ਬਿਹਾਰ ’ਚ ‘ਕੌਣ ਬਣੇਗਾ ਮੁੱਖ ਮੰਤਰੀ’ ਦੀ ਖੇਡ ਸ਼ੁਰੂ
Saturday, Jan 04, 2025 - 03:29 PM (IST)
ਅਕਤੂਬਰ-ਨਵੰਬਰ 2025 ’ਚ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਬਿਹਾਰ ’ਚ ਆਪਣੇ ਸਹਿਯੋਗੀ ਜਨਤਾ ਦਲ-ਯੂ ਨਾਲ ‘ਕੌਣ ਬਣੇਗਾ ਮੁੱਖ ਮੰਤਰੀ’ ਦੀ ਖੇਡ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਅਟਕਲਾਂ ਨੂੰ ਰੱਦ ਕੀਤਾ ਕਿ ਭਾਜਪਾ ਬਿਹਾਰ ਵਿਚ ਮਹਾਰਾਸ਼ਟਰ ਵਰਗੀ ਰਣਨੀਤੀ ਅਪਣਾ ਸਕਦੀ ਹੈ। ਹਾਲਾਂਕਿ ਇਸ ਮੁੱਦੇ ’ਤੇ ਨਿਤੀਸ਼ ਕੁਮਾਰ ਦੀ ਚੁੱਪ ਨੇ ਸਿਆਸੀ ਹਲਕਿਆਂ ’ਚ ਅਟਕਲਾਂ ਨੂੰ ਹਵਾ ਦਿੱਤੀ ਹੈ ਕਿ ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਹੋਰ ਸਿਆਸੀ ਬਦਲਾਅ ਕਰ ਸਕਦੇ ਹਨ।
ਇਸ ਦੇ ਨਾਲ ਹੀ ਭਾਜਪਾ ਦੇ ਸੂਬਾਈ ਨੇਤਾਵਾਂ ਨੇ ਨਿਤੀਸ਼ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਉਹ ਰਾਜ ਵਿਚ ਐੱਨ. ਡੀ. ਏ. ਗੱਠਜੋੜ ਦਾ ਚਿਹਰਾ ਹਨ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਗੱਠਜੋੜ ਦੀ ਅਗਵਾਈ ਕਰਨਗੇ। ਇਸ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਦਿੱਲੀ ਫੇਰੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ, ਪਰ ਉਨ੍ਹਾਂ ਨੇ ਭਾਜਪਾ ਨੇਤਾਵਾਂ ਨੂੰ ਮਿਲਣ ਤੋਂ ਪ੍ਰਹੇਜ਼ ਕੀਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਬੁਲਾਈ ਗਈ ਇਕ ਮਹੱਤਵਪੂਰਨ ਮੀਟਿੰਗ ਵਿਚ ਵੀ ਸ਼ਾਮਲ ਨਹੀਂ ਹੋਏ।
ਤਣਾਅ ਨੂੰ ਹੋਰ ਵਧਾਉਂਦੇ ਹੋਏ, ਭਾਜਪਾ ਦੀ ਬਿਹਾਰ ਇਕਾਈ ਨੇ ਆਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਜੇ. ਡੀ.-ਯੂ ਨੂੰ ਸੀਟਾਂ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਜਵਾਬ ਵਿਚ, ਜੇ. ਡੀ.-ਯੂ ਨੇਤਾਵਾਂ ਸੰਜੇ ਝਾਅ ਅਤੇ ਲਲਨ ਸਿੰਘ ਨੇ ਸੁਤੰਤਰ ਤੌਰ ’ਤੇ ਚੋਣਾਂ ਲੜਨ ਦੀ ਯੋਜਨਾ ਦਾ ਐਲਾਨ ਕੀਤਾ, ਜੋ ਸਹਿਯੋਗੀ ਪਾਰਟੀਆਂ ਵਿਚਕਾਰ ਵਧ ਰਹੇ ਟਕਰਾਅ ਨੂੰ ਦਰਸਾਉਂਦਾ ਹੈ, ਜਦੋਂ ਕਿ ਲਾਲੂ ਪ੍ਰਸਾਦ ਨੇ ਕਿਹਾ ਸੀ, “ਸਾਡੇ ਦਰਵਾਜ਼ੇ (ਨਿਤੀਸ਼ ਲਈ) ਖੁੱਲ੍ਹੇ ਹਨ। ਉਨ੍ਹਾਂ ਨੂੰ ਵੀ ਆਪਣੇ ਦਰਵਾਜ਼ੇ ਖੋਲ੍ਹਣੇ ਚਾਹੀਦੇ ਹਨ। ਇਸ ਨਾਲ ਦੋਵਾਂ ਪਾਸਿਆਂ ਦੇ ਲੋਕਾਂ ਦੀ ਆਵਾਜਾਈ ਆਸਾਨ ਹੋ ਜਾਵੇਗੀ।’’ ਚਰਚਾ ਹੈ ਕਿ ਜੇ. ਡੀ.-ਯੂ ਬਿਹਾਰ ਵਿਧਾਨ ਸਭਾ ਚੋਣਾਂ ਲਈ ਸਖ਼ਤ ਸੌਦੇਬਾਜ਼ੀ ਕਰਨ ਦੀ ਤਿਆਰੀ ਕਰ ਰਹੀ ਹੈ।
ਸਪਾ ਆਗੂ ਅੰਬੇਡਕਰ ਦੇ ਵਿਚਾਰਾਂ ਦਾ ਪ੍ਰਚਾਰ-ਪ੍ਰਸਾਰ ਕਰਨਗੇ : 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਸਾਰੇ 403 ਵਿਧਾਨ ਸਭਾ ਹਲਕਿਆਂ ਵਿਚ ਦਲਿਤ, ਓ. ਬੀ. ਸੀ. ਅਤੇ ਮੁਸਲਮਾਨਾਂ ਤੱਕ ਪਹੁੰਚ ਕਰਨ ਲਈ ਸਮਾਜਵਾਦੀ ਪਾਰਟੀ (ਸਪਾ) ਨੇ ਰਾਜ ਵਿਚ ਇਕ ਮਹੀਨਾ ਚੱਲਣ ਵਾਲਾ ‘ਪੀ. ਡੀ. ਏ. ਚਰਚਾ’ ਪ੍ਰੋਗਰਾਮ ਸ਼ੁਰੂ ਕੀਤਾ ਸੀ ਅਤੇ ਆਪਣੀ ਪੀ. ਡੀ. ਏ. ਮੁਹਿੰਮ ਨੂੰ ਬੀ. ਆਰ. ਅੰਬੇਡਕਰ ਦੀ ਵਿਰਾਸਤ ’ਤੇ ਕੇਂਦ੍ਰਿਤ ਕੀਤਾ ਸੀ, ਜਿਸ ’ਚ ਪਾਰਟੀ ਦੇ ਨੇਤਾਵਾਂ ਨੇ ਆਪਣੇ ਭਾਸ਼ਣਾਂ ਰਾਹੀਂ ਭਾਜਪਾ ਵਲੋਂ ਸੰਵਿਧਾਨ ਦੇ ਨਿਰਮਾਤਾ ਦੇ ਕਥਿਤ ਅਪਮਾਨ ਨੂੰ ਉਜਾਗਰ ਕੀਤਾ ਸੀ।
ਸਪਾ ਨੇ 26 ਦਸੰਬਰ 2024 ਨੂੰ ਇਹ ਮੁਹਿੰਮ ਸ਼ੁਰੂ ਕੀਤੀ ਸੀ, ਜੋ 25 ਜਨਵਰੀ 2025 ਤੱਕ ਚੱਲਣੀ ਸੀ। ਹਾਲਾਂਕਿ, ਕੁਝ ਦਿਨਾਂ ਲਈ ਪ੍ਰੋਗਰਾਮ ਆਯੋਜਿਤ ਕਰਨ ਤੋਂ ਬਾਅਦ, ਪਾਰਟੀ ਨੇ ਇਸ ਨੂੰ ਮੁਲਤਵੀ ਕਰ ਦਿੱਤਾ ਅਤੇ ਠੰਢ ਦਾ ਹਵਾਲਾ ਦਿੰਦੇ ਹੋਏ 27 ਜਨਵਰੀ ਤੋਂ ਇਸ ਨੂੰ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ। ਆਪਣੀ ਪੀ. ਡੀ. ਏ. ਚਰਚਾ ਮੁਹਿੰਮ ਵਿਚ ਸਪਾ ਆਗੂ ਅੰਬੇਡਕਰ ਦੇ ਵਿਚਾਰਾਂ ਦਾ ਪ੍ਰਚਾਰ ਕਰਨਗੇ ਅਤੇ ਵਿਰੋਧੀ ਧਿਰ ਦੇ ਸੰਵਿਧਾਨ ਨੂੰ ਬਚਾਉਣ ਦੇ ਸੱਦੇ ਨੂੰ ਦੁਹਰਾਉਣਗੇ।
ਕੀ ਸ਼ਰਦ ਪਵਾਰ ਅਤੇ ਅਜੀਤ ਪਵਾਰ ਵਿਚਕਾਰ ਪਾੜਾ ਕਦੇ ਭਰਿਆ ਜਾ ਸਕੇਗਾ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਮਾਂ ਆਸ਼ਾਤਾਈ ਪਵਾਰ ਨੇ ਦੋਵਾਂ ਨੇਤਾਵਾਂ ਵਿਚਕਾਰ ਸੁਲ੍ਹਾ-ਸਫਾਈ ਦੀਆਂ ਕਿਆਸਅਰਾਈਆਂ ਦੇ ਵਿਚਕਾਰ ਆਪਣੇ ਪੁੱਤਰ ਅਤੇ ਆਪਣੇ ਜੇਠ ਸ਼ਰਦ ਪਵਾਰ ਨੂੰ ਦੁਬਾਰਾ ਮਿਲਾਉਣ ਦੀ ਮੰਗ ਕੀਤੀ ਹੈ। ਪ੍ਰਫੁੱਲ ਪਟੇਲ ਨੇ ਕਿਹਾ ਕਿ ਜੇਕਰ ਪਵਾਰ ਪਰਿਵਾਰ ਇਕਜੁੱਟ ਹੁੰਦਾ ਹੈ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ, ਉਨ੍ਹਾਂ ਕਿਹਾ ਕਿ ਸ਼ਰਦ ਪਵਾਰ ਉਨ੍ਹਾਂ ਲਈ ਭਗਵਾਨ ਵਾਂਗ ਹੈ।
ਹਾਲਾਂਕਿ, ਪਰਿਵਾਰ ਦੀਆਂ ਪ੍ਰਤੀਕਿਰਿਆਵਾਂ ਮਿਲੀਆਂ-ਜੁਲੀਆਂ ਸਨ, ਸੁਪ੍ਰਿਆ ਸੁਲੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਪਰਿਵਾਰ ਦੇ ਛੋਟੇ ਮੈਂਬਰ ਯੁਗੇਂਦਰ ਪਵਾਰ ਨੇ ਪਹਿਲਾ ਕਦਮ ਚੁੱਕਣ ਦੀ ਜ਼ਿੰਮੇਵਾਰੀ ਉਨ੍ਹਾਂ ਲੋਕਾਂ ’ਤੇ ਪਾ ਦਿੱਤੀ, ਜੋ ਚਲੇ ਗਏ। ਸੰਭਾਵਿਤ ਸੁਲ੍ਹਾ-ਸਫਾਈ ਦੀਆਂ ਅਫਵਾਹਾਂ ਨੇ 12 ਦਸੰਬਰ ਨੂੰ ਦਿੱਲੀ ਵਿਚ ਸ਼ਰਦ ਪਵਾਰ ਦੇ ਘਰ ਅਜੀਤ ਪਵਾਰ ਦੇ ਜਨਮ ਦਿਨ ਦੀ ਵਧਾਈ ਦੇਣ ਤੋਂ ਬਾਅਦ ਤੇਜ਼ੀ ਫੜਨੀ ਸ਼ੁਰੂ ਕਰ ਦਿੱਤੀ।
ਇਹ ਦੌਰਾ ਸ਼ਰਦ ਪਵਾਰ ਦੀ ਅਗਵਾਈ ਵਾਲੇ ਐੱਨ. ਸੀ. ਪੀ. ਧੜੇ ਵਲੋਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2024 ਵਿਚ ਹਾਰ ਦਾ ਸਾਹਮਣਾ ਕਰਨ ਤੋਂ ਇਕ ਮਹੀਨੇ ਬਾਅਦ ਆਇਆ ਹੈ। ਰਾਜਨੀਤਿਕ ਨਿਰੀਖਕ ਸੁਧਾਰ ਦੀ ਸੰਭਾਵਨਾ ਦੇਖਦੇ ਹਨ, ਜਦੋਂ ਕਿ ਦੂਸਰੇ ਹੈਰਾਨ ਹਨ ਕਿ ਕੀ ਦੋਵਾਂ ਨੇਤਾਵਾਂ ਵਿਚਕਾਰ ਪਾੜਾ ਕਦੇ ਭਰਿਆ ਜਾ ਸਕੇਗਾ।
ਉਮੀਦਾਂ ’ਤੇ ਖਰਾ ਨਾ ਉਤਰਨ ਬਾਰੇ ਲੋਕ ਕੇਜਰੀਵਾਲ ਤੋਂ ਜਵਾਬ ਮੰਗ ਰਹੇ ਹਨ : ਫਰਵਰੀ ’ਚ ਹੋਣ ਵਾਲੀਆਂ ਰਾਸ਼ਟਰੀ ਰਾਜਧਾਨੀ ਦੀਆਂ ਚੋਣਾਂ ਦੇ ਮੱਦੇਨਜ਼ਰ ਦਿੱਲੀ ’ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਦੇ ਨਾਲ ਹੀ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਕੀ ਆਰ. ਐੱਸ. ਐੱਸ. ਰਾਜਧਾਨੀ ਵਿਚ ਭਾਜਪਾ ਲਈ ਵੋਟਾਂ ਮੰਗੇਗਾ ਅਤੇ ਕੀ ਉਹ ਪਾਰਟੀ ਦੇ ਗਲਤ ਕੰਮਾਂ ਦੀ ਹਮਾਇਤ ਕਰਦਾ ਹੈ।
ਜਵਾਬੀ ਹਮਲਾ ਕਰਦੇ ਹੋਏ ਭਾਜਪਾ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਲੋਕ ਕੇਜਰੀਵਾਲ ਤੋਂ ਉਨ੍ਹਾਂ ਦੇ ਝੂਠ, ਮੌਕਾਪ੍ਰਸਤੀ ਅਤੇ ਵਿਕਾਸ ਲਈ ਜਨਤਾ ਦੀਆਂ ਉਮੀਦਾਂ ’ਤੇ ਖਰਾ ਨਾ ਉਤਰਨ ਦਾ ਜਵਾਬ ਮੰਗ ਰਹੇ ਹਨ। ਭਾਜਪਾ ਨੇ ਦਿੱਲੀ ਦੇ ਸਾਬਕਾ ਸੀ. ਐੱਮ. ’ਤੇ ਆਪਣੀਆਂ ਕਮੀਆਂ ਤੋਂ ਧਿਆਨ ਹਟਾਉਣ ਲਈ ਨਵੇਂ-ਨਵੇਂ ਡਰਾਮੇ ਰਚਣ ਅਤੇ ਭਟਕਣ ਪੈਦਾ ਕਰਨ ਦਾ ਦੋਸ਼ ਲਾਇਆ।
ਜਦੋਂ ਕਿ ਕਾਂਗਰਸ ਨੇ ਦੋਵਾਂ ਪਾਰਟੀਆਂ ਦੀ ਆਲੋਚਨਾ ਕੀਤੀ। ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਜੇਕਰ ਭਾਜਪਾ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ ਵੰਡ ਰਹੀ ਹੈ ਅਤੇ ਵੋਟਰ ਸੂਚੀ ’ਚੋਂ ਗਰੀਬਾਂ, ਦਲਿਤਾਂ, ਝੁੱਗੀ-ਝੌਂਪੜੀ ਵਾਲਿਆਂ ਅਤੇ ਪੂਰਵਾਂਚਲੀਆਂ ਦੇ ਨਾਂ ਹਟਾ ਰਹੀ ਹੈ ਤਾਂ ਇਹ ਗੈਰ-ਕਾਨੂੰਨੀ ਅਤੇ ਗੈਰ-ਜਮਹੂਰੀ ਹੈ ਪਰ ਉਨ੍ਹਾਂ ਕਿਹਾ ਕਿ ‘ਆਪ’ ਮੁਖੀ ਨੂੰ ਆਪਣੀਆਂ ਗਲਤੀਆਂ ਅਤੇ ਅਧੂਰੇ ਵਾਅਦਿਆਂ ਦਾ ਪ੍ਰਤੀਬਿੰਬ ਦੇਖਣ ਲਈ ਸ਼ੀਸ਼ੇ ਵਿਚ ਵੀ ਦੇਖਣਾ ਚਾਹੀਦਾ ਹੈ।
-ਰਾਹਿਲ ਨੋਰਾ ਚੋਪੜਾ