‘ਦੇਸ਼ ’ਚ ਵਧ ਰਹੇ ਸਾਈਬਰ ਅਪਰਾਧ ਦੇ ਮਾਮਲੇ’ ਲੋਕ ਹੋ ਰਹੇ ਭਾਰੀ ਠੱਗੀ ਦੇ ਸ਼ਿਕਾਰ!
Saturday, May 09, 2026 - 03:01 AM (IST)
ਸਾਲ 2022 ’ਚ ਦੇਸ਼ ’ਚ ਸਾਈਬਰ ਕ੍ਰਾਈਮ ਦੇ 65,893 ਮਾਮਲੇ ਦਰਜ ਕੀਤੇ ਗਏ ਸਨ। ਸਾਲ 2023 ’ਚ ਇਨ੍ਹਾਂ ’ਚ 31.2 ਫੀਸਦੀ ਦੀ ਤੇਜ਼ੀ ਆਈ ਅਤੇ ਇਹ ਗਿਣਤੀ ਵਧ ਕੇ 86,420 ਹੋ ਗਈ। ‘ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ’ ਦੀ ਤਾਜ਼ਾ ਰਿਪੋਰਟ ਅਨੁਸਾਰ 2024 ’ਚ ਇਹ ਗਿਣਤੀ ਵਧ ਕੇ 1,01,928 ਹੋ ਗਈ। ਸਾਲ 2026 ’ਚ ਵੀ ਇਹ ਬੁਰਾਈ ਰੁਕ ਨਹੀਂ ਰਹੀ ਅਤੇ ਇਸੇ ਸਾਲ ਪਿਛਲੇ 3 ਹਫ਼ਤਿਆਂ ’ਚ ਸਾਹਮਣੇ ਆਏ ਇਸ ਦੇ ਕੁਝ ਮਾਮਲੇ ਹੇਠਾਂ ਦਰਜ ਹਨ :
* 14 ਅਪ੍ਰੈਲ ਨੂੰ ‘ਠਾਣੇ’ (ਮਹਾਰਾਸ਼ਟਰ) ’ਚ ਸਾਈਬਰ ਠੱਗ ਨੇ ਖੁਦ ਨੂੰ ਇਕ ਗੈਸ ਕੰਪਨੀ ਦਾ ਅਧਿਕਾਰੀ ਦੱਸ ਕੇ ਇਕ ਵਿਅਕਤੀ ਨੂੰ ਲੁੱਟ ਲਿਆ। ਫਰਜ਼ੀ ਅਧਿਕਾਰੀ ਨੇ ਪੀੜਤ ਵਿਅਕਤੀ ਨੂੰ ਉਸ ਦਾ ਬਿੱਲ ਬਕਾਇਆ ਹੋਣ ਦੀ ਗੱਲ ਕਹਿ ਕੇ ਉਸ ਨੂੰ ਇਕ ਐਪ ਡਾਊਨਲੋਡ ਕਰਨ ਲਈ ਕਿਹਾ।
ਪੀੜਤ ਵੱਲੋਂ ਐਪ ਡਾਊਨਲੋਡ ਕਰਨ ’ਤੇ ਉਸ ਦੇ ਬੈਂਕ ਖਾਤੇ ਦੀ ਜਾਣਕਾਰੀ ਸਾਈਬਰ ਠੱਗਾਂ ਤੱਕ ਚਲੀ ਗਈ, ਜਿਸ ਦੀ ਵਰਤੋਂ ਕਰਕੇ ਠੱਗਾਂ ਨੇ ਉਸ ਦੇ ਖਾਤੇ ’ਚੋਂ 31 ਲੱਖ ਰੁਪਏ ਤੋਂ ਵੱਧ ਦੀ ਰਕਮ ਉਡਾ ਲਈ।
* 4 ਮਈ ਨੂੰ ‘ਰਾਜਕੋਟ’ (ਗੁਜਰਾਤ) ’ਚ ਇਕ ਸਾਈਬਰ ਠੱਗ ਨੇ ‘ਕੇ. ਕੇ. ਮਲਕਾਨ’ ਨਾਂ ਦੇ ਵਿਅਕਤੀ ਨੂੰ ਭੇਜੇ ‘ਵ੍ਹਟਸਐਪ’ ਸੰਦੇਸ਼ ’ਚ ਖੁਦ ਨੂੰ ਇਕ ਕੰਪਨੀ ਦਾ ਐੱਮ. ਡੀ. ‘ਕੇਤਨ ਜੋਸ਼ੀ’ ਦੱਸਿਆ ਅਤੇ ਉਸ ਨੂੰ ਇਕ ਬੈਂਕ ਖਾਤੇ ਦਾ ਵੇਰਵਾ ਦੇ ਕੇ ਉਸ ’ਚ 45 ਲੱਖ ਰੁਪਏ ਭੇਜਣ ਲਈ ਕਿਹਾ।
‘ਕੇ. ਕੇ. ਮਲਕਾਨ’ ਨੇ ਦੱਸੇ ਗਏ ਬੈਂਕ ਖਾਤੇ ’ਚ 45 ਲੱਖ ਰੁਪਏ ਭੇਜ ਦਿੱਤੇ ਪਰ ਜਦੋਂ ਉਹ ‘ਕੇਤਨ ਜੋਸ਼ੀ’ ਨੂੰ ਮਿਲਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੇ ਕੋਈ ਰਕਮ ਨਹੀਂ ਮੰਗਵਾਈ ਸੀ ਅਤੇ ਸਾਈਬਰ ਠੱਗਾਂ ਨੇ ਉਸ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ।
* 5 ਮਈ ਨੂੰ ‘ਘਾਟਕੋਪਰ’ (ਮੁੰਬਈ) ’ਚ ਸਾਈਬਰ ਠੱਗਾਂ ਨੇ ਰਸੋਈ ਗੈਸ ਦਾ ਬਿੱਲ ਭਰਵਾਉਣ ਦੇ ਬਹਾਨੇ ਇਕ ਬਜ਼ੁਰਗ ਤੋਂ 19.74 ਲੱਖ ਰੁਪਏ ਠੱਗ ਲਏ। ਇਸ ਬਜ਼ੁਰਗ ਨੂੰ ‘ਵ੍ਹਟਸਐਪ’ ’ਤੇ ਸੰਦੇਸ਼ ਆਇਆ ਕਿ, ‘‘ਤੁਹਾਡਾ ਪਿਛਲੇ ਮਹੀਨੇ ਦਾ ਗੈਸ ਦਾ ਬਿੱਲ ਅਪਡੇਟ ਨਾ ਹੋਣ ਕਾਰਨ ਤੁਹਾਡਾ ਕਨੈਕਸ਼ਨ ਅੱਜ ਰਾਤ 10 ਵਜੇ ਕੱਟ ਦਿੱਤਾ ਜਾਵੇਗਾ। ਇਸ ਲਈ ਤੁਰੰਤ ਸਬੰਧਤ ਅਧਿਕਾਰੀ ਨਾਲ ਫਲਾਣੇ ਨੰਬਰ ’ਤੇ ਸੰਪਰਕ ਕਰੋ।’’
ਦੱਸੇ ਗਏ ਨੰਬਰ ’ਤੇ ਬਜ਼ੁਰਗ ਵੱਲੋਂ ਸੰਪਰਕ ਕਰਨ ’ਤੇ ਸਾਈਬਰ ਠੱਗਾਂ ਨੇ ਕਿਹਾ ਕਿ ਉਸ ਦੇ ਗੈਸ ਕਨੈਕਸ਼ਨ ਦੇ ਸਿਰਫ਼ 12 ਰੁਪਏ ਬਕਾਇਆ ਹਨ ਅਤੇ ਇਸ ਦਾ ਭੁਗਤਾਨ ਹੋ ਜਾਣ ’ਤੇ ਕਨੈਕਸ਼ਨ ਬਹਾਲ ਕਰ ਦਿੱਤਾ ਜਾਵੇਗਾ। ਬਜ਼ੁਰਗ ਨੇ ਸਾਈਬਰ ਠੱਗਾਂ ਵੱਲੋਂ ਭੇਜੇ ਗਏ ‘ਭੁਗਤਾਨ ਲਿੰਕ’ ’ਤੇ ਕਲਿੱਕ ਕਰ ਦਿੱਤਾ ਅਤੇ ਉਸ ਦੇ ਬੈਂਕ ਖਾਤੇ ’ਚੋਂ ਰਾਤੋ-ਰਾਤ 19.74 ਲੱਖ ਰੁਪਏ ਦੀ ਰਕਮ ਨਿਕਲ ਗਈ।
* 6 ਮਈ ਨੂੰ ਲੁਧਿਆਣਾ ਪੁਲਸ ਦੇ ਸਾਈਬਰ ਸੈੱਲ ਨੇ ਸਾਈਬਰ ਠੱਗਾਂ ਵੱਲੋਂ ਇਕ ਵਿਅਕਤੀ ਤੋਂ 21 ਲੱਖ ਰੁਪਏ ਦੀ ਠੱਗੀ ਮਾਰ ਲੈਣ ਦਾ ਮਾਮਲਾ ਦਰਜ ਕੀਤਾ। ਸਾਈਬਰ ਠੱਗਾਂ ਨੇ ਉਸ ਨੂੰ ਪੈਸਾ ਕਮਾਉਣ ਦੇ ਆਸਾਨ ਤਰੀਕੇ ਸਬੰਧੀ ਵਿਗਿਆਪਨ ਦੇ ਝਾਂਸੇ ’ਚ ਫਸਾ ਕੇ ਕੁਝ ਆਨਲਾਈਨ ‘ਟਾਸਕ’ ਕਰਨ ਲਈ ਕਿਹਾ ਅਤੇ ਸ਼ੁਰੂ ’ਚ ‘ਟਾਸਕ’ ਪੂਰਾ ਹੋਣ ’ਤੇ ਕੁਝ ਰਕਮ ਉਸ ਦੇ ਖਾਤੇ ’ਚ ਆਈ ਦਿਖਾ ਦਿੱਤੀ।
ਵਿਅਕਤੀ ਨੂੰ ਇਹ ਘਰ ਬੈਠੇ ਪੈਸੇ ਕਮਾਉਣ ਦਾ ਆਸਾਨ ਤਰੀਕਾ ਲੱਗਾ ਅਤੇ ਬਾਅਦ ’ਚ ਠੱਗਾਂ ਨੇ ਉਸ ਨੂੰ ਵੱਧ ਧਨ ਜਮ੍ਹਾ ਕਰਵਾਉਣ ਅਤੇ ਵੱਧ ਲਾਭ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ 21 ਲੱਖ ਰੁਪਏ ਠੱਗ ਲਏ।
* 6 ਮਈ ਨੂੰ ਹੀ ‘ਏਰਨਾਕੁਲਮ’ (ਕੇਰਲ) ਦੇ ਇਕ ਕਾਰੋਬਾਰੀ ਨੂੰ ਪੈਸੇ ਨਿਵੇਸ਼ ਕਰਕੇ ਮੋਟਾ ਮੁਨਾਫਾ ਦਿਵਾਉਣ ਦਾ ਲਾਲਚ ਦੇ ਕੇ ਉਸ ਤੋਂ 2.5 ਕਰੋੜ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ‘ਕੋਚੀ’ ਪੁਲਸ ਨੇ 2 ਮੁਲਜ਼ਮਾਂ ‘ਸਤਿਆਨਾਰਾਇਣ ਮੂਰਤੀ’ ਅਤੇ ‘ਬਾਂਕਾ ਟਾਇਸਨ ਰਾਜੂ’ ਨੂੰ ਗ੍ਰਿਫ਼ਤਾਰ ਕੀਤਾ। ਇਹ ਦੋਵੇਂ ਭੋਲੇ-ਭਾਲੇ ਲੋਕਾਂ ਨੂੰ ਸਾਈਪ੍ਰਸ ਦੀ ਇਕ ਵੈੱਬਸਾਈਟ ਰਾਹੀਂ ਵਿਦੇਸ਼ਾਂ ’ਚ ਪੈਸੇ ਨਿਵੇਸ਼ ਕਰਕੇ ਮੋਟਾ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਫਸਾਉਂਦੇ ਸਨ।
ਦੇਸ਼ ’ਚ ਸਾਈਬਰ ਫਰਾਡ ਰੋਕਣ ਅਤੇ ਰਾਸ਼ਟਰੀ ਪੱਧਰ ’ਤੇ ਸਾਈਬਰ ਕ੍ਰਾਈਮ ਦੀ ਨਿਗਰਾਨੀ ਅਤੇ ਠੱਗਾਂ ’ਤੇ ਕਾਰਵਾਈ ਕਰਨ ਲਈ ਗ੍ਰਹਿ ਮੰਤਰਾਲੇ ਅਧੀਨ ‘ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ’ ਬਣਾਇਆ ਗਿਆ ਹੈ। ਸਰਕਾਰ ਨੇ ‘ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ’ ਤੋਂ ਇਲਾਵਾ ਹੈਲਪਲਾਈਨ ਨੰਬਰ 1930 ਵੀ ਜਾਰੀ ਕੀਤਾ ਹੈ।
ਆਮ ਲੋਕਾਂ ’ਚ ਜਾਗਰੂਕਤਾ ਦੀ ਕਮੀ ਕਾਰਨ ਇਸ ਤਰ੍ਹਾਂ ਦੇ ਅਪਰਾਧ ਵਧ ਰਹੇ ਹਨ। ਇਸ ਲਈ ਇਸ ਬਾਰੇ ਲੋਕਾਂ ’ਚ ਜਾਗਰੂਕਤਾ ਵਧਾਉਣ ਤੋਂ ਇਲਾਵਾ ਪੀੜਤਾਂ ਨੂੰ ਤੁਰੰਤ ਨਿਆਂ ਦਿਵਾਉਣ ਅਤੇ ਸਾਈਬਰ ਠੱਗਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ।
—ਵਿਜੇ ਕੁਮਾਰ
