ਕੇਰਲ ’ਚ ਕਾਂਗਰਸ ਨੇ ਸ਼ੁਰੂ ਕੀਤੀ ਸਰਕਾਰ ਦੇ ਗਠਨ ਦੀ ਪ੍ਰਕਿਰਿਆ

Saturday, May 09, 2026 - 04:49 PM (IST)

ਕੇਰਲ ’ਚ ਕਾਂਗਰਸ ਨੇ ਸ਼ੁਰੂ ਕੀਤੀ ਸਰਕਾਰ ਦੇ ਗਠਨ ਦੀ ਪ੍ਰਕਿਰਿਆ

ਕਾਂਗਰਸ ਨੇ ਕੇਰਲ ’ਚ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿੱਥੇ ਪਾਰਟੀ ਦੀ ਅਗਵਾਈ ਵਾਲੇ ਯੂ. ਡੀ. ਐੱਫ. ਨੇ ਵਿਧਾਨ ਸਭਾ ਚੋਣਾਂ ’ਚ ਜ਼ਿਕਰਯੋਗ ਜਿੱਤ ਦਰਜ ਕੀਤੀ ਹੈ ਅਤੇ 140 ਮੈਂਬਰੀ ਵਿਧਾਨ ਸਭਾ ’ਚ 102 ਸੀਟਾਂ ਜਿੱਤੀਆਂ ਹਨ। ਹਾਲਾਂਕਿ ਕਾਂਗਰਸ ਵਿਧਾਇਕ ਦਲ, ਜੋ 7 ਮਈ ਨੂੰ ਤਿਰੂਵਨੰਤਪੁਰਮ ’ਚ ਮਿਲਿਆ ਸੀ, ਉਸ ਨੇ ਕੇਰਲ ਦੇ ਅਗਲੇ ਮੁੱਖ ਮੰਤਰੀ ਨੂੰ ਚੁਣਨ ਲਈ ਹਾਈਕਮਾਨ ਨੂੰ ਅਧਿਕਾਰਤ ਕਰਨ ਦਾ ਪ੍ਰਸਤਾਵ ਪਾਸ ਕੀਤਾ ਹੈ, ਉੱਥੇ ਹੀ ਵਿਰੋਧੀ ਧਿਰ ਦੇ ਨੇਤਾ ਵੀ. ਡੀ. ਸਤੀਸਨ, ਏ. ਆਈ. ਸੀ. ਸੀ. ਜਨਰਲ ਸਕੱਤਰ (ਸੰਗਠਨ) ਅਤੇ ਸੰਸਦ ਮੈਂਬਰ ਕੇ. ਸੀ. ਵੇਣੂਗੋਪਾਲ ਅਤੇ ਸੀਨੀਅਰ ਨੇਤਾ ਰਮੇਸ਼ ਚੇਨੀਥਲਾ ਵਿਧਾਇਕਾਂ ਦਾ ਸਮਰਥਨ ਹਾਸਲ ਕਰਨ ਦੀ ਦੌੜ ’ਚ ਲੱਗੇ ਹੋਏ ਸਨ। ਹਾਲਾਂਕਿ, ਸਾਬਕਾ ਕੇ. ਪੀ. ਸੀ. ਸੀ. ਪ੍ਰਧਾਨ ਕੇ. ਸੁਧਾਕਰਨ ਸੀ. ਐੱਮ. ਅਹੁਦੇ ਲਈ ਕੇ. ਸੀ. ਵੇਣੂਗੋਪਾਲ ਦਾ ਸਮਰਥਨ ਕਰ ਰਹੇ ਹਨ। ਵੇਣੂਗੋਪਾਲ ਨੂੰ ਰਾਹੁਲ ਗਾਂਧੀ ਦੇ ਅੱਖ ਅਤੇ ਕੰਨ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਵੀ. ਡੀ. ਸਤੀਸਨ ਨੂੰ ਮੁੱਖ ਮੰਤਰੀ ਅਹੁਦੇ ਲਈ ਸਭ ਤੋਂ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਸਤੀਸਨ ਦੇ ਖੇਮੇ ਨੇ ਦਾਅਵਾ ਕੀਤਾ ਕਿ 63 ਪਾਰਟੀ ਵਿਧਾਇਕਾਂ ’ਚੋਂ ਲਗਭਗ 35 ਸਤੀਸਨ ਦੇ ਪੱਖ ’ਚ ਹਨ। ਉਨ੍ਹਾਂ ਨੇ 2016 ਅਤੇ 2021 ’ਚ ਹਾਰ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਸੰਭਾਲਿਆ ਅਤੇ ਪਾਰਟੀ ਦੇ ਜਥੇਬੰਦਕ ਅਤੇ ਚੋਣ ਅਾਧਾਰ ਨੂੰ ਮੁੜ ਉਸਾਰਿਆ। ਉਨ੍ਹਾਂ ਦੀ ਅਗਵਾਈ ’ਚ, ਯੂ. ਡੀ. ਐੱਫ. ਨੇ 2024 ਦੀਆਂ ਲੋਕ ਸਭਾ ਚੋਣਾਂ ’ਚ 20 ’ਚੋਂ 18 ਸੀਟਾਂ ਜਿੱਤੀਆਂ ਅਤੇ 2025 ਦੀਆਂ ਸਥਾਨਕ ਚੋਣਾਂ ’ਚ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਲਗਾਤਾਰ ਐੱਲ. ਡੀ. ਐੱਫ. ਸਰਕਾਰ ਅਤੇ ਸੀ. ਐੱਮ. ਪਿਨਾਰਾਈ ਵਿਜਯਨ ਨੂੰ ਸ਼ਾਸਨ ਦੇ ਮੁੱਦਿਆਂ ’ਤੇ ਨਿਸ਼ਾਨਾ ਬਣਾਇਆ ਅਤੇ ਅੰਦਰੂਨੀ ਮਾਮਲਿਆਂ ’ਚ ਸਖਤ ਰੁਖ ਅਪਣਾਇਆ। ਪ੍ਰਚਾਰ ਦੇ ਰੂਪ ’ਚ ਦੇਖੇ ਜਾਣ ਵਾਲੇ ਸਤੀਸਨ ਨੂੰ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ. ਯੂ. ਐੱਮ. ਐੱਲ.), ਕੇਰਲ ਕਾਂਗਰਸ (ਜੈਕਬ) ਅਤੇ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਵਰਗੇ ਪ੍ਰਮੁੱਖ ਸਹਿਯੋਗੀਆਂ ਦਾ ਸਮਰਥਨ ਪ੍ਰਾਪਤ ਹੈ। ਉੱਥੇ ਹੀ ਸੀਨੀਅਰ ਨੇਤਾ ਰਮੇਸ਼ ਚੇਨੀਥਲਾ ਵੀ ਇਕ ਮਜ਼ਬੂਤ ਦਾਅਵੇਦਾਰ ਹਨ। ਚੇਨੀਥਲਾ ਸੋਨੀਆ ਗਾਂਧੀ ਦੇ ਕਰੀਬੀ ਹਨ।

ਵਿਜੇ ਨੇ ਤਾਮਿਲਨਾਡੂ ’ਚ ਸਰਕਾਰ ਬਣਾਉਣ ਲਈ ਕਦਮ ਚੁੱਕੇ : ਅਦਾਕਾਰ-ਸਿਆਸਤਦਾਨ ਵਿਜੇ ਦੀ ‘ਤਮਿਲਗਾ ਵੇਤਰੀ ਕੜਗਮ’ (ਟੀ. ਵੀ. ਕੇ.) ਨੇ ਤਾਮਿਲਨਾਡੂ ’ਚ ਸਰਕਾਰ ਬਣਾਉਣ ਲਈ ਕਦਮ ਚੁੱਕੇ ਹਨ। 234 ਮੈਂਬਰੀ ਵਿਧਾਨ ਸਭਾ ’ਚ 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਤੋਂ ਬਾਅਦ, ਟੀ. ਵੀ. ਕੇ. ਨੇ ਡੀ. ਐੱਮ. ਕੇ., ਏ. ਆਈ. ਏ. ਡੀ. ਐੱਮ. ਕੇ. ਅਤੇ ਭਾਜਪਾ ਨੂੰ ਛੱਡ ਕੇ ਤਾਮਿਲਨਾਡੂ ਦੀ ਹਰ ਸਿਆਸੀ ਪਾਰਟੀ ਨੂੰ ਰਸਮੀ ਪੱਤਰ ਭੇਜੇ ਹਨ। ਹਾਲਾਂਕਿ, ਕਾਂਗਰਸ ਜਿਸ ਦੇ ਪੰਜ ਵਿਧਾਇਕ ਚੁਣੇ ਗਏ ਹਨ, ਨੇ ਸਰਕਾਰ ਬਣਾਉਣ ’ਚ ਮਦਦ ਕਰਨ ਲਈ ਟੀ. ਵੀ. ਕੇ. ਨਾਲ ਸਾਂਝੇਦਾਰੀ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਗੱਠਜੋੜ ’ਚ ਵਿਧਾਇਕਾਂ ਦੀ ਕੁੱਲ ਗਿਣਤੀ 113 ਹੋ ਗਈ ਹੈ। ਡੀ. ਐੱਮ. ਕੇ. ਨਾਲ ਆਪਣੇ ਦਹਾਕਿਆਂ ਪੁਰਾਣੇ ਗੱਠਜੋੜ ਨੂੰ ਖਤਮ ਕਰਨ ਦੇ ਗ੍ਰੈਂਡ ਓਲਡ ਪਾਰਟੀ ਦੇ ਕਦਮ ਨੇ ‘ਇੰਡੀਆ’ ਬਲਾਕ ਦੇ ਅੰਦਰ ਵੰਡ ਪੈਦਾ ਕਰ ਦਿੱਤੀ ਹੈ। ਸੂਤਰਾਂ ਅਨੁਸਾਰ, ਟੀ. ਵੀ. ਕੇ. ਨੇ ਬਦਲੇ ’ਚ ਨਵੀਂ ਸਰਕਾਰ ’ਚ ਕਾਂਗਰਸ ਲਈ ਦੋ ਕੈਬਨਿਟ ਅਹੁਦੇ ਅਤੇ ਰਾਹੁਲ ਗਾਂਧੀ ਦੇ ਕਰੀਬੀ ਸਹਿਯੋਗੀ ਪ੍ਰਵੀਨ ਚੱਕਰਵਰਤੀ ਨੂੰ ਰਾਜ ਸਭਾ ਟਿਕਟ ਦੇਣ ਦਾ ਵਾਅਦਾ ਕੀਤਾ ਸੀ, ਜੋ ਟੀ. ਵੀ. ਕੇ.-ਕਾਂਗਰਸ ਗੱਠਜੋੜ ਦੇ ਪਿੱਛੇ ਇਕੋ-ਇਕ ਕਾਰਨ ਸਨ, ਇਸ ਦੌਰਾਨ, ਰਾਜਪਾਲ ਰਾਜੇਂਦਰ ਅਰਲੇਕਰ ਨੇ ਤਾਮਿਲਨਾਡੂ ’ਚ ਸਰਕਾਰ ਬਣਾਉਣ ਲਈ ਵਿਜੇ ਨੂੰ ਸੱਦਾ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਅਜੇ ਤੱਕ ਬਹੁਮਤ ਹਾਸਲ ਨਹੀਂ ਕਰ ਸਕੇ ਹਨ। ਹੁਣ ਪੂਰਾ ਧਿਆਨ ਇਸ ਗੱਲ ’ਤੇ ਹੈ ਕਿ ਕੀ ਡੀ. ਐੱਮ. ਕੇ. ਦੇ ਨੇੜੇ ਮੰਨੇ ਜਾਣ ਵਾਲੇ ਸੀ. ਪੀ. ਆਈ. (ਐੱਮ), ਸੀ. ਪੀ. ਆਈ. ਅਤੇ ਵੀ. ਸੀ. ਕੇ. ਅਧਿਕਾਰਤ ਤੌਰ ’ਤੇ ਟੀ. ਵੀ. ਕੇ. ਦਾ ਸਮਰਥਨ ਕਰਨਗੀਆਂ, ਤਾਂ ਜੋ ਅੜਿੱਕਾ ਟੁੱਟ ਸਕੇ?

ਅਖਿਲੇਸ਼ ਦਾ ਮਮਤਾ ਨੂੰ ਭਾਵਨਾਤਮਕ ਸਮਰਥਨ : ‘ਇੰਡੀਆ’ ਬਲਾਕ ਦੇ ਅੰਦਰ ਵਧਦੇ ਸਬੰਧਾਂ ਨੂੰ ਉਜਾਗਰ ਕਰਦੇ ਹੋਏ ਇਕਜੁੱਟਤਾ ਦੇ ਪ੍ਰਗਟਾਵੇ ’ਚ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਭਾਰੀ ਹਾਰ ਤੋਂ ਬਾਅਦ ਮਮਤਾ ਬੈਨਰਜੀ ਨੂੰ ਭਾਵਨਾਤਮਕ ਸਮਰਥਨ ਦਿੰਦੇ ਹੋਏ ਟੀ. ਐੱਮ. ਸੀ. ਸੁਪਰੀਮੋ ਨਾਲ ਮੁਲਾਕਾਤ ਕੀਤੀ। ਅਖਿਲੇਸ਼ ਨੇ ਦੋਸ਼ ਲਾਇਆ ਕਿ ਭਾਜਪਾ ਆਮ ਲੋਕਾਂ, ਵਿਸ਼ੇਸ਼ ਤੌਰ ’ਤੇ ਪੀ. ਡੀ. ਏ. (ਪੱਛੜਾ, ਦਲਿਤ, ਘੱਟਗਿਣਤੀ) ਭਾਈਚਾਰਿਆਂ ਦੇ ਲੋਕਾਂ ਤੋਂ ਵੋਟ ਪਾਉਣ ਦਾ ਅਧਿਕਾਰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਆਪਣੀ ਮੰਗ ਦੁਹਰਾਈ ਕਿ ਪੱਛਮੀ ਬੰਗਾਲ ਦੇ ਗਿਣਤੀ ਕੇਂਦਰਾਂ ਦੀ ਸੀ. ਸੀ. ਟੀ. ਵੀ. ਫੁਟੇਜ ਜਨਤਕ ਕੀਤੀ ਜਾਣੀ ਚਾਹੀਦੀ ਹੈ। ਜੇਕਰ ਸੁਪਰੀਮ ਕੋਰਟ ’ਚ ਲਾਈਵ ਸੁਣਵਾਈ ਹੋ ਸਕਦੀ ਹੈ, ਤਾਂ ਚੋਣ ਕਮਿਸ਼ਨ ਗਿਣਤੀ ਕੇਂਦਰਾਂ ਦੇ ਅੰਦਰ ਦੀ ਸੀ. ਸੀ. ਟੀ. ਵੀ. ਫੁਟੇਜ ਜਨਤਕ ਕਿਉਂ ਨਹੀਂ ਕਰ ਰਿਹਾ? ਹਾਲਾਂਕਿ, ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਟੀ. ਐੱਮ. ਸੀ. ਦੀ ਹਾਰ ਤੋਂ ਬਾਅਦ ਮਮਤਾ ਬੈਨਰਜੀ ਨੇ ‘ਇੰਡੀਆ’ ਬਲਾਕ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ ਹੈ।


ਨਿਸ਼ਾਂਤ ਕੁਮਾਰ ਬਿਹਾਰ ਮੰਤਰੀ ਮੰਡਲ ’ਚ ਸ਼ਾਮਲ : ਜਦ (ਯੂ) ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬੇਟੇ ਨਿਸ਼ਾਂਤ ਕੁਮਾਰ ਨੇ ਪਟਨਾ ਦੇ ਗਾਂਧੀ ਮੈਦਾਨ ’ਚ ਬਿਹਾਰ ਕੈਬਨਿਟ ਵਿਸਥਾਰ ਦੌਰਾਨ ਮੰਤਰੀ ਵਜੋਂ ਸਹੁੰ ਚੁੱਕੀ, ਜਿਸ ਨਾਲ ਉਨ੍ਹਾਂ ਦੇ ਪਿਤਾ ਦਾ ਵੰਸ਼ਵਾਦੀ ਰਾਜਨੀਤੀ ਪ੍ਰਤੀ ਪੁਰਾਣਾ ਵਿਰੋਧ ਬਦਲ ਗਿਆ। ਨਵੀਂ ਕੈਬਨਿਟ ’ਚ ਬਿਹਾਰ ਦੇ 3 ਸਾਬਕਾ ਮੁੱਖ ਮੰਤਰੀਆਂ ਦੇ ਬੇਟੇ ਮੰਤਰੀ ਹਨ; ਨਿਸ਼ਾਂਤ ਕੁਮਾਰ ਤੋਂ ਇਲਾਵਾ, ਸਾਬਕਾ ਸੀ. ਐੱਮ. ਜਗਨਨਾਥ ਮਿਸ਼ਰ ਦੇ ਬੇਟੇ ਨਿਤੀਸ਼ ਮਿਸ਼ਰ ਅਤੇ ਸਾਬਕਾ ਸੀ. ਐੱਮ. ਜੀਤਨ ਰਾਮ ਮਾਂਝੀ ਦੇ ਬੇਟੇ ਸੰਤੋਸ਼ ਕੁਮਾਰ ਸੁਮਨ ਉਰਫ ਸੰਤੋਸ਼ ਮਾਂਝੀ ਨੇ ਵੀ ਸਹੁੰ ਚੁੱਕੀ। ਨਿਸ਼ਾਂਤ ਕੁਮਾਰ ਦਾ ਸ਼ਾਮਲ ਹੋਣਾ ਜਨਤਾ ਦਲ (ਯੂਨਾਈਟਿਡ) ਲਈ ਇਕ ਮਹੱਤਵਪੂਰਨ ਸਿਆਸੀ ਪਲ ਵੀ ਸੀ, ਪਾਰਟੀ ਦੀ ਅਗਲੀ ਪੀੜ੍ਹੀ ਦੀ ਲੀਡਰਸ਼ਿਪ ਨੂੰ ਲੈ ਕੇ ਨਵੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਜਦ (ਯੂ) ਦੇ ਅੰਦਰ ਕਈ ਲੋਕਾਂ ਦਾ ਮੰਨਣਾ ਹੈ ਕਿ ਰਾਜ ਕੈਬਨਿਟ ’ਚ ਉਨ੍ਹਾਂ ਦਾ ਸ਼ਾਮਲ ਹੋਣਾ ਉਨ੍ਹਾਂ ਦੇ ਉੱਤਰਾਧਿਕਾਰ ਦੀ ਦਿਸ਼ਾ ’ਚ ਇਕ ਕਦਮ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਨਿਤੀਸ਼ ਦੀ ਵਿਰਾਸਤ ਅੱਗੇ ਵਧੇ। ਐੱਨ. ਡੀ. ਏ. ਗੱਠਜੋੜ ਦੇ ਤਹਿਤ, ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਛੱਡ ਕੇ ਭਾਜਪਾ ਤੋਂ 15 ਨਵੇਂ ਮੰਤਰੀ, ਜਦ (ਯੂ) ਤੋਂ 13 (ਪਾਰਟੀ ਦੇ 2 ਉਪ-ਮੁੱਖ ਮੰਤਰੀ ਬਿਜੇਂਦਰ ਪ੍ਰਸਾਦ ਯਾਦਵ ਅਤੇ ਵਿਜੇ ਕੁਮਾਰ ਚੌਧਰੀ ਨੂੰ ਛੱਡ ਕੇ), ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਤੋਂ 2 ਅਤੇ ਹਿੰਦੁਸਤਾਨ ਅਵਾਮ ਮੋਰਚਾ (ਸੈਕੂਲਰ) ਅਤੇ ਰਾਸ਼ਟਰੀ ਲੋਕ ਮੋਰਚਾ ਤੋਂ 1-1 ਮੰਤਰੀ ਨੇ ਸਹੁੰ ਚੁੱਕੀ।

ਮਮਤਾ ਦੀਆਂ ਨਜ਼ਰਾਂ ਹੁਣ ਇੰਡੀਆ ਗੱਠਜੋੜ ਨੂੰ ਮਜ਼ਬੂਤ ਕਰਨ ’ਤੇ : ਭਾਵੇਂ ਹੀ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਰਾਜਪਾਲ ਆਰ. ਐੱਨ. ਰਵੀ ਨੇ ਨਵੀਂ ਵਿਧਾਨ ਸਭਾ ਦੇ ਗਠਨ ਅਤੇ ਭਾਰਤੀ ਜਨਤਾ ਪਾਰਟੀ ਦੀ ਨਵੀਂ ਸਰਕਾਰ ਦੇ ਕਾਰਜਭਾਰ ਸੰਭਾਲਣ ਲਈ ਰਾਜ ਦੀ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ। ਮਮਤਾ ਨੇ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਧਿਰ ਨੂੰ ਬੇਦਖਲ ਕਰਨ ਲਈ ਭਗਵਾ ਖੇਮੇ ਨਾਲ ਮਿਲੀਭੁਗਤ ਕੀਤੀ ਅਤੇ ਭਾਜਪਾ ਨੇ ਅਨੈਤਿਕ ਤੌਰ ’ਤੇ ਜਿੱਤ ਹਾਸਲ ਕੀਤੀ। ਆਪਣੇ ਕਾਲੀਘਾਟ ਸਥਿਤ ਘਰ ’ਚ ਚੁਣੇ ਗਏ ਤ੍ਰਿਣਮੂਲ ਕਾਂਗਰਸ ਵਿਧਾਇਕਾਂ ਦੀ ਇਕ ਉੱਚ-ਪੱਧਰੀ ਮੀਟਿੰਗ ’ਚ, ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ 2026 ਦੇ ਪੱਛਮੀ ਬੰਗਾਲ ਚੋਣ ਫਤਵੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣ ਦਾ ਆਪਣਾ ਇਰਾਦਾ ਐਲਾਨਿਆ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਪੱਧਰ ’ਤੇ ਲੱਗੇ ਝਟਕੇ ਦੇ ਬਾਵਜੂਦ, ਉਨ੍ਹਾਂ ਦੀਆਂ ਨਜ਼ਰਾਂ ਦਿੱਲੀ ’ਚ ਵਿਰੋਧੀ ‘ਇੰਡੀਆ’ ਗੱਠਜੋੜ ਨੂੰ ਮਜ਼ਬੂਤ ਕਰਨ ’ਤੇ ਟਿਕੀਆਂ ਹੋਈਆਂ ਹਨ।

ਰਾਹਿਲ ਨੌਰਾ ਚੋਪੜਾ

 


author

Rakesh

Content Editor

Related News