ਸਵੇਰ ਤੋਂ ਸ਼ੁਰੂ ਹੋ ਜਾਂਦਾ ਹੈ ਵਟਸਐਪ ਦਾ ਸਿਲਸਲਾ
Thursday, Oct 29, 2026 - 10:43 AM (IST)
ਵਟਸਐਪ ’ਤੇ ਸੰਦੇਸ਼ ਫਾਰਵਰਡ ਕਰਨ ਵਾਲਾ ਵਿਅਕਤੀ ਹਰ ਰੋਜ਼ ਸਵੇਰੇ ਇਕ ਉਦੇਸ਼ ਨਾਲ ਜਾਗਦਾ ਹੈ। ਜਦੋਂ ਸਾਡੇ ’ਚੋਂ ਬਾਕੀ ਲੋਕ ਦੰਦ ਸਾਫ਼ ਕਰ ਰਹੇ ਹੁੰਦੇ ਹਨ ਅਤੇ ਇਹ ਸੋਚ ਰਹੇ ਹੁੰਦੇ ਹਨ ਕਿ ਚਾਹ ਲਈ ਦੁੱਧ ਕਾਫ਼ੀ ਹੈ ਜਾਂ ਨਹੀਂ, ਉਦੋਂ ਉਹ ਸਾਨੂੰ ਦੁਨੀਆ ਦੇ ਅੰਤ ਤੋਂ ਬਚਾਉਣ ’ਚ ਮਸਰੂਫ਼ ਹੁੰਦਾ ਹੈ।
ਅੱਜ ਸਵੇਰੇ ਉਸ ਨੇ ਸਾਨੂੰ ਚਿਤਾਵਨੀ ਦਿੱਤੀ ਕਿ ਭੋਜਨ ਤੋਂ ਬਾਅਦ ਠੰਢਾ ਪਾਣੀ ਪੀਣਾ ਖ਼ਤਰਨਾਕ ਹੋ ਸਕਦਾ ਹੈ। ਕੁਝ ਮਿੰਟਾਂ ਬਾਅਦ ਉਸ ਨੇ ਇਕ ਸੰਦੇਸ਼ ਭੇਜਿਆ, ਜਿਸ ’ਚ ਕਿਹਾ ਗਿਆ ਸੀ ਕਿ ਗਰਮ ਪਾਣੀ ਲੱਗਭਗ ਹਰ ਬੀਮਾਰੀ ਦਾ ਇਲਾਜ ਕਰ ਸਕਦਾ ਹੈ। ਮੈਂ ਅਜੇ ਕਮਰੇ ਦੇ ਤਾਪਮਾਨ ਵਾਲੇ ਪਾਣੀ ਦੇ ਭਵਿੱਖ ਬਾਰੇ ਸੋਚ ਹੀ ਰਿਹਾ ਸੀ ਕਿ ਇਕ ਹੋਰ ਸੰਦੇਸ਼ ਆ ਗਿਆ।
‘ਇਸ ਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਭੇਜੋ, ਜਿਨ੍ਹਾਂ ਨਾਲ ਤੁਸੀਂ ਪਿਆਰ ਕਰਦੇ ਹੋ।’
ਮੈਂ ਆਪਣੀ ਪਤਨੀ ਵੱਲ ਵੇਖਿਆ। ਉਹ ਸ਼ਾਂਤੀ ਨਾਲ ਆਪਣੀ ਕੌਫ਼ੀ ਪੀ ਰਹੀ ਸੀ। ਕੀ ਮੈਂ ਉਸ ਨਾਲ ਇੰਨਾ ਪਿਆਰ ਕਰਦਾ ਸੀ ਕਿ ਕੌਫ਼ੀ ਪੀਣ ਦੇ ਖ਼ਤਰਿਆਂ ਬਾਰੇ ਚਿਤਾਵਨੀ ਦੇ ਕੇ ਉਸਦੀ ਸ਼ਾਂਤੀ ਭੰਗ ਕਰ ਦਿਆਂ?
ਮੈਂ ਫ਼ੈਸਲਾ ਕੀਤਾ ਕਿ ਨਹੀਂ।
ਉਸ ਮਾਹਿਰ ਨੇ ਇਕ ਸ਼ਾਨਦਾਰ ਰੁੱਖ ਦੀ ਤਸਵੀਰ ਵੀ ਭੇਜੀ ਸੀ, ਜਿਸ ਦੇ ਨਾਲ ਲਿਖਿਆ ਸੀ : ‘ਇਹ ਰੁੱਖ ਵੀਹ ਲੋਕਾਂ ਲਈ ਆਕਸੀਜਨ ਪੈਦਾ ਕਰਦਾ ਹੈ।’ ਮੈਂ ਸੋਚਣ ਲੱਗਾ ਕਿ ਉਨ੍ਹਾਂ ਲੋਕਾਂ ਨੂੰ ਕਿਸ ਨੇ ਗਿਣਿਆ ਸੀ ਅਤੇ ਕੀ ਉਹ ਸਾਰੇ ਰੁੱਖ ਦੇ ਚਾਰੇ ਪਾਸੇ ਖੜ੍ਹੇ ਹੋ ਕੇ ਸਾਹ ਲੈ ਰਹੇ ਸਨ, ਜਦੋਂ ਕਿ ਕੋਈ ਵਿਅਕਤੀ ਉਨ੍ਹਾਂ ਬਾਰੇ ਨੋਟਸ ਲਿਖ ਰਿਹਾ ਸੀ।
ਇਸ ਤੋਂ ਬਾਅਦ ਸਿਹਤ ਨਾਲ ਸੰਬੰਧਤ ਸਲਾਹ ਆਈ। ਜ਼ਾਹਿਰ ਹੈ, ਭਾਰਤੀ ਰਸੋਈ ’ਚ ਮਿਲਣ ਵਾਲੀ ਕਿਸੇ ਚੀਜ਼ ਦਾ ਇਕ ਚਮਚ ਮੇਰੀ ਜ਼ਿੰਦਗੀ ਬਦਲ ਸਕਦਾ ਸੀ। ਮੈਂ ਰਸੋਈ ’ਚ ਗਿਆ ਅਤੇ ਇਕ ਅਲਮਾਰੀ ਖੋਲ੍ਹੀ। ਉੱਥੇ ਚਮਚ ਤਾਂ ਸਨ ਪਰ ਨਾਲ ਹੀ ਹਲਦੀ, ਖੰਡ, ਲੂਣ ਅਤੇ ਇਕ ਅਜਿਹਾ ਪੈਕਟ ਵੀ ਸੀ, ਜਿਸ ਨੂੰ ਛੂਹਣ ਤੋਂ ਮੇਰੀ ਪਤਨੀ ਨੇ ਮੈਨੂੰ ਮਨ੍ਹਾ ਕੀਤਾ ਸੀ। ਮੈਂ ਅੱਗੇ ਦੇ ਨਿਰਦੇਸ਼ਾਂ ਲਈ ਆਪਣੇ ਫ਼ੋਨ ਕੋਲ ਪਰਤ ਆਇਆ।
ਬਦਕਿਸਮਤੀ ਨਾਲ, ਸੰਦੇਸ਼ ਦਾ ਅੰਤ ਇਨ੍ਹਾਂ ਸ਼ਬਦਾਂ ਨਾਲ ਹੋਇਆ: ‘ਡਾਕਟਰ ਨਹੀਂ ਚਾਹੁੰਦੇ ਕਿ ਤੁਹਾਨੂੰ ਇਹ ਗੱਲ ਪਤਾ ਲੱਗੇ।’
ਮੇਰੀ ਪਤਨੀ ਡਾਕਟਰ ਹੈ। ਮੈਂ ਉਸ ਨੂੰ ਸ਼ੱਕੀ ਨਜ਼ਰਾਂ ਨਾਲ ਵੇਖਿਆ।
‘ਕੀ ਹੋਇਆ?’ ਉਸ ਨੇ ਪੁੱਛਿਆ।
‘ਕੀ ਰਸੋਈ ’ਚ ਅਜਿਹੀ ਕੋਈ ਚੀਜ਼ ਹੈ, ਜਿਸ ਬਾਰੇ ਤੂੰ ਨਹੀਂ ਚਾਹੁੰਦੀ ਕਿ ਮੈਨੂੰ ਪਤਾ ਲੱਗੇ?’
‘ਹਾਂ,’ ਉਸ ਨੇ ਕਿਹਾ, ‘ਸਿੰਕ ’ਚ ਪਏ ਬਰਤਨ। ਉਹ ਨਾਸ਼ਤੇ ਦੇ ਸਮੇਂ ਤੋਂ ਉੱਥੇ ਪਏ ਹਨ।’
ਉਸ ਮਾਹਿਰ ਦੀ ਪ੍ਰਤੀਭਾ ਸਿਰਫ ਸਿਹਤ ਤੱਕ ਸੀਮਤ ਨਹੀਂ ਹੈ। ਉਹ ਚੋਣਾਂ ਦੀ ਭਵਿੱਖਬਾਣੀ ਕਰ ਸਕਦਾ ਹੈ, ਅਰਥਵਿਵਸਥਾ ਦੀ ਵਿਆਖਿਆ ਕਰ ਸਕਦਾ ਹੈ ਅਤੇ ਸ਼ਹਿਰ ਦੇ ਉੱਪਰ ਬਣੇ ਖ਼ਤਰਨਾਕ ਬੱਦਲਾਂ ਦੀ ਪਛਾਣ ਕਰ ਸਕਦਾ ਹੈ। ਉਸ ਨੂੰ ਇਹ ਵੀ ਠੀਕ-ਠੀਕ ਪਤਾ ਹੁੰਦਾ ਹੈ ਕਿ ਅਗਲੇ ਦਸ ਮਿੰਟਾਂ ’ਚ ਗਿਆਰਾਂ ਲੋਕਾਂ ਨੂੰ ਪ੍ਰਾਰਥਨਾ ਦਾ ਸੰਦੇਸ਼ ਫਾਰਵਰਡ ਨਾ ਕਰਨ ’ਤੇ ਕਿਸੇ ਵਿਅਕਤੀ ਨਾਲ ਕੀ ਹੋਣ ਵਾਲਾ ਹੈ।
ਇਕ ਵਾਰ ਮੈਂ ਉਹ ਸੰਦੇਸ਼ ਫਾਰਵਰਡ ਨਹੀਂ ਕੀਤਾ। ਮੈਂ ਉਸ ਮੰਦਭਾਗੀ ਘਟਨਾ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਰਿਹਾ, ਜਿਸ ਦਾ ਵਾਅਦਾ ਕੀਤਾ ਗਿਆ ਸੀ। ਕੁਝ ਨਹੀਂ ਹੋਇਆ, ਜਦੋਂ ਤੱਕ ਕਿ ਅਗਲੀ ਸਵੇਰ ਮਾਹਿਰ ਨੇ ਮੈਨੂੰ ਇਕ ਹੋਰ ਸੰਦੇਸ਼ ਨਹੀਂ ਭੇਜਿਆ।
‘ਕੀ ਤੂੰ ਵੇਖਿਆ ਕਿ ਮੈਂ ਕੱਲ ਕੀ ਭੇਜਿਆ ਸੀ?’
‘ਹਾਂ,’ ਮੈਂ ਜਵਾਬ ਦਿੱਤਾ।
‘ਤੂੰ ਉਸ ਨੂੰ ਫਾਰਵਰਡ ਕਿਉਂ ਨਹੀਂ ਕੀਤਾ?’
‘ਮੈਂ ਸੋਚਿਆ ਕਿ ਪ੍ਰਮਾਤਮਾ ਹੀ ਫ਼ੈਸਲਾ ਕਰ ਲਵੇ ਕਿ ਕਿਸ ਨੂੰ ਆਸ਼ੀਰਵਾਦ ਦੇਣਾ ਹੈ।’
ਕਾਫ਼ੀ ਦੇਰ ਤੱਕ ਖ਼ਾਮੋਸ਼ੀ ਰਹੀ। ਉਸ ਸ਼ਾਮ ਮੈਂ ਬਹੁਤ ਨਿਮਰਤਾ ਨਾਲ ਮਾਹਿਰ ਨੂੰ ਸੁਝਾਅ ਦਿੱਤਾ ਕਿ ਕੋਈ ਸੰਦੇਸ਼ ਭੇਜਣ ਤੋਂ ਪਹਿਲਾਂ ਉਸ ਦੀ ਪੜਤਾਲ ਕਰ ਲਿਆ ਕਰੋ। ਮੈਂ ਉਸ ਨੂੰ ਇਹ ਵੀ ਵਿਖਾਇਆ ਕਿ ਸੰਦੇਸ਼ ਦਾ ਸੋਮਾ ਕਿਵੇਂ ਲੱਭਿਆ ਜਾਂਦਾ ਹੈ।
ਉਸ ਨੇ ਗਰਮਜੋਸ਼ੀ ਨਾਲ ਮੇਰਾ ਧੰਨਵਾਦ ਕੀਤਾ। ‘ਤੂੰ ਸਹੀ ਕਹਿ ਰਹੇ ਹੋ, ਬੌਬ। ਸਾਨੂੰ ਅਜਿਹਾ ਕਰਨਾ ਚਾਹੀਦਾ ਹੈ।’
ਅਗਲੀ ਸਵੇਰ ਮੇਰੇ ਫ਼ੋਨ ’ਤੇ ਘੰਟੀ ਵੱਜੀ। ਪਰਿਵਾਰ ਦੇ ਵਟਸਐਪ ਗਰੁੱਪ ’ਚ ਇਕ ਨਵੀਂ ਚਿਤਾਵਨੀ ਆਈ ਸੀ : ‘ਉਨ੍ਹਾਂ ਲੋਕਾਂ ਤੋਂ ਸਾਵਧਾਨ ਰਹੋ, ਜੋ ਤੁਹਾਨੂੰ ਵਟਸਐਪ ਸੰਦੇਸ਼ਾਂ ਦੀ ਜਾਂਚ ਕਰਨ ਲਈ ਕਹਿੰਦੇ ਹਨ। ਉਹ ਸੱਚਾਈ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।’
ਇਸ ਦੇ ਹੇਠਾਂ ਉਹੀ ਜਾਣੇ-ਪਛਾਣੇ ਸ਼ਬਦ ਲਿਖੇ ਸਨ : ‘ਇਸ ਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਭੇਜੋ, ਜਿਨ੍ਹਾਂ ਨਾਲ ਤੁਸੀਂ ਪਿਆਰ ਕਰਦੇ ਹੋ।’
ਮੈਂ ਆਪਣੀ ਪਤਨੀ ਵੱਲ ਵੇਖਿਆ। ਉਹ ਕੌਫ਼ੀ ਪੀ ਰਹੀ ਸੀ। ਇਕ ਵਾਰ ਫਿਰ ਮੈਂ ਫ਼ੈਸਲਾ ਕੀਤਾ ਕਿ ਉਸ ਨੂੰ ਆਪਣੀ ਕੌਫ਼ੀ ਦਾ ਆਨੰਦ ਲੈਣ ਦਿਆਂ!
-ਰਾਬਰਟ ਕਲੀਮੈਂਟਸ
