‘ਜੈਨ ਜ਼ੀ’ ਦਾ ਕੌਮਾਂਤਰੀ ਗੁੱਸਾ ਕਿਵੇਂ ਸ਼ਾਂਤ ਹੋਵੇ?

Thursday, Nov 05, 2026 - 02:19 PM (IST)

‘ਜੈਨ ਜ਼ੀ’ ਦਾ ਕੌਮਾਂਤਰੀ ਗੁੱਸਾ ਕਿਵੇਂ ਸ਼ਾਂਤ ਹੋਵੇ?

ਪਿਛਲੇ ਕੁਝ ਮਹੀਨਿਆਂ ਦਾ ਸਬਕ ਇਹ ਹੈ ਕਿ ਅੱਜ ਦੀ ‘ਜੈਨ ਜ਼ੀ’ ਉਸ ਬੀਤੇ ਜ਼ਮਾਨੇ ਦੀ ਨੌਜਵਾਨ ਪੀੜ੍ਹੀ ਦਾ ਨਵਾਂ ਚਿਹਰਾ ਹੈ, ਜੋ ਮੌਜੂਦਾ ਹਾਲਾਤ ਤੋਂ ਨਾਖੁਸ਼ ਹੈ ਤੇ ਆਪਣੇ ਨਵੇਂ ਵਿਚਾਰਾਂ ਨਾਲ ਵਿਵਸਥਾ ਨੂੰ ਬਦਲ ਕੇ ਇਕ ਆਦਰਸ਼ ਦੁਨੀਆ ਸਥਾਪਤ ਕਰਨਾ ਚਾਹੁੰਦੀ ਹੈ। ਇੰਟਰਨੈੱਟ ਕਨੈਕਟੀਵਿਟੀ ਨੇ ਸੱਭਿਆਚਾਰਾਂ ਤੇ ਭੂਗੋਲਿਕ ਦੂਰੀਆਂ ਦੀਆਂ ਕੰਧਾਂ ਤੋੜ ਦਿੱਤੀਆਂ ਹਨ। ਇਹ ਸਿਰਫ਼ ਭਾਰਤ ਦੀ ਗੱਲ ਨਹੀਂ ਹੈ। ਫਰਾਂਸ, ਬੈਲਜੀਅਮ, ਇਟਲੀ, ਸਪੇਨ, ਗ੍ਰੀਸ ਤੇ ਪੁਰਤਗਾਲ ਸਮੇਤ ਯੂਰਪ ਦੇ 12 ਦੇਸ਼ਾਂ ’ਚ ਇਨ੍ਹੀਂ ਦਿਨੀਂ ‘ਜੈਨ ਜ਼ੀ’ ਦੇ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ ਦੇਸ਼ਾਂ ਦਾ ਮੀਡੀਆ ਇਸ ਨੂੰ ‘ਆਟਮ ਜੈਨ ਜ਼ੀ’ ਭਾਵ ਪਤਝੜ ‘ਜੈਨ ਜ਼ੀ’ ਕਹਿ ਰਿਹਾ ਹੈ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਕਹਿ ਰਹੇ ਹਨ ਕਿ ਉਹ ਇਕ-ਦੂਜੇ ਦੇ ਸੰਪਰਕ ’ਚ ਹਨ, ਇਕ-ਦੂਜੇ ਦਾ ਸਾਥ ਦਿੰਦੇ ਹਨ, ਕਿਉਂਕਿ ਉਹ ਇਕੋ ਜਿਹੀਆਂ ਚੁਣੌਤੀਆਂ ਨਾਲ ਜੂਝ ਰਹੇ ਹਨ।

ਨੇਪਾਲ, ਸ਼੍ਰੀਲੰਕਾ, ਹਾਂਗਕਾਂਗ, ਥਾਈਲੈਂਡ, ਸਰਬੀਆ, ਇੰਡੋਨੇਸ਼ੀਆ, ਕੀਨੀਅਾ ਤੇ ਦੂਜੀਆਂ ਥਾਵਾਂ ’ਤੇ ਵੀ ਨੌਜਵਾਨਾਂ ਦਾ ਗੁੱਸਾ ਇਸੇ ਤਰ੍ਹਾਂ ਪੈਦਾ ਹੋਇਅਾ ਹੈ। ਡਿਜੀਟਲ ਦੁਨੀਆ ਨੇ ‘ਜੈਨ ਜ਼ੀ’ ਨੂੰ ਲੱਗਭਗ ਹਰ ਜਗ੍ਹਾ, ਹਰ ਪਲ ਜੋੜ ਦਿੱਤਾ ਹੈ, ਭਾਵੇਂ ਉਹ ਘਰ ’ਚ ਹੋਵੇ, ਸਫ਼ਰ ਕਰ ਰਿਹਾ ਹੋਵੇ, ਭੋਜਨ ਰਿਹਾ ਕਰ ਹੋਵੇ ਜਾਂ ਟਹਿਲਦਾ ਹੋਵੇ -ਨਹਾਉਂਦਾ ਹੋਵੇ। ਜਾਣਕਾਰੀ ਪਲਾਂ ’ਚ ਹਾਜ਼ਰ ਹੈ, ਪਰ ਗ਼ਲਤ ਸੂਚਨਾ, ਡੀਪਫੇਕ, ਘੜਿਆ ਹੋਇਆ ਗੁੱਸਾ ਅਤੇ ਏ. ਆਈ. ਤੋਂ ਬਣਿਆ ਪ੍ਰਾਪੇਗੰਡਾ ਵੀ ਓਨੀ ਹੀ ਤੇਜ਼ੀ ਨਾਲ ਹਾਜ਼ਰ ਹੈ।

ਜ਼ਰਾ ਸੋਚੋ, ਦਿੱਲੀ ਯੂਨੀਵਰਸਿਟੀ ਦਾ ਇਕ ਗ੍ਰੈਜੂਏਟ, ਬੇਰੁਜ਼ਗਾਰ ਤੇ ਬੇਚੈਨ, ਕੌਫੀ ਹਾਊਸ ’ਚ ਦੋਸਤਾਂ ਨਾਲ ਗਰਮਾ-ਗਰਮ ਬਹਿਸ ਤੋਂ ਬਾਅਦ ਘਰ ਪਰਤ ਰਿਹਾ ਹੈ। ਉਹ ਆਪਣੇ ਪਿਤਾ ਵੱਲ ਮੁੜ ਕੇ ਪੁੱਛਦਾ ਹੈ, ‘ਮੈਨੂੰ ਤੁਸੀਂ ਪੈਦਾ ਕਿਉਂ ਕੀਤਾ ਸੀ? ਨਾ ਨੌਕਰੀ ਦਿਵਾ ਸਕਦੇ ਹੋ, ਨਾ ਕੁਝ ਹੋਰ।’ ਅਮਿਤਾਭ ਬੱਚਨ ਨੇ ਕੇ. ਬੀ. ਸੀ. ਅਤੇ ਆਪਣੀਆਂ ਕਈ ਇੰਟਰਵਿਊਜ਼ ’ਚ ਠੀਕ ਇਹੀ ਪਲ ਬਿਆਨ ਕੀਤਾ ਹੈ। ਇਹੀ ਝੁੰਝਲਾਹਟ ‘ਜ਼ੰਜੀਰ’ ਤੇ ‘ਦੀਵਾਰ’ ਦੇ ‘ਐਂਗਰੀ ਯੰਗ ਮੈਨ’ ’ਚ ਸਭ ਤੋਂ ਯਾਦਗਾਰ ਆਵਾਜ਼ ਬਣ ਕੇ ਉੱਭਰੀ। ਇਸ ਤੋਂ ਬਾਅਦ ਭਾਰਤੀ ਸਿਨੇਮਾ ਪਹਿਲਾਂ ਜਿਹਾ ਨਹੀਂ ਰਿਹਾ। ਇਹ ਕਿਰਦਾਰ ਭਾਸ਼ਾਵਾਂ ਤੇ ਸੱਭਿਆਚਾਰਾਂ ਦੀਆਂ ਸਰਹੱਦਾਂ ਲੰਘਦਾ ਗਿਆ ਤੇ ਦੱਖਣੀ ਭਾਰਤੀ ਸਿਨੇਮਾ ’ਚ ਵੱਖ-ਵੱਖ ਰੂਪਾਂ ’ਚ ਫਿਰ ਨਜ਼ਰ ਆਇਆ।

ਪੀੜ੍ਹੀਆਂ ਦਾ ਇਹੀ ਫ਼ਾਸਲਾ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। 80 ਦੇ ਦਹਾਕੇ ਦੇ ਆਖਿਰ ’ਚ ਆਈ. ਆਈ. ਟੀ. ਦਿੱਲੀ ’ਚ ਮੇਰਾ ਇਕ ਬੈਚਮੇਟ ਆਪਣੇ ਪਿਤਾ ਤੋਂ ਬੇਹੱਦ ਨਾਰਾਜ਼ ਸੀ, ਕਿਉਂਕਿ ਉਹ ਸਿਵਲ ਦੀ ਜਗ੍ਹਾ ਕੈਮੀਕਲ ਇੰਜੀਨੀਅਰਿੰਗ ਲੈਣਾ ਚਾਹੁੰਦਾ ਸੀ।

ਸਾਡਾ ਜ਼ਮਾਨਾ ਮਾਈਕਲ ਜੈਕਸਨ, ਬ੍ਰੇਕ-ਡਾਂਸ, ਚੌੜੇ ਕਾਲਰ ਵਾਲੀ ਕਮੀਜ਼ ਅਤੇ ਬੈੱਲ-ਬੌਟਮ ਦਾ ਸੀ। ਅੱਜ ਮੇਰਾ ਬੇਟਾ, ਜੋ ਕੋਲਡਪਲੇਅ ਬੈਂਡ ਵਾਲੀ ਪੀੜ੍ਹੀ ਦਾ ਹਿੱਸਾ ਹੈ, ਬਿਲਕੁਲ ਵੱਖਰੀ ਕਿਸਮ ਦਾ ਸਵਾਲ ਪੁੱਛਦਾ ਹੈ, ‘ਜਦੋਂ ਗੱਲਬਾਤ ਨਾਲ ਮਸਲਾ ਸੁਲਝ ਸਕਦਾ ਹੈ ਤਾਂ ਪੁਲਸ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਤਾਕਤ ਦੀ ਵਰਤੋਂ ਕਿਉਂ ਕਰਦੀ ਹੈ।’

ਇਤਿਹਾਸ ਅਜਿਹੇ ਫ਼ਾਸਲਿਆਂ ਤੇ ਟਕਰਾਵਾਂ ਨਾਲ ਭਰਿਆ ਪਿਆ ਹੈ। ਸ਼ਹਿਜ਼ਾਦੇ ਸਲੀਮ (ਜਹਾਂਗੀਰ) ਅਤੇ ਦਰਬਾਰੀ ਨ੍ਰਤਕੀ ਅਨਾਰਕਲੀ ਦੇ ਇਸ਼ਕ ਦੀ ਕਹਾਣੀ ਸੱਤਾ ਤੇ ਉਸ ਦੇ ਬੇਟੇ ਦੇ ਸਦੀਆਂ ਪੁਰਾਣੇ ਟਕਰਾਅ ਨੂੰ ਦਿਖਾਉਂਦੀ ਹੈ।

ਕੀ ਅਸੀਂ ਸਭ ਆਪਣੇ ਜ਼ਮਾਨੇ ਦੇ ‘ਜੈਨ ਜ਼ੀ’ ਸੀ? : ਇਕ ਮਾਇਨੇ ਵਿਚ ਹਾਂ। ਧੁਨ ਨਵੀਂ ਹੈ, ਪਰ ਕੀ ਨੈਤਿਕ ਜੋਸ਼ ਉਹੀ ਹੈ? ਵਕਤ ਦੇ ਨਾਲ ਸੱਭਿਆਚਾਰ, ਭੂਗੋਲ, ਧਰਮ, ਨਸਲ, ਤਕਨੀਕੀ ਅਤੇ ਸਮਾਜਿਕ ਹਾਲਾਤ ਬਹੁਤ ਬਦਲ ਚੁੱਕੇ ਹਨ। ਫਿਰ ਵੀ ਅੱਜ ਦੀ ‘ਜੈਨ ਜ਼ੀ’ ਇਕ ਅਹਿਮ ਗੱਲ ’ਚ ਵੱਖ ਹੈ। ਉਹ ਪਿਛਲੀ ਕਿਸੇ ਵੀ ਪੀੜ੍ਹੀ ਨਾਲੋਂ ਜ਼ਿਆਦਾ ਜੁੜੀ ਹੋਈ ਅਤੇ ਸ਼ਕਤੀਸ਼ਾਲੀ ਹੈ। ਉਹ ਜਾਣਕਾਰ ਹੈ, ਤਕਨੀਕ ’ਚ ਮਾਹਿਰ ਹੈ, ਦੁਨੀਆ ਨਾਲ ਜੁੜੀ ਹੈ ਅਤੇ ਆਪਣੀ ਰਾਇ ਖੁੱਲ੍ਹ ਕੇ ਰੱਖਣ ਲਈ ਤਿਆਰ ਹੈ।

ਅੱਜ ਇਕ ਭਾਰਤੀ ਨੌਜਵਾਨ ਦੁਨੀਆ ਦੇ ਕਿਸੇ ਦੂਜੇ ਕੋਨੇ ਦੀਆਂ ਘਟਨਾਵਾਂ ਨਾਲ ਪਲਾਂ ’ਚ ਜੁੜ ਸਕਦਾ ਹੈ। ਨਾਲ ਹੀ ਉਹ ਭਾਰਤ ਨੂੰ ਇਕ ਜੁੜੇ ਹੋਏ ਰਾਸ਼ਟਰ ਦੇ ਰੂਪ ’ਚ ਦੇਖਦਾ ਹੈ, ਉੱਤਰ-ਦੱਖਣ ਅਤੇ ਪੂਰਬ-ਪੱਛਮ ਦੇ ਭੇਦ ਦੇ ਬਿਨਾਂ।

ਇਹ ਤਬਦੀਲੀ ਬਹੁਤ ਕੁਝ ਕਹਿੰਦੀ ਹੈ। ਸਾਡੇ ਸਾਹਮਣੇ ਊਰਜਾ, ਗਿਆਨ, ਉੱਚ ਤਕਨੀਕ ਤੇ ਕਨੈਕਟੀਵਿਟੀ ਨਾਲ ਲੈਸ ਇਕ ਪੀੜ੍ਹੀ ਹੈ। ਲੋਕਤੰਤਰ ਦੇ ਇਕ ਵੱਡੇ ਹਿੱਸੇ ਵਜੋਂ ਉਨ੍ਹਾਂ ਦੀ ਰਾਇ ਨੂੰ ਨਾ ਅਣਡਿੱਠ ਕੀਤਾ ਜਾ ਸਕਦਾ ਹੈ, ਨਾ ਰੱਦ। ਉਨ੍ਹਾਂ ਦੀ ਰਾਇ ਦਾ ਸਨਮਾਨ ਹੋਣਾ ਹੀ ਚਾਹੀਦਾ ਹੈ।

ਤਾਜ਼ਾ ਪ੍ਰਦਰਸ਼ਨ ਇਸੇ ਗੁੱਸੇ ਨੂੰ ਦਰਸਾਉਂਦੇ ਹਨ। ਇਨ੍ਹਾਂ ’ਚ ਕਥਿਤ ਪ੍ਰੀਖਿਆ ਗੜਬੜੀਆਂ, ਬੇਰੁਜ਼ਗਾਰੀ, ਅਦਾਰਿਆਂ ਦੀ ਜਵਾਬਦੇਹੀ ਅਤੇ ਚੋਣ ਪ੍ਰਕਿਰਿਆਵਾਂ ਨਾਲ ਜੁੜੇ ਪ੍ਰਦਰਸ਼ਨ ਵੀ ਸ਼ਾਮਲ ਹਨ। ਇਹ ਕੁਝ ਹੋਰ ਡੂੰਘੀ ਗੱਲ ਵੀ ਦਿਖਾਉਂਦੇ ਹਨ ਕਿ ਨੌਜਵਾਨ ਨਾਗਰਿਕ ਚਾਹੁੰਦੇ ਹਨ ਕਿ ਅਦਾਰੇ ਤੇਜ਼ੀ ਨਾਲ ਜਵਾਬ ਦੇਣ, ਬਿਹਤਰ ਢੰਗ ਨਾਲ ਗੱਲ ਕਰਨ ਤੇ ਉਨ੍ਹਾਂ ਨਾਲ ਨਿਰਪੱਖਤਾ ਨਾਲ ਪੇਸ਼ ਆਉਣ।

ਇਸ ਪੀੜ੍ਹੀ ਨੂੰ ਜੋ ਚੀਜ਼ ਵੱਖ ਕਰਦੀ ਹੈ, ਉਹ ਹੈ ਉਸ ਦੀ ਬੇਚੈਨੀ। ਉਹ ਉਮੀਦ ਕਰਦੀ ਹੈ ਕਿ ਜ਼ਿੰਦਗੀ ਇਕ ਖਾਸ ਰਫ਼ਤਾਰ ਨਾਲ ਚੱਲੇ। ‘ਜੈਨ ਜ਼ੀ’ ਆਪਣਾ ਪਾਰਸਲ ਤਾਂ ਰੀਅਲ ਟਾਈਮ ’ਚ ਟ੍ਰੈਕ ਕਰ ਲੈਂਦੀ ਹੈ, ਪਰ ਭਰਤੀ ਦੇ ਨਤੀਜੇ, ਸ਼ਿਕਾਇਤ ਦੇ ਨਿਪਟਾਰੇ ਜਾਂ ਕਿਸੇ ਅਦਾਰੇ ਦੇ ਜਵਾਬ ਲਈ ਮਹੀਨਿਆਂ ਤਕ ਉਡੀਕ ਕਰਨ ਨੂੰ ਸ਼ਾਇਦ ਤਿਆਰ ਨਾ ਹੋਵੇ।

ਸਾਨੂੰ ਸਮਝਣਾ ਅਤੇ ਸਰਾਹੁਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਝੁੰਝਲਾਹਟ ਜਾਂ ਬੇਚੈਨੀ ਸੁਭਾਵਿਕ ਹੈ। ਇਹ ਪੀੜ੍ਹੀਆਂ ਦਾ ਫ਼ਾਸਲਾ ਹੈ ਅਤੇ ਸ਼ਾਇਦ ਇਹੀ ਫ਼ਾਸਲਾ ਅਸਹਿਮਤੀ ਦੀ ਅਸਲੀ ਜੜ੍ਹ ਹੈ। ਇਹੀ ਅੱਗੇ ਚੱਲ ਕੇ ਗੁੱਸੇ ਵਿਚ ਬਦਲ ਜਾਵੇਗਾ।

ਸਾਨੂੰ ਕੀ ਕਰਨਾ ਚਾਹੀਦਾ ਹੈ : ਸਾਨੂੰ ਦੁਨੀਆ ਨੂੰ ਉਨ੍ਹਾਂ ਦੀ ਨਜ਼ਰ ਨਾਲ ਸਮਝਣਾ ਹੋਵੇਗਾ। ਨੌਜਵਾਨ ਵੰਡੇ ਹੋਏ, ਥੱਕੇ ਹੋਏ ਅਤੇ ਇਸ ਯਕੀਨ ਨਾਲ ਰਹਿ ਜਾਂਦੇ ਹਨ ਕਿ ਗੁੱਸਾ ਹੀ ਜਨਤਕ ਜੀਵਨ ਦੀ ਆਮ ਜ਼ੁਬਾਨ ਹੈ। ਇਸ ਦਾ ਜਵਾਬ ਹੈ ਬਿਹਤਰ ਸੰਵਾਦ। ਸਾਨੂੰ ਅਜਿਹੇ ਸਿੱਖਿਅਤ ਵਾਰਤਾਕਾਰ ਚਾਹੀਦੇ ਹਨ ਜੋ ਭੀੜ ਨੂੰ ਸਮਝਣ ਅਤੇ ਟਕਰਾਅ ਨੂੰ ਠੰਡਾ ਕਰ ਸਕਣ। ਸਾਨੂੰ ਮਨੋਵਿਗਿਆਨਕ, ਵਿਦਿਅਕ, ਮਾਰਗਦਰਸ਼ਕ ਤੇ ਪੇਸ਼ੇਵਰ ਵਾਰਤਾਕਾਰ ਚਾਹੀਦੇ ਹਨ, ਜੋ ਨੌਜਵਾਨਾਂ ਨੂੰ ਸਿਰਫ਼ ਸ਼ਬਦਾਂ ਨਾਲ ਨਹੀਂ, ਭਾਵਨਾਵਾਂ ਨਾਲ ਵੀ ਸਮਝਣ। ਅਦਾਰਿਆਂ ਨੂੰ ਅਜਿਹੇ ਭਰੋਸੇਯੋਗ ਅਤੇ ਸੁਲਭ ਮੰਚ ਬਣਾਉਣੇ ਪੈਣਗੇ ਜਿੱਥੇ ਨੌਜਵਾਨ ਨਾਗਰਿਕ ਬਿਨਾਂ ਇਹ ਮਹਿਸੂਸ ਕੀਤੇ ਅਸਹਿਮਤੀ ਜਤਾ ਸਕਣ ਕਿ ਉਨ੍ਹਾਂ ਨੂੰ ਸੁਣਿਆ ਨਹੀਂ ਜਾ ਰਿਹਾ।

ਪ੍ਰਕਿਰਿਆ ਦੀ ਨਿਰਪੱਖਤਾ ਨੂੰ ਸਿਰਫ਼ ਇਕ ਮਿਆਦ ਸੰਚਾਲਨ ਪ੍ਰਕਿਰਿਆ ਸਮਝਣਾ ਠੀਕ ਨਹੀਂ। ਇਹ ਇਕ ਮਨੋਵਿਗਿਆਨਕ ਲੋੜ ਹੈ। ਜਿਸ ਨਾਗਰਿਕ ਨੂੰ ਲੱਗਦਾ ਹੈ ਕਿ ਪ੍ਰਕਿਰਿਆ ਨਿਰਪੱਖ ਸੀ, ਉਹ ਉਲਟ ਨਤੀਜਾ ਵੀ ਪ੍ਰਵਾਨ ਕਰ ਸਕਦਾ ਹੈ। ਜਿਸ ਨੂੰ ਲੱਗੇ ਕਿ ਉਸ ਨੂੰ ਅਣਡਿੱਠ ਜਾਂ ਅਪਮਾਨਿਤ ਕੀਤਾ ਗਿਆ, ਉਹ ਸ਼ਾਇਦ ਨਾ ਮੰਨੇ। ਸਾਡੀ ਪੁਲਸ ਅਤੇ ਜਨਤਕ ਅਦਾਰਿਆਂ ਨੂੰ ਵੀ ਉਨ੍ਹਾਂ ਹੀ ਮੰਚਾਂ ਅਤੇ ਉਸੇ ਭਾਸ਼ਾ ’ਚ ਗੱਲਬਾਤ ਕਰਨੀ ਸਿੱਖਣੀ ਹੋਵੇਗੀ ਜਿੱਥੇ ਨੌਜਵਾਨ ਰਹਿੰਦੇ ਹਨ। ਟੈਕਨਾਲੋਜੀ ਇਨਸਾਨਾਂ ਨੂੰ ਜੋੜਨ ਦੀ ਥਾਂ ਕਦੇ ਨਹੀਂ ਲੈ ਸਕਦੀ। ਦਿਲ ਅਤੇ ਦਿਮਾਗ ਸਿਰਫ਼ ਗੱਲਬਾਤ ਨਾਲ ਜਿੱਤੇ ਜਾ ਸਕਦੇ ਹਨ।

ਅਜੇ ਸਿੰਘਲ

(ਪੁਲਸ ਮਹਾਨਿਰਦੇਸ਼ਕ, ਹਰਿਆਣਾ)


author

Anmol Tagra

Content Editor

Related News