ਦੂਸਰੇ ਨੱਢਾ ਦੀ ਭਾਲ ’ਚ ਹੈ ਭਾਜਪਾ

Monday, Oct 21, 2024 - 04:42 PM (IST)

ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਭਾਜਪਾ ਦੇ 18 ਕਰੋੜ ਤੋਂ ਵੱਧ ਮੈਂਬਰ ਅਤੇ ਮੌਜੂਦਾ ਮੈਂਬਰਸ਼ਿਪ ਮੁਹਿੰਮ ਦੌਰਾਨ ਇਸ ’ਚ 9 ਕਰੋੜ ਹੋਰ ਮੈਂਬਰ ਜੋੜਨ ਦੀ ਤਜਵੀਜ਼ ਹੈ। ਮੌਜੂਦਾ ਪ੍ਰਧਾਨ ਜੇ. ਪੀ. ਨੱਢਾ ਦਾ ਕਾਰਜਕਾਲ ਪਹਿਲਾਂ ਹੀ ਵਧਾ ਦਿੱਤਾ ਗਿਆ ਹੈ, ਇਸ ਲਈ ਭਾਜਪਾ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਭਾਲ ਕਰ ਰਹੀ ਹੈ। ਉਨ੍ਹਾਂ ਦਾ 3 ਸਾਲ ਦਾ ਕਾਰਜਕਾਲ ਜਨਵਰੀ ’ਚ ਖਤਮ ਹੋ ਗਿਆ ਸੀ। ਜੂਨ ’ਚ ਜਦੋਂ ਨੱਢਾ ਨੂੰ ਮੋਦੀ-3.0 ’ਚ ਕੈਬਨਿਟ ਮੰਤਰੀ ਅਤੇ ਰਾਜ ਸਭਾ ਦਾ ਨੇਤਾ ਨਿਯੁਕਤ ਕੀਤਾ ਗਿਆ ਸੀ, ਤਾਂ ਇਹ ਸਪੱਸ਼ਟ ਹੋ ਗਿਆ ਸੀ ਕਿ ਨਵਾਂ ਪ੍ਰਧਾਨ ਹੋਵੇਗਾ।

ਬਲਾਕ, ਜ਼ਿਲਾ ਅਤੇ ਸੂਬਾ ਪੱਧਰ ’ਤੇ ਸੰਗਠਨਾਤਮਕ ਚੋਣਾਂ ਪੂਰੀਆਂ ਹੋਣ ਦੇ ਬਾਅਦ ਚੋਣਾਂ ਹੋਣਗੀਆਂ। ਇਹ ਦਸੰਬਰ ’ਚ ਖਤਮ ਹੋਣਗੀਆਂ ਅਤੇ ਇਸ ਪ੍ਰਕਿਰਿਆ ਨਾਲ ਪਾਰਟੀ ਦੇ ਮੈਂਬਰਾਂ ਅਤੇ ਜਨਤਾ ਦੀ ਸਰਗਰਮ ਹਿੱਸੇਦਾਰੀ ’ਚ ਮਦਦ ਮਿਲੇਗੀ। ਨੱਢਾ ਨੇ 15 ਅਕਤੂਬਰ ਨੂੰ ਸੰਗਠਨਾਤਮਕ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਿਸ ਦੇ ਬਾਅਦ ਨਵੇਂ ਪਾਰਟੀ ਪ੍ਰਧਾਨ ਦੀ ਚੋਣ ਹੋਵੇਗੀ। ਰਾਜ ਸਭਾ ਮੈਂਬਰ ਪੀ. ਲਕਸ਼ਮਣ ਸੰਗਠਨਾਤਮਕ ਚੋਣਾਂ ਦੀ ਦੇਖ-ਰੇਖ ਕਰਨਗੇ। ਉਪ ਪ੍ਰਧਾਨ ਰੇਖਾ ਵਰਮਾ, ਸੰਸਦ ਮੈਂਬਰ ਸੰਬਿਤ ਪਾਤਰਾ ਅਤੇ ਨਰੇਸ਼ ਬਾਂਸਲ ਉਨ੍ਹਾਂ ਦੀ ਸਹਾਇਤਾ ਕਰਨਗੇ।

ਮੌਜੂਦਾ ਪ੍ਰਧਾਨ ਕੋਲੋਂ ਨਵੇਂ ਪ੍ਰਧਾਨ ਦਾ ਅਹੁਦਾ ਹਾਸਲ ਕਰਨਾ ਕੰਮਾਂ ’ਚ ਰਫਤਾਰ ਬਣਾਈ ਰੱਖਣ ਅਤੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਹੱਤਵਪੂਰਨ ਹੈ। ਨੱਢਾ ਨੇ ਪਾਰਟੀ ਦੀ ਪ੍ਰਧਾਨਗੀ ਕੀਤੀ ਅਤੇ ਵਿਧਾਨ ਸਭਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੀ ਦੇਖ-ਰੇਖ ਕੀਤੀ। ਭਾਜਪਾ ਨੇ ਕੁਝ ਚੋਣਾਂ ਜਿੱਤੀਆਂ ਅਤੇ ਕੁਝ ਹਾਰੀਆਂ। ਲੋਕ ਸਭਾ ’ਚ ਭਾਜਪਾ ਬਹੁਮਤ ਤੋਂ ਖੁੰਝ ਗਈ ਅਤੇ ਮੋਦੀ ਨੇ ਮੌਜੂਦਾ ਗੱਠਜੋੜ ਸਰਕਾਰ ਬਣਾਉਣ ਲਈ ਜਦ-ਯੂ ਅਤੇ ਤੇਦੇਪਾ ਦੀ ਮਦਦ ਲਈ।

ਬੜੇ ਨਿੱਘੇ ਸੁਭਾਅ ਵਾਲੇ ਨੱਢਾ ਨੇ ਖੁਦ ਨੂੰ ਘੱਟ ਪ੍ਰੋਫਾਈਲ ਰੱਖਿਆ ਅਤੇ ਪਾਰਟੀ ਨਾਲ ਜੁੜੇ ਫੈਸਲਿਆਂ ’ਚ ਕਦੇ ਮੋਦੀ-ਸ਼ਾਹ ਦੇ ਦਰਮਿਆਨ ਅੜਿੱਕਾ ਨਹੀਂ ਬਣੇ। ਭਾਜਪਾ ਦੂਜੇ ਨੱਢਾ ਦੀ ਭਾਲ ਵਿਚ ਹੈ। ਚੋਣ ਪ੍ਰਕਿਰਿਆ ਲੰਬੀ ਹੈ। ਭਾਜਪਾ ਸੰਵਿਧਾਨ ਦੇ ਅਨੁਸਾਰ, ਘੱਟੋ-ਘੱਟ 20 ਸੂਬਾ ਕਾਰਜਕਾਰਨੀ ਮੈਂਬਰਾਂ ਨੂੰ ਨਾਂ ਤਜਵੀਜ਼ਤ ਕਰਨਾ ਚਾਹੀਦਾ ਹੈ। ਵਿਅਕਤੀ ਨੂੰ ਘੱਟੋ-ਘੱਟ 4 ਕਾਰਜਕਾਲਾਂ ਲਈ ਪ੍ਰੀਸ਼ਦ ’ਚ ਸੇਵਾ ਕਰਨੀ ਚਾਹੀਦੀ ਹੈ ਅਤੇ ਘੱਟੋ-ਘੱਟ 15 ਸਾਲਾਂ ਤੱਕ ਪਾਰਟੀ ਦਾ ਮੈਂਬਰ ਹੋਣਾ ਚਾਹੀਦਾ ਹੈ। ਤਜਵੀਜ਼ ਨੂੰ ਘੱਟੋ-ਘੱਟ 4 ਹੋਰ ਸੂਬਿਆਂ ਦੇ ਮੈਂਬਰਾਂ ਵੱਲੋਂ ਸਮਰਥਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਿਕ ਪਾਰਟੀ ਦੇ ਅੰਦਰ ਵਿਆਪਕ ਸਹਿਮਤੀ ਯਕੀਨੀ ਹੋ ਸਕੇ।

ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਦੇ ਬਾਅਦ ਵੋਟਾਂ ਪੈਂਦੀਆਂ ਹਨ, ਜਿਸ ਵਿਚ ਰਾਸ਼ਟਰੀ ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰ ਵੋਟ ਪਾਉਣ ਲਈ ਪਾਤਰ ਹੁੰਦੇ ਹਨ। ਵਰਣਨਯੋਗ ਹੈ ਕਿ ਭਾਜਪਾ ਪ੍ਰਧਾਨ ਦੀ ਚੋਣ ਆਮ ਸਹਿਮਤੀ ਨਾਲ ਹੋਈ ਹੈ, ਨਾ ਕਿ ਮੁਕਾਬਲੇਬਾਜ਼ੀ ਨਾਲ। ਹਰ ਵਾਰ ਸਿਰਫ ਇਕ ਉਮੀਦਵਾਰ ਨੇ ਨਾਮਜ਼ਦਗੀ ਦਾਖਲ ਕੀਤੀ ਅਤੇ ਬਿਨਾਂ ਵਿਰੋਧ ਚੁਣਿਆ ਗਿਆ। ਪਿਛਲੇ ਕੁਝ ਦਿਨਾਂ ’ਚ ਇਕ ਦਰਜਨ ਤੋਂ ਵੱਧ ਨਾਂ ਚਰਚਾ ਵਿਚ ਹਨ। ਇਨ੍ਹਾਂ ਵਿਚ ਕੈਬਨਿਟ ਮੰਤਰੀ ਧਰਮਿੰਦਰ ਪ੍ਰਧਾਨ, ਭੁਪਿੰਦਰ ਯਾਦਵ, ਸ਼ਿਵਰਾਜ ਸਿੰਘ ਚੌਹਾਨ, ਰਾਜਨਾਥ ਸਿੰਘ ਅਤੇ ਮਹਾਰਾਸ਼ਟਰ ਦੇ ਨੇਤਾ ਦੇਵੇਂਦਰ ਫੜਨਵੀਸ ਸ਼ਾਮਲ ਹਨ।

ਕਈ ਹੋਰ ਨਾਂ ਹਨ ਅਤੇ ਹਰੇਕ ਵਿਚ ਪਲੱਸ ਅਤੇ ਮਾਈਨਸ ਪੁਆਇੰਟ ਹਨ। ਮੋਦੀ ਅਤੇ ਸ਼ਾਹ ਅਜਿਹੇ ਵਿਅਕਤੀ ਨੂੰ ਪਸੰਦ ਕਰਨਗੇ ਜਿਸ ਦੇ ਨਾਲ ਉਹ ਕੰਮ ਕਰ ਸਕਣ। ਓਧਰ ਆਰ. ਐੱਸ. ਐੱਸ. ਅਜਿਹੇ ਵਿਅਕਤੀ ’ਤੇ ਜ਼ੋਰ ਦਿੰਦਾ ਹੈ ਜਿਸ ਕੋਲ ਸਿਆਸੀ ਤਜਰਬਾ ਹੋਵੇ ਅਤੇ ਜੋ ਆਜ਼ਾਦਾਨਾ ਤੌਰ ’ਤੇ ਕੰਮ ਕਰਨ ’ਚ ਸਮਰੱਥ ਹੋਵੇ। 1980 ਦੇ ਬਾਅਦ ਤੋਂ, ਜਦੋਂ ਭਾਜਪਾ ਆਰ. ਐੱਸ. ਐੱਸ. ਸਿਆਸੀ ਸ਼ਾਖਾ ਵਜੋਂ ਉਭਰੀ, ਉਦੋਂ ਤੋਂ ਕੁਝ ਜਲਣ ਨੂੰ ਛੱਡ ਕੇ ਰਿਸ਼ਤੇ ਸਹਿਜ ਰਹੇ ਹਨ।

ਆਰ. ਐੱਸ. ਐੱਸ. ਨੇ ਇਕ ਸੀਨੀਅਰ ਪ੍ਰਚਾਰਕ ਨੂੰ ਜਨਰਲ ਸਕੱਤਰ ਵਜੋਂ ਭਾਜਪਾ ਵਿਚ ਨਿਯੁਕਤ ਕੀਤਾ, ਜੋ ਤਾਲਮੇਲ ਦੇ ਰੂਪ ’ਚ ਕੰਮ ਕਰਦਾ ਸੀ। ਇਸੇ ਰਸਤੇ ਰਾਹੀਂ ਮੋਦੀ 2014 ’ਚ ਚੋਟੀ ’ਤੇ ਪਹੁੰਚੇ। ਨਵੇਂ ਪ੍ਰਧਾਨ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿਚ ਪਾਰਟੀ ਨੂੰ ਇਕਜੁੱਟ ਰੱਖਣਾ ਅਤੇ ਕਈ ਸੂਬਾ ਵਿਧਾਨ ਸਭਾ ਚੋਣਾਂ ਸ਼ਾਮਲ ਹਨ। ਕਈ ਬਾਗੀ ਭਾਜਪਾ ਵਿਚ ਸ਼ਾਮਲ ਹੋਏ ਅਤੇ ਉਹ ਕਈ ਖਾਹਿਸ਼ਾਂ ਦੇ ਨਾਲ ਆਏ ਹਨ। ਬਾਗੀਆਂ ਨੂੰ ਚੰਗੀ ਤਰ੍ਹਾਂ ਸੰਭਾਲਣ ਦੀ ਲੋੜ ਹੈ। ਆਤਮ-ਸੰਤੁਸ਼ਟੀ ਦੀ ਭਾਵਨਾ ਨੂੰ ਦੂਰ ਕਰਨਾ ਅਤੇ ਪਾਰਟੀ ਦੀਆਂ ਚੋਣਾਂ ਲਈ ਤਿਆਰ ਰੱਖਣਾ ਵੀ ਇਕ ਮਹੱਤਵਪੂਰਨ ਕਾਰਜ ਹੈ।

ਪਰ ਹੁਣ, ਅਜਿਹੀਆਂ ਅਫਵਾਹਾਂ ਹਨ ਕਿ ਮੂਲ ਸੰਗਠਨ ਅਤੇ ਉਸ ਦੇ ਸਿਆਸੀ ਵਿੰਗ ਦੇ ਦਰਮਿਆਨ ਕੁਝ ਮਤਭੇਦ ਹਨ। ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ’ਚ ਸਾਧਾਰਨ ਬਹੁਮਤ ਹਾਸਲ ਕਰਨ ਵਿਚ ਅਸਫਲ ਰਹੀ, ਮਾਮੂਲੀ ਤੌਰ ’ਤੇ ਇਸ ਲਈ ਕਿਉਂਕਿ ਆਰ. ਐੱਸ. ਐੱਸ. ਨੇ ਚੋਣ ਪ੍ਰਚਾਰ ਦੌਰਾਨ ਵੱਧ ਮਦਦ ਨਹੀਂ ਕੀਤੀ। ਇਹ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਦੀਆਂ ਕੁਝ ਹਾਲੀਆ ਟਿੱਪਣੀਆਂ ਤੋਂ ਸਪੱਸ਼ਟ ਹੈ।

ਉਨ੍ਹਾਂ ਨੇ ਪਿਛਲੇ ਮਹੀਨੇ ਪੁਣੇ ਵਿਚ ਕਿਹਾ ਸੀ ਕਿ ਸਾਨੂੰ ਖੁਦ ਨੂੰ ਭਗਵਾਨ ਨਹੀਂ ਮੰਨਣਾ ਚਾਹੀਦਾ। ਲੋਕਾਂ ਨੂੰ ਤੈਅ ਕਰਨ ਦੇਈਏ ਕਿ ਤੁਹਾਡੇ ’ਚ ਭਗਵਾਨ ਹੈ ਜਾਂ ਨਹੀਂ। ਪਾਰਟੀ ਦੇ ਅੰਦਰੂਨੀ ਲੋਕ ਇਨ੍ਹਾਂ ਟਿੱਪਣੀਆਂ ਦੀ ਵਿਆਖਿਆ ਕਰਦੇ ਹੋਏ ਇਹ ਦਾਅਵਾ ਕਰਦੇ ਹਨ ਕਿ ਆਰ. ਐੱਸ. ਐੱਸ. ਨੱਢਾ ਦੇ ਉੱਤਰਾਧਿਕਾਰੀ ਵਜੋਂ ਕਿਸੇ ਅਜਿਹੇ ਵਿਅਕਤੀ ਨੂੰ ਪਸੰਦ ਕਰੇਗਾ ਜੋ ਮੋਦੀ ਤੋਂ ਪ੍ਰਭਾਵਿਤ ਨਾ ਹੋਵੇ। ਆਰ. ਐੱਸ. ਐੱਸ. ਨੂੰ ਪ੍ਰਧਾਨ ਮੰਤਰੀ ਮੋਦੀ ਦੇ ਆਲੇ-ਦੁਆਲੇ ਨਿੱਜੀ ਤੌਰ ’ਤੇ ਬਣੀ ਵਿਚਾਰਧਾਰਾ ਵੀ ਪਸੰਦ ਨਹੀਂ ਹੈ।

ਭਾਜਪਾ ਪ੍ਰਧਾਨ ਅਤੇ ਰਾਸ਼ਟਰੀ ਕਾਰਜਕਾਰਨੀ ਵਿਚ ਪ੍ਰਮੁੱਖ ਖਿਡਾਰੀਆਂ ਨੂੰ ਚੁਣਨ ’ਚ ਆਰ. ਐੱਸ. ਐੱਸ. ਦੀ ਹਮੇਸ਼ਾ ਮਹੱਤਵਪੂਰਨ ਭੂਮਿਕਾ ਰਹੀ ਹੈ। ਪਿਛਲੇ ਮਹੀਨੇ ਦੋਵਾਂ ਧਿਰਾਂ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਰਿਹਾਇਸ਼ ’ਤੇ ਬੈਠਕ ਹੋਈ ਸੀ। ਅਮਿਤ ਸ਼ਾਹ ਅਤੇ ਬੀ. ਐੱਲ. ਸੰਤੋਸ਼ ਨੇ ਭਾਜਪਾ ਦੀ ਪ੍ਰਤੀਨਿਧਤਾ ਕੀਤੀ ਅਤੇ ਆਰ. ਐੱਸ. ਐੱਸ. ਦੇ ਸਕੱਤਰ ਦੱਤਾਤ੍ਰੇਅ ਹੋਸਬੋਲੇ ਅਤੇ ਅਰੁਣ ਕੁਮਾਰ ਨੇ ਆਰ. ਐੱਸ. ਐੱਸ. ਦੀ ਪ੍ਰਤੀਨਿਧਤਾ ਕੀਤੀ।

5 ਘੰਟੇ ਦੀ ਬੈਠਕ ਦੌਰਾਨ, ਉਨ੍ਹਾਂ ਨੇ ਕਈ ਨਾਵਾਂ ’ਤੇ ਚਰਚਾ ਕੀਤੀ। ਹੁਣ ਤੱਕ ਦੀ ਪ੍ਰੰਪਰਾ ਇਹ ਹੈ ਕਿ ਆਰ. ਐੱਸ. ਐੱਸ. ਪ੍ਰਧਾਨ ਲਈ ਪ੍ਰਮੁੱਖ ਨਾਵਾਂ ਦਾ ਸੁਝਾਅ ਨਹੀਂ ਦਿੰਦਾ ਹੈ। ਨਾਂ ਭਾਜਪਾ ਤੋਂ ਆਉਂਦੇ ਹਨ ਅਤੇ ਆਰ. ਐੱਸ. ਐੱਸ. ਉਨ੍ਹਾਂ ਦਾ ਸਮਰਥਨ ਕਰਨਾ ਹੈ। ਸਵਾਲ ਇਹ ਹੈ ਕਿ ਕੀ ਆਮ ਸਹਿਮਤੀ ਬਣ ਸਕੇਗੀ ਅਤੇ ਨਵਾਂ ਵਿਵਾਦ ਟਲ ਜਾਵੇਗਾ। ਅੰਤ ’ਚ ਦੋਵੇਂ ਧਿਰਾਂ ‘ਦੇਣ ਅਤੇ ਲੈਣ’ ਦੇ ਨਜ਼ਰੀਏ ਦੀ ਪਾਲਣਾ ਕਰ ਸਕਦੀਆਂ ਹਨ ਅਤੇ ਇਕ ਨਾਂ ’ਤੇ ਧਿਆਨ ਕੇਂਦ੍ਰਿਤ ਕਰ ਸਕਦੀਆਂ ਹਨ। ਹੁਣ ਤੋਂ ਦਸੰਬਰ ਦੇ ਦਰਮਿਆਨ, ਆਰ. ਐੱਸ. ਐੱਸ. ਅਤੇ ਭਾਜਪਾ ਨੂੰ ਪ੍ਰਵਾਨਿਤ ਢੁੱਕਵਾਂ ਉਮੀਦਵਾਰ ਲੱਭਣ ਲਈ ਕਾਫੀ ਸਮਾਂ ਹੈ। ਨਾਲ ਹੀ ਇਕ ਅਣਪਛਾਤੇ ਵਿਰੋਧੀ ਦੇ ਉਭਰਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸਕਦਾ।

-ਕਲਿਆਣੀ ਸ਼ੰਕਰ


Tanu

Content Editor

Related News