ਚੀਨ ਅਤੇ ਰੂਸ ਨੇ ਆਪਣੇ ‘ਨੋ ਲਿਮਿਟ’ ਗੱਠਜੋੜ ਨੂੰ ਹੋਰ ਮਜ਼ਬੂਤ ਕੀਤਾ
Friday, Jan 02, 2026 - 04:20 PM (IST)
ਚੀਨ ਅਤੇ ਰੂਸ ਆਪਣਾ ਸਹਿਯੋਗ ਵਧਾ ਰਹੇ ਹਨ ਅਤੇ ਹਮਲਾਵਰ ਕਦਮ ਚੁੱਕ ਰਹੇ ਹਨ, ਜਿਨ੍ਹਾਂ ਦੇ ਅਮਰੀਕਾ ਲਈ ਗੰਭੀਰ ਨਤੀਜੇ ਹੋ ਰਹੇ ਹਨ। 9 ਦਸੰਬਰ ਨੂੰ, ਚੀਨ ਤੇ ਰੂਸੀ ਬੰਬ ਵਰ੍ਹਾਉਣ ਵਾਲੇ ਜਹਾਜ਼ਾਂ ਤੇ ਹੋਰ ਜਹਾਜ਼ਾਂ ਨੇ ਜਾਪਾਨ ਤੇ ਦੱਖਣੀ ਕੋਰੀਆ ਦੇ ਨੇੜੇ ਉਡਾਣ ਭਰੀ ਹੈ ਜਿਸ ਨਾਲ ਅਮਰੀਕਾ ਤੇ ਜਾਪਾਨ ਨੂੰ ਲੜਾਕੂ ਜਹਾਜ਼ਾਂ ਅਤੇ ਬੰਬ ਵਰ੍ਹਾਉਣ ਵਾਲੇ ਜਹਾਜ਼ਾਂ ਨੂੰ ਤਾਇਨਾਤ ਕਰਨ ਲਈ ਮਜਬੂਰ ਹੋਣਾ ਪਿਆ। ਇਹ ਘਟਨਾ ਚੀਨ-ਰੂਸ ਗੱਠਜੋੜ ਦੇ ਹੋਰ ਮਜ਼ਬੂਤ ਹੋਣ ਦੀ ਤਾਜ਼ੀ ਉਦਾਹਰਣ ਹੈ।
ਬੀਜਿੰਗ ਅਤੇ ਮਾਸਕੋ ਅਮਰੀਕਾ ਨੂੰ ਸਭ ਤੋਂ ਵੱਡਾ ਦੁਸ਼ਮਣ ਮੰਨਦੇ ਹਨ ਅਤੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਦੀ ਕੀਮਤ ’ਤੇ ਆਪਣੀ ਸ਼ਕਤੀ ਦਾ ਵਿਸਥਾਰ ਕਰਨਾ ਚਾਹੁੰਦੇ ਹਨ। ਸ਼ੀ ਜਿਨਪਿੰਗ ਅਤੇ ਵਾਲੀਦੀਮੀਰ ਪੁਤਿਨ ਇਤਿਹਾਸ ਨੂੰ ਫਿਰ ਤੋਂ ਸਥਾਪਿਤ ਕਰਨ ਦੇ ਕੱਟੜ ਸਮਰਥਕ ਹੈ ਅਤੇ ਇਤਿਹਾਸਕ ਚੀਨੀ ਅਤੇ ਰੂਸੀ ਸਾਮਰਾਜਾਂ ਦੀ ਕੁਝ ਝਲਕ ਫਿਰ ਤੋਂ ਸਥਾਪਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਵਾਰ-ਵਾਰ ਕਿਹਾ ਹੈ ਕਿ ਉਨ੍ਹਾਂ ਦੀ ਸਾਂਝੀਦਾਰੀ ਦੀ ਕੋਈ ਹੱਦ ਨਹੀਂ ਹੈ। ਉਹ 40 ਤੋਂ ਵੱਧ ਵਾਰ ਆਹਮੋ-ਸਾਹਮਣੇ ਮਿਲ ਚੁੱਕੇ ਹਨ।
ਫਰਵਰੀ 2022 ਵਿਚ ਰੂਸ ਵੱਲੋਂ ਯੂਕ੍ਰੇਨ ’ਤੇ ਵੱਡੀ ਪੱਧਰ ’ਤੇ ਹਮਲੇ ਦੇ ਬਾਅਦ ਤੋਂ ਚੀਨ ਨੇ ਰੂਸ ਨੂੰ ਉੱਚ ਪਹਿਲ ਵਾਲੀਆਂ ਵਸਤਾਂ ਦੀ ਬਰਾਮਦ ਵਧਾ ਦਿੱਤੀ ਹੈ, ਜਿਨ੍ਹਾਂ ਵਿਚ 50 ਦੋਹਰੇ ਉਪਯੋਗ ਵਾਲੀਆਂ ਵਸਤਾਂ ਸ਼ਾਮਲ ਹਨ, ਜਿਵੇਂ ਕੰਪਿਊਟਰ ਚਿਪਸ, ਮਸ਼ੀਨ ਟੂਲਜ਼, ਰਾਡਾਰ ਅਤੇ ਸੈਂਸਰ, ਜਿਨ੍ਹਾਂ ਦੀ ਰੂਸ ਨੂੰ ਜੰਗ ਜਾਰੀ ਰੱਖਣ ਲਈ ਲੋੜ ਹੈ।
ਚੀਨ ਦੀ ਬਰਾਮਦ ਨੇ ਰੂਸ ਨੂੰ 2023 ਤੋਂ 2024 ਤਕ ਇਸਕੰਦਰ-ਐੱਮ ਬੈਲਿਸਟਿਕ ਮਿਜ਼ਾਈਲਾਂ ਦਾ ਉਤਪਾਦਨ ਤਿੰਨ ਗੁਣਾ ਵਧਾਉਣ ਵਿਚ ਮਦਦ ਕੀਤੀ, ਜਿਨ੍ਹਾਂ ਦੀ ਵਰਤੋਂ ਰੂਸ ਨੇ ਯੂਕ੍ਰੇਨੀ ਸ਼ਹਿਰਾਂ ’ਤੇ ਬੰਬਾਰੀ ਕਰਨ ਲਈ ਕੀਤੀ ਹੈ। 2024 ਵਿਚ ਰੂਸ ਵੱਲੋਂ ਦਰਾਮਦ ਕੀਤੇ ਗਏ ਅਮੋਨੀਅਮ ਪਰਕਲੋਰੇਟ ਦਾ 70 ਫੀਸਦੀ ਹਿੱਸਾ ਚੀਨ ਦਾ ਸੀ, ਜੋ ਬੈਲਿਸਟਿਕ ਮਿਜ਼ਾਈਲ ਈਂਧਨ ਦਾ ਇਕ ਜ਼ਰੂਰੀ ਹਿੱਸਾ ਹੈ। ਚੀਨ ਨੇ ਰੂਸ ਨੂੰ ਡ੍ਰੋਨ ਬਾਡੀ, ਲਿਥੀਅਮ ਬੈਟਰੀ ਅਤੇ ਫਾਈਬਰ-ਆਪਟੀਕਲ ਕੇਬਲ ਪ੍ਰਦਾਨ ਕੀਤੇ ਹਨ ਜੋ ਯੂਕ੍ਰੇਨ ਿਵਚ ਵਰਤੇ ਜਾਣ ਵਾਲੇ ਫਾਈਬਰ-ਆਪਟੀਕਲ ਡ੍ਰੋਨ ਲਈ ਮਹੱਤਵਪੂਰਨ ਹਿੱਸੇ ਹਨ, ਜੋ ਇਲੈਕਟ੍ਰਾਨਿਕ ਜੈਮਿੰਗ ਨੂੰ ਬਾਈਪਾਸ ਕਰ ਸਕਦੇ ਹਨ।
ਇਸ ਸਹਿਯੋਗ ਨਾਲ ਚੀਨ ਨੂੰ ਲਾਭ ਹੋ ਰਿਹਾ ਹੈ। ਰੂਸ ਨੇ ਉੱਨਤ ਪ੍ਰਣੋਦਨ ਪ੍ਰਣਾਲੀ ਮੁਹੱਈਆ ਕਰਵਾ ਕੇ ਚੀਨ ਦੀ ਅਗਲੀ ਪੀੜ੍ਹੀ ਦੀ ਟਾਈਪ 096 ਪ੍ਰਮਾਣੂ-ਸੰਚਾਲਿਤ ਬੈਲਿਸਟਿਕ ਮਿਜ਼ਾਈਲ ਪਣਡੁੱਬੀ ਦੇ ਵਿਕਾਸ ਵਿਚ ਸੰਭਾਵਿਤ ਸਹਾਇਤਾ ਕੀਤੀ ਹੈ। ਲੀਕ ਹੋਏ ਦਸਤਾਵੇਜ਼ਾਂ ਤੋਂ ਸੰਕੇਤ ਮਿਲਦਾ ਹੈ ਕਿ ਤਾਈਵਾਨ ’ਤੇ ਹਮਲੇ ’ਚ ਵਰਤੇ ਜਾ ਸਕਣ ਵਾਲੇ ਉਪਕਰਨ, ਜਿਵੇਂ ਹਲਕੇ ਉਭਰੀ ਵਾਹਨ, ਸਵੈ-ਚਾਲਿਤ ਐਂਟੀ ਟੈਂਕ ਤੋਪਾਂ, ਹਵਾਈ ਬਖਤਰਬੰਦ ਵਾਹਨ ਅਤੇ ਹਵਾਈ ਮਾਰਗ ਰਾਹੀਂ ਪੈਰਾਸ਼ੂਟ ਡੇਗਣ ਵਾਲੀਆਂ ਿਵਸ਼ੇਸ਼ ਪ੍ਰਯੋਜਨ ਵਾਲੀਆਂ ਪ੍ਰਣਾਲੀਆਂ ਚੀਨ ਨੂੰ ਵੇਚਣ ’ਤੇ ਸਹਿਮਤੀ ਜਤਾਈ ਸੀ।
2017 ਅਤੇ 2024 ਵਿਚਾਲੇ ਉਨ੍ਹਾਂ ਨੇ ਏਸ਼ੀਆ, ਯੂਰਪ, ਮੱਧ ਪੂਰਬ ਅਤੇ ਆਰਕਟਿਕ ਅਤੇ ਅਫਰੀਕਾ ਸਮੇਤ ਇਕ ਫੈਲੇ ਹੋਏ ਖੇਤਰ ਵਿਚ ਲਗਭਗ 100 ਸੰਯੁਕਤ ਫੌਜੀ ਅਭਿਆਸ ਆਯੋਜਿਤ ਕੀਤੇ ਹਨ।
ਜੁਲਾਈ 2024 ਵਿਚ ਚੀਨ ਅਤੇ ਰੂਸ ਨੇ ਅਲਾਸਕਾ ਦੇ ਕੰਢੇ ’ਤੇ ਸਾਂਝੀ ਗਸ਼ਤ ਦੇ ਦੌਰਾਨ ਤਰਤੀਬਵਾਰ ਸ਼ੀਆਨ ਐੱਚ-6 ਅਤੇ ਟੂ-95 ਬੀਅਰ ਨਾਂ ਦੀ ਲੰਬੀ ਦੂਰੀ ’ਤੇ ਬੰਬ ਵਰ੍ਹਾਉਣ ਵਾਲੇ ਜਹਾਜ਼ਾਂ ਨੂੰ ਉਡਾਇਆ।
ਭਵਿੱਖ ਵਿਚ ਰੂਸ ਚੀਨ ਨੂੰ ਜ਼ਮੀਨ ਅਤੇ ਪੁਲਾੜ ਆਧਾਰਿਤ ਮਿਜ਼ਾਈਲ ਚਿਤਾਵਨੀ ਪ੍ਰਣਾਲੀਆਂ ਦੇ ਵਿਕਾਸ ਵਿਚ ਮਦਦ ਕਰ ਸਕਦਾ ਹੈ, ਜਿਸ ਨਾਲ ਚੀਨ ਦੀਆਂ ਮੌਜੂਦਾ ਰੱਖਿਆ ਪ੍ਰਣਾਲੀਆਂ ਦੀ ਪ੍ਰਭਾਵਸ਼ੀਲਤਾ ਵਧੇਗੀ ਅਤੇ ਨਵੀਆਂ ਪ੍ਰਣਾਲੀਆਂ ਦੇ ਵਿਕਾਸ ਵਿਚ ਤੇਜ਼ੀ ਆਏਗੀ।
ਫੌਜੀ ਖੇਤਰ ਤੋਂ ਪਰ੍ਹੇ ਦੋਹਾਂ ਦੇਸ਼ਾਂ ਨੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਚੀਨ-ਰੂਸ ਵਪਾਰ 2022 ਵਿਚ 190 ਅਰਬ ਡਾਲਰ ਤੋਂ ਵਧ ਕੇ 2024 ਵਿਚ ਲਗਭਗ 245 ਅਰਬ ਡਾਲਰ ਤਕ ਪਹੁੰਚ ਗਿਆ। ਚੀਨ 2014 ਤੋਂ ਰੂਸ ਦਾ ਨੰ. 1 ਵਪਾਰਕ ਸਾਂਝੀਦਾਰੀ ਰਿਹਾ ਹੈ। ਇਸ ਤੋਂ ਇਲਾਵਾ ਚੀਨ ਤੇਲ ਅਤੇ ਗੈਸ ਦੇ ਲਈ ਰੂਸ ’ਤੇ ਨਿਰਭਰ ਹੈ ਜੋ ਹੁਣ ਚੀਨ ਦੀ ਦਰਾਮਦ ਦਾ ਲਗਭਗ 75 ਫੀਸਦੀ ਹਿੱਸਾ ਹੈ।
ਦੋਹਾਂ ਦੇਸ਼ਾਂ ਵਿਚਾਲੇ ਮਤਭੇਦ ਹਨ, ਜਿਵੇਂ ਕਿ ਹੋਰ ਸਾਰੇ ਮਿੱਤਰ ਦੇਸ਼ਾਂ ਨਾਲ ਵੀ ਹੈ। ਚੀਨੀ ਨੇਤਾਵਾਂ ਨੇ ਉੱਤਰ ਕੋਰੀਆ ਦੇ ਨਾਲ ਰੂਸ ਦੇ ਵਧਦੇ ਫੌਜੀ ਸਬੰਧਾਂ ’ਤੇ ਚਿੰਤਾ ਜ਼ਾਹਿਰ ਕੀਤੀ ਹੈ, ਜਿਸ ਨਾਲ ਪਿਯੋਂਗਯਾਂਗ ਦੀ ਮਿਜ਼ਾਈਲ ਸਮਰੱਥਾ ਵਿਚ ਮਜ਼ਬੂਤੀ ਆਉਣ ਦੀ ਸੰਭਾਵਨਾ ਹੈ। ਬੀਜਿੰਗ ਪਿਯੋਂਗਯਾਂਗ ਦੇ ਪ੍ਰਮਾਣੂ ਪ੍ਰੋਗਰਾਮ ਵਿਚ ਮਦਦ ਕਰਨ ਤੋਂ ਝਿਜਕ ਰਿਹਾ ਹੈ
ਸਪੱਸ਼ਟ ਹੈ ਕਿ ਚੀਨ ਅਤੇ ਮਾਸਕੋ ਰਾਜਨੀਤਿਕ, ਫੌਜੀ ਅਤੇ ਆਰਥਿਕ ਤੌਰ ’ਤੇ ਇਕ-ਦੂਜੇ ਦੇ ਨੇੜੇ ਆ ਰਹੇ ਹਨ। ਉਨ੍ਹਾਂ ਦਾ ਟੀਚਾ ਅਮਰੀਕਾ ਨੂੰ ਸੱਤਾ ਤੋਂ ਬੇਦਖਲ ਕਰਨਾ ਹੈ। ਸੱਤਾਵਾਦੀ ਸ਼ਾਸਨ ਦੇ ਇਸ ਗੱਠਜੋੜ ਦਾ ਮੁਕਾਬਲਾ ਕਰਨ ਲਈ ਕੋਈ ਯੋਜਨਾ ਬਣਾਉਣ ਦੀ ਬਜਾਏ ਟਰੰਪ ਪ੍ਰਸ਼ਾਸਨ ਦੀ ਰਾਸ਼ਟਰੀ ਸੁਰੱਖਿਆ ਰਣਨੀਤੀ ਨੇ ਖਤਰੇ ਦੀ ਗੰਭੀਰਤਾ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਹ ਸਮਝਣਾ ਹੋਵੇਗਾ ਕਿ ਤਾਨਾਸ਼ਾਹਾਂ ਨੂੰ ਖੁਸ਼ ਕਰਨ ਨਾਲ ਉਨ੍ਹਾਂ ਦਾ ਹੌਸਲਾ ਹੀ ਵਧੇਗਾ।
ਸੇਠ ਜੀ ਜੋਨਸ
