ਕਾਂਵੜ ਯਾਤਰਾ ਦੇ ਦੌਰਾਨ ਹਾਦਸਿਆਂ ’ਚ ਸ਼ਿਵ ਭਗਤਾਂ ਦੀਆਂ ਦੁਖਦਾਈ ਮੌਤਾਂ
Wednesday, Aug 07, 2024 - 03:45 AM (IST)
ਸਾਉਣ ਮਹੀਨੇ ’ਚ ਭਗਵਾਨ ਭੋਲੇਨਾਥ ਦੇ ਭਗਤ ਗੰਗਾ ਅਤੇ ਹੋਰ ਪਵਿੱਤਰ ਨਦੀਆਂ ਨਰਮਦਾ, ਸ਼ਿਪਰਾ ਆਦਿ ਦੇ ਤੱਟਾਂ ’ਤੇ ਇਸ਼ਨਾਨ ਕਰਨ ਪਿੱਛੋਂ ਕਲਸ਼ ’ਚ ਉਨ੍ਹਾਂ ਦਾ ਜਲ ਭਰ ਕੇ ਉਨ੍ਹਾਂ ਨੂੰ ਰੰਗ-ਬਿਰੰਗੇ ਝੰਡਿਆਂ, ਵੰਦਨਵਾਰਾਂ, ਧਾਗਿਆਂ, ਚਮਕੀਲੇ ਫੁੱਲਾਂ ਆਦਿ ਨਾਲ ਸਜਾਈ ਕਾਂਵੜਾਂ ’ਤੇ ਬੰਨ੍ਹ ਕੇ ਅਤੇ ਆਪਣੇ ਮੋਢੇ ’ਤੇ ਲਟਕਾ ਕੇ ਆਪਣੇ-ਆਪਣੇ ਇਲਾਕਿਆਂ ਦੇ ਸ਼ਿਵਾਲਿਆਂ ’ਚ ਲਿਆ ਕੇ ਸ਼ਿਵਲਿੰਗ ’ਤੇ ਅਰਪਿਤ ਕਰਦੇ ਹਨ।
ਕਾਂਵੜ ਯਾਤਰਾ ਦੌਰਾਨ ਸੜਕ ਹਾਦਸਿਆਂ ਅਤੇ ਕਰੰਟ ਆਦਿ ਲੱਗਣ ਕਾਰਨ ਇਸ ਸਾਲ ਹੋਈਆਂ ਦਰਦਨਾਕ ਘਟਨਾਵਾਂ ਹੇਠਾਂ ਦਰਜ ਹਨ :
* 20 ਜੁਲਾਈ ਨੂੰ ਉੱਤਰ ਪ੍ਰਦੇਸ਼ ’ਚ ਜ਼ਿਲਾ ਬਿਜਨੌਰ ਦੇ ‘ਨਹਟੌਰ’ ’ਚ ਇਕ ਅੱਲ੍ਹੜ ਕਾਂਵੜੀਏ ਦੀ ਮੋਟਰਸਾਈਕਲ ਤਿਲਕ ਜਾਣ ਕਾਰਨ ਮੌਤ ਹੋ ਗਈ।
* 21 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ ’ਚ ਹੀ ਹਰਿਦੁਆਰ-ਕਾਸ਼ੀਪੁਰ ਹਾਈਵੇ ’ਤੇ ‘ਕੋਤਵਾਲੀ ਦਿਹਾਤ’ ’ਚ ਅਣਪਛਾਤੇ ਵਾਹਨ ਦੀ ਟੱਕਰ ਨਾਲ ਅਮਰੋਹਾ ਦੇ ਮੋਟਰਸਾਈਕਲ ਸਵਾਰ ਕਾਂਵੜੀਏ ਦੀ ਜਾਨ ਚਲੀ ਗਈ।
* 21 ਜੁਲਾਈ ਨੂੰ ਹੀ ਹਰਿਦੁਆਰ-ਕਾਸ਼ੀਪੁਰ ਹਾਈਵੇ ’ਤੇ ਥਾਣਾ ‘ਰੇਹੜ’ ਦੇ ਨੇੜੇ ਚਾਰ ਕਾਂਵੜੀਆਂ ਦੀ ਮੋਟਰਸਾਈਕਲ ਇਕ ਆਵਾਰਾ ਜਾਨਵਰ ਨਾਲ ਟਕਰਾ ਜਾਣ ਕਾਰਨ 3 ਕਾਂਵੜੀਆਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ।
* 29 ਜੁਲਾਈ ਨੂੰ ਮੋਟਰਸਾਈਕਲ ’ਤੇ ਕਾਂਵੜ ਲੈਣ ਜਾ ਰਹੇ ਵਿਜੈ ਨਾਂ ਦੇ ਨੌਜਵਾਨ ਦੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲੇ ’ਚ ਸੜਕ ਹਾਦਸੇ ’ਚ ਮੌਤ ਹੋ ਗਈ।
* 31 ਜੁਲਾਈ ਨੂੰ ਹਿਸਾਰ ’ਚ ਤੇਜ਼ ਮੀਂਹ ਕਾਰਨ ਦਿੱਲੀ ਬਾਈਪਾਸ ’ਤੇ ਸ਼ਨੀ ਮੰਦਰ ਦੇ ਨੇੜੇ ਇਕ ਕਾਂਵੜ ਕੈਂਪ ਦਾ ਪੰਡਾਲ ਡਿਗਣ ਨਾਲ ਸੇਵਾਦਾਰ ਜਤਿੰਦਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਸੇ ਦਿਨ ਕੈਥਲ ’ਚ ਚੰਡੀਗੜ੍ਹ-ਹਿਸਾਰ ਰਾਸ਼ਟਰੀ ਰਾਜਮਾਰਗ ’ਤੇ ‘ਚੰਦਾਨਾ’ ਪਿੰਡ ਨੇੜੇ ਰਾਜਸਥਾਨ ਦੇ ਇਕ ਕਾਂਵੜੀਏ ਮਹਿੰਦਰ ਦੀ ਟਰੱਕ ਦੀ ਲਪੇਟ ’ਚ ਆਉਣ ਨਾਲ ਜਾਨ ਚਲੀ ਗਈ।
* 2 ਅਗਸਤ ਨੂੰ ਗੰਗਾਜਲ ਲੈ ਕੇ ਦਿੱਲੀ ਪਰਤ ਰਹੇ ਮੋਟਰਸਾਈਕਲਾਂ ’ਤੇ ਸਵਾਰ 2 ਕਾਂਵੜੀਏ ਸ਼ੁਭਮ ਪਾਂਡੇ ਅਤੇ ਰਾਹੁਲ ਦੂਬੇ ਨੋਇਡਾ ’ਚ ਦਿੱਲੀ-ਮੇਰਠ ਐਕਸਪ੍ਰੈੱਸ-ਵੇ ’ਤੇ ਮੋਟਰਸਾਈਕਲ ਬੇਕਾਬੂ ਹੋ ਕੇ ਸਲਿਪ ਹੋ ਜਾਣ ਕਾਰਨ ਦੋਵੇਂ ਡਿੱਗ ਕੇ ਗੰਭੀਰ ਜ਼ਖਮੀ ਹੋ ਗਏ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
* 3 ਅਗਸਤ ਨੂੰ ਹਰਿਦੁਆਰ ਤੋਂ ਮੋਟਰਸਾਈਕਲਾਂ ’ਤੇ ਜਲ ਲੈ ਕੇ ਆ ਰਹੇ 36 ਕਾਂਵੜੀਆਂ ਦੇ ਜੱਥੇ ਦੇ ਇਕ ਮੋਟਰਸਾਈਕਲ ਦੀ ਸਾਹਮਣੇ ਤੋਂ ਆ ਰਹੇ ਦੂਜੇ ਮੋਟਰਸਾਈਕਲ ਨਾਲ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ’ਚ ਪੀਲੀਭੀਤ ਦੇ ਇਕ ਕਾਂਵੜੀਏ ਤੇਜਪਾਲ ਦੀ ਮੌਤ ਅਤੇ ਉਸ ਦਾ 10 ਸਾਲ ਦਾ ਬੇਟਾ ਅਤੇ ਸਾਥੀ ਕਾਂਵੜੀਆ ਗੰਭੀਰ ਜ਼ਖਮੀ ਹੋ ਗਏ।
* 4 ਅਗਸਤ ਨੂੰ ਬਿਹਾਰ ਦੇ ਵੈਸ਼ਾਲੀ ਜ਼ਿਲੇ ਦੇ ਸੁਲਤਾਨਪੁਰ ’ਚ ਕਾਂਵੜੀਆਂ ਨਾਲ ਭਰੀ ਇਕ ਟ੍ਰਾਲੀ ਦੇ ਮਿਊਜ਼ਿਕ ਸਿਸਟਮ ਦੇ 11000 ਵੋਲਟ ਦੀ ਹਾਈਟੈਂਸ਼ਨ ਬਿਜਲੀ ਦੀ ਤਾਰ ਦੀ ਲਪੇਟ ’ਚ ਆ ਜਾਣ ਨਾਲ ਉਸ ’ਚ ਅੱਗ ਲੱਗ ਜਾਣ ਦੇ ਸਿੱਟੇ ਵਜੋਂ 9 ਕਾਂਵੜੀਆਂ ਦੀ ਮੌਤ ਅਤੇ 8 ਹੋਰ ਗੰਭੀਰ ਤੌਰ ’ਤੇ ਝੁਲਸ ਗਏ।
* 5 ਅਗਸਤ ਨੂੰ ਬਿਹਾਰ ਦੇ ਕਟਿਹਾਰ ’ਚ ‘ਮਨਿਹਾਰੀ’ ਥਾਣਾ ਇਲਾਕੇ ਦੇ ਪਿੰਡ ‘ਕੁਮਾਰੀਪੁਰ’ ਦੇ ਨੇੜੇ ਸਵੇਰੇ-ਸਵੇਰੇ ਮੋਟਰਸਾਈਕਲਾਂ ਦਰਮਿਆਨ ਟੱਕਰ ’ਚ ਗੰਗਾ ਘਾਟ ’ਤੇ ਜਲ ਭਰਨ ਜਾ ਰਹੇ 4 ਕਾਂਵੜੀਆਂ ਦੀ ਮੌਤ ਹੋ ਗਈ।
* 5 ਅਗਸਤ ਨੂੰ ਹੀ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ ਦੇ ਜੈਰਾਮਪੁਰ ਇਲਾਕੇ ’ਚੋਂ ਲੰਘ ਰਹੇ ਕਾਂਵੜੀਆਂ ਦੇ ਇਕ ਦਲ ਨੂੰ ਤੇਜ਼ ਰਫਤਾਰ ਕਾਰ ਨੇ ਕੁਚਲ ਦਿੱਤਾ ਜਿਸ ਦੇ ਸਿਟੇ ਵਜੋਂ 17 ਸਾਲਾ ਇਕ ਲੜਕੀ ਨੇਹਾ ਦੀ ਮੌਤ ਅਤੇ ਅਰੁਣ, ਸੰਜਨਾ ਅਤੇ ਰਜਨੀ ਸਮੇਤ 3 ਕਾਂਵੜੀਏ ਜ਼ਖਮੀ ਹੋ ਗਏ।
* 6 ਅਗਸਤ ਨੂੰ ਬੁਲੰਦਸ਼ਹਿਰ ਦੇ ਰਾਜਘਾਟ ਤੋਂ ਕਾਂਵੜ ਲੈ ਕੇ ਵ੍ਰਿੰਦਾਵਨ ਦੇ ਗੋਪੇਸ਼ਵਰ ਮਹਾਦੇਵ ਮੰਦਰ ’ਚ ਜਲਭਿਸ਼ੇਖ ਕਰਨ ਪਿੱਛੋਂ ਆਪਣੇ ਪਿੰਡ ਪਰਤ ਰਹੇ 3 ਨੌਜਵਾਨ ਕਾਂਵੜੀਆਂ ਨੂੰ ਇਕ ਟ੍ਰੈਕਟਰ-ਟ੍ਰਾਲੀ ਨੇ ਕੁਚਲ ਦਿੱਤਾ।
ਹਾਲਾਂਕਿ ਵੱਖ-ਵੱਖ ਸੂਬਿਆਂ ਦੀਆਂ ਸਬੰਧਤ ਸਰਕਾਰਾਂ ਕਾਂਵੜ ਯਾਤਰੀਆਂ ਦੀ ਸਹੂਲਤ ਅਤੇ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕਰਦੀਆਂ ਹਨ ਪਰ ਇਸ ਦੇ ਬਾਵਜੂਦ ਕਾਂਵੜ ਯਾਤਰਾਵਾਂ ਦੌਰਾਨ ਹਾਦਸਿਆਂ ਦਾ ਹੋਣਾ ਦੁਖਦਾਈ ਹੈ।
ਚੰਗੇ ਮੰਤਵ ਨਾਲ ਕੀਤੀ ਜਾਣ ਵਾਲੀ ਯਾਤਰਾ ਸੁਰੱਖਿਅਤ ਅਤੇ ਖੁਸ਼ੀ-ਖੁਸ਼ੀ ਸੰਪੰਨ ਹੋਵੇ, ਇਸ ਲਈ ਜਿੱਥੇ ਪ੍ਰਸ਼ਾਸਨ ਨੂੰ ਪੱਕੇ-ਪ੍ਰਬੰਧ ਕਰਨ ਦੀ ਲੋੜ ਹੈ, ਉੱਥੇ ਹੀ ਕਾਂਵੜੀਆਂ ਨੂੰ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਕਿ ਕਿਸੇ ਤਰ੍ਹਾਂ ਦੇ ਅਣਸੁਖਾਵੇਂ ਹਾਦਸੇ ਤੋਂ ਬਚਿਆ ਜਾ ਸਕੇ।
- ਵਿਜੇ ਕੁਮਾਰ