ ਪਰਿਵਾਰ!

Thursday, Feb 05, 2026 - 05:20 AM (IST)

‘ਆਨਲਾਈਨ ਮਨੀ ਗੇਮਜ਼ ਆਦਿ ਦਾ ਨਤੀਜਾ’ ਹੋ ਰਹੀਆਂ ਮੌਤਾਂ, ਉਜੜ ਰਹੇ ਪਰਿਵਾਰ!

ਭਾਰਤ ’ਚ ਸਰਕਾਰ ਨੇ ਆਨਲਾਈਨ ਗੇਮਿੰਗ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਫਿਰ ਵੀ ਇਥੇ ‘ਡਾਰਕ ਵੈੱਬ’ ਦੇ ਜ਼ਰੀਏ ਕਈ ‘ਆਨਲਾਈਨ ਗੇਮਜ਼’ ਚੱਲ ਰਹੀਆਂ ਹਨ ਜਿਨ੍ਹਾਂ ਨੂੰ ਖੇਡਣ ਨਾਲ ਨਾ ਸਿਰਫ ਲੋਕਾਂ ਦੀ ਵੱਡੀ ਆਰਥਿਕ ਹਾਨੀ ਹੋ ਰਹੀ ਹੈ ਸਗੋਂ ਗੇਮਿੰਗ ਦੀ ਲਤ ਦੇ ਸ਼ਿਕਾਰ ਬੱਚੇ ਅਤੇ ਵੱਡੇ ਗੇਮ ਦੇ ਟਾਸਕ ਨੂੰ ਪੂਰਾ ਕਰਨ ਦੇ ਚੱਕਰ ’ਚ ਆਪਣੇ ਪ੍ਰਾਣ ਵੀ ਗਵਾ ਰਹੇ ਹਨ ਜਿਸ ਦੀਆਂ ਪਿਛਲੇ 6 ਮਹੀਨੇ ਦੀਆਂ ਘਟਨਾਵਾਂ ਹੇਠਾਂ ਦਰਜ ਹਨ :

* 15 ਅਗਸਤ, 2025 ਨੂੰ ‘ਲਖਨਊ’ (ਉੱਤਰ ਪ੍ਰਦੇਸ਼) ’ਚ ਇਕ 18 ਸਾਲਾ ਨੌਜਵਾਨ ਨੇ ਆਨਲਾਈਨ ਗੇਮਿੰਗ ਦੀ ਆਪਣੀ ਲਤ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ’ਚ ਅਸਫਲ ਰਹਿਣ ’ਤੇ ਖੁਦਕੁਸ਼ੀ ਕਰ ਲਈ। ਆਪਣੇ ਸੂਸਾਈਡ ਨੋਟ ’ਚ ਉਸ ਨੇ ਲਿਖਿਆ ਕਿ ਉਸ ਦੀ ਆਨਲਾਈਨ ਗੇਮਿੰਗ ਦੀ ਲਤ ਉਸ ਦੇ ਪਰਿਵਾਰ ਨੂੰ ਸੰਕਟ ’ਚ ਪਾ ਸਕਦੀ ਸੀ।

* 16 ਸਤੰਬਰ, 2025 ਨੂੰ ‘ਲਖਨਊ’ (ਉੱਤਰ ਪ੍ਰਦੇਸ਼) ’ਚ 6ਵੀਂ ਜਮਾਤ ’ਚ ਪੜ੍ਹਨ ਵਾਲੇ ਇਕ 13 ਸਾਲਾ ਬੱਚੇ ਨੇ ਅਾਨਲਾਈਨ ਗੇਮ ਖੇਡਦੇ ਹੋਏ ਅਾਪਣੇ ਪਿਤਾ ਦੇ 14 ਲੱਖ ਰੁਪਏ ਡੁਬੋ ਦਿੱਤੇ। ਬੱਚੇ ਦੇ ਪਿਤਾ ਨੇ ਜਦੋਂ ਇਸ ਦਾ ਪਤਾ ਲੱਗਣ ’ਤੇ ਘਰ ’ਚ ਉਸ ਦੀ ਕਰਤੂਤ ਦੀ ਚਰਚਾ ਕੀਤੀ ਤਾਂ ਬੱਚੇ ਨੂੰ ਇੰਨਾ ਡੂੰਘਾ ਸਦਮਾ ਲੱਗਾ ਕਿ ਉਸ ਨੇ ਪੜ੍ਹਾਈ ਦੇ ਬਹਾਨੇ ਅਾਪਣ ੇ ਕਮਰੇ ’ਚ ਜਾ ਕੇ ਫਾਂਸੀ ਲਗਾ ਲਈ।

* 16 ਜਨਵਰੀ, 2026 ਨੂੰ ਪਾਨੀਪਤ (ਹਰਿਆਣਾ) ’ਚ ਇਕ ਨੌਜਵਾਨ ਨੇ ‘ਏਵੀਏਟਰ’ ਨਾਂ ਦੇ ਅਾਨਲਾਈਨ ਗੇਮ ’ਚ ਲੱਖਾਂ ਰੁਪਏ ਹਾਰ ਜਾਣ ਕਾਰਨ ਮਾਨਸਿਕ ਤਣਾਅ ’ਚ ਅਾ ਕੇ ਫਾਂਸੀ ਲਗਾ ਲਈ ਅਤੇ ਇਕ ਖੁਸ਼ਹਾਲ ਪਰਿਵਾਰ ਤਬਾਹ ਹੋ ਗਿਆ।

ਮ੍ਰਿਤਕ ਦੇ ਪਰਿਵਾਰ ਵਾਲਿਅਾਂ ਅਨੁਸਾਰ ਉਸ ਨੇ ‘ਏਵੀਏਟਰ’ ਗੇਮ ਦੀ ਸ਼ੁਰੂਆਤ ਬਹੁਤ ਛੋਟੀ ਰਕਮ ਨਾਲ ਕੀਤੀ ਸੀ। ਸ਼ੁਰੂ ’ਚ ਕੁਝ ਰਕਮਾਂ ਦੀ ਜਿੱਤ ਨੇ ਉਸ ਦਾ ਹੌਸਲਾ ਵਧਾਇਆ ਪਰ ਉਹ ਜਿੱਤਾਂ ਸਿਰਫ ਇਕ ਜਾਲ ਸੀ        ਜਿਨ੍ਹਾਂ ’ਚ ਫਸਣ ਤੋਂ ਬਾਅਦ ਉਹ ਲਗਾਤਾਰ ਹਾਰਦਾ ਚਲਾ ਗਿਆ ਜਿਸ ਦਾ ਅੰਜਾਮ ਕਰਜ਼ੇ ਅਤੇ ਖੁਦਕੁਸ਼ੀ ’ਚ ਨਿਕਲਿਅਾ।

* 2 ਫਰਵਰੀ, 2026 ਨੂੰ ‘ਭੋਪਾਲ’ ( ਮੱਧ ਪ੍ਰਦੇਸ਼) ’ਚ ਮੋਬਾਇਲ ਗੇਮਿੰਗ ਦੀ ਲਤ ਦੇ ਸ਼ਿਕਾਰ ਅੱਠਵੀਂ ਜਮਾਤ ਦੇ 14 ਸਾਲਾ ਵਿਦਿਅਾਰਥੀ ‘ਅੰਸ਼’ ਨੇ ‘ਬਲੂ ਵੇਲ੍ਹ’ ਗੇਮ ਦਾ ਆਖਰੀ ਟਾਸਕ ਪੂਰਾ ਕਰਨ ਦੇ ਜਨੂੰਨ ’ਚ ਅਾਪਣੇ ਘਰ ’ਚ ਫਾਂਸੀ ਲਗਾ ਲਈ।

‘ਬਲੂ ਵੇਲ੍ਹ’ ਗੇਮ ਇਕ ਮਨੋਵਿਗਿਆਨਿਕ ਜਾਲ ਹੈ ਜੋ 50 ਦਿਨਾਂ ਤਕ ਚੱਲਦਾ ਹੈ। ਇਸ ’ਚ ਇਕ ਅਣਪਛਾਤਾ ‘ਐਡਮਿਨਿਸਟ੍ਰੇਟਰ’ ਖਿਡਾਰੀ ਨੂੰ ਹਰ ਦਿਨ ਇਕ ਟਾਸਕ ਦਿੰਦਾ ਹੈ।

ਇਸ ਦੀ ਸ਼ੁਰੂਆਤ ਡਰਾਉਣੀਅਾਂ ਫਿਲਮਾਂ ਦੇਖਣ ਅਤੇ ਸਵੇਰੇ 4.20 ਵਜੇ ਜਾਗਣ ਵਰਗੇ ਸਾਧਾਰਨ ਕੰਮਾਂ ਨਾਲ ਹੁੰਦੀ ਹੈ ਪਰ 50ਵੇਂ ਦਿਨ ਖਿਡਾਰੀ ਨੂੰ ਖੁਦਕੁਸ਼ੀ ਦਾ ਟਾਸਕ ਦਿੱਤਾ ਜਾਂਦਾ ਹੈ । ਜੇਕਰ ਕੋਈ ਖਿਡਾਰੀ ਵਿਚਾਲੇ ਹੀ ਖੇਡ ਛੱਡਣਾ ਚਾਹੇ ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਧਮਕਾ ਕੇ ਮਜਬੂਰ ਕੀਤਾ ਜਾਂਦਾ ਹੈ।

ਹਾਲਾਂਕਿ ਭਾਰਤ ਸਰਕਾਰ ਨੇ 2017-18 ’ਚ ਇਸ ’ਤੇ ਸਖਤ ਪਾਬੰਦੀ ਲਗਾਈ ਸੀ ਪਰ ਮਾਹਿਰਾਂ ਦੇ ਅਨੁਸਾਰ ਇਹ ਗੇਮ ਨਵੇਂ ਨਾਵਾਂ ਨਾਲ ਇੰਟਰਨੈੱਟ ਦੇ ਡਾਰਕ ਕੋਨਿਅਾਂ ’ਚ ਅੱਜ ਵੀ ਮੌਜੂਦ ਹੈ। ਸਾਈਬਰ ਮਾਹਿਰਾਂ ਅਤੇ ਮਨੋਵਿਗਿਆਨਿਕਾਂ ਦਾ ਕਹਿਣਾ ਹੈ ਕਿ ਜੇਕਰ ਬੱਚਾ ਅਚਾਨਕ ਇਕੱਲਾ ਰਹਿਣ ਲੱਗੇ, ਸਾਰੀ ਰਾਤ ਜਾਗ ਕੇ ਫੋਨ ਚਲਾਏ ਜਾਂ ਉਸ ਦੇ ਵਿਵਹਾਰ ’ਚ ਚਿੜਚਿੜਾਪਨ ਆਏ ਤਾਂ ਇਹ ਖਤਰੇ ਦੇ ਸੰਕੇਤ ਹਨ।

* ਅਤੇ ਹੁਣ 3 ਫਰਵਰੀ, 2026 ਨੂੰ ਦੇਰ ਰਾਤ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ’ਚ ‘ਆਨਲਾਈਨ ਟਾਸਕ ਬੇਸਡ ਕੋਰੀਅਨ ਲਵ ਗੇਮ’ ਖੇਡਣ ’ਚ ਰੁੱਝੀਅਾਂ 3 ਸਕੀਅਾਂ ਨਾਬਾਲਗ ਭੈਣਾਂ ਨੇ ਗੇਮ ਦਾ ਟਾਸਕ ਪੂਰਾ ਕਰਨ ਤੋਂ ਬਾਅਦ ਅਾਪਣੀ ਇਮਾਰਤ ਦੀ 9ਵੀਂ ਮੰਜ਼ਿਲ ਤੋਂ ਇਕੱਠਿਅਾਂ ਕੁੱਦ ਕੇ ਖੁਦਕੁਸ਼ੀ ਕਰ ਲਈ। ਤਿੰਨੋਂ ਭੈਣਾਂ ਨਹਾਉਣ, ਖਾਣ, ਸਕੂਲ ਜਾਣ ਅਤੇ ਸੌਣ ਵਰਗੇ ਸਾਰੇ ਕੰਮ ਇਕੱਠੇ ਕਰਿਆ ਕਰਦੀਅਾਂ ਸਨ।

‘ਕੋਰੀਅਨ ਟਾਸਕ ਬੇਸਡ ਗੇਮ’ ਵਿਚ ਖਿਡਾਰੀ ਨੂੰ ਟੀਚਾ ਦਿੱਤਾ ਜਾਂਦਾ ਹੈ ਅਤੇ ਉਹ ਉਸ ਦੇ ਅਨੁਸਾਰ ਅੱਗੇ ਵਧਦਾ ਹੈ। ਪੁਲਸ ਅਨੁਸਾਰ ਪਰਿਵਾਰ ਵਾਲਿਅਾਂ ਨੇ ਕੁਝ ਸਮੇਂ ਤੋਂ ਉਨ੍ਹਾਂ ਦੇ ਮੋਬਾਇਲ ਫੋਨ ਦੀ ਵਰਤੋਂ ’ਤੇ ਰੋਕ ਲਗਾ ਦਿੱਤੀ ਸੀ। ਸ਼ਾਇਦ ਇਸੇ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਅਾ।

ਦੇਸ਼ ’ਚ ਅਾਨਲਾਈਨ ਗੇਮਜ਼ ਦੇ ਕਾਰਨ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਅਗਸਤ, 2025 ’ਚ ਸੰਸਦ ਨੇ ‘ਪ੍ਰਮੋਸ਼ਨ ਅੈਂਡ ਰੈਗੂਲੇਸ਼ਨ ਆਫ ਅਾਨਲਾਈਨ ਗੇਮਿੰਗ ਐਕਟ-2025’ ਪਾਸ ਕੀਤਾ ਸੀ ਪਰ ਇਸ ਦੇ ਬਾਵਜੂਦ ਅਾਨਲਾਈਨ ਗੇਮਜ਼ ਦਾ ਪ੍ਰਸਾਰ ਰੁਕਿਆ ਨਹੀਂ ਹੈ। ਇਸ ਲਈ ਅਜਿਹੇ ਪਲੇਟਫਾਰਮਜ਼ ਦੇ ਵਿਰੁੱਧ ਤੁਰੰਤ ਕਾਰਵਾਈ ਕਰਕੇ ਇਨ੍ਹਾਂ ’ਤੇ ਰੋਕ ਲਗਾਉਣੀ ਚਾਹੀਦੀ ਹੈ।

ਆਨਲਾਈਨ ਗੇਮ ਦੇ ਭਿਆਨਕ ਨਤੀਜਿਆਂ ਦੀਆਂ ਇਹ ਤਾਂ ਸਿਰਫ ਕੁਝ ਉਦਾਹਰਣਾਂ ਹੀ ਹਨ। ਇਸ ਨੂੰ ਦੇਖਦੇ ਹੋਏ ਪੁਲਸ ਅਤੇ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ’ਤੇ ਮਾਪਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਆਨਲਾਈਨ ਸਰਗਰਮੀਆਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਅਜਿਹੀਆਂ ਖਤਰਨਾਕ ਗੇਮਾਂ ਤੋਂ ਦੂਰ ਰੱਖਣ।

–ਵਿਜੇ ਕੁਮਾਰ


author

Sandeep Kumar

Content Editor

Related News