ਮੁਹੰਮਦ ਬਿਨ ਸਲਮਾਨ ਲਈ ਕੁਝ ਵੀ ਠੀਕ ਨਹੀਂ ਹੋ ਰਿਹਾ
Monday, Oct 26, 2026 - 12:53 PM (IST)
ਕੋਈ ਹੋਰ ਸਾਲ ਹੁੰਦਾ ਤਾਂ ਮੁਹੰਮਦ ਬਿਨ ਸਲਮਾਨ ਆਪਣੀ ਪਹਿਲੀ ਵੱਡੀ ਸਫ਼ਲਤਾ ਲਈ ਤਿਆਰ ਹੋ ਰਹੇ ਹੁੰਦੇ। 26 ਅਕਤੂਬਰ ਨੂੰ ਫਿਊਚਰ ਇਨਵੈਸਟਮੈਂਟ ਇਨੀਸ਼ੀਏਟਵ (ਐੱਫ.ਆਈ.ਆਈ.) ਦਾ ਨਿਰਧਾਰਤ ਸ਼ੁੱਭਆਰੰਭ ਹੋਣਾ ਸੀ, ਜੋ ਸਾਊਦੀ ਰਾਜਧਾਨੀ ’ਚ ਹੋਣ ਵਾਲਾ ਇਕ ਸਾਲਾਨਾ ਸਿਖਰ ਸੰਮੇਲਨ ਹੈ ਅਤੇ ਜਿਸ ਨੂੰ ਕਦੇ-ਕਦੇ ‘ਰੇਗਿਸਤਾਨ ਦਾ ਦਾਵੋਸ’ ਵੀ ਕਿਹਾ ਜਾਂਦਾ ਹੈ। ਕਰਾਊਨ ਪ੍ਰਿੰਸ ਆਮ ਤੌਰ ’ਤੇ ਇਸ ਹਫ਼ਤੇ ਰਾਸ਼ਟਰ ਮੁਖੀਆਂ, ਵਿੱਤ ਜਗਤ ਦੇ ਦਿੱਗਜਾਂ ਅਤੇ ਹੋਰ ਪਤਵੰਤਿਆਂ ਨੂੰ ਮਿਲਦੇ ਹਨ, ਜੋ ਸਾਰੇ ਉਨ੍ਹਾਂ ਦੇ ਰਾਜ ਨਾਲ ਵਪਾਰ ਕਰਨ ਲਈ ਉਤਸੁਕ ਰਹਿੰਦੇ ਹਨ।
ਇਸ ਸਾਲ ਨਹੀਂ। ਯਮਨ ’ਚ ਈਰਾਨ ਸਮਰਥਿਤ ਹੂਤੀ ਅੱਤਵਾਦੀਆਂ ਨੇ ਹਫ਼ਤਿਆਂ ਤੱਕ ਰਿਆਦ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ। ਕਈ ਘਾਤਕ ਹਮਲਿਆਂ ਤੋਂ ਬਾਅਦ ਹਵਾਈ ਅੱਡਾ ਅਜੇ ਵੀ ਲਗਭਗ ਬੰਦ ਹੈ। ਕਈ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਨਾਗਰਿਕਾਂ ਨੂੰ ਯਮਨ ਦੀ ਯਾਤਰਾ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਅਧਿਕਾਰੀਆਂ ਨੂੰ ਸ਼ੱਕ ਸੀ ਕਿ ਹੋਟਲ ਜਾਂ ਹੋਰ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਕਈ ਦਿਨਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ, ਪ੍ਰਬੰਧਕਾਂ ਨੇ 19 ਅਕਤੂਬਰ ਨੂੰ ਪ੍ਰੋਗਰਾਮ ਨੂੰ ਅਗਲੇ ਸਾਲ ਤੱਕ ਲਈ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ।
ਇਕ ਦਹਾਕਾ ਪਹਿਲਾਂ ਸੱਤਾ ’ਚ ਆਉਣ ਤੋਂ ਬਾਅਦ, ਪ੍ਰਿੰਸ ਮੁਹੰਮਦ ਨੇ ਕੁਝ ਵੱਡੇ ਦਾਅ ਖੇਡੇ। ਉਨ੍ਹਾਂ ਨੇ ਇਹ ਅੰਦਾਜ਼ਾ ਲਗਾਇਆ ਕਿ ਉਹ ਹੂਤੀਆਂ ਨੂੰ ਹਰਾ ਸਕਦੇ ਹਨ, ਸਾਊਦੀ ਅਰਥਚਾਰੇ ਨੂੰ ਨਵਾਂ ਰੂਪ ਦੇ ਸਕਦੇ ਹਨ ਅਤੇ ਡੋਨਾਲਡ ਟਰੰਪ ਇਕ ਭਰੋਸੇਮੰਦ ਸਹਿਯੋਗੀ ਸਾਬਤ ਹੋਣਗੇ ਪਰ ਇਹ ਸਾਰੇ ਅਨੁਮਾਨ ਇਕੋ ਸਮੇਂ ਗਲਤ ਸਾਬਤ ਹੋ ਗਏ। ਐੱਫ. ਆਈ. ਆਈ. ਨੂੰ ਰੱਦ ਕਰਨ ਦਾ ਫ਼ੈਸਲਾ ਪ੍ਰਿੰਸ ਮੁਹੰਮਦ ਲਈ ਇਕ ਬੁਰੇ ਦੌਰ ਦਾ ਪ੍ਰਤੀਕ ਹੈ। ਉਨ੍ਹਾਂ ਨੂੰ ਕਈ ਆਪਸ ’ਚ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ’ਚੋਂ ਕਿਸੇ ਦਾ ਵੀ ਕੋਈ ਆਸਾਨ ਹੱਲ ਨਹੀਂ ਹੈ।
ਸਾਊਦੀ ਅਰਬ ਹੂਤੀਆਂ ਨੂੰ ਹਰਾਉਣ ’ਚ ਨਾਕਾਮ ਰਿਹਾ ਪਰ ਉਸ ਨੂੰ ਉਮੀਦ ਸੀ ਕਿ 2022 ’ਚ ਹੋਏ ਯੁੱਧ-ਵਿਰਾਮ ਸਮਝੌਤੇ ਨਾਲ ਖ਼ਤਰਾ ਟਲ ਜਾਵੇਗਾ। ਹਾਲਾਂਕਿ, ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਵਿਆਪਕ ਯੁੱਧ ਕਾਰਨ ਇਹ ਸਮਝੌਤਾ ਇਸ ਗਰਮੀ ’ਚ ਟੁੱਟਣਾ ਸ਼ੁਰੂ ਹੋ ਗਿਆ। ਹੂਤੀਆਂ ਨੇ ਯਮਨ ’ਚ ਹੋਰ ਵੱਡੇ ਖੇਤਰ ’ਤੇ ਕਬਜ਼ਾ ਕਰ ਲਿਆ ਹੈ ਅਤੇ ਸਾਊਦੀ ਅਰਬ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਯੁਵਰਾਜ ਦੇ ਕਰੀਬੀ ਲੋਕਾਂ ਨੂੰ ਸਿਰਫ਼ ਮਾੜੇ ਬਦਲ ਹੀ ਨਜ਼ਰ ਆ ਰਹੇ ਹਨ। ਜਾਂ ਤਾਂ ਸਾਊਦੀ ਅਰਬ ਖੂਨੀ ਯੁੱਧ ’ਚ ਜ਼ਮੀਨੀ ਸੈਨਾ ਭੇਜੇ, ਜਾਂ ਹਵਾਈ ਹਮਲਿਆਂ ਦੀ ਮੁਹਿੰਮ ਜਾਰੀ ਰੱਖੇ ਜਿਸਦੀ ਸਫ਼ਲਤਾ ਦੀ ਸੰਭਾਵਨਾ ਘੱਟ ਹੈ, ਜਾਂ ਫਿਰ ਅਜਿਹਾ ਸਮਝੌਤਾ ਕਰੇ ਜਿਸ ਨਾਲ ਹੂਤੀਆਂ ਦਾ ਸ਼ਾਸਨ ਹੋਰ ਮਜ਼ਬੂਤ ਹੋ ਜਾਵੇ।
ਇਕ ਲੰਮਾ ਸੰਘਰਸ਼ ਪ੍ਰਿੰਸ ਮੁਹੰਮਦ ਦੇ ਆਰਥਿਕ ਪ੍ਰੋਗਰਾਮ ਨੂੰ ਲੀਹੋਂ ਲਾਹ ਦੇਵੇਗਾ, ਜੋ 2026 ਤੋਂ ਪਹਿਲਾਂ ਹੀ ਲੜਖੜਾ ਰਿਹਾ ਸੀ। ਜਨਤਕ ਵਿੱਤ ’ਤੇ ਵਧ ਰਹੇ ਦਬਾਅ ਕਾਰਨ ਵੱਡੇ ਪ੍ਰਾਜੈਕਟ ਰੋਕੇ ਜਾ ਰਹੇ ਸਨ। ਤਨਖਾਹਾਂ ’ਚ ਮਹਿੰਗਾਈ ਦੇ ਅਨੁਪਾਤ ’ਚ ਵਾਧਾ ਨਹੀਂ ਹੋਇਆ ਹੈ। ਸਾਲਾਨਾ ਸਿੱਧਾ ਵਿਦੇਸ਼ੀ ਨਿਵੇਸ਼ ਕ੍ਰਾਊਨ ਪ੍ਰਿੰਸ ਦੇ 100 ਅਰਬ ਡਾਲਰ ਦੇ ਟੀਚੇ ਦਾ ਲਗਭਗ ਇਕ-ਤਿਹਾਈ ਹੀ ਹੈ। ਇਕ ਸਾਲ ਪਹਿਲਾਂ ਆਈ. ਐੱਮ. ਐੱਫ. ਨੇ ਸਾਊਦੀ ਅਰਥਚਾਰੇ ’ਚ 2026 ’ਚ 4 ਫੀਸਦੀ ਵਾਧਾ ਹੋਣ ਦਾ ਅਨੁਮਾਨ ਲਗਾਇਆ ਸੀ, ਹੁਣ ਉਹ 3.3 ਫੀਸਦੀ ਸੁੰਗੜਨ ਦਾ ਅਨੁਮਾਨ ਲਗਾ ਰਿਹਾ ਹੈ।
ਸਾਊਦੀ ਅਰਬ ਨੂੰ ਲੱਗਦਾ ਸੀ ਕਿ ਉਸਦਾ ਟਰੰਪ ’ਤੇ ਪ੍ਰਭਾਵ ਹੈ। ਉਸਨੇ ਅਮਰੀਕਾ ’ਚ ਕਲਪਨਾ ਤੋਂ ਪਰ੍ਹੇ ਰਕਮ ਨਿਵੇਸ਼ ਕਰਨ ਦਾ ਵਾਅਦਾ ਕਰਕੇ ਉਨ੍ਹਾਂ ਨੂੰ ਲੁਭਾਇਆ। ਉਸਨੇ ਸਾਊਦੀ ਪਰਿਵਾਰ ਨਾਲ ਵੀ ਘਟੀਆ ਸੌਦੇ ਕੀਤੇ, ਟਰੰਪ ਦੀ ਮਲਕੀਅਤ ਵਾਲੇ ਗੋਲਫ ਕੋਰਸਾਂ ਨੂੰ ਸਾਊਦੀ ਅਰਬ ਦੁਆਰਾ ਵਿੱਤ ਪੋਸ਼ਿਤ ਟੂਰਨਾਮੈਂਟਾਂ ਦੀ ਮੇਜ਼ਬਾਨੀ ਲਈ ਭੁਗਤਾਨ ਕੀਤਾ ਅਤੇ ਰਾਸ਼ਟਰਪਤੀ ਦੇ ਜਵਾਈ ਜੇਰੇਡ ਕੁਸ਼ਨਰ ਨਾਲ 2 ਅਰਬ ਡਾਲਰ ਦਾ ਨਿਵੇਸ਼ ਕੀਤਾ। ਇਨ੍ਹਾਂ ਸਭ ਗੱਲਾਂ ਦੇ ਬਾਵਜੂਦ, ਉਨ੍ਹਾਂ ਨੇ ਇਕ ਵਿਨਾਸ਼ਕਾਰੀ ਯੁੱਧ ਛੇੜ ਦਿੱਤਾ।
ਹਾਲਾਂਕਿ ਸਾਊਦੀ ਅਰਬ ’ਚ ਜਨਮਤ ਸਰਵੇਖਣਾਂ ਦੀ ਕੋਈ ਭਰੋਸੇਯੋਗ ਸੂਚੀ ਨਹੀਂ ਹੈ, ਫਿਰ ਵੀ ਇਹ ਕਹਿਣਾ ਉਚਿਤ ਹੋਵੇਗਾ ਕਿ ਬਹੁਤੇ ਸਾਊਦੀ ਨਾਗਰਿਕ ਆਪਣੀ ਸਰਕਾਰ ’ਤੇ ਭਰੋਸਾ ਕਰਦੇ ਹਨ। ਹਾਲਾਂਕਿ, ਕੁਝ ਲੋਕਾਂ ਲਈ ਪਿਛਲੇ ਕੁਝ ਹਫ਼ਤੇ ਚਿੰਤਾਜਨਕ ਰਹੇ ਹਨ—ਯਮਨ ਯੁੱਧ ਨੇ ਅਸਲ ’ਚ ਵਿਘਨ ਪੈਦਾ ਕੀਤਾ ਹੈ ਪਰ 10 ਅਕਤੂਬਰ ਨੂੰ ਰਿਆਦ ਹਵਾਈ ਅੱਡੇ ’ਤੇ ਹੂਤੀ ਮਿਜ਼ਾਈਲ ਹਮਲੇ ’ਚ 13 ਲੋਕਾਂ ਦੀ ਮੌਤ ਤੋਂ ਬਾਅਦ, ਪ੍ਰਿੰਸ ਮੁਹੰਮਦ ਲਗਭਗ ਗਾਇਬ ਹੀ ਰਹੇ ਹਨ। ਪੀੜਤਾਂ ਨੂੰ ਮਿਲਣ ਅਤੇ ਉਨ੍ਹਾਂ ਨੂੰ ਦਿਲਾਸਾ ਦੇਣ ਦਾ ਕੰਮ ਮੰਤਰੀਆਂ ਨੇ ਹੀ ਕੀਤਾ।
ਇਕ ਪੱਛਮੀ ਦੂਤ ਦਾ ਕਹਿਣਾ ਹੈ, ‘‘7-8 ਸਾਲ ਪਹਿਲਾਂ ਉਨ੍ਹਾਂ ਦੀ ਸਥਿਤੀ ਕਿਤੇ ਵੱਧ ਮੁਸ਼ਕਲ ਸੀ।’’ ਉਸ ਸਮੇਂ ਰਾਜਕੁਮਾਰ ਨਵ-ਨਿਯੁਕਤ ਉੱਤਰਾਧਿਕਾਰੀ ਸਨ ਅਤੇ ਆਪਣੇ ਸ਼ਾਸਨ ਨੂੰ ਮਜ਼ਬੂਤ ਕਰਨ ਦਾ ਯਤਨ ਕਰ ਰਹੇ ਸਨ। ਯਮਨ ’ਚ ਯੁੱਧ ਪਹਿਲਾਂ ਹੀ ਇਕ ਦਲਦਲ ਬਣ ਚੁੱਕਾ ਸੀ, ਕਤਰ ਦੀ ਨਾਕਾਬੰਦੀ ਤੋਂ ਅਮਰੀਕਾ ਪ੍ਰੇਸ਼ਾਨ ਸੀ ਅਤੇ ਇਸਤਾਂਬੁਲ ’ਚ ਸਾਊਦੀ ਦੂਤਘਰ ਦੇ ਅੰਦਰ ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਨਾਲ ਦੁਨੀਆ ਦਾ ਇਕ ਵੱਡਾ ਹਿੱਸਾ ਸੁੰਨ ਰਹਿ ਗਿਆ ਸੀ। ਅੱਜ ਰਾਜਕੁਮਾਰ ਮੁਹੰਮਦ ਦੀ ਸੱਤਾ ’ਤੇ ਪਕੜ ਕਿਤੇ ਵੱਧ ਮਜ਼ਬੂਤ ਹੈ—ਉਨ੍ਹਾਂ ਨੇ ਵਿਰੋਧੀਆਂ ਨੂੰ ਪਾਸੇ ਕਰ ਦਿੱਤਾ ਹੈ ਅਤੇ ਸੱਤਾ ਨੂੰ ਕੇਂਦਰੀਕ੍ਰਿਤ ਕਰ ਲਿਆ ਹੈ, ਜੋ ਆਧੁਨਿਕ ਰਾਜ ਦੇ ਸੰਸਥਾਪਕ ਰਾਜਾ ਅਬਦੁਲਅਜ਼ੀਜ਼ ਤੋਂ ਬਾਅਦ ਕਿਸੇ ਵੀ ਸਾਊਦੀ ਸ਼ਾਸਕ ਨੇ ਨਹੀਂ ਕੀਤਾ। ਹਾਲਾਂਕਿ ਉਨ੍ਹਾਂ ਦੇ ਆਲੋਚਕ ਹਨ ਪਰ ਕੋਈ ਵੀ ਤਖ਼ਤਾ ਪਲਟਣ ਦੀ ਸਾਜ਼ਿਸ਼ ਨਹੀਂ ਰਚ ਸਕਦਾ। ਨਾ ਹੀ ਉਨ੍ਹਾਂ ਨੂੰ ਸਹਿਯੋਗੀਆਂ ਤੋਂ ਕੋਈ ਖਾਸ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਰਿਹਾ ਹੈ।
ਹਾਲਾਂਕਿ, ਦੂਜੇ ਨਜ਼ਰੀਏ ਤੋਂ ਦੇਖੀਏ ਤਾਂ ਯੁਵਰਾਜ ਲਈ ਇਹ ਇਕ ਵੱਧ ਚੁਣੌਤੀਪੂਰਨ ਸਮਾਂ ਹੈ। ਉਨ੍ਹਾਂ ਦੇ ਸ਼ੁਰੂਆਤੀ ਸਾਲਾਂ ਦੀਆਂ ਮੁਸ਼ਕਲਾਂ ਕਾਫ਼ੀ ਹੱਦ ਤੱਕ ਉਨ੍ਹਾਂ ਦੀਆਂ ਆਪਣੀਆਂ ਗ਼ਲਤੀਆਂ ਕਾਰਨ ਸਨ, ਇਸ ਲਈ ਉਨ੍ਹਾਂ ਨੂੰ ਸੁਲਝਾਉਣਾ ਆਸਾਨ ਸੀ। 2021 ਤੱਕ ਉਹ ਸਾਊਦੀ ਅਰਬ ਦੀ ਵਿਦੇਸ਼ ਨੀਤੀ ਨੂੰ ਵਧੇਰੇ ਵਿਵਹਾਰਕ ਦਿਸ਼ਾ ’ਚ ਲੈ ਜਾ ਰਹੇ ਸਨ। ਉਨ੍ਹਾਂ ਨੇ ਕਤਰ ’ਤੇ ਲੱਗੀ ਨਾਕਾਬੰਦੀ ਖ਼ਤਮ ਕਰ ਦਿੱਤੀ ਅਤੇ ਹੂਤੀਆਂ ਨਾਲ ਸਮਝੌਤਾ ਕਰਨ ਦਾ ਯਤਨ ਕੀਤਾ।
ਇਹ ਸਾਲ ਜ਼ਿਆਦਾ ਮੁਸ਼ਕਲ ਹੈ। ਸਭ ਤੋਂ ਵੱਡਾ ਫ਼ੈਸਲਾ ਪ੍ਰਿੰਸ ਮੁਹੰਮਦ ਦੇ ਹੱਥ ’ਚ ਨਹੀਂ ਹੈ। ਉਨ੍ਹਾਂ ਨੇ ਟਰੰਪ ਨੂੰ ਈਰਾਨ ਨਾਲ ਯੁੱਧ ਨੂੰ ਹੋਰ ਨਾ ਵਧਾਉਣ ਦੀ ਅਪੀਲ ਕੀਤੀ ਹੈ। ਜੇਕਰ ਰਾਸ਼ਟਰਪਤੀ ਉਨ੍ਹਾਂ ਦੀ ਗੱਲ ਅਣਸੁਣੀ ਕਰ ਦਿੰਦੇ ਹਨ ਅਤੇ ਨਵੰਬਰ ’ਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਬਾਅਦ ਬੰਬਾਰੀ ਫਿਰ ਤੋਂ ਸ਼ੁਰੂ ਕਰ ਦਿੰਦੇ ਹਨ, ਤਾਂ ਸਾਊਦੀ ਅਧਿਕਾਰੀਆਂ ਨੂੰ ਡਰ ਹੈ ਕਿ ਰਾਜ ਨੂੰ ਚਾਰੇ ਪਾਸਿਓਂ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ—ਦੱਖਣ ’ਚ ਹੂਤੀ, ਉੱਤਰ ’ਚ ਇਰਾਕੀ ਮਿਲੀਸ਼ੀਆ ਅਤੇ ਪੂਰਬ ’ਚ ਈਰਾਨ।
ਆਪਣੇ ਪਹਿਲੇ ਦਹਾਕੇ ’ਚ, ਯੁਵਰਾਜ ਨੇ ਸਾਊਦੀ ਸਮਾਜ ਨੂੰ ਉਦਾਰ ਬਣਾਉਣ ਦੀ ਦਿਸ਼ਾ ’ਚ ਸ਼ਲਾਘਾਯੋਗ ਕਦਮ ਚੁੱਕੇ ਪਰ ਸਾਊਦੀ ਰਾਜ ਦੇ ਮੂਲ ਸਰੂਪ ’ਚ ਬਹੁਤ ਘੱਟ ਬਦਲਾਅ ਆਇਆ ਹੈ। ਇਸ ਦੀ ਅਰਥਵਿਵਸਥਾ ਅਜੇ ਵੀ ਤੇਲ ਤੋਂ ਮਿਲਣ ਵਾਲੇ ਧਨ ’ਤੇ ਨਿਰਭਰ ਹੈ, ਇਸ ਦੀ ਸੈਨਾ ਅਜੇ ਵੀ ਯੁੱਧ ਛੇੜਨ ਦੀ ਬਜਾਏ ਸ਼ਾਸਨ ਰੱਖਿਆ ਲਈ ਬਣੀ ਹੈ ਅਤੇ ਇਸ ਦੀ ਵਿਦੇਸ਼ ਨੀਤੀ ਅਜੇ ਵੀ ਅਮਰੀਕਾ ਨੂੰ ਇਕ ਅਟੱਲ ਸਰਪ੍ਰਸਤ ਦੇ ਰੂਪ ’ਚ ਦੇਖਦੀ ਹੈ।
ਸ਼ਾਇਦ ਆਖਿਰਕਾਰ ਇਹ ਚੀਜ਼ਾਂ ਵੀ ਬਦਲ ਜਾਣਗੀਆਂ। ਮੱਕਾ ਸੰਧੀ, ਪਾਕਿਸਤਾਨ ਅਤੇ ਤੁਰਕੀ ਨਾਲ ਆਪਸੀ ਰੱਖਿਆ ਸਮਝੌਤਾ, ਅਵਿਸ਼ਵਾਸਯੋਗ ਅਮਰੀਕਾ ਦੀ ਜਗ੍ਹਾ ਲੈਣ ਲਈ ਨਵੇਂ ਸਹਿਯੋਗੀ ਲੱਭਣ ਦਾ ਇਕ ਯਤਨ ਹੈ ਪਰ ਇਨ੍ਹਾਂ ਬਦਲਾਵਾਂ ’ਚ ਸਮਾਂ ਲੱਗੇਗਾ। ਆਪਣੇ ਦੂਜੇ ਦਹਾਕੇ ’ਚ, ਰਾਜਕੁਮਾਰ ਮੁਹੰਮਦ ਦੀ ਪ੍ਰੀਖਿਆ ਸਿਰਫ ਬਾਹਰੀ ਦਿਖਾਵਿਆਂ ਨੂੰ ਬਦਲਣ ਦੀ ਨਹੀਂ, ਸਗੋਂ ਬੁਨਿਆਦ ਨੂੰ ਬਦਲਣ ਦੀ ਹੋਵੇਗੀ।
(‘ਦਿ ਇਕਨਾਮਿਸਟ ਤੋਂ ਧੰਨਵਾਦ ਸਹਿਤ’)
