ਕੇਂਦਰੀ ਹਥਿਆਰਬੰਦ ਪੁਲਸ ਬਲਾਂ ’ਚ ਵਧ ਰਹੀਆਂ ਖੁਦਕੁਸ਼ੀਆਂ ਚਿੰਤਾ ਦਾ ਵਿਸ਼ਾ

Friday, Dec 06, 2024 - 02:33 AM (IST)

ਕੇਂਦਰੀ ਹਥਿਆਰਬੰਦ ਪੁਲਸ ਬਲਾਂ ਭਾਵ ਅਰਧ ਸੈਨਿਕ ਬਲਾਂ (ਸੈਂਟ੍ਰਲ ਆਰਮਡ ਪੁਲਸ ਫੋਰਸ–ਸੀ.ਏ.ਪੀ.ਐੱਫ.) ਦੇ ਜਵਾਨਾਂ ਵਲੋਂ ਖੁਦਕੁਸ਼ੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਹਾਲ ਹੀ ਦੀਆਂ ਹੇਠਲੀਆਂ ਖਬਰਾਂ ਤੋਂ ਸਪੱਸ਼ਟ ਹੈ :

* 1 ਅਕਤੂਬਰ ਨੂੰ ਅਮੇਠੀ (ਉੱਤਰ ਪ੍ਰਦੇਸ਼) ਵਿਚ ਸੀ.ਆਰ.ਪੀ.ਐੱਫ. ਦੇ ਇਕ ਜਵਾਨ ਨੇ ਆਪਣੇ ਕੈਂਪ ਵਿਚ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।

* 3 ਅਕਤੂਬਰ ਨੂੰ ਰਾਂਚੀ (ਝਾਰਖੰਡ) ਸਥਿਤ ਸੀ.ਆਰ.ਪੀ.ਐੱਫ. ਦੇ ਇਕ ਕੈਂਪ ’ਚ ਦੋ ਦਿਨ ਪਹਿਲਾਂ ਹੀ ਲੰਬੀ ਛੁੱਟੀ ਤੋਂ ਪਰਤੇ ਜਵਾਨ ਨੇ ਖੁਦਕੁਸ਼ੀ ਕਰ ਲਈ।

* 29 ਨਵੰਬਰ ਨੂੰ ਬਾੜਮੇਰ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨ ਨੇ ਖੁਦਕੁਸ਼ੀ ਕਰ ਲਈ।

* 2 ਦਸੰਬਰ ਨੂੰ ਸੂਰਸਾਗਰ (ਰਾਜਸਥਾਨ) ਥਾਣਾ ਖੇਤਰ ’ਚ ਸਥਿਤ ਸੀ.ਆਰ.ਪੀ.ਐੱਫ. ਦੇ ਸਿਖਲਾਈ ਕੇਂਦਰ ’ਚ ਸਬ-ਇੰਸਪੈਕਟਰ ਨੇ ਖੁਦਕੁਸ਼ੀ ਕਰ ਲਈ।

* 3 ਦਸੰਬਰ ਨੂੰ ਸ਼ੋਪੀਆਂ ਜ਼ਿਲ੍ਹੇ (ਦੱਖਣੀ ਕਸ਼ਮੀਰ) ਵਿਚ ਤਾਇਨਾਤ ਸੀ.ਆਰ.ਪੀ.ਐੱਫ. ਦੇ ਜਵਾਨ ਨੇ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

* 5 ਦਸੰਬਰ ਨੂੰ ਬੀਕਾਨੇਰ ’ਚ 2 ਵੱਖ-ਵੱਖ ਘਟਨਾਵਾਂ ’ਚ ਬੀ.ਐੱਸ.ਐੱਫ. ਅਤੇ ਫੌਜ ਦੇ ਇਕ-ਇਕ ਜਵਾਨ ਨੇ ਖੁਦਕੁਸ਼ੀ ਕਰ ਲਈ।

ਕੇਂਦਰੀ ਹਥਿਆਰਬੰਦ ਪੁਲਸ ਬਲਾਂ ਅਰਥਾਤ ਅਰਧ ਸੈਨਿਕ ਬਲਾਂ (ਸੀ.ਏ.ਪੀ.ਐੱਫ.) ਵਿਚ ਸੀ.ਆਰ.ਪੀ.ਐੱਫ., ਬੀ.ਐੱਸ.ਐੱਫ., ਸੀ.ਆਈ.ਐੱਸ.ਐੱਫ., ਆਈ.ਟੀ.ਬੀ.ਪੀ., ਐੱਨ.ਐੱਸ.ਜੀ. ਅਤੇ ਆਸਾਮ ਰਾਈਫਲਜ਼ (ਏ.ਆਰ.) ਵਰਗੇ ਬਲ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਖੁਦਕੁਸ਼ੀਆਂ ਕਰਨ ਵਾਲੇ ਜਵਾਨਾਂ ਦੀ ਗਿਣਤੀ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋਣ ਵਾਲੇ ਜਵਾਨਾਂ ਤੋਂ ਵੀ ਵੱਧ ਹੈ।

ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਵੱਲੋਂ 4 ਦਸੰਬਰ ਨੂੰ ਰਾਜ ਸਭਾ ’ਚ ਦਿੱਤੀ ਗਈ ਜਾਣਕਾਰੀ ਮੁਤਾਬਕ ਪਿਛਲੇ 5 ਸਾਲਾਂ ’ਚ ਕੇਂਦਰੀ ਅਰਧ ਸੈਨਿਕ ਬਲਾਂ ਦੇ 730 ਜਵਾਨ ਖੁਦਕੁਸ਼ੀ ਕਰ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ 5 ਸਾਲਾਂ ਵਿਚ ਲਗਭਗ 55,000 ਸੈਨਿਕਾਂ ਨੇ ਸਵੈ-ਇੱਛਤ ਸੇਵਾਮੁਕਤੀ (ਵੀ.ਆਰ.ਐੱਸ.) ਲਈ ਹੈ ਜਾਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਹਥਿਆਰਬੰਦ ਪੁਲਸ ਬਲਾਂ (ਸੀ.ਏ.ਪੀ.ਐੱਫ.) ਅਤੇ ਆਸਾਮ ਰਾਈਫਲਜ਼ (ਏ.ਆਰ.) ਵਿਚ 1,00,204 ਅਸਾਮੀਆਂ ਖਾਲੀ ਹਨ।

ਲੰਬੀ ਡਿਊਟੀ, ਸੌਣ ਲਈ ਪੂਰਾ ਸਮਾਂ ਨਾ ਮਿਲਣਾ ਅਤੇ ਪਰਿਵਾਰ ਨਾਲ ਘੱਟ ਤੋਂ ਘੱਟ ਸਮਾਂ ਬਿਤਾ ਸਕਣਾ ਅਤੇ ਹੋਰ ਨਿੱਜੀ ਪ੍ਰੇਸ਼ਾਨੀਆਂ ਖੁਦਕੁਸ਼ੀਆਂ ਦੇ ਮੁੱਖ ਕਾਰਨ ਮੰਨੇ ਗਏ ਹਨ।

‘ਕਨਫੈਡਰੇਸ਼ਨ ਆਫ ਐਕਸ-ਪੈਰਾਮਿਲਟਰੀ ਫੋਰਸਿਜ਼ ਵੈੱਲਫੇਅਰ ਐਸੋਸੀਏਸ਼ਨ’ ਦੀ ਇਕ ਰਿਪੋਰਟ ਅਨੁਸਾਰ 2011 ਤੋਂ ਹੁਣ ਤੱਕ ਕੇਂਦਰੀ ਹਥਿਆਰਬੰਦ ਪੁਲਸ ਬਲਾਂ ਦੇ ਕੁੱਲ 1532 ਜਵਾਨਾਂ ਨੇ ਖੁਦਕੁਸ਼ੀ ਕੀਤੀ ਹੈ। ਖ਼ੁਦਕੁਸ਼ੀ ਕਰਨ ਦੇ ਸਭ ਤੋਂ ਵੱਡੇ ਕਾਰਨ ਖ਼ਰਾਬ ਸੇਵਾ ਸ਼ਰਤਾਂ, ਘਰ ਜਾਣ ਲਈ ਛੁੱਟੀ ’ਚ ਕਮੀ, ਤਰੱਕੀ ਦੇ ਘੱਟ ਮੌਕੇ ਆਦਿ ਹਨ।

ਇਸੇ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਰਧ ਸੈਨਿਕ ਬਲਾਂ ਵਿਚ ਮਨੋਰੋਗੀਆਂ ਦੀ ਗਿਣਤੀ 2020 ਵਿਚ 3584 ਤੋਂ ਵਧ ਕੇ 2022 ਵਿਚ 4940 ਹੋ ਗਈ। ‘ਕਨਫੈਡਰੇਸ਼ਨ’ ਦੇ ਪ੍ਰਧਾਨ ਰਣਬੀਰ ਸਿੰਘ ਅਨੁਸਾਰ :

‘‘ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਸੀਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕਈ ਵਾਰ ਪੱਤਰ ਲਿਖ ਕੇ ਆਪਣੇ ਜਵਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ ਹੈ ਪਰ ਸਰਕਾਰ ਨੇ ਅਜੇ ਤੱਕ ਕੋਈ ਸੁਧਾਰਾਤਮਕ ਕਦਮ ਨਹੀਂ ਚੁੱਕਿਆ।’

ਇਸੇ ਤਰ੍ਹਾਂ ਸੀ.ਆਰ.ਪੀ.ਐੱਫ. ਦੇ ਇਕ ਅਧਿਕਾਰੀ ਨੇ ਵਧ ਰਹੀਆਂ ਖੁਦਕੁਸ਼ੀਆਂ ਦਾ ਕਾਰਨ ਬਿਨਾਂ ਛੁੱਟੀ ਦੇ ਲਗਾਤਾਰ ਸਖ਼ਤ ਪੋਸਟਿੰਗ ਕਾਰਨ ਤਣਾਅ ਅਤੇ ਥਕਾਵਟ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ, “ਜਵਾਨ ਬੇਹੱਦ ਮੁਸ਼ਕਲ ਹਾਲਾਤ ਵਿਚ ਕੰਮ ਕਰਦੇ ਹਨ ਪਰ ਕਈ ਵਾਰ ਘਰ ਵਿਚ ਉਨ੍ਹਾਂ ਦੀਆਂ ਸਮੱਸਿਆਵਾਂ ਗੰਭੀਰ ਹੋ ਜਾਂਦੀਆਂ ਹਨ। ਛੁੱਟੀ ਤੋਂ ਇਨਕਾਰ ਪਿੱਛੋਂ ਉਹ ਹੋਰ ਉਦਾਸ ਹੋ ਜਾਂਦੇ ਹਨ।”

ਇਸ ਵਿਸ਼ੇ ’ਤੇ ਅਧਿਐਨ ਲਈ ਇਕ ਹੋਰ ਟਾਸਕ ਫੋਰਸ ਦੀ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਗਿਆ ਕਿ ਖੁਦਕੁਸ਼ੀ ਕਰਨ ਵਾਲੇ ਕਰੀਬ 80 ਫੀਸਦੀ ਜਵਾਨ ਛੁੱਟੀ ਕੱਟ ਕੇ ਵਾਪਸ ਆਏ ਸਨ। ਇਸ ਰਿਪੋਰਟ ਦੇ ਅਨੁਸਾਰ :

‘‘ਜਵਾਨਾਂ ਵਿਚ ਖੁਦਕੁਸ਼ੀ ਦੇ ਮੁੱਖ ਕਾਰਨ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ, ਵਿਆਹੁਤਾ ਝਗੜਾ ਜਾਂ ਤਲਾਕ, ਵਿੱਤੀ ਮੁਸ਼ਕਲਾਂ ਅਤੇ ਬੱਚਿਆਂ ਲਈ ਲੋੜੀਂਦੇ ਵਿੱਦਿਅਕ ਮੌਕਿਆਂ ਦੀ ਘਾਟ ਆਦਿ ਵੀ ਹੁੰਦੇ ਹਨ।’’

ਇਸ ਲਈ ਸੁਰੱਖਿਆ ਬਲਾਂ ਵਿਚ ਸਟਾਫ਼ ਦੀ ਕਮੀ ਨੂੰ ਪੂਰਾ ਕਰਨ ਅਤੇ ਹੋਰ ਤਰੁੱਟੀਆਂ ਨੂੰ ਦੂਰ ਕਰਨ ਦੀ ਤੁਰੰਤ ਲੋੜ ਹੈ ਤਾਂ ਜੋ ਸਾਡੇ ਜਵਾਨਾਂ ਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣ ਦੀ ਨੌਬਤ ਨਾ ਆਵੇ।

-ਵਿਜੇ ਕੁਮਾਰ


Harpreet SIngh

Content Editor

Related News