ਭਾਜਪਾ ਦੀ ਹਮਲਾਵਰੀ ਮੁਹਿੰਮ, ਕੀ ਕਾਂਗਰਸ ਟਿਕ ਸਕੇਗੀ ?
Wednesday, Jun 24, 2026 - 01:30 PM (IST)
ਨਵੀਂ ਦਿੱਲੀ ਦੀ ਰਾਜਨੀਤੀ ਇਨ੍ਹੀਂ ਦਿਨੀਂ ਕਿਸੇ ਰਣਭੂਮੀ ਤੋਂ ਘੱਟ ਨਹੀਂ ਦਿਸਦੀ। ਰਾਜਨੀਤਿਕ ਪਾਰਟੀਆਂ ਇਕ-ਦੂਜੇ ’ਤੇ ਦੋਸ਼-ਪ੍ਰਤੀਦੋਸ਼ ਅਤੇ ਉਂਗਲਾਂ ਉਠਾਉਣ ’ਚ ਰੁੱਝੀਆਂ ਹੋਈਆਂ ਹਨ। ਜਨ-ਨੈਤਿਕਤਾ ਅਤੇ ਵਿਵਹਾਰਕ ਰਾਜਨੀਤੀ ਦਾ ਅਜਿਹਾ ਅਨੋਖਾ ਮਿਸ਼ਰਣ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਦਲ-ਬਦਲੀ ਅਤੇ ਟੁੱਟਦੀਆਂ ਵਫ਼ਾਦਾਰੀਆਂ ਰਾਜਨੀਤੀ ਦੀ ਨਵੀਂ ਪਛਾਣ ਬਣਦੀਆਂ ਜਾ ਰਹੀਆਂ ਹਨ। ਸੱਤਾ ਦੀ ਮੰਜ਼ਿਲ ਤੱਕ ਪਹੁੰਚਣਾ ਹੀ ਨਿਸ਼ਾਨਾ ਹੈ, ਫਿਰ ਰਸਤਾ ਭਾਵੇਂ ਜਿਹੋ ਜਿਹਾ ਵੀ ਹੋਵੇ।
ਹਾਲੀਆ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਅਤੇ ਤ੍ਰਿਣਮੂਲ ਕਾਂਗਰਸ, ਸ਼ਿਵਸੈਨਾ ਅਤੇ ਆਮ ਆਦਮੀ ਪਾਰਟੀ ’ਚ ਹੋਈ ਟੁੱਟ-ਭੱਜ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਆਪਣੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਹੋਰ ਕਮਜ਼ੋਰ ਕਰਨ ਦਾ ਮੌਕਾ ਦਿੱਤਾ ਹੈ। 2024 ਦੀਆਂ ਲੋਕ ਸਭਾ ਚੋਣਾਂ ’ਚ ਮੁੜ ਸੁਰਜੀਤ ਹੋਣ ਦੇ ਸੰਕੇਤ ਦੇਣ ਵਾਲੀ ਕਾਂਗਰਸ ਨੂੰ ਭਾਜਪਾ ਹੁਣ ਫਿਰ ਤੋਂ ਘੇਰਨ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ। ਭਾਜਪਾ ਲਈ ‘ਕਾਂਗਰਸ-ਮੁਕਤ ਭਾਰਤ’ ਦਾ ਟੀਚਾ ਅਜੇ ਵੀ ਰਾਜਨੀਤਿਕ ਏਜੰਡੇ ਦਾ ਮਹੱਤਵਪੂਰਨ ਹਿੱਸਾ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਕਾਂਗਰਸ ਨੂੰ ‘ਪਰਜੀਵੀ ਪਾਰਟੀ’ ਦੱਸਦਿਆਂ ਦੋਸ਼ ਲਾਇਆ ਕਿ ਉਹ ਆਪਣੇ ਸਹਿਯੋਗੀਆਂ ਤੱਕ ਨਾਲ ਵਿਸ਼ਵਾਸਘਾਤ ਕਰ ਸਕਦੀ ਹੈ।
ਭਾਜਪਾ ਦੀ ਇਸ ਹਮਲਾਵਰਤਾ ਦੇ ਪਿੱਛੇ 2024 ਦੀਆਂ ਚੋਣਾਂ ’ਚ ਉਮੀਦ ਨਾਲੋਂ ਘੱਟ ਪ੍ਰਦਰਸ਼ਨ ਅਤੇ ਅਪ੍ਰੈਲ 2026 ’ਚ ਲੋਕ ਸਭਾ ’ਚ ਔਰਤਾਂ ਦੇ ਰਾਖਵੇਂਕਰਨ ਨੂੰ ਹੱਦਬੰਦੀ ਨਾਲ ਜੋੜਨ ਵਾਲੇ ਸੰਵਿਧਾਨ ਸੋਧ (131ਵੇਂ) ਬਿੱਲ ਨੂੰ ਲੋੜੀਂਦਾ ਸਮਰਥਨ ਨਾ ਮਿਲ ਪਾਉਣ ਵਰਗੇ ਹਾਲਾਤ ਵੀ ਮੰਨੇ ਜਾ ਰਹੇ ਹਨ। ਇਨ੍ਹਾਂ ਘਟਨਾਵਾਂ ਨੇ ਭਾਜਪਾ ਨੂੰ ਆਪਣੀ ਸੰਸਦੀ ਤਾਕਤ ਹੋਰ ਵਧਾਉਣ ਲਈ ਪ੍ਰੇਰਿਤ ਕੀਤਾ ਹੈ।
ਇਸੇ ਰਣਨੀਤੀ ਤਹਿਤ ਭਾਜਪਾ ਅਸੰਤੁਸ਼ਟ ਖੇਤਰੀ ਪਾਰਟੀਆਂ ਦੇ ਸੰਸਦ ਮੈਂਬਰ ਨੂੰ ਆਪਣੇ ਪੱਖ ’ਚ ਲਿਆਉਣ, ਵਿਰੋਧੀ ਪਾਰਟੀਆਂ ’ਚ ਫੁੱਟ ਨੂੰ ਉਤਸ਼ਾਹਿਤ ਕਰਨ ਅਤੇ ਕਾਂਗਰਸ ਨੂੰ ਰਾਜਨੀਤਿਕ ਤੌਰ ’ਤੇ ਅਲੱਗ-ਥਲੱਗ ਕਰਨ ਦੇ ਯਤਨਾਂ ’ਚ ਜੁਟੀ ਦਿਖਾਈ ਦਿੰਦੀ ਹੈ। ਇਸਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਰਾਜਨੀਤਿਕ ਸਵੀਕਾਰਤਾ ਨੂੰ ਸੀਮਤ ਕਰਨ ਅਤੇ ਕਾਂਗਰਸ ਦੇ ਰਵਾਇਤੀ ਸਮਰਥਨ ਆਧਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਜਾਰੀ ਹੈ।
ਬੇਸ਼ੱਕ, ਕਾਂਗਰਸ ਦੀ ਮੌਜੂਦਾ ਸਥਿਤੀ ਇਕ ਦਹਾਕਾ ਪਹਿਲਾਂ ਦੀ ਤੁਲਨਾ ’ਚ ਬਿਹਤਰ ਹੈ। 2024 ਦੀਆਂ ਲੋਕ ਸਭਾ ਚੋਣਾਂ ’ਚ 99 ਸੀਟਾਂ ਜਿੱਤ ਕੇ ਉਸ ਨੇ 2014 ਤੋਂ ਬਾਅਦ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਉਹ ਹੁਣ ਵੀ ਰਾਸ਼ਟਰੀ ਪੱਧਰ ’ਤੇ ਸਭ ਤੋਂ ਵੱਡੀ ਵਿਰੋਧੀ ਪਾਰਟੀ ਹੈ ਅਤੇ ‘ਇੰਡੀਆ’ ਗੱਠਜੋੜ ਦੀ ਮੁੱਖ ਧੁਰੀ ਬਣੀ ਹੋਈ ਹੈ, ਹਾਲਾਂਕਿ ਤ੍ਰਿਣਮੂਲ ਕਾਂਗਰਸ ਅਤੇ ਡੀ. ਐੱਮ. ਕੇ. ਨਾਲ ਜੁੜੇ ਘਟਨਾਚੱਕਰਾਂ ਤੋਂ ਬਾਅਦ ਗੱਠਜੋੜ ਦੇ ਅੰਦਰ ਤਣਾਅ ਵਧਿਆ ਹੈ।
ਰਾਹੁਲ ਗਾਂਧੀ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਅਗਵਾਈ ’ਚ ਕਾਂਗਰਸ ਨੇ ਆਪਣੀ ਰਾਜਨੀਤਿਕ ਪਛਾਣ ਅਤੇ ਸਰਗਰਮੀ ਨੂੰ ਫਿਰ ਤੋਂ ਸਥਾਪਿਤ ਕੀਤਾ ਹੈ। ‘ਭਾਰਤ ਜੋੜੋ ਯਾਤਰਾ’ ਵਰਗੀਆਂ ਮੁਹਿੰਮਾਂ ਨੇ ਪਾਰਟੀ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਆਲੋਚਨਾਵਾਂ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਦੇ ਬਾਵਜੂਦ ਰਾਹੁਲ ਗਾਂਧੀ ਆਪਣੇ ਵਿਚਾਰਧਾਰਕ ਰੁਖ਼ ’ਤੇ ਅਟੱਲ ਰਹੇ ਹਨ।
ਕਾਂਗਰਸ ਦੇ ਅੰਦਰ ਲੀਡਰਸ਼ਿਪ ਬਦਲਣ ਦੀ ਮੰਗ ਵੀ ਸਮੇਂ-ਸਮੇਂ ’ਤੇ ਉੱਠਦੀ ਰਹੀ ਹੈ। ਆਲੋਚਕਾਂ ਦਾ ਤਰਕ ਹੈ ਕਿ ਪਾਰਟੀ ਨੂੰ ਗਾਂਧੀ ਪਰਿਵਾਰ ’ਤੇ ਬਹੁਤ ਜ਼ਿਆਦਾ ਨਿਰਭਰਤਾ ਤੋਂ ਬਾਹਰ ਨਿਕਲਣਾ ਪਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦੀ ਕਾਰਜਪ੍ਰਣਾਲੀ ਹੁਣ ਵੀ ਨਾਮਜ਼ਦਗੀ-ਆਧਾਰਿਤ ਸੱਭਿਆਚਾਰ ਅਤੇ ਵਫ਼ਾਦਾਰੀ ਦੀ ਰਾਜਨੀਤੀ ਤੋਂ ਪ੍ਰਭਾਵਿਤ ਹੈ, ਜਿੱਥੇ ਅਸਹਿਮਤੀ ਨੂੰ ਅਕਸਰ ਵਿਸ਼ਵਾਸਘਾਤ ਵਜੋਂ ਦੇਖਿਆ ਜਾਂਦਾ ਹੈ। ਕਾਂਗਰਸ ਦੀ ਇਕ ਹੋਰ ਵੱਡੀ ਚੁਣੌਤੀ ਅੰਦਰੂਨੀ ਗੁੱਟਬਾਜ਼ੀ ਹੈ। ਕਈ ਰਾਜਾਂ ’ਚ ਦਲ-ਬਦਲੀ ਅਤੇ ਕਮਜ਼ੋਰ ਜਥੇਬੰਦਕ ਢਾਂਚੇ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ। ਸਹਿਯੋਗੀ ਪਾਰਟੀਆਂ ਨਾਲ ਸਬੰਧਾਂ ’ਚ ਵੀ ਤਣਾਅ ਦੇਖਣ ਨੂੰ ਮਿਲਿਆ ਹੈ, ਜਿਸ ਦੀ ਤਾਜ਼ਾ ਮਿਸਾਲ ਡੀ. ਐੱਮ. ਕੇ. ਨਾਲ ਵਿਵਾਦ ਰਹੀ।
ਹਾਲਾਂਕਿ ਸਿਰਫ ਲੀਡਰਸ਼ਿਪ ਬਦਲਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਪਾਰਟੀ ਨੂੰ ਰਾਜਾਂ ’ਚ ਮਜ਼ਬੂਤ ਲੀਡਰਸ਼ਿਪ ਵਿਕਸਿਤ ਕਰਨੀ ਹੋਵੇਗੀ ਅਤੇ ਨੌਜਵਾਨ ਵੋਟਰਾਂ ਤੇ ਖੇਤਰੀ ਸਹਿਯੋਗੀਆਂ ਨੂੰ ਆਕਰਸ਼ਿਤ ਕਰਨ ਲਈ ਨਵੇਂ ਰਾਜਨੀਤਿਕ ਚਿਹਰਿਆਂ ਨੂੰ ਅੱਗੇ ਲਿਆਉਣਾ ਹੋਵੇਗਾ। ਰਾਸ਼ਟਰੀ ਪੱਧਰ ’ਤੇ ਭਾਜਪਾ ਨੂੰ ਚੁਣੌਤੀ ਦੇਣ ਦੀ ਕਾਂਗਰਸ ਦੀ ਸਮਰੱਥਾ ਖੇਤਰੀ ਪਾਰਟੀਆਂ ਦੀ ਮਜ਼ਬੂਤੀ ਅਤੇ ਏਕਤਾ ’ਤੇ ਵੀ ਨਿਰਭਰ ਕਰਦੀ ਹੈ। ਜੇਕਰ ਖੇਤਰੀ ਪਾਰਟੀਆਂ ਲਗਾਤਾਰ ਕਮਜ਼ੋਰ ਹੁੰਦੀਆਂ ਹਨ ਜਾਂ ਉਨ੍ਹਾਂ ਦੇ ਪ੍ਰਭਾਵਸ਼ਾਲੀ ਨੇਤਾ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ’ਚ ਸ਼ਾਮਲ ਹੁੰਦੇ ਹਨ, ਤਾਂ ਕਾਂਗਰਸ ਦੇ ਸਾਹਮਣੇ ਕਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।
ਜਦੋਂ ਵੱਖ-ਵੱਖ ਪਾਰਟੀਆਂ ਰਾਸ਼ਟਰੀ ਰਣਨੀਤੀ ਦੀ ਬਜਾਏ ਰਾਜ-ਪੱਧਰੀ ਹਿੱਤਾਂ ਨੂੰ ਪਹਿਲ ਦਿੰਦੀਆਂ ਹਨ, ਉਦੋਂ ਸਾਂਝੇ ਵਿਰੋਧੀ ਮੋਰਚੇ ਨੂੰ ਬਣਾਈ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ‘ਇੰਡੀਆ’ ਗੱਠਜੋੜ ਸਮੇਂ-ਸਮੇਂ ’ਤੇ ਤਣਾਅ ਦਾ ਸਾਹਮਣਾ ਕਰਦਾ ਰਿਹਾ ਹੈ। ਜੇਕਰ ਖੇਤਰੀ ਪਾਰਟੀਆਂ ਦਾ ਖਿੰਡਾਅ ਜਾਰੀ ਰਹਿੰਦਾ ਹੈ ਅਤੇ ਉਹ ਭਾਜਪਾ ਵੱਲ ਝੁਕਦੀਆਂ ਹਨ, ਤਾਂ ਕਾਂਗਰਸ ਦੀ ਰਾਸ਼ਟਰੀ ਸੱਤਾ ’ਚ ਵਾਪਸੀ ਦਾ ਰਸਤਾ ਹੋਰ ਔਖਾ ਹੋ ਸਕਦਾ ਹੈ।
ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਲੈ ਕੇ ਵੀ ਬਹਿਸ ਜਾਰੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਗਵਾਈ ਅਜੇ ਤੱਕ ਕਾਂਗਰਸ ਨੂੰ ਰਾਸ਼ਟਰੀ ਪੱਧਰ ’ਤੇ ਫੈਸਲਾਕੁੰਨ ਮੁੜ-ਸੁਰਜੀਤੀ ਦਿਵਾਉਣ ’ਚ ਸਫਲ ਨਹੀਂ ਰਹੀ। ਪਾਰਟੀ ਕਈ ਰਾਜਾਂ ’ਚ ਆਪਣਾ ਜਨ ਆਧਾਰ ਵਧਾਉਣ ’ਚ ਅਸਫਲ ਰਹੀ ਹੈ ਅਤੇ ਹੁਣ ਵੀ ਗਾਂਧੀ ਪਰਿਵਾਰ ਦੇ ਪ੍ਰਭਾਵ ’ਤੇ ਕਾਫ਼ੀ ਹੱਦ ਤੱਕ ਨਿਰਭਰ ਹੈ। ਇਤਿਹਾਸ ਦੱਸਦਾ ਹੈ ਕਿ ਸਫਲ ਰਾਜਨੀਤਿਕ ਪਾਰਟੀਆਂ ਸਮੇਂ-ਸਮੇਂ ’ਤੇ ਲੀਡਰਸ਼ਿਪ ਤਬਦੀਲੀ, ਜਥੇਬੰਦਕ ਸੁਧਾਰਾਂ ਅਤੇ ਮਜ਼ਬੂਤ ਖੇਤਰੀ ਲੀਡਰਸ਼ਿਪ ਦੇ ਉਭਾਰ ਰਾਹੀਂ ਖੁਦ ਨੂੰ ਮੁੜ ਸੁਰਜੀਤ ਕਰਦੀਆਂ ਹਨ।
ਕਾਂਗਰਸ ਅੱਜ ਵੀ ਪ੍ਰਾਸੰਗਿਕ ਹੈ ਅਤੇ ਮੁੜ-ਸੁਰਜੀਤ ਹੋਣ ਦੀ ਪ੍ਰਕਿਰਿਆ ’ਚ ਦਿਖਾਈ ਦਿੰਦੀ ਹੈ ਪਰ ਉਸ ਨੂੰ ਅਜੇ ਪੂਰਨ ਜਾਗ੍ਰਿਤੀ ਦੀ ਅਵਸਥਾ ’ਚ ਨਹੀਂ ਕਿਹਾ ਜਾ ਸਕਦਾ। ਪਾਰਟੀ ਨੂੰ ਇਹ ਸਮਝਣਾ ਹੋਵੇਗਾ ਕਿ ਸਿਹਤਮੰਦ ਰਾਜਨੀਤਿਕ ਵਿਵਸਥਾ ਦਾ ਆਧਾਰ ਨਿਯਮਿਤ, ਸੁਤੰਤਰ ਅਤੇ ਨਿਰਪੱਖ ਅੰਦਰੂਨੀ ਚੋਣਾਂ ਹੁੰਦੀਆਂ ਹਨ। ਲੰਮੇ ਸਮੇਂ ’ਚ ਪਰਿਵਾਰਵਾਦੀ ਰਾਜਨੀਤੀ ਪਾਰਟੀ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਹੁਣ ਸਮਾਂ ਕਾਂਗਰਸ ਲਈ ਆਤਮ-ਮੰਥਨ ਦਾ ਹੈ।
-ਪੂਨਮ ਆਈ. ਕੌਸ਼ਿਸ਼
