‘ਸੁਰੱਖਿਆ ਬਲਾਂ ਦੇ ਮੈਂਬਰਾਂ ’ਚ ਪਾਇਆ ਜਾ ਰਿਹਾ ਤਣਾਅ’ ਦੂਰ ਕਰਨ ਲਈ ਕਦਮ ਚੁੱਕਣ ਦੀ ਲੋੜ!

Saturday, Oct 24, 2026 - 04:03 AM (IST)

‘ਸੁਰੱਖਿਆ ਬਲਾਂ ਦੇ ਮੈਂਬਰਾਂ ’ਚ ਪਾਇਆ ਜਾ ਰਿਹਾ ਤਣਾਅ’ ਦੂਰ ਕਰਨ ਲਈ ਕਦਮ ਚੁੱਕਣ ਦੀ ਲੋੜ!

ਆਪਣੀ ਬਹਾਦਰੀ ਨਾਲ ਭਾਰਤ ਨੂੰ ਵਿਸ਼ਵਵਿਆਪੀ ਵੱਕਾਰ ਦਿਵਾਉਣ ਵਾਲੇ ਸਾਡੇ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਤਣਾਅ ’ਚ ਪਿਛਲੇ ਕੁਝ ਵਰ੍ਹਿਆਂ ਦੌਰਾਨ ਭਾਰੀ ਵਾਧਾ ਹੋਇਆ ਹੈ। ਇਸ ਕਾਰਨ ਹਰ ਸਾਲ ਸੁਰੱਖਿਆ ਬਲਾਂ ਦੇ ਅਨੇਕ ਜਵਾਨ ਆਪਣੇ ਹੀ ਸਾਥੀ ਕਰਮਚਾਰੀਆਂ ਜਾਂ ਪਰਿਵਾਰਕ ਮੈਂਬਰਾਂ ਤੱਕ ਦੀ ਹੱਤਿਆ ਕਰ ਰਹੇ ਹਨ, ਜਿਸ ਦੀਆਂ ਲਗਭਗ ਪਿਛਲੇ 3 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :

* 13 ਜੁਲਾਈ ਨੂੰ ‘ਦਿੱਲੀ ਪੁਲਸ’ ਦੇ ‘ਐਂਟੀ ਆਟੋ ਥੈੱਫਟ ਸਕੁਐਡ’ (ਏ. ਏ. ਟੀ. ਐੱਸ.) ਦੇ ਕਾਂਸਟੇਬਲ ‘ਮਨੀਸ਼ ਭਾਟੀ’ ਨੇ ਆਪਣੀ ਪਤਨੀ ‘ਪ੍ਰਿਯੰਕਾ’ ਦੀ ਸੜਕ ਵਿਚਕਾਰ ਆਪਣੇ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੇ ਅਗਲੇ ਦਿਨ 14 ਜੁਲਾਈ ਨੂੰ ‘ਮਨੀਸ਼ ਭਾਟੀ’ ਦੀ ਲਾਸ਼ ਵੀ ਮਯੂਰ ਵਿਹਾਰ ਦੇ ਇਕ ਪਾਰਕ ’ਚ ਪਈ ਮਿਲੀ ਜਿੱਥੇ ਉਸ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ।

* 23 ਜੁਲਾਈ ਨੂੰ ‘ਮਾਲਦਾ’ (ਪੱਛਮੀ ਬੰਗਾਲ) ਦੇ ‘ਬੈਸ਼ਨਬ ਨਗਰ’ ਸਥਿਤ ‘ਬਾਰਡਰ ਸਕਿਓਰਿਟੀ ਫੋਰਸ’ (ਬੀ. ਐੱਸ. ਐੱਫ.) ਦੀ 119ਵੀਂ ਬਟਾਲੀਅਨ ਦੇ ਇਕ ਜਵਾਨ ‘ਸ਼ਿਵਮ ਮਿਸ਼ਰਾ’ ਨੂੰ ਕੈਂਪ ਅੰਦਰ ਆਪਣੇ ਹੀ ਸਾਥੀਆਂ ‘ਅਜੇ ਕੁਮਾਰ ਸਿੰਘ’ ਅਤੇ ‘ਅੰਬਾ ਦਾਸ ਸੁਰੇਸ਼ ਦਰਗੂ’ ’ਤੇ ਗੋਲੀ ਚਲਾ ਕੇ ਉਨ੍ਹਾਂ ਦੀ ਹੱਤਿਆ ਕਰਨ ਅਤੇ ਇਕ ਹੋਰ ਜਵਾਨ ਨੂੰ ਜ਼ਖਮੀ ਕਰ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।

ਇਸ ਤੋਂ ਪਹਿਲਾਂ 2025 ’ਚ ਵੀ ਉਸ ਨੂੰ ਗੋਲੀਬਾਰੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬੀ. ਐੱਸ. ਐੱਫ. ਦੇ ਕਾਨੂੰਨ ਅਨੁਸਾਰ ਸਜ਼ਾ ਵੀ ਦਿੱਤੀ ਗਈ ਸੀ ਅਤੇ ਉਸ ਦੀ ਸਜ਼ਾ ਕੁਝ ਦਿਨ ਪਹਿਲਾਂ ਹੀ ਪੂਰੀ ਹੋਈ ਸੀ।

* 4 ਅਗਸਤ ਨੂੰ ‘ਨਗਾਂਵ’ (ਅਸਾਮ) ਜ਼ਿਲੇ ਦੇ ‘ਕਟੀਮਾਰੀ’ ’ਚ ‘ਸੈਂਟਰਲ ਰਿਜ਼ਰਵ ਪੁਲਸ ਫੋਰਸ’ (ਸੀ. ਆਰ. ਪੀ. ਐੱਫ.) ਦੀ 34ਵੀਂ ਬਟਾਲੀਅਨ ਦੇ ਕੈਂਪ ’ਚ ਤਾਇਨਾਤ ਇਕ ਏ. ਐੱਸ. ਆਈ. ਨੇ ਆਪਣੀ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ 2 ਜਵਾਨਾਂ ‘ਵਿਸ਼ਨੂੰ ਪ੍ਰਸਾਦ ਬਘੇਲ’ ਅਤੇ ‘ਰਾਮ ਨਵਲ ਸਿੰਘ ਯਾਦਵ’ ਦੀ ਹੱਤਿਆ ਕਰ ਦਿੱਤੀ ਅਤੇ ਇਕ ਹੋਰ ਜਵਾਨ ਨੂੰ ਜ਼ਖਮੀ ਕਰਨ ਦੇ ਬਾਅਦ ਆਪ ਵੀ ਖ਼ੁਦਕੁਸ਼ੀ ਕਰ ਲਈ।

* 6 ਸਤੰਬਰ ਨੂੰ ‘ਲਖਨਊ’ (ਉੱਤਰ ਪ੍ਰਦੇਸ਼) ’ਚ ਪੁਲਸ ਦੇ ਹੈੱਡ ਕਾਂਸਟੇਬਲ ‘ਹਿਮਾਂਸ਼ੂ ਸ੍ਰੀਵਾਸਤਵ’ ਨੂੰ ਘਰੇਲੂ ਵਿਵਾਦ ਅਤੇ ਸ਼ਰਾਬ ਦੀ ਅਾਦਤ ਕਾਰਨ ਆਪਣੀ ਪਤਨੀ ‘ਰਸ਼ਮੀ ਸ੍ਰੀਵਾਸਤਵ’ ਦੇ ਸਿਰ ’ਤੇ ਲੋਹੇ ਦਾ ਘੋਟਣਾ ਮਾਰ ਕੇ ਉਸ ਦੀ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।

* 19 ਸਤੰਬਰ ਨੂੰ ‘ਦਿੱਲੀ’ ਪੁਲਸ ਦੇ ਹੈੱਡ ਕਾਂਸਟੇਬਲ ‘ਮੋਨੂ’ ਨੇ ‘ਨਰੇਲਾ’ ਸਥਿਤ ਆਪਣੇ ਫਲੈਟ ’ਚ ਘਰੇਲੂ ਵਿਵਾਦ ਕਾਰਨ ਆਪਣੀ ਪਤਨੀ ‘ਮੀਨੂ’ ਦੀ ਗਲਾ ਦਬਾਅ ਕੇ ਹੱਤਿਆ ਕਰਨ ਦੇ ਬਾਅਦ ਖ਼ੁਦ ਵੀ ਫਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ।

* 29 ਸਤੰਬਰ ਨੂੰ ‘ਬਸੋਹਲੀ’ (ਕਠੂਆ) ਦੇ ਨੇੜੇ ‘ਮਸ਼ਕਾ’ ਪਿੰਡ ’ਚ ਪਾਵਰ ਪ੍ਰਾਜੈਕਟ ’ਚ ਤਾਇਨਾਤ ‘ਸੈਂਟਰਲ ਇੰਡਸਟਰੀਅਲ ਸਕਿਓਰਿਟੀ ਫੋਰਸ’ (ਸੀ. ਆਈ. ਐੱਸ. ਐੱਫ.) ਦੇ ਹੈੱਡ ਕਾਂਸਟੇਬਲ ‘ਅਵਧੇਸ਼ ਕੁਮਾਰ ਸਿੰਘ’ ਨੇ ਆਪਸੀ ਰੰਜਿਸ਼ ਕਾਰਨ ਆਪਣੀ ਸਰਕਾਰੀ ਏ. ਕੇ. 47 ਰਾਈਫਲ ਨਾਲ ਅੰਨ੍ਹੇਵਾਹ ਗੋਲੀ ਚਲਾ ਦਿੱਤੀ ਜਿਸ ਨਾਲ ਇਕ ਅਸਿਸਟੈਂਟ ਕਮਾਂਡੈਂਟ ‘ਅੰਕਿਤ ਕੁਮਾਰ ਪਾਂਡੇ’ ਅਤੇ 3 ਹੋਰ ਕਰਮਚਾਰੀਆਂ ‘ਲਛਮਣ ਸਿੰਘ’, ‘ਰਫੀਕ ਅਹਿਮਦ’ ਅਤੇ ‘ਸੰਦੀਪ ਕੁਮਾਰ’ ਦੀ ਮੌਤ ਹੋ ਗਈ।

* 12 ਅਕਤੂਬਰ ਨੂੰ ‘ਰੀਵਾ’ (ਮੱਧ ਪ੍ਰਦੇਸ਼) ’ਚ ‘ਰੇਲਵੇ ਸੁਰੱਖਿਆ ਬਲ’ (ਆਰ. ਪੀ. ਐੱਫ.) ਦੇ ਇਕ ਜਵਾਨ ਨੇ ਆਪਣੇ ਹੀ ਇਕ ਸਾਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

* ਅਤੇ ਹੁਣ 20 ਅਕਤੂਬਰ ਨੂੰ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ‘ਗੁਰਵਿੰਦਰ ਸਿੰਘ’ (ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਗੰਨਮੈਨ) ਨੇ ਆਪਣੀ ਪਤਨੀ ‘ਹਰਪ੍ਰੀਤ ਕੌਰ’ ਅਤੇ 2 ਬੇਟਿਆਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉਸ ਦੇ ਵੱਡੇ ਬੇਟੇ ‘ਜੀਤ’ ਅਤੇ ਖੁਦ ਉਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅਤੇ ਛੋਟਾ ਬੇਟਾ ਗੰਭੀਰ ਜ਼ਖਮੀ ਹਾਲਤ ’ਚ ਹਸਪਤਾਲ ’ਚ ਭਰਤੀ ਹਨ।

ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਪਿਛਲੇ ਕੁਝ ਵਰ੍ਹਿਆਂ ’ਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ’ਚ ਭਾਰਤੀ ਸੁਰੱਖਿਆ ਬਲਾਂ ਦੇ ਜਵਾਨ ਤਣਾਅ ਅਤੇ ਨਕਾਰਾਤਮਕਤਾ ਦੇ ਸ਼ਿਕਾਰ ਹੋ ਰਹੇ ਹਨ।

ਸੁਰੱਖਿਆ ਬਲਾਂ ਦੇ ਜਵਾਨਾਂ ਵਲੋਂ ਆਪਣੇ ਹੀ ਸਾਥੀਆਂ ਜਾਂ ਪਰਿਵਾਰ ਦੇ ਮੈਂਬਰਾਂ ਦੀ ਹੱਤਿਆ ਕਰਨ ਦੀਆਂ ਘਟਨਾਵਾਂ ਅਤਿਅੰਤ ਦੁਖਦਾਈ ਅਤੇ ਚਿੰਤਾਜਨਕ ਹਨ। ਇਸ ਨੂੰ ‘ਫ੍ਰੈਟੀਸਾਈਡ’ ਜਾਂ ‘ਸਾਥੀ ਦੀ ਹੱਤਿਆ’ ਕਿਹਾ ਜਾਂਦਾ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਗਠਿਤ ਟਾਸਕ ਫੋਰਸ ਅਤੇ ਵੱਖ-ਵੱਖ ਰੱਖਿਆ ਅਧਿਐਨਾਂ ਅਨੁਸਾਰ ਅਜਿਹੀਆਂ ਘਟਨਾਵਾਂ ਦੇ ਪਿੱਛੇ ਕੋਈ ਇਕ ਕਾਰਨ ਨਹੀਂ ਹੁੰਦਾ ਸਗੋਂ ਇਹ ਕਈ ਗੰਭੀਰ ਮਾਨਸਿਕ ਵੱਕਾਰਾਂ ਅਤੇ ਸਮਾਜਿਕ ਸਥਿਤੀਆਂ ਦਾ ਨਤੀਜਾ ਹੁੰਦਾ ਹੈ।

ਇਨ੍ਹਾਂ ’ਚ ਬਹੁਤ ਜ਼ਿਆਦਾ ਤਣਾਅ ਅਤੇ ਮਾਨਸਿਕ ਪ੍ਰੇਸ਼ਾਨੀ, ਘਰੇਲੂ ਅਤੇ ਪਰਿਵਾਰਕ ਸਮੱਸਿਆਵਾਂ, ਪਰਿਵਾਰ ਤੋਂ ਦੂਰੀ, ਘਰੇਲੂ ਪ੍ਰੇਸ਼ਾਨੀਆਂ ਦੀ ਸੂਚਨਾ ਮਿਲਣ ਦੇ ਬਾਵਜੂਦ ਦੂਰੀ ’ਤੇ ਤਾਇਨਾਤੀ ਕਾਰਨ ਘਰ ਨਾ ਜਾ ਸਕਣਾ, ਛੁੱਟੀ ਨਾ ਮਿਲਣਾ, ਡਿਊਟੀ ਰੋਸਟਰ ਨੂੰ ਲੈ ਕੇ ਸਾਥੀ ਕਰਮਚਾਰੀਆਂ ਜਾਂ ਸੀਨੀਅਰ ਅਧਿਕਾਰੀਆਂ ਨਾਲ ਵਿਵਾਦ, ਕਾਰਜਸਥਲ ’ਤੇ ਸ਼ੋਸ਼ਣ, ਵਿੱਤੀ ਸੰਕਟ ਆਦਿ ਮੁੱਖ ਹਨ।

ਇਸ ਦੇ ਲਈ ਸੁਰੱਖਿਆ ਬਲਾਂ ਦੇ ਮੈਂਬਰਾਂ ਦੀ ਮਾਨਸਿਕ ਸਿਹਤ ਲਈ ਕਾਊਂਸਲਿੰਗ, ਛੁੱਟੀ ਦੀ ਨੀਤੀ ’ਚ ਸੁਧਾਰ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਦੇਸ਼ ਦੀ ਵੀਰਤਾ ਦਾ ਝੰਡਾ ਲਹਿਰਾਉਣ ਵਾਲੇ ਸਾਡੇ ਵੀਰ ਜਵਾਨਾਂ ’ਤੇ ਆਂਚ ਨਾ ਆਵੇ। ਉਹ ਖੁਸ਼ ਅਤੇ ਉਨ੍ਹਾਂ ਦੇ ਪਰਿਵਾਰ ਖੁਸ਼ਹਾਲ ਰਹਿਣ ਅਤੇ ਉਹ ਦੇਸ਼ ਦੀਆਂ ਸਰਹੱਦਾਂ ਅਤੇ ਦੇਸ਼ਵਾਸੀਆਂ ਦੀ ਪੂਰੀ ਤਾਕਤ ਨਾਲ ਰੱਖਿਆ ਕਰਨ ਦੇ ਸਮਰੱਥ ਹੋਣ।

—ਵਿਜੇ ਕੁਮਾਰ


author

Sandeep Kumar

Content Editor

Related News