ਅਮਨ ਤੇ ਵਿਕਾਸ ਲਈ ਰਾਜਪਾਲ ਤੇ ਮੁੱਖ ਮੰਤਰੀ ’ਚ ਤਾਲਮੇਲ ਜ਼ਰੂਰੀ

Friday, Sep 06, 2024 - 05:23 PM (IST)

ਪਿਛਲੇ ਦਿਨੀਂ ਰਾਸ਼ਟਰਪਤੀ ਨੇ ਪੰਜਾਬ ਦੇ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫਾ ਮਨਜ਼ੂਰ ਕਰ ਕੇ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਨਿਯੁਕਤੀ ਦਾ ਸਵਾਗਤ ਵੀ ਕੀਤਾ ਸੀ ਪਰ ਨਵੇਂ ਰਾਜਪਾਲ ਵਲੋਂ ਪੰਜਾਬ ਦੇ ਪ੍ਰਮੁੱਖ ਅਫ਼ਸਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਇਕ ਵਾਰ ਫਿਰ ਇੰਝ ਲੱਗਣ ਲੱਗਾ ਸੀ ਕਿ ਪਹਿਲਾਂ ਵਾਂਗ ਹੀ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਦਰਮਿਆਨ ਆਪਸੀ ਤਾਲਮੇਲ ਬੈਠਣਾ ਮੁਸ਼ਕਲ ਹੋਵੇਗਾ।

ਪਰ ਬੀਤੇ ਦਿਨੀਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੰਮ੍ਰਿਤਸਰ ਦੌਰੇ ਦੀ ਖ਼ਬਰ ਨੇ ਪੰਜਾਬ ’ਚ ਪਿਛਲੇ ਢਾਈ ਸਾਲਾਂ ਦੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਭਵਨ ਦਰਮਿਆਨ ਚੱਲੀ ਆ ਰਹੀ ਸਿਆਸੀ ਕੜਵਾਹਟ ਮਿਠਾਸ ’ਚ ਬਦਲਣ ਦੀ ਆਸ ਪੈਦਾ ਕੀਤੀ ਹੈ।

ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਰਾਜਪਾਲ ਤੇ ਮੁੱਖ ਮੰਤਰੀ ਦਰਮਿਆਨ ਤਾਲਮੇਲ ਦੀ ਕਮੀ ਕਾਰਨ ਪੰਜਾਬ ਦਾ ਸਿਆਸੀ ਮਾਹੌਲ ਅਕਸਰ ਭਖਿਆ ਰਹਿੰਦਾ ਸੀ ਤੇ ਗੱਲ ਕਈ ਵਾਰ ਤਲਖ਼-ਕਲਾਮੀ ਤੱਕ ਵੀ ਪਹੁੰਚ ਜਾਂਦੀ ਸੀ। ਇਹ ਵਰਤਾਰਾ ਪੰਜਾਬ ’ਚ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਨ ਤੋਂ ਤਕਰੀਬਨ ਇਕ ਸਾਲ ਬਾਅਦ ਹੀ ਸ਼ੁਰੂ ਹੋ ਗਿਆ ਸੀ ਜਦੋਂ ਮਾਨ ਸਰਕਾਰ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਆਪ੍ਰੇਸ਼ਨ ਲੋਟਸ ਦਾ ਦੋਸ਼ ਲਾ ਕੇ ਵਿਸ਼ਵਾਸ ਮੱਤ ਪ੍ਰਾਪਤ ਕਰਨ ਲਈ ਸੈਸ਼ਨ ਦੀ ਮਨਜ਼ੂਰੀ ਲਈ ਸੀ ਪਰ ਬਾਅਦ ਵਿਚ ਪੰਜਾਬ ਦੇ ਰਾਜਪਾਲ ਨੇ ਵਿਰੋਧੀ ਪਾਰਟੀਆਂ ਦੀ ਮੰਗ ਕਿ ਸੰਵਿਧਾਨ ਵਿਚ ਇਸ ਤਰ੍ਹਾਂ ਵਿਸ਼ਵਾਸ ਮੱਤ ਪ੍ਰਾਪਤ ਕਰਨ ਦੀ ਕੋਈ ਵਿਵਸਥਾ ਨਹੀਂ ਹੈ, ਨੂੰ ਮੰਨ ਕੇ ਇਹ ਮਨਜ਼ੂਰੀ ਰੱਦ ਕਰ ਦਿੱਤੀ ਸੀ। ਇਸ ਕਦਮ ਤੋਂ ਨਾਰਾਜ਼ ਹੋ ਕੇ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਵਿਚ ਪਾਸ ਕਰ ਕੇ ਰੈਗੂਲਰ ਸੈਸ਼ਨ ਦੀ ਪ੍ਰਵਾਨਗੀ ਲਈ ਸੀ ਪਰ ਸਰਕਾਰ ਨੇ ਫਿਰ ਵੀ ਇਸ ਸੈਸ਼ਨ ਵਿਚ ਵਿਸ਼ਵਾਸ ਮੱਤ ਪਾਸ ਕਰਵਾਇਆ ਸੀ ਤੇ ਇਹ 75 ਸਾਲ ਵਿਚ ਦੂਜਾ ਮੌਕਾ ਸੀ ਜਦੋਂ ਕਿਸੇ ਸਰਕਾਰ ਵਲੋਂ ਇਸ ਤਰ੍ਹਾਂ ਵਿਸ਼ਵਾਸ ਮੱਤ ਪਾਸ ਕਰਵਾਇਆ ਗਿਆ ਹੋਵੇ।ਇਸ ਤੋਂ ਪਹਿਲਾਂ 1981 ਵਿਚ ਦਰਬਾਰਾ ਸਿੰਘ ਸਰਕਾਰ ਵਲੋਂ ਵਿਸ਼ਵਾਸ ਮੱਤ ਪੇਸ਼ ਕੀਤਾ ਗਿਆ ਸੀ।

ਵਰਨਣਯੋਗ ਹੈ ਕਿ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ 11 ਹੋਰ ਐੱਮ. ਐੱਲ. ਏਜ਼ ਵਲੋਂ ਪੰਜਾਬ ਦੇ ਡੀ. ਜੀ. ਪੀ. ਨੂੰ ਇਕ ਲਿਖਤੀ ਸ਼ਿਕਾਇਤ ਕੀਤੀ ਗਈ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਕਈ ਮਸਲਿਆਂ ਜਿਵੇਂ ਕਿ ਰਾਜਪਾਲ ਪੁਰੋਹਿਤ ਦੇ ਸਰਹੱਦੀ ਇਲਾਕੇ ਦੇ ਦੌਰੇ ਵਾਲੇ ਦਿਨ ਮੁੱਖ ਮੰਤਰੀ ਵਲੋਂ ਸਾਰੇ ਐੱਸ. ਐੱਸ. ਪੀ. ਅਤੇ ਡੀ. ਸੀ. ਨੂੰ ਚੰਡੀਗੜ੍ਹ ਸੱਦਣਾ, ਸਰਕਾਰ ਵਲੋਂ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਣ ਦੇ ਫ਼ੈਸਲੇ ’ਤੇ ਰਾਜਪਾਲ ਵਲੋਂ ਸਪੱਸ਼ਟੀਕਰਨ ਮੰਗਣਾ, ਰਾਜਪਾਲ ਵਲੋਂ ਪੰਜਾਬ ਸਰਕਾਰ ਵਲੋਂ ਸੱਦੇ ਗਏ ਬਜਟ ਸੈਸ਼ਨ ਦੀ ਪ੍ਰਵਾਨਗੀ ਦੇਣ ਤੋਂ ਮਨ੍ਹਾ ਕਰਨ ’ਤੇ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਪਹੁੰਚ ਕੇ ਸੈਸ਼ਨ ਦੀ ਪ੍ਰਵਾਨਗੀ ਲੈਣ ਵਰਗੇ ਕਾਰਨਾਂ ਕਰਕੇ ਪੰਜਾਬ ਸਰਕਾਰ ਤੇ ਰਾਜਪਾਲ ਵਿਚਕਾਰ ਟਕਰਾਅ ਦੀ ਸਥਿਤੀ ਬਣੀ ਰਹੀ। ਇਨ੍ਹਾਂ ਕਾਰਨਾਂ ਕਰਕੇ ਰਾਜਪਾਲ ਨੇ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ ਕਈ ਬਿੱਲ ਜਿਨ੍ਹਾਂ ਵਿਚ ਯੂਨੀਵਰਸਿਟੀ ਸੋਧ ਬਿੱਲ, ਪੰਜਾਬ ਪੁਲਸ ਸੋਧ ਬਿੱਲ, ਐੱਸ. ਜੀ. ਪੀ. ਸੀ. ਸੋਧ ਬਿੱਲ ਪਾਸ ਕਰਨ ਤੋਂ ਨਾਂਹ ਕਰਕੇ ਰਾਸ਼ਟਰਪਤੀ ਕੋਲ ਭੇਜ ਦਿੱਤੇ ਜਿਨ੍ਹਾਂ ਵਿਚੋਂ ਪੰਜਾਬ ਪੁਲਸ ਸੋਧ ਬਿੱਲ ਤੋਂ ਇਲਾਵਾ ਬਾਕੀ ਬਿੱਲ ਅਜੇ ਤੱਕ ਕਾਨੂੰਨ ਨਹੀਂ ਬਣ ਸਕੇ।

ਇਨ੍ਹਾਂ ਕਾਰਨਾਂ ਕਰਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਦਰਮਿਆਨ ਕੜਵਾਹਟ ਵਧਦੀ ਗਈ। ਇਥੋਂ ਤਕ ਕਿ ਦੋਵੇਂ ਅਖ਼ਬਾਰੀ ਬਿਆਨਬਾਜ਼ੀ ਵੀ ਕਰਨ ਲੱਗੇ। ਮੁੱਖ ਮੰਤਰੀ ਰਾਜਪਾਲ ਨੂੰ ਇਕ ਸਿਲੈਕਟਡ‌ ਵਿਅਕਤੀ ‌ਦੱਸਣ ਲੱਗੇ ਤੇ ਰਾਜਪਾਲ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਗੱਲ ਕਰਦੇ ਰਹੇ। ਇਸੇ ਦਰਮਿਆਨ ਰਾਜਪਾਲ ਨੇ ਰਾਸ਼ਟਰਪਤੀ ਨੂੰ ਅਸਤੀਫਾ ਭੇਜ ਦਿੱਤਾ, ਜਿਸ ਨੂੰ ਰਾਸ਼ਟਰਪਤੀ ਵਲੋਂ 28 ਜੁਲਾਈ ਨੂੰ ਮਨਜ਼ੂਰ ਕਰ ਲਿਆ ਗਿਆ ਅਤੇ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਨਵਾਂ ਰਾਜਪਾਲ ਨਿਯੁਕਤ ਕਰ ਦਿੱਤਾ ਗਿਆ।

ਚਰਚਾ ਹੈ ਕਿ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫਾ ਮਨਜ਼ੂਰ ਕਰਕੇ ਗੁਲਾਬ ਚੰਦ ਕਟਾਰੀਆ ਨੂੰ ਰਾਜਪਾਲ ਬਣਾਉਣ ਪਿੱਛੇ ਕੇਂਦਰ ਸਰਕਾਰ ਦੀ ਮਨਸ਼ਾ ਪੰਜਾਬ ਵਿਚਲੇ ਕਿਸਾਨ ਅੰਦੋਲਨ, ਕਾਨੂੰਨ ਵਿਵਸਥਾ, ਨਸ਼ੇ ਅਤੇ ਹੋਰ ਮਸਲਿਆਂ ਦੇ ਹੱਲ ਕਰਨ ਤੋਂ ਇਲਾਵਾ ਪੰਜਾਬ ਤੇ ਕੇਂਦਰ ਦੀ ਸਰਕਾਰ ਦਰਮਿਆਨ ਬਿਹਤਰ ਤਾਲਮੇਲ ਬਣਾਉਣ ਦੀ ਕੋਸ਼ਿਸ਼ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਨਵੇਂ ਰਾਜਪਾਲ ਬਹੁਤ ਹੀ ਠਰ੍ਹੰਮੇ ਨਾਲ ਚੱਲ ਰਹੇ ਹਨ। ਇਸੇ ਕੜੀ ਅਧੀਨ ਹੀ ਰਾਜਪਾਲ ਤੇ ਮੁੱਖ ਮੰਤਰੀ ਇਕੱਠੇ ਪਰਿਵਾਰਾਂ ‌ਸਮੇਤ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਜਲਿਆਂਵਾਲਾ ਬਾਗ ਦੇ ਦਰਸ਼ਨ ਕਰਨ ਪਹੁੰਚੇ। ਉਥੇ ਰਾਜਪਾਲ ਨੇ ਸਿੱਖ ਗੁਰੂਆਂ ਦੀ ਮਹਿਮਾ ਕੀਤੀ ਅਤੇ ਇਸ ਮੌਕੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਤੇ ਰਾਜਪਾਲ ਆਪਣੇ-ਆਪਣੇ ਅਧਿਕਾਰ ਖੇਤਰ ਦੇ ਕੰਮਾਂ ਵੱਲ ਧਿਆਨ ਦੇਣਗੇ। ਇਥੋਂ ਤੱਕ ਕਿ ਮੁੱਖ ਮੰਤਰੀ ਨੇ ਹੁਣ ਕੇਂਦਰੀ ਮੰਤਰੀ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਦੀ ਵੀ ਖਾਦ ਦੇ ਮਾਮਲੇ ’ਤੇ ਤਾਰੀਫ਼ ਦੇ ਪੁਲ ਬੰਨ੍ਹੇ ਹਨ। ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਇਕਸੁਰਤਾ ਇਸੇ ਤਰ੍ਹਾਂ ਹੀ ਕਾਇਮ ਰਹੇਗੀ ਜਾਂ ਫਿਰ ਪਹਿਲਾਂ ਵਾਂਗ ਹੀ ਰਾਜਪਾਲ ਤੇ ਮੁੱਖ ਮੰਤਰੀ ਆਪਣੇ ਆਪ ਨੂੰ ਸੁਪਰੀਮੋ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਪਰ ਦੋਵਾਂ ਵਲੋਂ ਦਿਖਾਈ ਗਈ ਸਦਭਾਵਨਾ ਤੋਂ ਇਹ ਆਸ ਕਰਨੀ ਬਣਦੀ ਹੈ ਕਿ ਹੁਣ ਪੰਜਾਬ ਦੇ ਦੋਵੇਂ ਮੁਖੀ ਇਕਸੁਰਤਾ ਨਾਲ ਚੱਲਣਗੇ ਤੇ ਪੰਜਾਬ ਦੇ ਵਿਕਾਸ ਤੇ ਅਹਿਮ ਮਸਲਿਆਂ ਦੇ ਹੱਲ ਲਈ ਕੰਮ ਕਰਨਗੇ।

ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)


Rakesh

Content Editor

Related News