ਯੋਗੀ ਦਾ ਤੀਜਾ ਕਾਰਜਕਾਲ ਯਕੀਨੀ ਬਣਾਉਣ ਲਈ ਭਾਜਪਾ ਨੇ ਬੰਨ੍ਹਿਆ ਲੱਕ

Saturday, Nov 07, 2026 - 01:19 PM (IST)

ਯੋਗੀ ਦਾ ਤੀਜਾ ਕਾਰਜਕਾਲ ਯਕੀਨੀ ਬਣਾਉਣ ਲਈ ਭਾਜਪਾ ਨੇ ਬੰਨ੍ਹਿਆ ਲੱਕ

2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ, ਭਾਜਪਾ ਇਕ ਜੀਵੰਤ ਵਿਰੋਧੀ ਧਿਰ ਕਾਰਨ ਕੇਂਦਰ ’ਚ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨ ਦੇ ਬਾਵਜੂਦ ਯੋਗੀ ਆਦਿੱਤਿਆਨਾਥ ਸਰਕਾਰ ਦਾ ਤੀਜਾ ਕਾਰਜਕਾਲ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਭਾਜਪਾ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਹਾਈ-ਵੋਲਟੇਜ ਪੀ. ਡੀ. ਏ. (ਪੱਛੜਾ, ਦਲਿਤ, ਘੱਟ ਗਿਣਤੀ) ਜਨ-ਸੰਪਰਕ ਦਾ ਮੁਕਾਬਲਾ ਕਰਨ ਲਈ ਇਕ ਰਣਨੀਤਿਕ ਯੋਜਨਾ ’ਤੇ ਜ਼ੋਰ ਦੇ ਰਹੀ ਹੈ। ਚੋਣ ਬਿਰਤਾਂਤ ਨੂੰ ਜਾਤੀਗਤ ਸਮੀਕਰਨਾਂ ਦੇ ਦਬਦਬੇ ਤੋਂ ਬਚਾਉਣ ਲਈ ਭਾਜਪਾ ਦੇ ਚੋਟੀ ਦੇ ਰਣਨੀਤੀਕਾਰ ਸੁਸ਼ਾਸਨ, ਵਿਕਾਸ, ਕਾਨੂੰਨ-ਵਿਵਸਥਾ ਅਤੇ ਜ਼ਮੀਨੀ ਪੱਧਰ ’ਤੇ ਲਾਮਬੰਦੀ ’ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸੂਤਰਾਂ ਅਨੁਸਾਰ ਪਾਰਟੀ ਦਾ ਉਦੇਸ਼ ਸਮਾਜਵਾਦੀ ਪਾਰਟੀ ਦੇ ਪਿਛਲੇ ਕਾਰਜਕਾਲਾਂ ਨੂੰ ਮੁੜ ਸੁਰਖੀਆਂ ’ਚ ਲਿਆਉਣਾ ਹੈ, ਤਾਂ ਜੋ ਵੋਟਰਾਂ ਨੂੰ ਉਸ ਦੇ ਸ਼ਾਸਨ ਨਾਲ ਜੁੜੇ ਵਿਵਾਦਾਂ ਅਤੇ ਸੰਵੇਦਨਸ਼ੀਲ ਮੁੱਦਿਆਂ ਦੀ ਯਾਦ ਦਿਵਾਈ ਜਾ ਸਕੇ। ਇਹ ਕੰਮ ਵਿਸ਼ਾਲ ਰੈਲੀਆਂ ਅਤੇ ਖੇਤਰੀ ਆਊਟਰੀਚ ਪ੍ਰੋਗਰਾਮਾਂ ਰਾਹੀਂ ਕੀਤਾ ਜਾਵੇਗਾ। ਹਾਲਾਂਕਿ, ਪਾਰਟੀ ਆਗੂਆਂ ਨੇ ਕਿਹਾ ਕਿ ਮਹਿਲਾ ਵੋਟਰਾਂ ’ਤੇ ਪਾਰਟੀ ਦੀ ਨਿਰਭਰਤਾ ਅਤੇ ਮੁੱਖ ਮੰਤਰੀ ਦੀ ਦਿੱਖ ਕੁਝ ਅਜਿਹੇ ਪ੍ਰਮੁੱਖ ਕਾਰਕ ਹਨ, ਜੋ ਪਾਰਟੀ ਨੂੰ ਜਿੱਤ ਦਿਵਾਉਣਗੇ।

ਜ਼ਮੀਨੀ ਪੱਧਰ ’ਤੇ ਪਾਰਟੀ ਆਪਣੀ ਬੂਥ-ਪੱਧਰੀ ਮਸ਼ੀਨਰੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵੋਟਰ ਸੰਪਰਕ ਨੂੰ ਵਧਾਉਣ, ਹਲਕਾ-ਪੱਧਰੀ ਫੀਡਬੈਕ ਦੀ ਨਿਗਰਾਨੀ ਕਰਨ ਅਤੇ ਵੋਟਰਾਂ ਨਾਲ ਨਿਯਮਿਤ ਗੱਲਬਾਤ ਯਕੀਨੀ ਬਣਾਉਣ ਲਈ ਇਸ ਦੇ ਪੰਨਾ-ਪ੍ਰਮੁੱਖ ਨੈੱਟਵਰਕ ਅਤੇ ਸਥਾਨਕ ਬੂਥ ਕਮੇਟੀਆਂ ਨੂੰ ਮੁੜ ਤੋਂ ਸਰਗਰਮ ਕੀਤਾ ਜਾ ਰਿਹਾ ਹੈ।

ਯੂ. ਪੀ. ਲਈ ਓਵੈਸੀ ਦੀ ਰਣਨੀਤੀ : 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੇੜੇ ਹੋਣ ਦੇ ਨਾਲ ਏ. ਆਈ. ਐੱਮ. ਆਈ. ਐੱਮ. ਦੇ ਪ੍ਰਧਾਨ ਅਸਦੂਦੀਨ ਓਵੈਸੀ ਨੇ ਅਮਰੀਕਾ ’ਚ ਮਿਸ਼ੀਗਨ ਸੀਨੇਟ ਦੌੜ ’ਚ ਅਬਦੁੱਲ ਐੱਲ-ਸੈਯਦ ਦੀ ਜਿੱਤ ਨੂੰ ਉੱਤਰ ਪ੍ਰਦੇਸ਼ ਦੇ ਮੁਸਲਮਾਨਾਂ ਨਾਲ ਜੋੜਨ ਦਾ ਯਤਨ ਕੀਤਾ ਹੈ। ਓਵੈਸੀ ਨੇ ਸੈਯਦ ਦੀ ਜਿੱਤ ’ਤੇ ਟਿੱਪਣੀ ਕੀਤੀ ਸੀ ਕਿ ‘‘ਜੇਕਰ ਅਬਦੁੱਲ ਅਮਰੀਕਾ ’ਚ ਜਿੱਤ ਸਕਦੇ ਹਨ ਤਾਂ ਯੂ. ਪੀ. ਦੇ ਮੁਸਲਮਾਨਾਂ ਨੂੰ ਵੀ ਆਪਣੀ ਸਿਆਸੀ ਤਾਕਤ ਦਾ ਅਹਿਸਾਸ ਹੋਣਾ ਚਾਹੀਦਾ ਹੈ।’’ ਉੱਤਰ ਪ੍ਰਦੇਸ਼ ’ਚ ਆਪਣੀਆਂ ਹਾਲੀਆ ਸਭਾਵਾਂ ’ਚ ਓਵੈਸੀ ਨੇ ਮੁਸਲਮਾਨਾਂ ਤੋਂ ਨਹਿਰੂ-ਗਾਂਧੀ ਜਾਂ ਯਾਦਵਾਂ ’ਤੇ ਨਿਰਭਰ ਰਹਿਣਾ ਬੰਦ ਕਰਨ ਅਤੇ ਭਾਈਚਾਰੇ ਦੇ ਅੰਦਰੋਂ ਲੀਡਰਸ਼ਿਪ ਤਿਆਰ ਕਰਨ ਦਾ ਸੱਦਾ ਦਿੱਤਾ ਹੈ।

ਉਨ੍ਹਾਂ ਦੇ ਇਨ੍ਹਾਂ ਬਿਆਨਾਂ ਲਈ ਤੇਲੰਗਾਨਾ ਕਾਂਗਰਸ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਹੈ। ‘‘ਓਵੈਸੀ ਇਕ ਅਜਿਹਾ ਲੀਡਰਸ਼ਿਪ ਫਾਰਮੂਲਾ ਬਰਾਮਦ ਕਰ ਰਹੇ ਹਨ, ਜਿਸ ਨੂੰ ਉਨ੍ਹਾਂ ਨੇ ਹੈਦਰਾਬਾਦ ਜਾਂ ਤੇਲੰਗਾਨਾ ’ਚ ਕਦੇ ਲਾਗੂ ਨਹੀਂ ਕੀਤਾ।’’

ਦੂਜੇ ਪਾਸੇ, ਸਪਾ ਆਗੂ ਆਪਣੀ ਪ੍ਰਤੀਕਿਰਿਆ ’ਚ ਵਧੇਰੇ ਮੁਖਰ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਓਵੈਸੀ ਨੇ ਮਿਸਰ ਮੂਲ ਦੇ ਸੈਯਦ ਦੀ ਉਦਾਹਰਣ ਸਿਰਫ ਰਾਜ ’ਚ ਮੁਸਲਮਾਨਾਂ ਨੂੰ ਵੰਡਣ ਅਤੇ ਚੋਣਾਂ ’ਚ ਭਾਜਪਾ ਨੂੰ ਲਾਭ ਪਹੁੰਚਾਉਣ ਲਈ ਦਿੱਤੀ ਹੈ। ਏ. ਆਈ. ਐੱਮ. ਆਈ. ਐੱਮ. ਨੇ ਮੁੱਖ ਤੌਰ ’ਤੇ ਉਨ੍ਹਾਂ ਵਿਧਾਨ ਸਭਾ ਸੀਟਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਯੋਜਨਾ ਬਣਾਈ ਹੈ, ਜਿੱਥੇ ਮੁਸਲਮਾਨ ਵੱਡੀ ਗਿਣਤੀ ’ਚ ਹਨ।

ਬਸਪਾ ਨੇ ਵੀ ਕੀਤੀਆਂ ਚੋਣ ਤਿਆਰੀਆਂ ਤੇਜ਼ : ਬੀ. ਐੱਸ. ਪੀ. (ਬਸਪਾ) ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਬਸਪਾ ਮੁਖੀ ਮਾਇਆਵਤੀ ਦੀ ਯੋਜਨਾ 6 ਦਸੰਬਰ ਨੂੰ, ਜੋ ਕਿ ਦਲਿਤ ਪ੍ਰਤੀਕ ਬੀ. ਆਰ. ਅੰਬੇਡਕਰ ਦਾ ਨਿਰਵਾਣ ਦਿਵਸ ਹੈ, ਸੂਬੇ ’ਚ ਇਕ ਵਿਸ਼ਾਲ ਰੈਲੀ ਆਯੋਜਿਤ ਕਰਨ ਦੀ ਹੈ, ਤਾਂ ਜੋ ਆਪਣੇ ਆਲੋਚਕਾਂ ਨੂੰ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਉਨ੍ਹਾਂ ਦਾ ਮੂਲ ਵੋਟ ਬੈਂਕ (ਦਲਿਤ) ਅਜੇ ਵੀ ਬਰਕਰਾਰ ਹੈ। ਇਹ ਰੈਲੀ ਲਖਨਊ ਦੇ ਅੰਬੇਡਕਰ ਸਮਾਜਿਕ ਪਰਿਵਰਤਨ ਸਥੱਲ ’ਤੇ ਆਯੋਜਿਤ ਕੀਤੀ ਜਾਵੇਗੀ। ਇਹ ਫ਼ੈਸਲਾ ਵੀਰਵਾਰ ਨੂੰ ਲਖਨਊ ’ਚ ਆਯੋਜਿਤ ਬਸਪਾ ਅਹੁਦੇਦਾਰਾਂ ਦੀ ਮੀਟਿੰਗ ’ਚ ਲਿਆ ਗਿਆ। ਇਸ ਦੌਰਾਨ ਮੀਟਿੰਗ ’ਚ ਉਮੀਦਵਾਰ ਚੋਣ ਅਤੇ ਸਮਾਜ ਦੇ ਵੱਖ-ਵੱਖ ਵਰਗਾਂ, ਖਾਸ ਕਰ ਕੇ ਆਰਥਿਕ ਤੌਰ ’ਤੇ ਕਮਜ਼ੋਰ ਸਮੂਹਾਂ ਵਿਚਾਲੇ ਪਹੁੰਚ ਦਾ ਵਿਸਤਾਰ ਕਰਨ ਦੇ ਯਤਨਾਂ ਸਮੇਤ ਚੋਣਾਂ ਲਈ ਜਥੇਬੰਦਕ ਤਿਆਰੀ ’ਤੇ ਜ਼ੋਰ ਦਿੱਤਾ ਗਿਆ। ਪਾਰਟੀ ਅਾਗੂਆਂ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਬਸਪਾ ਦਾ ਉਦੇਸ਼ ਬਹੁਜਨ ਸਮਾਜ ਦੇ ਸਵੈਮਾਣ ਤੇ ਸਨਮਾਨ ਨੂੰ ਮਜ਼ਬੂਤ ​​ਕਰਨਾ ਅਤੇ ਲੋਕਤੰਤਰ ਰਾਹੀਂ ‘ਹਮਾਰਾ ਵੋਟ, ਹਮਾਰਾ ਰਾਜ’ (ਸਾਡੀ ਵੋਟ, ਸਾਡਾ ਰਾਜ) ਦੇ ਮਿਸ਼ਨ ਨੂੰ ਅੱਗੇ ਵਧਾਉਣਾ ਬਣਿਆ ਹੋਇਆ ਹੈ। ਪਿਛਲੇ ਇਕ ਦਹਾਕੇ ’ਚ ਰਾਜ ’ਚ ਹਰ ਚੋਣ ਦੇ ਨਾਲ ਬਸਪਾ ਦਾ ਵੋਟ ਫੀਸਦੀ ਘਟਦਾ ਜਾ ਰਿਹਾ ਹੈ। 2024 ਦੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਰਾਜ ’ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ।

ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਜੇਕਰ ਭਾਜਪਾ ਨਾਲ ਗੱਠਜੋੜ ਦੀ ਗੱਲਬਾਤ ਅਸਫਲ ਹੁੰਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 403 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਵਾਰਾਣਸੀ ’ਚ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਚਿਰਾਗ ਨੇ ਕਿਹਾ ਕਿ ਕੁਝ ਸਿਅਾਸੀ ਪਾਰਟੀਆਂ ਨੇ ਸੰਵਿਧਾਨ ਅਤੇ ਸਮਾਜਿਕ ਨਿਆਂ ਦੀ ਗੱਲ ਤਾਂ ਕੀਤੀ ਪਰ ਲੋਕਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦੀ ਗੱਲ ਆਉਣ ’ਤੇ ਉਹ ਚੁੱਪ ਰਹੀਆਂ। ਲੋਜਪਾ (ਆਰ. ਵੀ.) ਨੂੰ ਬਿਹਾਰ ’ਚ ਆਪਣਾ ਮੂਲ ਸਮਰਥਨ ਦਲਿਤ ਪਾਸਵਾਨ ਭਾਈਚਾਰੇ ਤੋਂ ਮਿਲਦਾ ਹੈ। ਉੱਤਰ ਪ੍ਰਦੇਸ਼ ’ਚ ਇਸ ਦਾ ਯਤਨ ਅਤੀਤ ’ਚ ਜਾਟਵ ਭਾਈਚਾਰੇ ਤੋਂ ਇਲਾਵਾ ਦਲਿਤ ਵੋਟਰਾਂ ’ਤੇ ਕੇਂਦਰਿਤ ਰਿਹਾ ਹੈ, ਜਿਸ ’ਚ ਪਾਸੀ ਭਾਈਚਾਰੇ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਜਾਟਵ ਰਵਾਇਤੀ ਤੌਰ ’ਤੇ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਕਰਦੇ ਰਹੇ ਹਨ। ਇਸ ਦੌਰਾਨ, ਓਮ ਪ੍ਰਕਾਸ਼ ਰਾਜਭਰ ਦੀ ਅਗਵਾਈ ਵਾਲੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਨੇ ਸੰਕੇਤ ਦਿੱਤਾ ਕਿ ਉਹ ਉੱਤਰ ਪ੍ਰਦੇਸ਼ ’ਚ ਬਿਹਾਰ ਸਥਿਤ ਪਾਰਟੀਆਂ ਦੇ ਵਿਸਤਾਰ ਦੇ ਯਤਨਾਂ ਦਾ ਵਿਰੋਧ ਕਰੇਗੀ।

—ਰਾਹਿਲ ਨੋਰਾ ਚੋਪੜਾ


author

Anmol Tagra

Content Editor

Related News