ਤਾਜ਼ਾ ਵਿਧਾਨ ਪ੍ਰੀਸ਼ਦ ਚੋਣਾਂ ਸਥਾਨਕ ਮੁੱਦਿਆਂ ਦਾ ਮਹੱਤਵ ਦਰਸਾਉਂਦੀਆਂ ਹਨ

Tuesday, Nov 03, 2026 - 04:13 PM (IST)

ਤਾਜ਼ਾ ਵਿਧਾਨ ਪ੍ਰੀਸ਼ਦ ਚੋਣਾਂ ਸਥਾਨਕ ਮੁੱਦਿਆਂ ਦਾ ਮਹੱਤਵ ਦਰਸਾਉਂਦੀਆਂ ਹਨ

ਚਾਰ ਸੂਬਿਆਂ ’ਚ ਹੋਈਆਂ ਦੋ ਸਾਲਾ ਵਿਧਾਨ ਪ੍ਰੀਸ਼ਦ ਚੋਣਾਂ ਨੇ ਇਕ ਵਾਰ ਫਿਰ ਦੇਸ਼ ਦੀਆਂ 2 ਸਭ ਤੋਂ ਵੱਡੀਆਂ ਪਾਰਟੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਚਰਚਾ ਦੇ ਕੇਂਦਰ ’ਚ ਲਿਆ ਖੜ੍ਹਾ ਕੀਤਾ ਹੈ। ਇਸ ਦਾ ਮੁੱਖ ਸਿੱਟਾ ਇਹ ਹੈ ਕਿ ਸਥਾਨਕ ਕਾਰਕ ਅਤੇ ਖੇਤਰੀ ਵੰਨ-ਸੁਵੰਨਤਾਵਾਂ ਹੀ ਨਤੀਜਿਆਂ ਨੂੰ ਤੈਅ ਕਰਦੀਆਂ ਹਨ, ਜਿਸ ਨਾਲ ਇਹ ਚੋਣ ਮੁਕਾਬਲੇ ਬਦਲਦੇ ਸਿਆਸੀ ਰੁਖ਼ ਅਤੇ ਜ਼ਮੀਨੀ ਪੱਧਰ ’ਤੇ ਵੋਟਰਾਂ ਦੇ ਮਿਜਾਜ਼ ਦੇ ਸ਼ੁਰੂਆਤੀ ਸੰਕੇਤ ਬਣ ਜਾਂਦੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਕਾਂਗਰਸ ਅਤੇ ਭਾਜਪਾ ਇਤਿਹਾਸਕ ਤੌਰ ’ਤੇ ਆਪਣਾ ਦਬਦਬਾ ਸਥਾਪਤ ਕਰਨ ਲਈ ਸੰਘਰਸ਼ ਕਰਦੀਆਂ ਰਹੀਆਂ ਹਨ ਅਤੇ ਖੇਤਰੀ ਪਾਰਟੀਆਂ ਦੇ ਉਭਾਰ ਨੇ ਸਥਾਨਕ ਕਾਰਕਾਂ ਦੀ ਮਹੱਤਤਾ ਨੂੰ ਹੋਰ ਵੀ ਵਧਾ ਦਿੱਤਾ ਹੈ।

ਇਹ 28 ਸੀਟਾਂ ਵਿਧਾਨ ਸਭਾ ਹਲਕਿਆਂ ਨਾਲੋਂ ਵੱਖਰੀਆਂ ਹਨ। ਗ੍ਰੈਜੂਏਟ ਅਤੇ ਟੀਚਰ ਚੋਣ ਹਲਕਿਅਆਂ ਵਿਚ ਖਾਸ ਪੇਸ਼ੇਵਰ ਸ਼੍ਰੇਣੀਆਂ ਦੇ ਰਜਿਸਟਰਡ ਵੋਟਰਾਂ ਦਾ ਇਕ ਸੀਮਤ ਚੋਣ ਮੰਡਲ ਹੁੰਦਾ ਹੈ। ਵੋਟਿੰਗ ਵਿਚ ਬੈਲੇਟ ਪੇਪਰਾਂ ਅਤੇ ਤਰਜੀਹੀ ਵੋਟ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਲਈ ਉਮੀਦਵਾਰਾਂ ਦੇ ਨਿੱਜੀ ਸੰਪਰਕ, ਨੈੱਟਵਰਕ ਅਤੇ ਤਰਜੀਹਾਂ ਦੇ ਤਬਾਦਲੇ ਦੀ ਭੂਮਿਕਾ ਕਿਤੇ ਵੱਧ ਮਹੱਤਵਪੂਰਨ ਹੋ ਜਾਂਦੀ ਹੈ।

ਇਨ੍ਹਾਂ ਚੋਣਾਂ ਵਿਚ ਰਜਿਸਟਰਡ ਗ੍ਰੈਜੂਏਟਾਂ ਅਤੇ ਅਧਿਆਪਕਾਂ ਦਾ ਇਕ ਛੋਟਾ ਚੋਣ ਮੰਡਲ ਸ਼ਾਮਲ ਹੁੰਦਾ ਹੈ ਅਤੇ ਅਕਸਰ ਸਥਾਨਕ ਸਿਆਸੀ ਸਮੀਕਰਨ ਫੈਸਲਾਕੁੰਨ ਭੂਮਿਕਾ ਨਿਭਾਉਂਦੇ ਹਨ। ਕਾਂਗਰਸ ਇਸ ਨਤੀਜੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ।

ਸਾਰੇ 28 ਚੋਣ ਹਲਕਿਆਂ ਵਿਚੋਂ, ਕਾਂਗਰਸ ਨੂੰ ਉਸ ਸੂਬੇ ਵਿਚ ਆਪਣੀ ਸਭ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿੱਥੇ ਉਸਦੀ ਆਪਣੀ ਸਰਕਾਰ ਹੈ। ਕਰਨਾਟਕ ਵਿਚ ਵਿਰੋਧੀ ਧਿਰ ਦੀ ਜਿੱਤ ਬਿਹਤਰ ਤਾਲਮੇਲ ਦੀ ਮਹੱਤਤਾ ਨੂੰ ਵੀ ਦਰਸਾਉਂਦੀ ਹੈ। ਭਾਜਪਾ ਅਤੇ ਜਦ (ਐੱਸ.) ਨੇ ਗੱਠਜੋੜ ਵਜੋਂ ਚੋਣ ਲੜੀ, ਜਿਸ ਵਿਚ ਭਾਜਪਾ ਨੇ 3 ਅਤੇ ਜਦ (ਐੱਸ.) ਨੇ 1 ਸੀਟ ਜਿੱਤੀ।

ਭਾਜਪਾ ਨੇ ਕਈ ਪ੍ਰੀਸ਼ਦਾਂ ਵਿਚ ਆਪਣੀ ਸਥਿਤੀ ਮਜ਼ਬੂਤ ਕੀਤੀ, ਖਾਸ ਕਰਕੇ ਉੱਤਰੀ ਅਤੇ ਪੱਛਮੀ ਸੂਬਿਆਂ ਵਿਚ, ਜਦੋਂ ਕਿ ਕਾਂਗਰਸ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਅਤੇ ਉਸਨੂੰ ਨਾਗਪੁਰ ਤੋਂ ਸਿਰਫ਼ 1 ਸੀਟ ਮਿਲੀ। ਕਾਂਗਰਸ ਆਪਣੀ ਸੱਤਾ ਵਾਲੇ ਸੂਬੇ ਕਰਨਾਟਕ ਵਿਚ 1 ਵੀ ਸੀਟ ਨਹੀਂ ਜਿੱਤ ਸਕੀ, ਜਦੋਂ ਕਿ ਭਾਜਪਾ ਨੂੰ ਬਨਾਰਸ ਵਿਚ ਇਕ ਸੀਟ ਗੁਆਉਣੀ ਪਈ; ਇਹ ਹਾਰ ਇਕ ਵੱਡਾ ਝਟਕਾ ਸੀ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਸੰਸਦ ਵਿਚ ਵਾਰਾਣਸੀ ਦੀ ਪ੍ਰਤੀਨਿਧਤਾ ਕਰਦੇ ਹਨ। ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਨੇ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕੀਤਾ।

ਦੋਵੇਂ ਪਾਰਟੀਆਂ ਦਾ ਪ੍ਰਦਰਸ਼ਨ ਭਾਰਤ ਦੇ ਗੁੰਝਲਦਾਰ ਸਿਆਸੀ ਦ੍ਰਿਸ਼ ਨੂੰ ਦਰਸਾਉਂਦਾ ਹੈ, ਜਿਸ ਵਿਚ ਖੇਤਰੀ ਪਾਰਟੀਆਂ ਨੇ ਵੀ ਵਰਨਣਯੋਗ ਪੈਠ ਬਣਾਈ ਹੈ। ਇਹ ਇਸ ਮੁੱਖ ਵਿਚਾਰ ਨੂੰ ਹੋਰ ਪੁਖ਼ਤਾ ਕਰਦਾ ਹੈ ਕਿ ਸਥਾਨਕ ਅਤੇ ਖੇਤਰੀ ਕਾਰਕ ਕਿਸੇ ਸਿੱਧੇ ਰਾਸ਼ਟਰੀ ਮੁਕਾਬਲੇ ’ਤੇ ਭਾਰੀ ਪੈਂਦੇ ਹਨ।

ਕਾਂਗਰਸ ਨੂੰ ਭਵਿੱਖ ਵਿਚ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨ ਦੀ ਲੋੜ ਹੈ। ਉਸਨੇ ਸਮਾਵੇਸ਼ੀ ਸ਼ਾਸਨ, ਸਥਾਨਕ ਵਿਕਾਸ ਅਤੇ ਸਮਾਜਿਕ ਭਲਾਈ ਦੀਆਂ ਯੋਜਨਾਵਾਂ ’ਤੇ ਪ੍ਰਚਾਰ ਕੀਤਾ, ਜਦੋਂ ਕਿ ਪਾਰਟੀ ਦੇ ਨੇਤਾਵਾਂ ਨੇ ਬੇਰੁਜ਼ਗਾਰੀ, ਪੇਂਡੂ ਸੰਕਟ ਅਤੇ ਸਥਾਨਕ ਪ੍ਰਸ਼ਾਸਨ ਵਿਚ ਵੱਧ ਪਾਰਦਰਸ਼ਤਾ ਦੇ ਮੁੱਦਿਆਂ ਨੂੰ ਉਠਾਇਆ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਨੂੰ ਹਟਾਉਣ ਦੀ ਵੀ ਮੰਗ ਕੀਤੀ।

ਪਾਰਟੀ ਦੀ ਅੰਦਰੂਨੀ ਸਿਆਸਤ ਅਤੇ ਗਲਤ ਉਮੀਦਵਾਰ ਦੀ ਚੋਣ ਕਾਰਨ ਕਾਂਗਰਸ ਦਾ ਪ੍ਰਦਰਸ਼ਨ ਕਮਜ਼ੋਰ ਰਿਹਾ। ਉਹ ਕਿਸਾਨਾਂ, ਘੱਟਗਿਣਤੀਆਂ ਅਤੇ ਨੌਜਵਾਨਾਂ ਸਮੇਤ ਆਪਣੇ ਰਵਾਇਤੀ ਆਧਾਰ ਨੂੰ ਇਕੋ ਤਾਣੇ-ਬਾਣੇ ਵਿਚ ਪਰੋਣ ਵਿਚ ਵੀ ਅਸਫਲ ਰਹੀ। ਸੰਗਠਨਾਤਮਕ ਕਮਜ਼ੋਰੀਆਂ ਅਤੇ ਧੜੇਬੰਦੀ ਨੇ ਲੋਕ ਸੰਪਰਕ ਨੂੰ ਪ੍ਰਭਾਵਿਤ ਕੀਤਾ ਅਤੇ ਅੰਦਰੂਨੀ ਧੋਖਾ ਸਾਫ਼ ਦਿਖਾਈ ਦੇ ਰਿਹਾ ਸੀ ਕਿਉਂਕਿ ਵੱਖ-ਵੱਖ ਧੜੇ ਮੌਜੂਦਾ ਸਥਿਤੀ ਤੋਂ ਅਸੰਤੁਸ਼ਟ ਸਨ। ਹਾਲਾਂਕਿ ਸਥਾਨਕ ਨੇਤਾਵਾਂ ਦੀ ਰਾਇ ਲਈ ਗਈ ਸੀ ਪਰ ਪਾਰਟੀ ਜਿੱਤਣ ਯੋਗ ਉਮੀਦਵਾਰਾਂ ਦੀ ਚੋਣ ਨਹੀਂ ਕਰ ਸਕੀ।

ਭਾਜਪਾ ਨੇ ਆਪਣੇ ਸੁਸ਼ਾਸਨ ਦੇ ਰਿਕਾਰਡ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਕਾਨੂੰਨ-ਵਿਵਸਥਾ ਵਿਚ ਸੁਧਾਰ ’ਤੇ ਆਪਣਾ ਧਿਆਨ ਕੇਂਦਰਿਤ ਕੀਤਾ। ਪਾਰਟੀ ਦੀ ਮੁਹਿੰਮ ਵਿਚ ਕੇਂਦਰੀ ਅਤੇ ਰਾਜ ਲੀਡਰਸ਼ਿਪ ਦੀ ਸਰਗਰਮ ਹਿਸੇਦਾਰੀ ਰਹੀ, ਜਿਸਦਾ ਉਦੇਸ਼ ਏਕਤਾ ਅਤੇ ਨਿਪੁੰਨਤਾ ਦਾ ਸੰਦੇਸ਼ ਦੇਣਾ ਸੀ। ਉਸਦਾ ਇਹ ਸੰਦੇਸ਼ ਸ਼ਹਿਰੀ ਅਤੇ ਅਰਧ-ਸ਼ਹਿਰੀ ਚੋਣ ਹਲਿਕਆਂ ਵਿਚ ਪ੍ਰਭਾਵਸ਼ਾਲੀ ਰਿਹਾ, ਜਿੱਥੇ ਵੋਟਰਾਂ ਨੇ ਆਧੁਨਿਕੀਕਰਨ ਅਤੇ ਆਰਥਿਕ ਵਿਕਾਸ ਦੇ ਵਾਅਦਿਆਂ ’ਤੇ ਹਾਂਪੱਖੀ ਪ੍ਰਤੀਕਿਰਿਆ ਦਿੱਤੀ। ਇਸ ਦੇ ਬਾਵਜੂਦ, ਪਾਰਟੀ ਨੂੰ ਉਨ੍ਹਾਂ ਹਲਕਿਆਂ ਵਿਚ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿੱਥੇ ਸੱਤਾ-ਵਿਰੋਧੀ ਲਹਿਰ ਪ੍ਰਬਲ ਸੀ ਜਾਂ ਜਿੱਥੇ ਸਥਾਨਕ ਮੁੱਦਿਆਂ ਨੇ ਰਾਸ਼ਟਰੀ ਮੁੱਦਿਆਂ ਨੂੰ ਪਿੱਛੇ ਛੱਡ ਦਿੱਤਾ ਸੀ।

ਦੋਵਾਂ ਪਾਰਟੀਆਂ ਦੀ ਤੁਲਨਾ ਕਰਨ ’ਤੇ, ਕਾਂਗਰਸ ਅਤੇ ਭਾਜਪਾ ਦੋਵਾਂ ਵਿਚ ਮਜ਼ਬੂਤੀ ਅਤੇ ਕਮਜ਼ੋਰੀ ਦੇ ਪਹਿਲੂ ਦਿਖਾਈ ਦਿੰਦੇ ਹਨ। ਇਹ ਨਤੀਜੇ ਇਸ ਮੁੱਖ ਵਿਚਾਰ ਦੀ ਪੁਸ਼ਟੀ ਕਰਦੇ ਹਨ—ਇਸ ਖੰਡਿਤ ਮੁਕਾਬਲੇ ਵਿਚ ਸਿਰਫ ਵਿਚਾਰਧਾਰਾ ਦੀ ਤੁਲਨਾ ਵਿਚ ਪ੍ਰਦਰਸ਼ਨ, ਸਥਾਨਕ ਸਰੋਕਾਰ ਅਤੇ ਗੱਠਜੋੜ ਵੱਧ ਮਾਅਨੇ ਰੱਖਦੇ ਹਨ। ਕਾਂਗਰਸ ਦੀਆਂ ਸਫ਼ਲਤਾਵਾਂ ਅਕਸਰ ਪ੍ਰਭਾਵਸ਼ਾਲੀ ਗੱਠਜੋੜ ਨਿਰਮਾਣ ਅਤੇ ਸਥਾਨਕ ਮੁੱਦਿਆਂ ’ਤੇ ਧਿਆਨ ਦੇਣ ਨਾਲ ਜੁੜੀਆਂ ਰਹੀਆਂ, ਜਦੋਂ ਕਿ ਭਾਜਪਾ ਦੀ ਜਿੱਤ ਉਸਦੇ ਮਜ਼ਬੂਤ ਸੰਗਠਨਾਤਮਕ ਤੰਤਰ ਰਾਹੀਂ ਸਮਰਥਨ ਜੁਟਾਉਣ ਦੀ ਸਮਰੱਥਾ ਨੂੰ ਦਰਸਾਉਂਦੀ ਹੈ। ਵੋਟਰਾਂ ਦੇ ਰੁਝਾਨ ਦੱਸਦੇ ਹਨ ਕਿ ਉਹ ਪਾਰਟੀਆਂ ਨੂੰ ਕੇਵਲ ਵਿਚਾਰਧਾਰਾ ਦੇ ਆਧਾਰ ’ਤੇ ਨਹੀਂ, ਸਗੋਂ ਉਨ੍ਹਾਂ ਦੇ ਕੰਮਕਾਜ ਦੇ ਆਧਾਰ ’ਤੇ ਪਰਖਣ ਲਈ ਤਿਆਰ ਹਨ ਅਤੇ ਖੇਤਰੀ ਪਾਰਟੀਆਂ ਦੇ ਉਭਾਰ ਨੇ ਇਸ ਰਵਾਇਤੀ ਦੋ-ਧਰੁਵੀ ਮੁਕਾਬਲੇ ਨੂੰ ਹੋਰ ਵੰਡ ਦਿੱਤਾ ਹੈ।

ਪ੍ਰਤੀਕਿਰਿਆਵਾਂ ਅਤੇ ਬਿਆਨ ਦੋਵਾਂ ਪਾਰਟੀਆਂ ਨੇ ਅਜਿਹੇ ਜਾਰੀ ਕੀਤੇ, ਜਿਨ੍ਹਾਂ ਵਿਚ ਨਤੀਜਿਆਂ ਨੂੰ ਉਨ੍ਹਾਂ ਦੀਆਂ ਆਪਣੀਆਂ-ਆਪਣੀਆਂ ਨੀਤੀਆਂ ਦਾ ਸਮਰਥਨ ਦੱਸਿਆ ਗਿਆ। ਕਾਂਗਰਸ ਨੇਤਾਵਾਂ ਨੇ ਪ੍ਰਧਾਨ ਮੰਤਰੀ ਦੇ ਚੋਣ ਹਲਕੇ ਬਨਾਰਸ ਵਿਚ ਭਾਜਪਾ ਉਮੀਦਵਾਰ ਦੀ ਹਾਰ ’ਤੇ ਜ਼ੋਰ ਦਿੱਤਾ, ਜਦੋਂ ਕਿ ਭਾਜਪਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਕਰਨਾਟਕ ਵਿਚ ਆਪਣੇ ਉਮੀਦਵਾਰ ਹਾਰ ਗਈ।

ਇਸ ਦੌਰਾਨ, ਭਾਜਪਾ ਬੁਲਾਰਿਆਂ ਨੇ ਪ੍ਰਮੁੱਖ ਹਲਕਿਆਂ ਵਿਚ ਆਪਣੀ ਪਕੜ ਮਜ਼ਬੂਤ ਹੋਣ ਦਾ ਜ਼ਿਕਰ ਕੀਤਾ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਨਤੀਜੇ ਇਕ ਬੜੇ ਮੁਕਾਬਲੇਬਾਜ਼ੀ ਵਾਲੇ ਦ੍ਰਿਸ਼ਟੀਕੋਣ ਵੱਲ ਇਸ਼ਾਰਾ ਕਰਦੇ ਹਨ, ਜਿੱਥੇ ਕੋਈ ਵੀ ਪਾਰਟੀ ਪੂਰਨ ਪ੍ਰਭੂਸੱਤਾ ਦਾ ਦਾਅਵਾ ਨਹੀਂ ਕਰ ਸਕਦੀ।

ਵਿਧਾਨ ਪ੍ਰੀਸ਼ਦ ਚੋਣ ਦੇ ਨਤੀਜੇ ਆਉਣ ਵਾਲੀਆਂ ਸੂਬਾਈ ਅਤੇ ਰਾਸ਼ਟਰੀ ਚੋਣਾਂ ਦੀਆਂ ਰਣਨੀਤੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਦੋਵਾਂ ਪਾਰਟੀਆਂ ਨੂੰ ਇਸ ਵੱਧ ਖੰਡਿਤ ਸਿਆਸੀ ਮਾਹੌਲ ਅਨੁਸਾਰ ਆਪਣੇ ਆਪ ਨੂੰ ਢਾਲਣਾ ਹੋਵੇਗਾ। ਕਾਂਗਰਸ ਲਈ ਚੁਣੌਤੀ ਆਪਣੀ ਬੜ੍ਹਤ ਨੂੰ ਅੱਗੇ ਵਧਾਉਣ ਅਤੇ ਸੰਗਠਨਾਤਮਕ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਹੋਵੇਗੀ। ਭਾਜਪਾ ਲਈ, ਸ਼ਹਿਰੀ ਹਲਕਿਆਂ ਵਿਚ ਆਪਣੀ ਰਫ਼ਤਾਰ ਬਣਾਈ ਰੱਖਦੇ ਹੋਏ ਖੇਤਰੀ ਅਸੰਤੋਸ਼ ਨੂੰ ਦੂਰ ਕਰਨਾ ਮਹੱਤਵਪੂਰਨ ਹੋਵੇਗਾ। ਇਹ ਬਦਲਦਾ ਘਟਨਾਕ੍ਰਮ ਇਸ ਮੁੱਖ ਵਿਚਾਰ ਨੂੰ ਦਰਸਾਉਂਦਾ ਹੈ ਕਿ ਦੋਵਾਂ ਹੀ ਪਾਰਟੀਆਂ ਲਈ ਜ਼ਮੀਨੀ ਜੁੜਾਅ ਅਤੇ ਗੱਠਜੋੜ ਨਿਰਮਾਣ ਸਭ ਤੋਂ ਕੇਂਦਰੀ ਵਿਸ਼ੇ ਬਣੇ ਰਹਿਣਗੇ। ਕਾਂਗਰਸ ਅਤੇ ਭਾਜਪਾ ਦੋਵਾਂ ਨੂੰ ਵੋਟਰਾਂ ਦੀਆਂ ਬਦਲਦੀਆਂ ਇੱਛਾਵਾਂ ਅਤੇ ਖੇਤਰੀ ਅਸਲੀਅਤਾਂ ਅਨੁਸਾਰ ਖੁਦ ਨੂੰ ਢਾਲਣਾ ਹੋਵੇਗਾ।

—ਕਲਿਆਣੀ ਸ਼ੰਕਰ


author

Harpreet SIngh

Content Editor

Related News