ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਦੁਸ਼ਮਣ-ਖਾਲਿਸਤਾਨੀ ਨਫਰਤ ਦੀ ਵਿਚਾਰਧਾਰਾ
Friday, May 08, 2026 - 06:22 PM (IST)
ਪੰਜਾਬ ਦੀ ਧਰਤੀ ਨੇ ਹਮੇਸ਼ਾ ਪਿਆਰ, ਭਾਈਚਾਰੇ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਇਹ ਉਹ ਮਿੱਟੀ ਹੈ ਜਿੱਥੇ ਗੁਰੂਆਂ, ਸੂਫੀਆਂ ਅਤੇ ਸੰਤਾਂ ਨੇ ਮਨੁੱਖਤਾ ਨੂੰ ਜੋੜਨ ਦੀ ਗੱਲ ਕੀਤੀ। ਸਿੱਖੀ ਦਾ ਮੂਲ ਸਿਧਾਂਤ “ਸਰਬੱਤ ਦਾ ਭਲਾ” ਹੈ, ਜੋ ਹਰ ਧਰਮ, ਹਰ ਜਾਤ ਅਤੇ ਹਰ ਇਨਸਾਨ ਦੀ ਭਲਾਈ ਦੀ ਗੱਲ ਕਰਦਾ ਹੈ ਪਰ ਖਾਲਿਸਤਾਨ ਦੀ ਵਿਚਾਰਧਾਰਾ ਇਸੇ ਸਿੱਖੀ ਦੇ ਮੂਲ ਸਿਧਾਂਤਾਂ ਦੇ ਖਿਲਾਫ ਖੜ੍ਹੀ ਨਜ਼ਰ ਆਉਂਦੀ ਹੈ।
ਖਾਲਿਸਤਾਨ ਦੀ ਸੋਚ ਨਫਰਤ, ਵੰਡ ਅਤੇ ਹਿੰਸਾ ਨੂੰ ਜਨਮ ਦਿੰਦੀ ਹੈ। ਇਹ ਵਿਚਾਰਧਾਰਾ ਪੰਜਾਬ ਦੀ ਸਾਂਝੀ ਸੰਸਕ੍ਰਿਤੀ ਅਤੇ ਪੰਜਾਬੀਅਤ ਦੇ ਅਸਲ ਰੂਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ। ਪੰਜਾਬ ਦੀ ਪਛਾਣ ਕਦੇ ਵੀ ਤੰਗ ਸੋਚ ਜਾਂ ਵੰਡਵਾਦ ਨਾਲ ਨਹੀਂ ਰਹੀ। ਪੰਜਾਬ ਨੇ ਹਮੇਸ਼ਾ ਹਰ ਕਿਸੇ ਨੂੰ ਗਲੇ ਲਾਇਆ ਹੈ, ਭਾਵੇਂ ਉਹ ਕਿਸੇ ਵੀ ਧਰਮ ਜਾਂ ਭਾਈਚਾਰੇ ਨਾਲ ਸੰਬੰਧਿਤ ਹੋਵੇ। ਸਾਡੇ ਤਾਂ ਧਰਮ ਅਸਥਾਨਾਂ ਦੇ ਚਾਰ ਦਰਵਾਜ਼ੇ ਇਸੇ ਸੰਕਲਪ ਦੇ ਪ੍ਰਤੀਕ ਹਨ।
ਜਦੋਂ ਪੰਜਾਬ ਵਿਚ ਖਾਲਿਸਤਾਨੀ ਅੱਤਵਾਦ ਦਾ ਦੌਰ ਸੀ, ਉਸ ਵੇਲੇ ਪੰਜਾਬ ਨੇ ਆਪਣਾ ਸਭ ਤੋਂ ਦਰਦਨਾਕ ਸਮਾਂ ਆਪਣੇ ਪਿੰਡੇ ’ਤੇ ਹੰਢਾਇਆ। ਹਜ਼ਾਰਾਂ ਨਿਰਦੋਸ਼ ਲੋਕ ਮਾਰੇ ਗਏ, ਪਰਿਵਾਰ ਉਜੜ ਗਏ ਅਤੇ ਪੰਜਾਬ ਦੀ ਅਰਥਵਿਵਸਥਾ ਤਬਾਹ ਹੋ ਗਈ। ਪੰਜਾਬੀ ਕਲਾ ਅਤੇ ਸੱਭਿਆਚਾਰ ਨਾਲ ਜੁੜੇ ਅਨੇਕਾਂ ਪੰਜਾਬੀ ਕਲਾਕਾਰ ਵੀ ਇਸ ਅੱਤਵਾਦ ਦਾ ਸ਼ਿਕਾਰ ਬਣੇ। ਕਈ ਪੰਜਾਬੀ ਕਲਾਕਾਰਾਂ ਨੂੰ ਆਪਣਾ ਗਾਇਕੀ ਅਤੇ ਕਲਾ ਦਾ ਕੰਮ ਛੱਡ ਕੇ ਆਟਾ ਚੱਕੀਆਂ ਜਾਂ ਹੋਰ ਛੋਟੇ ਰੋਜ਼ਗਾਰ ਕਰਨ ਲਈ ਮਜਬੂਰ ਹੋਣਾ ਪਿਆ, ਕਿਉਂਕਿ ਅੱਤਵਾਦ ਦੇ ਡਰ ਨੇ ਰਚਨਾਤਮਕ ਆਵਾਜ਼ਾਂ ਨੂੰ ਚੁੱਪ ਕਰਾ ਦਿੱਤਾ ਸੀ।
ਅੱਜ ਵੀ ਉਹੀ ਨਫਰਤੀ ਸੋਚ ਨਵੇਂ ਰੂਪ ਵਿਚ ਸਾਹਮਣੇ ਆ ਰਹੀ ਹੈ। ਇਹ ਟੋਲਾ ਪੰਜਾਬ ਦੇ ਉਨ੍ਹਾਂ ਹੀਰਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਿਨ੍ਹਾਂ ਨੇ ਦੁਨੀਆ ਭਰ ਵਿਚ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈ। ਗੁਰਦਾਸ ਮਾਨ ਅਤੇ ਦਲਜੀਤ ਦੁਸਾਂਝ ਵਰਗੇ ਕਲਾਕਾਰਾਂ ਨੂੰ ਸੋਸ਼ਲ ਮੀਡੀਆ ਰਾਹੀਂ ਧਮਕੀਆਂ, ਬਹਿਸਕਾਰ ਮੁਹਿੰਮਾਂ ਅਤੇ ਨਫਰਤ ਦਾ ਸਾਹਮਣਾ ਕਰਵਾਇਆ ਜਾ ਰਿਹਾ ਹੈ। ਇਹ ਉਹੀ ਸੋਚ ਹੈ ਜੋ ਕਲਾ, ਵਿਚਾਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਤੋਂ ਡਰਦੀ ਹੈ।
ਪੰਜਾਬੀਅਤ ਨੂੰ ਦੁਨੀਆ ਭਰ ਵਿਚ ਸਨਮਾਣਯੋਗ ਸਥਾਨ ਦੁਆਉਣ ਵਾਲੇ ਤੇ ‘‘ਮੈਂ ਧਰਤੀ ਪੰਜਾਬ ਦੀ ਲੋਕੋ ਵੱਸਦੀ ਉੱਜੜ ਗਈ’’ ਵਰਗੇ ਗੀਤ ਗਾਉਣ ਵਾਲੇ ਗੁਰਦਾਸ ਮਾਨ ਨੂੰ ਇਸ ਟੋਲੇ ਵੱਲੋਂ ਜਿਸ ਕਦਰ ਨਫਰਤ ਦਾ ਸ਼ਿਕਾਰ ਬਣਾਇਆ ਗਿਆ ਉਸਦਾ ਸੇਕ ਅਜੇ ਘਟਿਆ ਨਹੀਂ ਸੀ ਕਿ ਹੁਣ ਇਹ ਟੋਲਾ ਦਲਜੀਤ ਦੁਸਾਂਝ ਦੇ ਦੁਆਲੇ ਹੋ ਗਿਆ ਹੈ। ਅੱਜ ਦਲਜੀਤ ਦੁਸਾਂਝ ਨੂੰ ਸਿੱਖੀ ਦਾ ਗ਼ਦਾਰ ਅਤੇ ਏਜੰਸੀਆਂ ਦਾ ਟੂਲ ਦੱਸਣ ਵਾਲੇ ਇਹ ਢਾਈ ਟੋਟਰੂ ਦੱਸ ਸਕਦੇ ਹਨ ਕਿ ਸਿੱਖ ਹਿਰਦਿਆਂ ਦੀ ਪੀੜ ‘1984’ ਵਰਗੀ ਫਿਲਮ ਬਣਾ ਕੇ, ਦਿੱਲੀ ਸਿੱਖ ਕਤਲੇਆਮ ’ਤੇ ‘ਜੋਗੀ’ ਵਰਗੀ ਫਿਲਮ ਬਣਾ ਕੇ, ਸਰਦਾਰ ਜਸਵੰਤ ਸਿੰਘ ਖਾਲੜਾ ‘ਤੇ ‘1995’ ਵਰਗੀ ਫਿਲਮ (ਜੋ ਭਾਰਤ ਸਰਕਾਰ ਨੇ ਅਜੇ ਤੱਕ ਰਿਲੀਜ਼ ਨਹੀਂ ਹੋਣ ਦਿੱਤੀ) ਬਣਾ ਕੇ, ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਕਰੋੜਾਂ ਰੁਪਏ ਸੰਘਰਸ਼ ਦੇ ਲੇਖੇ ਲਗਾ ਕੇ ਕਿਹੜੀ ਗਲਤੀ ਕੀਤੀ ਸੀ, ਜਿਸਨੂੰ ਅਸੀਂ ਗ਼ਦਾਰੀ ਦਾ ਲਕਬ ਦੇ ਕੇ ਨਿੰਦ ਸਕੀਏ ?
ਅਸੀਂ ਕਿਵੇਂ ਭੁੱਲ ਜਾਈਏ ਕਿ ਦਲਜੀਤ ਦੁਸਾਂਝ ਨੇ ਦੁਨੀਆ ਭਰ ਵਿਚ ਪੱਗ ਦੀ ਸ਼ਾਨ ਵਧਾਈ ਹੈ। ਅੱਜ ਇਹ ‘ਭਗੌੜੇ’ ਦਲਜੀਤ ਦੁਸਾਂਝ ’ਤੇ ਗਿਲਾ ਕਰਦੇ ਹਨ ਕਿ ਉਸਨੇ ਆਪਣੇ ਸ਼ੋਅ ਦੌਰਾਨ ਭਾਰਤੀ ਤਿਰੰਗਾ ਕਿਉਂ ਲਹਿਰਾਇਆ ? ਪਰ ਇਹ ਲੋਕ ਕਿਉਂ ਭੁੱਲ ਜਾਂਦੇ ਹਨ ਕਿ ਇਹ ਉਹੀ ਤਿਰੰਗਾ ਹੈ ਜਿਸਦਾ ਸਿਖ਼ਰਲਾ ‘ਕੇਸਰੀ’ ਰੰਗ ਭਾਰਤ ਵਿਚ ਸਾਡੀ ਮਾਨਤਾ ਦਾ ਪ੍ਰਤੀਕ ਹੈ ਤੇ ਇਸੇ ਤਿਰੰਗੇ ਲਈ ਸਾਡੇ ਵੱਡ-ਵਡੇਰੇ ਸਿੱਖਾਂ ਤੇ ਪੰਜਾਬੀਆਂ ਨੇ 87% ਕੁਰਬਾਨੀਆਂ ਦਿੱਤੀਆਂ ਸਨ। ਕੀ ਅੱਜ ਤਿਰੰਗੇ ਦਾ ਵਿਰੋਧ ਕਰ ਕੇ ਅਤੇ ਉਸਨੂੰ ਪੈਰਾਂ ਹੇਠ ਲਤਾੜਕੇ ਅਸੀਂ ਕੁਰਬਾਨੀਆਂ ਦੇਣ ਵਾਲੇ ਆਪਣੇ ਉਨ੍ਹਾਂ ਬਜ਼ੁਰਗਾਂ ਦੀਆਂ ਪੱਗਾਂ ਨੂੰ ਪੈਰਾਂ ਹੇਠ ਨਹੀਂ ਲਤਾੜ ਰਹੇ? ਕੀ ਅਸੀਂ ਆਪਣੇ ਬਜ਼ੁਰਗਾਂ ਦੀਆਂ ਦੇਹਾਂ ’ਤੇ ਭੰਗੜੇ ਨਹੀਂ ਪਾ ਰਹੇ। ਤੁਸੀਂ ਭਾਰਤੀ ਸਰਕਾਰ ਦਾ ਵਿਰੋਧ ਕਰਨਾ ਹੈ ਜੰਮ-ਜੰਮ ਕਰੋ ਪਰ ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਉਨ੍ਹਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਪੈਰਾਂ ਹੇਠ ਲਤਾੜੋ ਜਿਨ੍ਹਾਂ ਕਰ ਕੇ ਤੁਹਾਡੀ ਹੋਂਦ ਕਾਇਮ ਹੈ।
ਸਵਾਲ ਇਹ ਹੈ ਕਿ ਇਹ ਕੌਣ ਹਨ ਜੋ ਲੋਕਾਂ ਨੂੰ ਸਿੱਖੀ ਅਤੇ ਪੰਜਾਬੀਅਤ ਦੇ ਸਰਟੀਫਿਕੇਟ ਵੰਡਣ ਲੱਗ ਪਏ ਹਨ? ਸਿੱਖੀ ਕਿਸੇ ਇਕ ਟੋਲੇ ਦੀ ਜਾਇਦਾਦ ਨਹੀਂ ਅਤੇ ਨਾ ਹੀ ਪੰਜਾਬੀਅਤ ਨੂੰ ਕੁਝ ਲੋਕ ਆਪਣੇ ਮਾਪਦੰਡਾਂ ਨਾਲ ਤੋਲ ਸਕਦੇ ਹਨ। ਪੰਜਾਬੀਅਤ ਇਕ ਖੁੱਲ੍ਹੀ ਸੋਚ ਹੈ — ਪਿਆਰ, ਸਤਿਕਾਰ, ਸਾਂਝ ਅਤੇ ਇਨਸਾਨੀਅਤ ਦੀ ਸੋਚ। ਅਜੋਕੇ ਵਿਰੋਧ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਜਿਹੜੇ ਲੋਕ ਖੁਦ ਵਿਦੇਸ਼ਾਂ ਵਿਚ ਬੈਠ ਕੇ ਅਮਰੀਕਨ ਬੋਲਬਾਣੀ ਵਿਚ ਪੰਜਾਬੀਅਤ ਦੇ ਪਾਠ ਪੜ੍ਹਾਉਂਦੇ ਹਨ, ਕੀ ਉਹ ਪੰਜਾਬ ਦੀ ਮਿੱਟੀ, ਪੰਜਾਬ ਦੇ ਦਰਦ ਅਤੇ ਪੰਜਾਬ ਦੀ ਅਸਲੀ ਰੂਹ ਨੂੰ ਸਮਝਣ ਦਾ ਦਾਅਵਾ ਕਰ ਸਕਦੇ ਹਨ ? ਪੰਜਾਬੀਅਤ ਨਾ ਤਾਂ ਉੱਚੀਆਂ ਆਵਾਜ਼ਾਂ ਨਾਲ ਸਾਬਤ ਹੁੰਦੀ ਹੈ ਅਤੇ ਨਾ ਹੀ ਸੋਸ਼ਲ ਮੀਡੀਆ ਦੇ ਫਤਵਿਆਂ ਨਾਲ। ਪੰਜਾਬੀਅਤ ਲੋਕਾਂ ਨੂੰ ਜੋੜਦੀ ਹੈ, ਤੋੜਦੀ ਨਹੀਂ।
–ਮਨਿੰਦਰ ਸਿੰਘ ਗਿੱਲ
ਮੈਨੇਜਿੰਗ ਡਾਇਰੈਕਟਰ, ‘ਰੇਡੀਓ ਇੰਡੀਆ’ ਸਰੀ (ਬੀ. ਸੀ.) ਕੈਨੇਡਾ
