ਪ੍ਰਸ਼ਾਂਤ ਕਿਸ਼ੋਰ ਦੇ ਸਾਹਮਣੇ ਵੱਡੀਆਂ ਚੁਣੌਤੀਆਂ

Saturday, Oct 26, 2024 - 01:10 PM (IST)

ਪ੍ਰਸ਼ਾਂਤ ਕਿਸ਼ੋਰ ਦੇ ਸਾਹਮਣੇ ਵੱਡੀਆਂ ਚੁਣੌਤੀਆਂ

ਬਿਹਾਰ ਦੀ ਅਸ਼ਾਂਤ ਸਿਆਸਤ ’ਚ ਪ੍ਰਸ਼ਾਂਤ ਕਿਸ਼ੋਰ ਨੇ ਇਕ ਰੋੜਾ ਸੁੱਟ ਕੇ ਇਸ ਨੂੰ ਥੋੜ੍ਹਾ ਜਿਹਾ ਹੋਰ ਅਸ਼ਾਂਤ ਕਰ ਦਿੱਤਾ ਹੈ। ਚੁਫੇਰਿਓਂ ਹਮਲੇ ਸ਼ੁਰੂ ਹੋ ਗਏ ਹਨ। ਫਿਲਹਾਲ ਇਹ ਹਮਲੇ ਸਿਆਸੀ ਰਸਮ ਵੀ ਹੈ ਅਤੇ ਲਾਜ਼ਮੀਅਤਾ ਵੀ ਕਿਉਂਕਿ ਸੱਤਾ ਲੋਹੇ ਦਾ ਪਿੰਜਰਾ (ਆਇਰਨ ਲਾਅ ਆਫ ਓਲੀਗਾਰਕੀ) ਹੁੰਦਾ ਹੈ, ਜਿਸ ’ਚ ਬਾਹਰਲਿਆਂ ਦੇ ਦਖਲ ਦੀ ਮਨਾਹੀ ਮੰਨੀ ਜਾਂਦੀ ਹੈ। ਬਾਹਰਲੇ ਭਾਵ, ਜਿਸ ਦੇ ਮਾਂ-ਬਾਪ, ਚਾਚਾ, ਮਾਮਾ ਆਦਿ ਸਿਆਸਤ ’ਚ ਨਾ ਹੋਣ। ਅਜਿਹਾ ਕੋਈ ਵਿਅਕਤੀ ਜਦੋਂ ਸਿਆਸਤ ਦੇ ਇਸ ਲੋੋਹੇ ਦੇ ਪਿੰਜਰੇ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ ਉਦੋਂ ਅਜਿਹੇ ਹਮਲੇ ਸੁਭਾਵਿਕ ਹਨ। ਹੁਣ ਪ੍ਰਸ਼ਾਂਤ ਕਿਸ਼ੋਰ ਇਨ੍ਹਾਂ ਹਮਲਿਆਂ ਨੂੰ, ਆਲੋਚਨਾਵਾਂ ਨੂੰ ਕਿਵੇਂ ਲੈਂਦੇ ਹਨ, ਦੇਖਣ ਵਾਲੀ ਗੱਲ ਹੋਵੇਗੀ। ਫਿਲਹਾਲ, ਅਸੀਂ ਇੱਥੇ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਚੁਣੌਤੀਆਂ ਦੀ ਸੰਖੇਪ ਗੱਲ ਕਰਾਂਗੇ, ਜਿਨ੍ਹਾਂ ਤੋਂ ਪਾਰ ਲੰਘ ਕੇ ਹੀ ਉਹ ਲੋਹੇ ਦੇ ਇਸ ਪਿੰਜਰੇ ਨੂੰ ਤੋੜ ਸਕਣਗੇ।

ਜਾਤੀ ਦਾ ਜਾਲ-ਬਿਹਾਰ ਜਾਂ ਲਗਭਗ ਉੱਤਰੀ ਭਾਰਤ ਦੀ ਸਿਆਸਤ ’ਚ ਜਾਤੀ ਦਾ ਜਲਵਾ ਕੁਝ ਉਸੇ ਕਿਸਮ ਦਾ ਹੈ ਕਿ ਅੱਧੀ ਰੋਟੀ ਖਾਵਾਂਗੇ, ਐਟਮ ਬੰਬ ਬਣਾਵਾਂਗੇ। ਭਾਵ ਜਾਤੀ ਲਈ ਵਿਕਾਸ (ਸੂਬਾ ਜਾਂ ਖੁਦ ਦਾ) ਨੂੰ ਤਿਆਗਣ ’ਚ ਇੱਥੇ ਸੈਕਿੰਡ ਵੀ ਨਹੀਂ ਲੱਗਦੇ। ਇਸ ਸਥਿਤੀ ’ਚ ਪ੍ਰਸ਼ਾਂਤ ਕਿਸ਼ੋਰ ਦੀ ਖੁਦ ਦੀ ਜਾਤੀ ਇਕ ਬੜੀ ਵੱਡੀ ਚੁਣੌਤੀ ਹੋਵੇਗੀ। ਹਾਲਾਂਕਿ ਇਹ ਅਜਿਹੀ ਚੁਣੌਤੀ ਵੀ ਨਹੀਂ ਹੈ, ਜਿਸ ਨੂੰ ਤੋੜਿਆ ਨਾ ਜਾ ਸਕੇ ਪਰ ਉਹ ਇਸ ਨੂੰ ਕਿਵੇਂ ਤੋੜਨਗੇ, ਇਹ ਮਹੱਤਵਪੂਰਨ ਹੈ। ਸਿਰਫ ਵਿਕਾਸ-ਵਿਕਾਸ ਦੀ ਰੱਟ ਲਗਾਉਣ ਨਾਲ ਕੰਮ ਨਹੀਂ ਚੱਲਣ ਵਾਲਾ ਕਿਉਂਕਿ ਅਜਿਹਾ ਕਿਹੜਾ ਨੇਤਾ ਹੈ ਜੋ ਕਹਿੰਦਾ ਹੈ ਕਿ ਅਸੀਂ ਬਿਹਾਰ ਦੀ ‘ਤਬਾਹੀ’ ਕਰਨੀ ਚਾਹੁੰਦੇ ਹਨ।

ਅੱਧੀ ਆਬਾਦੀ ਦੀ ਨਾਰਾਜ਼ਗੀ-ਸ਼ਰਾਬਬੰਦੀ ਨੂੰ ਲੈ ਕੇ ਪ੍ਰਸ਼ਾਂਤ ਕਿਸ਼ੋਰ ਨੇ ਸ਼ਰੇਆਮ ਕਹਿ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਬਣੀ ਤਾਂ ਪਹਿਲੀ ਬੈਠਕ ’ਚ ਸ਼ਰਾਬਬੰਦੀ ਹਟਾਵਾਂਗੇ ਅਤੇ ਉਸ ਤੋਂ ਹੋਣ ਵਾਲੀ ਕਮਾਈ ਨੂੰ ਸਿੱਖਿਆ ’ਤੇ ਖਰਚ ਕਰਾਂਗੇ। ਸੁਝਾਅ ਬੜਾ ਚੰਗਾ ਹੈ। ਨੀਅਤ ਵੀ ਚੰਗੀ ਜਾਪਦੀ ਹੈ ਪਰ ਸਿਆਸੀ ਤੌਰ ’ਤੇ ਨਿਤੀਸ਼ ਕੁਮਾਰ ਨੇ ਇਸ ਮੁੱਦੇ ਨੂੰ ਬਿਹਾਰ ਦੀ ਅੱਧੀ ਆਬਾਦੀ ਦੇ ਸੈਂਟੀਮੈਂਟ ਨਾਲ ਜੋੜ ਦਿੱਤਾ ਹੈ ਅਤੇ ਇਸ ਨੂੰ ਬੜੀ ਡੂੰਘਾਈ ਨਾਲ ਜੋੜਿਆ ਹੈ, ਜਿਸ ਦਾ ਫਾਇਦਾ ਰਹਿ-ਰਹਿ ਕੇ ਉਨ੍ਹਾਂ ਨੂੰ ਚੋਣਾਂ ’ਚ ਮਿਲਦਾ ਵੀ ਹੈ।

ਵਿਚਾਰਕ ਅਸਪੱਸ਼ਟਤਾ-ਇਹ ਸਵਾਲ ਬੜਾ ਸਟੀਰੀਓ ਟਾਈਪ ਲੱਗਦਾ ਹੈ ਪਰ ਹੈ ਬੜਾ ਮਹੱਤਵਪੂਰਨ ਅਤੇ ਲੰਬੇ ਸਮੇਂ ਤਕ ਅਸਰ ਵਾਲਾ ਵੀ ਹੈ ਕਿਉਂਕਿ ਤੁਸੀਂ ਲੱਖ ਵਿਕਾਸ ਕਰੋ, ਇਕ ਮੋੜ ਅਜਿਹਾ ਆਉਂਦਾ ਹੈ ਜਿੱਥੇ ਤੁਹਾਨੂੰ ਕੁਝ ਫੈਸਲੇ ਲੈਣੇ ਪੈਂਦੇ ਹਨ, ਜਿਸ ਲਈ ਤੁਹਾਡੇ ਕੋਲ ਇਕ ਵਿਚਾਰਕ ਆਧਾਰ ਹੋਣਾ ਚਾਹੀਦਾ ਹੈ ਭਾਵ ਰਾਖਵਾਂਕਰਨ ਹੋਵੇ ਜਾਂ ਪੂੰਜੀ ਦਾ ਵਿਸ਼ਾ, ਤੁਸੀਂ ਕਿਧਰ ਜਾਓਗੇ, ਕਿਵੇਂ ਜਾਓਗੇ। ਤੁਸੀਂ ਲੈਫਟ ਹੋ, ਰਾਈਟ ਹੋ, ਸੈਂਟਰ ਹੋ, ਸੈਂਟਰ ਟੂ ਰਾਈਟ ਹੋ ਜਾਂ ਸੈਂਟਰ ਟੂ ਲੈਫਟ ਹੋ। ਤੁਹਾਨੂੰ ਇਹ ਸਪੱਸ਼ਟ ਕਰਨਾ ਹੋਵੇਗਾ, ਹਿੱਕ ਠੋਕ ਕੇ ਕਹਿਣਾ ਹੋਵੇਗਾ ਕਿ ਅਸੀਂ ਇਹ ਹਾਂ।

ਐਰੋਗੈਂਸ-ਅਸੀਂ ਸੀ. ਐੱਮ. ਅਤੇ ਵਿਧਾਇਕ ਬਣਾਉਂਦੇ ਹਾਂ। ਚੋਣਾਂ ਜਿਤਾਉਣੀਆਂ ਸਾਨੂੰ ਆਉਂਦੀਆਂ ਹਨ। ਲੋਕਤੰਤਰ ’ਚ ਐਰੋਗੈਂਸ (ਹੰਕਾਰ) ਲਈ ਕੋਈ ਥਾਂ ਨਹੀਂ ਹੁੰਦੀ। ਕੁਝ ਦਿਨ, ਕੁਝ ਸਾਲ, ਇਹ ਐਰੋਗੈਂਸ ਚੱਲ ਵੀ ਜਾਵੇ, ਤਾਂ ਲੰਬੀ ਰੇਸ ਦੇ ਘੋੜੇ ਨੂੰ ਨਿਮਰ ਸੁਭਾਅ ਦਾ ਹੋਣਾ ਹੀ ਚਾਹੀਦਾ ਹੈ। ਖੁਦ ਪ੍ਰਸ਼ਾਂਤ ਕਿਸ਼ੋਰ ’ਚ ਐਰੋਗੈਂਸ ਬੜਾ ਵੱਧ ਹੈ, ਅਜਿਹਾ ਮੈਂ ਕਈ ਵਾਰ ਮਹਿਸੂਸ ਕੀਤਾ ਹੈ। ਸੰਭਵ ਹੈ ਕਿ ਮੇਰੀ ਸਮਝ ਜਾਂ ਫੀਲਿੰਗ ਗਲਤ ਹੋਵੇ ਪਰ ਇਕ ਆਮ ਧਾਰਨਾ ਇਹੀ ਹੈ।

ਟਿਕਟਾਂ ਦੀ ਵੰਡ-ਇਕ ਝਾਤੀ ਜਦੋਂ ਟਿਕਟਾਂ ਦੀ ਵੰਡ ’ਤੇ ਮਾਰਦਾ ਹਾਂ ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਪਾਰਟੀ ’ਚ ਵੱਖ-ਵੱਖ ਕਿਸਮ ਦੇ ਲੋਕਾਂ ਨੇ ਐਂਟਰੀ ਲਈ ਹੈ। ਆਈ. ਏ. ਐੱਸ-ਆਈ. ਪੀ. ਐੱਸ. ਛੱਡੋ, ਕਰਪੂਰੀ ਠਾਕੁਰ ਜੀ ਦੀ ਪੋਤੀ, ਪਵਨ ਵਰਮਾ, ਦੇਵੇਂਦਰ ਯਾਦਵ ਵਰਗੇ ਲੋਕ ਜਿੱਥੇ ਇਕ ਪਾਸੇ ਹਨ, ਉੱਥੇ ਵਕੀਲ, ਡਾਕਟਰ, ਸਿੱਖਿਆ ਮਾਹਿਰ ਵੀ ਹਨ ਪਰ ਅਜੀਬ ਜਿਹੇ ਢੰਗ ਨਾਲ ਇਨ੍ਹਾਂ ਦੀ ਪਾਰਟੀ ’ਚ ਵੱਡੀ ਗਿਣਤੀ ’ਚ ਬਿਹਾਰ ਦੇ ਨਵੇਂ ਧਨਾਢਾਂ ਨੇ ਵੀ ਐਂਟਰੀ ਲੈ ਲਈ ਹੈ।

ਵਿਕਾਸ ਦਾ ਬਲੂ ਪ੍ਰਿੰਟ-ਇਸ ਮਸਲੇ ’ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਕ ਵੱਡੀ ਅਤੇ ਖਰੀ ਟੀਮ ਇਸ ’ਤੇ ਕੰਮ ਕਰ ਰਹੀ ਹੈ। ਪਹਿਲਾਂ ਇਹ ਪਾਰਟੀ ਦੇ ਸਥਾਪਨਾ ਦਿਵਸ ’ਤੇ ਹੀ ਆਉਣਾ ਸੀ ਪਰ ਹੁਣ ਸ਼ਾਇਦ ਅਗਲੇ ਸਾਲ ਮਾਰਚ ਤਕ ਹੀ ਆ ਸਕੇਗਾ। ਮੈਨੂੰ ਨਿੱਜੀ ਤੌਰ ’ਤੇ ਜਾਪਦਾ ਹੈ ਕਿ ਉਨ੍ਹਾਂ ਦੀ ਸਿਆਸਤ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਇਹੀ ਹੈ, ਜਿਸ ਨੂੰ ਆਉਣ ’ਚ, ਜਨਤਕ ਕਰਨ ’ਚ ਅਤੇ ਪ੍ਰਚਾਰਿਤ-ਪ੍ਰਸਾਰਿਤ ਕਰਨ ’ਚ ਸਭ ਤੋਂ ਵੱਧ ਸਮਾਂ ਲੱਗ ਰਿਹਾ ਹੈ।

ਨਿਯਮ ਅਨੁਸਾਰ ਇਹ ਕੰਮ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਸੀ ਅਤੇ ਇਸ ਨੂੰ ਬਿਹਾਰ ਦੇ ਲੋਕਾਂ ਦੇ ਦਿਲ ਅਤੇ ਦਿਮਾਗ ’ਚ ਬਿਠਾ ਦੇਣਾ ਚਾਹੀਦਾ ਸੀ। ਇਸ ’ਚ ਦੇਰੀ ਦਾ ਅਰਥ ਹੈ ਕਿ ਲੋਕ ਇਸ ਨੂੰ ਜਦ ਤਕ ਸਮਝਣਗੇ, ਇਸ ’ਤੇ ਵਿਚਾਰ ਕਰਨਗੇ, ਇਸ ’ਤੇ ਬਹਿਸਬਾਜ਼ੀ ਹੋਵੇਗੀ, ਉਦੋਂ ਤਕ ਚੋਣਾਂ ਦਾ ਸਮਾਂ ਆ ਜਾਵੇਗਾ। ਫਿਰ, ਉਹ ਲੰਬੇ ਸਮੇਂ ਦੇ ਵਿਕਾਸ ਮਾਡਲ ਜਾਂ ਤੱਤਕਾਲੀ ਰਾਹਤ ਦੇਣ ਵਾਲੇ ਉਪਾਅ ਨੂੰ ਲੈ ਕੇ ਆਉਂਦੇ ਹਨ, ਇਹ ਦੇਖਣਾ ਵੀ ਅਹਿਮ ਹੋਵੇਗਾ। ਸੀ. ਐੱਮ. ਫੇਸ-2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦਾ ਕੰਮ ਪ੍ਰਸ਼ਾਂਤ ਕਿਸ਼ੋਰ ਦੇਖ ਰਹੇ ਸਨ। ਪਾਰਟੀ ਦਫਤਰ ’ਚ 10 ਗਾਰੰਟੀ ਪ੍ਰੋਗਰਾਮ ਲਾਂਚ ਹੋਣਾ ਸੀ। ਮੰਚ ’ਤੇ ਸਿਰਫ ਇਕ ਕੁਰਸੀ ਲਗਾਈ ਗਈ ਸੀ। ਮੈਂ ਜਾਣਕਾਰੀ ਲਈ ਤਾਂ ਕਿਹਾ ਗਿਆ ਕਿ ਇਹ ਪ੍ਰਸ਼ਾਂਤ ਕਿਸ਼ੋਰ ਦਾ ਆਈਡੀਆ ਹੈ ਕਿ ਮੰਚ ’ਤੇ ਸਿਰਫ ਇਕੱਲੇ ਕੇਜਰੀਵਾਲ ਹੋਣਗੇ।

ਸਿਆਸੀ ਤੌਰ ’ਤੇ ਇਹ ਠੀਕ ਵੀ ਸੀ ਕਿਉਂਕਿ ਹੁਣ ਲੋਕਤੰਤਰੀ ਵਿਵਸਥਾ ’ਚ ਭਾਰਤੀ ਚੋਣਾਂ ਵੀ ਵਿਅਕਤੀ ਕੇਂਦ੍ਰਿਤ, ਫੇਸ ਸੈਂਟਰਡ ਹੋ ਗਈਆਂ ਹਨ। ਫਿਰ ਭਾਵੇਂ ਮੋਦੀ ਜੀ ਹੋਣ, ਯੋਗੀ ਜੀ ਹੋਣ, ਨਿਤੀਸ਼ ਕੁਮਾਰ ਹੋਣ ਜਾਂ ਕੋਈ ਹੋਰ। ਅਜਿਹੇ ’ਚ, ਬਿਹਾਰ ’ਚ ਜਨ ਸੁਰਾਜ ਵਲੋਂ ਸੀ. ਐੱਮ. ਫੇਸ ਕੌਣ ਪ੍ਰਾਜੈਕਟ ਹੋਵੇਗਾ, ਕਦੋਂ ਤਕ ਹੋਵੇਗਾ, ਇਹ ਵੱਡਾ ਸਵਾਲ ਹੈ। ਪ੍ਰਸ਼ਾਂਤ ਕਿਸ਼ੋਰ ਇਹ ਕਹਿ ਕੇ ਨਹੀਂ ਬਚ ਸਕਦੇ ਕਿ ਵਿਧਾਇਕ ਸੀ. ਐੱਮ. ਨੂੰ ਚੁਣਨਗੇ। ਇਹ ਸਭ ਬਕਵਾਸ ਦੀਆਂ ਗੱਲਾਂ ਹਨ।

ਸੰਘਰਸ਼ ਦੀ ਘਾਟ-ਮਮਤਾ ਬੈਨਰਜੀ ਅੱਜ 15 ਸਾਲ ਤੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਹਨ, ਤਾਂ ਇਸ ਦੇ ਪਿੱਛੇ ਉਨ੍ਹਾਂ ਦੇ ਸਰੀਰ ’ਤੇ ਅਣਗਿਣਤ ਡਾਂਗਾਂ ਦੇ ਨਿਸ਼ਾਨਾਂ ਦਾ ਵੀ ਵੱਡਾ ਰੋਲ ਰਿਹਾ ਹੈ। ਬਿਹਾਰ ’ਚ ਹਾਲ ਹੀ ਦੇ ਦਿਨਾਂ ’ਚ ਅਪਰਾਧ ਦੀਆਂ ਭਿਆਨਕ ਘਟਨਾਵਾਂ ਵਾਪਰੀਆਂ ਹਨ। ਇਕ ਦਲਿਤ ਮਾਸੂਮ ਦੇ ਨਾਲ ਭਿਆਨਕ ਅਤੇ ਜ਼ਾਲਮਾਨਾ ਕਾਰਾ ਹੋਇਆ ਹੈ। ਕਤਲਾਂ ਦਾ ਦੌਰ ਜਾਰੀ ਹੈ ਪਰ ਪ੍ਰਸ਼ਾਂਤ ਕਿਸ਼ੋਰ ਇਨ੍ਹਾਂ ਥਾਵਾਂ ’ਤੇ ਨਹੀਂ ਦਿਸਦੇ। ਉਹ ਖੁਦ ਕਹਿੰਦੇ ਹਨ, ਮੈਂ ਸੋਸ਼ਲ ਮੀਡੀਆ ਤੋਂ ਦੂਰ ਰਹਿੰਦਾ ਹਾਂ।

ਉਨ੍ਹਾਂ ਨਾਲੋਂ ਤਾਂ ਚੰਗੇ ਪੱਪੂ ਯਾਦਵ ਹਨ ਜੋ ਹਰ ਕਿਸੇ ਦੇ ਸੁੱਖ-ਦੁੱਖ ’ਚ ਸ਼ਰੀਕ ਹੁੰਦੇ ਹਨ। ਆਖਿਰ ਤੁਸੀਂ ਉਦੋਂ ਹੀ ਬਿਹਾਰ ਦੇ ਲੋਕਾਂ ਦੇ ਸੁੱਖ-ਦੁੱਖ ’ਚ ਸ਼ਾਮਲ ਹੋਵੋਗੇ, ਜਦੋਂ ਤੁਹਾਡੀ ਪਾਰਟੀ ਸਰਕਾਰ ਬਣਾ ਲਵੇਗੀ? ਇਹ ਕਿਹੋ ਜਿਹੀ ਸ਼ਰਤ ਹੈ? ਮੈਨੂੰ ਲੱਗਦਾ ਹੈ ਕਿ ਇਨ੍ਹਾਂ ਚੁਣੌਤੀਆਂ ਦੀ ਸ਼ਕਲ ’ਚ ਮੈਂ ਉਨ੍ਹਾਂ ਤੋਂ ਕੁਝ ਜ਼ਿਆਦਾ ਹੀ ਉਮੀਦ ਲਗਾ ਰਿਹਾ ਹਾਂ, ਜੋ ਸੰਭਵ ਤੌਰ ’ਤੇ ਮੇਰੀ ਨਿਰਾਸ਼ਾ ਦਾ ਹੀ ਕਾਰਨ ਬਣ ਸਕਦੀ ਹੈ। ਫਿਰ ਵੀ, ਉਮੀਦ ਹੈ ਕਿ ਪ੍ਰਸ਼ਾਂਤ ਕਿਸ਼ੋਰ ਕੁਝ ਬਿਹਤਰ ਕਰਨ ਦੀ ਕੋਸ਼ਿਸ਼ ਕਰਨਗੇ।

-ਸ਼ਸ਼ੀ ਸ਼ੇਖਰ


author

Tanu

Content Editor

Related News