‘ਨਸ਼ਾ ਸਮੱਗਲਰਾਂ ਦਾ ਸਵਰਗ ਬਣਦਾ ਜਾ ਰਿਹਾ’ ‘ਗਾਂਧੀ, ਪਟੇਲ ਅਤੇ ਸਵਾਮੀ ਦਇਆਨੰਦ ਦਾ ਗੁਜਰਾਤ’

Wednesday, Apr 16, 2025 - 06:49 AM (IST)

‘ਨਸ਼ਾ ਸਮੱਗਲਰਾਂ ਦਾ ਸਵਰਗ ਬਣਦਾ ਜਾ ਰਿਹਾ’ ‘ਗਾਂਧੀ, ਪਟੇਲ ਅਤੇ ਸਵਾਮੀ ਦਇਆਨੰਦ ਦਾ ਗੁਜਰਾਤ’

ਭਾਰਤ ਦੇ ਪੱਛਮੀ ਸੂਬੇ ਗੁਜਰਾਤ ਨੇ ਸਾਡੇ ਦੇਸ਼ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ, ਲੋਹ ਪੁਰਸ਼ ਵੱਲਭ ਭਾਈ ਪਟੇਲ ਅਤੇ ਸਵਾਮੀ ਦਇਆਨੰਦ ਵਰਗੀਆਂ ਮਹਾਨ ਹਸਤੀਆਂ ਦਿੱਤੀਆਂ ਹਨ। ਮਹਾਤਮਾ ਗਾਂਧੀ ਦੇਸ਼ ਨੂੰ ਆਜ਼ਾਦੀ ਦਿਵਾਉਣ ਤੋਂ ਇਲਾਵਾ ਸ਼ਰਾਬ ਵਰਗੀ ਬੁਰਾਈ ’ਤੇ ਰੋਕ ਲਾਉਣ ਲਈ ਸਦਾ ਯਤਨਸ਼ੀਲ ਰਹੇ।

ਸਮਾਜ ’ਤੇ ਪੈਣ ਵਾਲੇ ਸ਼ਰਾਬ ਦੇ ਬੁਰੇ ਪ੍ਰਭਾਵਾਂ ਨੂੰ ਦੇਖਦਿਆਂ ਹੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਗੁਲਾਮੀ ਦੇ ਯੁੱਗ ’ਚ ਇਹ ਐਲਾਨ ਕੀਤਾ ਸੀ ਕਿ ਜੇਕਰ ਭਾਰਤ ਦੀ ਹਕੂਮਤ ਅੱਧੇ ਘੰਟੇ ਲਈ ਵੀ ਉਨ੍ਹਾਂ ਦੇ ਹੱਥ ਆ ਜਾਵੇ ਤਾਂ ਉਹ ਸ਼ਰਾਬ ਦੀਆਂ ਸਾਰੀਆਂ ਡਿਸਟਿਲਰੀਆਂ ਅਤੇ ਦੁਕਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਹੀ ਬੰਦ ਕਰ ਦੇਣਗੇ।

ਇਹੀ ਨਹੀਂ, ਗਾਂਧੀ ਜੀ ਨੇ ਔਰਤਾਂ ਨੂੰ ਵੀ ਸਵੈਰਾਜ ਅੰਦੋਲਨ ਨਾਲ ਜੋੜਿਆ ਅਤੇ ਦੇਸ਼ ਦੇ ਕੋਨੇ-ਕੋਨੇ ਵਿਚ ਔਰਤਾਂ ਨੇ ਛੋਟੇ ਦੁੱਧ ਪੀਂਦੇ ਬੱਚਿਆਂ ਤਕ ਨੂੰ ਗੋਦ ਵਿਚ ਲੈ ਕੇ ਸ਼ਰਾਬਬੰਦੀ ਦੀ ਮੰਗ ਦੇ ਨਾਲ-ਨਾਲ ਵਿਦੇਸ਼ੀ ਕੱਪੜਿਆਂ ਦੀ ਹੋਲੀ ਸਾੜੀ ਅਤੇ ਕਈ ਔਰਤਾਂ ਨੇ 2-2, 3-3 ਸਾਲ ਦੀ ਕੈਦ ਵੀ ਕੱਟੀ ਸੀ।

ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨੂੰ ਦੇਸ਼ ਦੀ ਆਜ਼ਾਦੀ ਅਤੇ ਰਿਆਸਤਾਂ ਦਾ ਭਾਰਤ ’ਚ ਰਲੇਵਾਂ ਕਰਾਉਣ ਦਾ ਸਿਹਰਾ ਪ੍ਰਾਪਤ ਹੈ ਜਦੋਂ ਕਿ ਸਵਾਮੀ ਦਇਆਨੰਦ ਨੇ ‘ਆਰੀਆ ਸਮਾਜ’ ਦੀ ਸਥਾਪਨਾ ਕਰ ਕੇ ਦੇਸ਼ ’ਚ ਜਨ ਚੇਤਨਾ ਦੀ ਇਕ ਨਵੀਂ ਲਹਿਰ ਚਲਾਈ।

ਅਜਿਹੇ ਮਹਾਪੁਰਸ਼ਾਂ ਨੂੰ ਜਨਮ ਦੇਣ ਵਾਲੇ ਸੂਬੇ ’ਚ ਅੱਜ ਭਾਰੀ ਮਾਤਰਾ ’ਚ ਨਸ਼ਾ ਫੜਿਆ ਜਾ ਰਿਹਾ ਹੈ। ਗੁਜਰਾਤ ਜਿਸ ਨੂੰ ‘ਡਰਾਈ ਸਟੇਟ’ ਕਿਹਾ ਜਾਂਦਾ ਹੈ, ਹੁਣ ‘ਪਾਊਡਰ ਸਟੇਟ’ ਬਣਦਾ ਜਾ ਰਿਹਾ ਹੈ ਅਤੇ ਸਿਰਫ ਬੀਤੇ 4 ਸਾਲਾਂ ਵਿਚ ਹੀ ਇਥੇ ਲੱਗਭਗ 32,813 ਕਰੋੜ ਰੁਪਏ ਦੀਆਂ ਡਰੱਗਜ਼ ਫੜੀਆਂ ਗਈਆਂ ਹਨ।

ਸੂਬੇ ’ਚ ਸਿਰਫ ਸਾਲ 2024 ’ਚ ਹੀ 4,862 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਇਹ ਅੰਕੜੇ ਸਿਰਫ ਬਰਾਮਦਗੀ ਦੇ ਹਨ, ਜਦੋਂ ਕਿ ਇਸ ਤੋਂ ਇਲਾਵਾ ਪਤਾ ਨਹੀਂ ਕਿੰਨਾ ਨਸ਼ਾ ਬਿਨਾਂ ਫੜੇ ਨਿਕਲ ਗਿਆ ਹੋਵੇਗਾ। ਇਸ ਤੋਂ ਸਪੱਸ਼ਟ ਹੈ ਕਿ ਸੂਬੇ ਵਿਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ।

* ਫਰਵਰੀ, 2024 ’ਚ ਸਮੁੰਦਰੀ ਫੌਜ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਨੇ 1300 ਤੋਂ 2000 ਕਰੋੜ ਰੁਪਏ ਮੁੱਲ ਦੀਆਂ 3300 ਕਿਲੋ ਡਰੱਗਜ਼ ਜ਼ਬਤ ਕੀਤੀਆਂ ਸਨ।

* ਅਪ੍ਰੈਲ, 2024 ’ਚ ਭਾਰਤੀ ਤੱਟ ਰੱਖਿਅਕਾਂ ਨੇ ਪੋਰਬੰਦਰ ਦੇ ਨੇੜੇ 6000 ਕਰੋੜ ਰੁਪਏ ਮੁੱਲ ਦੀਆਂ 86 ਕਿਲੋ ਡਰੱਗਜ਼ ਫੜੀਆਂ।

* 15 ਨਵੰਬਰ, 2024 ਨੂੰ ਪੋਰਬੰਦਰ ਤੱਟ ਦੇ ਨੇੜੇ ਭਾਰਤੀ ਜਲ ਇਲਾਕੇ ਵਿਚ ‘ਨਾਰਕੋਟਿਕਸ ਕੰਟਰੋਲ ਬਿਊਰੋ’ (ਐੱਨ. ਸੀ. ਬੀ.), ਭਾਰਤੀ ਸਮੁੰਦਰੀ ਫੌਜ ਅਤੇ ਗੁਜਰਾਤ ਪੁਲਸ ਦੇ ‘ਐਂਟੀ ਟੈਰਰਿਸਟ ਸਕੁਐਡ’ (ਏ. ਟੀ. ਐੱਸ.) ਟੀਮਾਂ ਨੇ ਇਕ ਸਾਂਝੀ ਮੁਹਿੰਮ ਵਿਚ 8 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਕੇ ਇਕ ਕਿਸ਼ਤੀ ਵਿਚੋਂ 700 ਕਿਲੋ ‘ਮੇਥਾਮਫੈਟਾਮਾਇਨ’ ਨਾਂ ਦਾ ਨਸ਼ੀਲਾ ਪਦਾਰਥ ਜ਼ਬਤ ਕੀਤਾ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ 2500 ਤੋਂ 3500 ਕਰੋੜ ਰੁਪਏ ਦੇ ਦਰਮਿਆਨ ਦੱਸੀ ਗਈ।

ਜ਼ਿਕਰਯੋਗ ਹੈ ਕਿ ਗੁਜਰਾਤ ਤੱਟ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਦੀ ਖੇਪ ਲਿਆਉਣ ਲਈ ਇਕ ਵਿਸ਼ੇਸ਼ ‘ਐਂਟਰੀ ਪੁਆਇੰਟ’ ਵਜੋਂ ਉਭਰਿਆ ਹੈ ਅਤੇ ਸਾਲ 2024 ਵਿਚ ਸਮੁੰਦਰੀ ਮਾਰਗ ਰਾਹੀਂ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਕੁੱਲ 25 ਵਿਦੇਸ਼ੀ ਗ੍ਰਿਫ਼ਤਾਰ ਕੀਤੇ ਗਏ ਜਿਨ੍ਹਾਂ ਵਿਚ 11 ਈਰਾਨੀ ਅਤੇ 14 ਪਾਕਿਸਤਾਨੀ ਨਾਗਰਿਕ ਸ਼ਾਮਲ ਹਨ ਜੋ ਸਾਰੇ ਅਜੇ ਜੇਲ ਵਿਚ ਹਨ।

ਗੁਜਰਾਤ ’ਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੀ ਤਾਜ਼ਾ ਲੜੀ ’ਚ 12-13 ਅਪ੍ਰੈਲ, 2025 ਦੀ ਦਰਮਿਆਨੀ ਰਾਤ ਨੂੰ ਭਾਰਤੀ ਤੱਟ ਰੱਖਿਅਕਾਂ ਨੇ ਪੋਰਬੰਦਰ ਤੋਂ 190 ਕਿਲੋਮੀਟਰ ਦੂਰ ਸਮੁੰਦਰ ’ਚ ਇਕ ‘ਸਪੀਡ ਬੋਟ’ ’ਚੋਂ 1800 ਕਰੋੜ ਰੁਪਏ ਮੁੱਲ ਦੇ 300 ਕਿਲੋ ਨਸ਼ੀਲੇ ਪਦਾਰਥ ਜ਼ਬਤ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ।

ਆਪਣੇ ਕਾਰਜਾਂ ਨਾਲ ਵਿਸ਼ਵ ਦੇ ਸਾਹਮਣੇ ਨਵੇਂ ਆਦਰਸ਼ ਪੇਸ਼ ਕਰਨ ਵਾਲੇ ਮਹਾਪੁਰਸ਼ਾਂ ਦੇ ਸੂਬੇ ਗੁਜਰਾਤ ’ਚ ਇੰਨੀ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਸਪੱਸ਼ਟ ਹੈ ਕਿ ਅੱਜ ਇਹ ਸੂਬਾ ਨਸ਼ਾ ਸਮੱਗਲਰਾਂ ਦਾ ਸਵਰਗ ਬਣਦਾ ਜਾ ਰਿਹਾ ਹੈ ਜਿਸ ਨਾਲ ਇਸ ਦੀ ਬਦਨਾਮੀ ਵੀ ਹੋ ਰਹੀ ਹੈ। ਇਸ ਲਈ ਸਖਤ ਤੋਂ ਸਖਤ ਕਦਮ ਚੁੱਕ ਕੇ ਇਸ ਬੁਰਾਈ ਨੂੰ ਖਤਮ ਕਰਨ ਦੀ ਲੋੜ ਹੈ।

–ਵਿਜੇ ਕੁਮਾਰ


author

Sandeep Kumar

Content Editor

Related News