ਤਿਉਹਾਰਾਂ ਦਾ ਮੌਸਮ, ਨਕਲੀ ਮਠਿਆਈਆਂ ਦਾ ਖ਼ਤਰਾ, ਚੌਕਸੀ ਜ਼ਰੂਰੀ

Thursday, Nov 05, 2026 - 10:45 AM (IST)

ਤਿਉਹਾਰਾਂ ਦਾ ਮੌਸਮ, ਨਕਲੀ ਮਠਿਆਈਆਂ ਦਾ ਖ਼ਤਰਾ, ਚੌਕਸੀ ਜ਼ਰੂਰੀ

ਤਿਉਹਾਰ ਭਾਰਤੀ ਸੱਭਿਆਚਾਰ ਤੇ ਸਮਾਜਿਕ ਜੀਵਨ ਦੀ ਆਤਮਾ ਹਨ। ਦੀਵਾਲੀ, ਧਨਤੇਰਸ, ਗੋਵਰਧਨ ਪੂਜਾ, ਭਾਈ ਦੂਜ ਤੇ ਹੋਰ ਤਿਉਹਾਰਾਂ ਦੇ ਮੌਕੇ ’ਤੇ ਘਰਾਂ ’ਚ ਖੁਸ਼ੀਆਂ ਦਾ ਮਾਹੌਲ ਰਹਿੰਦਾ ਹੈ। ਬਾਜ਼ਾਰਾਂ ’ਚ ਰੌਣਕ ਵਧ ਜਾਂਦੀ ਹੈ ਤੇ ਮਠਿਆਈਆਂ ਦੀਆਂ ਦੁਕਾਾਨਾਂ ’ਤੇ ਗਾਹਕਾਂ ਦੀ ਭੀੜ ਉਮੜਣ ਲੱਗਦੀ ਹੈ। ਰਿਸ਼ਤੇਦਾਰਾਂ, ਮਿੱਤਰਾਂ ਤੇ ਜਾਣ-ਪਛਾਣ ਵਾਲਿਆਂ ਨੂੰ ਮਠਿਆਈ ਭੇਟ ਕਰਨਾ ਸਾਡੀ ਪ੍ਰੰਪਰਾ ਦਾ ਅਨਿੱਖੜਵਾਂ ਹਿੱਸਾ ਹੈ ਪਰ ਤਿਉਹਾਰਾਂ ਦੀ ਇਸ ਮਿਠਾਸ ਵਿਚਾਲੇ ਇਕ ਗੰਭੀਰ ਚਿੰਤਾ ਵੀ ਸਾਹਮਣੇ ਆਉਂਦੀ ਹੈ- ਨਕਲੀ, ਮਿਲਾਵਟੀ ਤੇ ਅਸੁਰੱਖਿਅਤ ਮਠਿਆਈਆਂ ਦਾ ਕਾਰੋਬਾਰ।

ਤਿਉਹਾਰਾਂ ਦੌਰਾਨ ਮਠਿਆਈਆਂ ਦੀ ਵਧਦੀ ਮੰਗ ਦਾ ਲਾਭ ਉਠਾ ਕੇ ਕੁਝ ਸਮਾਜ-ਵਿਰੋਧੀ ਅਨਸਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਅਜਿਹੀ ਹਾਲਤ ’ਚ ਸਵਾਲ ਉੱਠਦਾ ਹੈ ਕਿ ਕੀ ਤਿਉਹਾਰਾਂ ਦੀਆਂ ਖੁਸ਼ੀਆਂ ਲਈ ਅਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਦਾਅ ’ਤੇ ਲਾ ਸਕਦੇ ਹਾਂ?

ਮਿਠਾਸ ਦੇ ਪਿੱਛੇ ਛੁਪਿਆ ਮਿਲਾਵਟ ਦਾ ਜਾਲ
ਮਠਿਆਈਆਂ ’ਚ ਮਿਲਾਵਟ ਕੋਈ ਨਵੀਂ ਸਮੱਸਿਆ ਨਹੀਂ ਹੈ ਪਰ ਤਿਉਹਾਰਾਂ ਦੌਰਾਨ ਇਸ ਦਾ ਖ਼ਤਰਾ ਹੋਰ ਵਧ ਜਾਂਦਾ ਹੈ। ਮੰਗ ਤੇ ਸਪਲਾਈ ’ਚ ਫਰਕ, ਵੱਧ ਮੁਨਾਫ਼ਾ ਕਮਾਉਣ ਦੀ ਲਾਲਸਾ ਅਤੇ ਖੁਰਾਕ ਸੁਰੱਖਿਆ ਨਿਯਮਾਂ ਦੀ ਅਣਦੇਖੀ ਇਸ ਸਮੱਸਿਆ ਨੂੰ ਗੰਭੀਰ ਬਣਾਉਂਦੀ ਹੈ। ਕਈ ਵਾਰ ਮਠਿਆਈਆਂ ਨੂੰ ਤਿਆਰ ਕਰਨ ’ਚ ਘਟੀਆ ਗੁਣਵੱਤਾ ਵਾਲੇ ਖੋਏ, ਦੂਸ਼ਿਤ ਦੁੱਧ, ਖਰਾਬ ਤੇਲ ਤੇ ਅਸੁਰੱਖਿਅਤ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਮਿਲਾਵਟ ਲਈ ਸਿੰਥੈਟਿਕ ਦੁੱਧ, ਨਕਲੀ ਖੋਆ, ਸਟਾਰਚ, ਵਨਸਪਤੀ ਘਿਓ ਤੇ ਹੋਰ ਸਸਤੇ ਪਦਾਰਥਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੁਝ ਮਾਮਲਿਆਂ ’ਚ ਮਠਿਆਈਆਂ ਨੂੰ ਦਿਲਖਿੱਚਵਾਂ ਬਣਾਉਣ ਲਈ ਅਜਿਹੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਖਾਣ-ਪੀਣ ਵਾਾਲੀਆਂ ਵਸਤਾਂ ’ਚ ਵਰਤੋਂ ਲਈ ਪ੍ਰਵਾਨਿਤ ਨਹੀਂ ਹੁੰਦੇ। ਇਸ ਨਾਲ ਮਠਿਆਈਆਂ ਵੇਖਣ ’ਚ ਸੋਹਣੀਆਂ ਤੇ ਸਵਾਦ ’ਚ ਚੰਗੀਆਂ ਲੱਗ ਸਕਦੀਆਂ ਹਨ ਪਰ ਉਨ੍ਹਾਂ ਦੀ ਵਰਤੋਂ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ।

ਸਿਹਤ ’ਤੇ ਪੈ ਸਕਦਾ ਹੈ ਗੰਭੀਰ ਪ੍ਰਭਾਵ
ਮਿਲਾਵਟੀ ਮਠਿਆਈਆਂ ਦੀ ਵਰਤੋਂ ਪੇਟ ਦਰਦ, ਉਲਟੀ, ਦਸਤ ਅਤੇ ਜ਼ਹਿਰੀਲੇਪਣ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ। ਦੂਸ਼ਿਤ ਦੁੱਧ ਤੇ ਖੋਏ ਤੋਂ ਬਣੀਆਂ ਵਸਤਾਂ ’ਚ ਹਾਨੀਕਾਰਕ ਸੂਖਮ ਜੀਵ ਪੈਦਾ ਹੋ ਸਕਦੇ ਹਨ। ਉੱਥੇ ਹੀ, ਪਾਬੰਦੀ ਵਾਲੀਆਂ ਜਾਂ ਬੇਲੋੜੇ ਰਸਾਇਣਕ ਪਦਾਰਥਾਂ ਦੀ ਵਰਤੋਂ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੀ ਹੈ।

ਖਾਸ ਤੌਰ ’ਤੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਤੇ ਪਹਿਲਾਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤਾਂ ਤੋਂ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਤਿਉਹਾਰਾਂ ਮੌਕੇ ਲੋਕ ਅਕਸਰ ਮਠਿਆਈਆਂ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ। ਇਸ ਨਾਲ ਸ਼ੂਗਰ, ਮੋਟਾਪਾ ਤੇ ਹੋਰ ਜੀਵਨਸ਼ੈਲੀ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ।

ਪ੍ਰਸ਼ਾਸਨ ਤੇ ਖੁਰਾਕ ਸੁਰੱਖਿਆ ਵਿਭਾਗ ਦੀ ਜ਼ਿੰਮੇਵਾਰੀ
ਤਿਉਹਾਰਾਂ ਦੌਰਾਨ ਖੁਰਾਕ ਸੁਰੱਖਿਆ ਵਿਭਾਗ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਮਠਿਆਈ ਬਣਾਉਣ ਵਾਲੀਆਂ ਇਕਾਈਆਂ, ਦੁਕਾਨਾਂ, ਗੋਦਾਮਾਂ ਤੇ ਦੁੱਧ ਅਤੇ ਖੋਏ ਦੀ ਸਪਲਾਈ ਕਰਨ ਵਾਲੇ ਅਦਾਰਿਆਂ ਦੀ ਨਿਯਮਤ ਜਾਂਚ ਹੋਣੀ ਚਾਹੀਦੀ ਹੈ। ਸ਼ੱਕੀ ਖੁਰਾਕੀ ਪਦਾਰਥਾਂ ਦੇ ਨਮੂਨੇ ਲੈ ਕੇ ਅਧਿਕਾਰਤ ਲੈਬਾਰਟਰੀਆਂ ’ਚ ਉਨ੍ਹਾਂ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।

ਖੁਰਾਕ ਸੁਰੱਖਿਆ ਤੇ ਮਿਆਰ ਐਕਟ, 2006 ਅਧੀਨ ਖੁਰਾਕੀ ਵਸਤਾਂ ਦੀ ਗੁਣਵੱਤਾ ਤੇ ਸੁਰੱਖਿਆ ਨਾਲ ਸਬੰਧਤ ਪ੍ਰਬੰਧ ਕੀਤੇ ਗਏ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਰੋਬਾਰੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਖਪਤਕਾਰ ਕਿਵੇਂ ਕਰਨ ਅਸਲੀ ਅਤੇ ਸੁਰੱਖਿਅਤ ਮਠਿਆਈਆਂ ਦੀ ਚੋਣ ?
ਨਕਲੀ ਮਠਿਆਈਆਂ ਤੋਂ ਬਚਣ ਲਈ ਖਪਤਕਾਰਾਂ ਦੀ ਜਾਗਰੂਕਤਾ ਸਭ ਤੋਂ ਅਹਿਮ ਹੈ। ਬਾਜ਼ਾਰੋਂ ਮਠਿਆਈ ਖਰੀਦਣ ਸਮੇਂ ਕੁਝ ਆਮ ਸਾਵਧਾਨੀਆਂ ਅਪਣਾ ਕੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਸਭ ਤੋਂ ਪਹਿਲਾਂ ਮਠਿਆਈ ਹਮੇਸ਼ਾ ਸਾਫ਼-ਸੁਥਰੀ ਤੇ ਭਰੋਸੇਯੋਗ ਦੁਕਾਨ ਤੋਂ ਖਰੀਦੋ। ਦੁਕਾਨਦਾਰ ਦੀ ਪ੍ਰਤਿਸ਼ਠਾ, ਦੁਕਾਨ ਦੀ ਸਫ਼ਾਈ ਅਤੇ ਮਠਿਆਈਆਂ ਨੂੰ ਰੱਖਣ ਦੇ ਤਰੀਕੇ ’ਤੇ ਧਿਆਨ ਦਿਓ। ਖੁੱਲ੍ਹੀਆਂ ਮਠਿਆਈਆਂ ਨੂੰ ਧੂੜ, ਮੱਖੀਆਂ ਤੇ ਹੋਰ ਪ੍ਰਦੂਸ਼ਣ ਤੋਂ ਬਚਾਅ ਕੇ ਰੱਖਿਆ ਜਾਣਾ ਚਾਹੀਦਾ ਹੈ।

ਪੈਕੇਟ ਵਿਚ ਮਿਲਣ ਵਾਲੀਆਂ ਮਠਿਆਈਆਂ ਨੂੰ ਖਰੀਦਦੇ ਸਮੇਂ ਨਿਰਮਾਣ ਮਿਤੀ, ਮਿਆਦ ਪੁੱਗਣ ਦੀ ਮਿਤੀ, ਸਮੱਗਰੀ, ਨਿਰਮਾਤਾ ਦਾ ਨਾਂ ਤੇ ਖੁਰਾਕ ਸੁਰੱਖਿਆ ਸਬੰਧੀ ਜਾਣਕਾਰੀ ਜ਼ਰੂਰ ਪੜ੍ਹੋ।

ਮਠਿਆਈਆਂ ਦਾ ਰੰਗ ਜੇ ਵਧੇਰੇ ਚਮਕੀਲਾ ਹੋਵੇ ਜਾਂ ਉਨ੍ਹਾਂ ’ਚੋਂ ਬਦਬੂ ਆ ਰਹੀ ਹੋਵੇ ਜਾਂ ਉਨ੍ਹਾਂ ਦਾ ਸਵਾਦ ਆਮ ਨਾਲੋਂ ਵੱਖਰਾ ਲੱਗੇ ਤਾਂ ਉਨ੍ਹਾਂ ਦੀ ਵਰਤੋਂ ਨਾ ਕਰੋ। ਹਾਲਾਂਕਿ ਸਿਰਫ ਰੰਗ, ਮਹਿਕ ਜਾਂ ਸਵਾਦ ਦੇ ਆਧਾਰ ’ਤੇ ਮਿਲਾਵਟ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਕਈ ਹਾਨੀਕਾਰਕ ਮਿਲਾਵਟਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਜਾਂ ਚੱਖ ਕੇ ਪਛਾਣਨਾ ਸੰਭਵ ਨਹੀਂ ਹੁੰਦਾ। ਇਸ ਲਈ ਭਰੋਸੇਯੋਗ ਸੋਮੇ ਤੋਂ ਖਰੀਦਦਾਰੀ ਕਰਨਾ ਵਧੇਰੇ ਸੁਰੱਖਿਅਤ ਬਦਲ ਹੈ।

ਘਰ ’ਚ ਬਣੀਆਂ ਮਠਿਆਈਆਂ ਵੀ ਬਣ ਸਕਦੀਆਂ ਹਨ ਵਧੀਆ ਬਦਲ
ਜੇ ਕਿਸੇ ਖਪਤਕਾਰ ਨੂੰ ਮਠਿਆਈ ਦੀ ਗੁਣਵੱਤਾ ’ਤੇ ਸ਼ੱਕ ਹੋਵੇ ਤਾਂ ਉਸ ਨੂੰ ਸਬੰਧਤ ਖੁਰਾਕ ਸੁਰੱਖਿਆ ਅਧਿਕਾਰੀ ਜਾਂ ਖੁਰਾਕ ਸੁਰੱਖਿਆ ਵਿਭਾਗ ਕੋਲ ਸ਼ਿਕਾਇਤ ਕਰਨੀ ਚਾਹੀਦੀ ਹੈ।

ਸ਼ਿਕਾਇਤ ਕਰਦੇ ਸਮੇਂ ਦੁਕਾਨ ਦਾ ਨਾਂ, ਖਰੀਦ ਦੀ ਰਸੀਦ, ਪੈਕੇਟ ’ਤੇ ਉਪਲਬਧ ਜਾਣਕਾਰੀ ਅਤੇ ਖੁਰਾਕੀ ਪਦਾਰਥ ਦਾ ਵੇਰਵਾ ਸੁਰੱਖਿਅਤ ਰੱਖਣਾ ਲਾਭਦਾਇਕ ਹੁੰਦਾ ਹੈ। ਸੋਸ਼ਲ ਮੀਡੀਆ ’ਤੇ ਬਿਨਾਂ ਸਬੂਤ ਤੋਂ ਕਿਸੇ ਦੁਕਾਨਦਾਰ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਸਬੰਧਤ ਵਿਭਾਗ ਨੂੰ ਤੱਥਾਂ ਨਾਲ ਜਾਣਕਾਰੀ ਦੇਣਾ ਵਧੇਰੇ ਢੁੱਕਵਾਂ ਹੈ। ਇਸ ਨਾਲ ਜਾਂਚ ਪ੍ਰਕਿਰਿਆ ਨੂੰ ਮਜ਼ਬੂਤੀ ਮਿਲਦੀ ਹੈ ਤੇ ਨਿਰਦੋਸ਼ ਕਾਰੋਬਾਰੀ ਦਾ ਵੱਕਾਰ ਵੀ ਸੁਰੱਖਿਅਤ ਰਹਿੰਦਾ ਹੈ।

-ਪ੍ਰੋ. ਮਨੋਜ ਡੋਗਰਾ


author

Harpreet SIngh

Content Editor

Related News