ਪੁਲਸ ਥਾਣਿਆਂ ’ਤੇ ਹੋ ਰਹੇ ਹਮਲੇ, ਆਮ ਲੋਕ ਕਿੰਨੇ ਸੁਰੱਖਿਅਤ!
Friday, Apr 04, 2025 - 02:11 AM (IST)

ਦੇਸ਼ ਦੇ ਆਮ ਨਾਗਰਿਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਜਾਨ-ਮਾਲ ਦੀ ਰੱਖਿਆ ਲਈ ਪੁਲਸ ਬਲ ਦਾ ਗਠਨ ਕੀਤਾ ਗਿਆ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ’ਚ ਪੁਲਸ ’ਤੇ ਜਿਸ ਤਰ੍ਹਾਂ ਹਮਲੇ ਹੋ ਰਹੇ ਹਨ ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣ ਵਾਲੀ ਪੁਲਸ ਆਪਣੇ ਹੀ ਥਾਣਿਆਂ ’ਚ ਸੁਰੱਖਿਅਤ ਨਹੀਂ ਰਹੀ। ਪੰਜਾਬ ਸਮੇਤ ਦੇਸ਼ ਦੇ ਹੋਰ ਹਿੱਸਿਆਂ ’ਚ ਪਿਛਲੇ 5 ਮਹੀਨਿਆਂ ’ਚ ਪੁਲਸ ’ਤੇ ਭੜਕੀ ਭੀੜ ਅਤੇ ਦੇਸ਼ ਵਿਰੋਧੀ ਤੱਤਾਂ ਵਲੋਂ ਕੀਤੇ ਗਏ ਹਮਲਿਆਂ ਦੀ ਜਾਣਕਾਰੀ ਹੇਠਾਂ ਦਰਜ ਹੈ :
* 24 ਨਵੰਬਰ, 2024 ਨੂੰ ਪੰਜਾਬ ਦੇ ‘ਅੰਮ੍ਰਿਤਸਰ’ (ਦਿਹਾਤੀ) ਦੇ ਥਾਣਾ ‘ਅਜਨਾਲਾ’ ਦੇ ਬਾਹਰ ਸਵੇਰੇ ‘ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ’ (ਆਈ. ਈ. ਡੀ.) ਬਰਾਮਦ ਕੀਤਾ ਗਿਆ। ਜਾਂਚ ’ਚ ਸਾਹਮਣੇ ਆਇਆ ਕਿ ਇਸ ’ਚ ਧਮਾਕਾਖੇਜ਼ ਪਦਾਰਥ ਦੀ ਮਾਤਰਾ ਬਹੁਤ ਜ਼ਿਆਦਾ ਸੀ।
* 28 ਨਵੰਬਰ, 2024 ਨੂੰ ‘ਅੰਮ੍ਰਿਤਸਰ’ ਦੇ ‘ਗੁਰਬਖਸ਼ ਨਗਰ’ ’ਚ ਖਾਲੀ ਪਏ ਪੁਲਸ ਥਾਣੇ ’ਚ ਧਮਾਕੇ ਨਾਲ ਇਲਾਕੇ ਦੇ ਲੋਕਾਂ ’ਚ ਦਹਿਸ਼ਤ ਫੈਲ ਗਈ। ਜਿਸ ਸਥਾਨ ’ਤੇ ਧਮਾਕਾ ਹੋਇਆ ਉੱਥੇ ਹੁਣ ਸਿਰਫ ਇਕ ਪੁਲਸ ਪੋਸਟ ਹੈ।
* 4 ਦਸੰਬਰ, 2024 ਨੂੰ ‘ਅੰਮ੍ਰਿਤਸਰ’ ਜ਼ਿਲੇ ’ਚ ‘ਮਜੀਠਾ’ ਪੁਲਸ ਸਟੇਸ਼ਨ ’ਚ ਜ਼ੋਰਦਾਰ ਧਮਾਕਾ ਹੋਇਆ ਜਿਸ ’ਚ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
* 13 ਦਸੰਬਰ, 2024 ਦੀ ਰਾਤ ਨੂੰ ‘ਬਟਾਲਾ’ ਦੇ ‘ਘਣੀਏ ਕੇ ਬਾਗਰ’ ਪੁਲਸ ਥਾਣੇ ’ਚ ਮੋਟਰਸਾਈਕਲ ਸਵਾਰਾਂ ਨੇ ‘ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ’ (ਆਈ. ਈ. ਡੀ.) ਨਾਲ ਹਮਲਾ ਕੀਤਾ, ਜਿਸ ਦੀ ਜ਼ਿੰਮੇਵਾਰੀ ‘ਬੱਬਰ ਖਾਲਸਾ ਇੰਟਰਨੈਸ਼ਨਲ’ ਨੇ ਲਈ।
* 17 ਦਸੰਬਰ, 2024 ਨੂੰ ਤੜਕੇ ਕਰੀਬ 3 ਵਜੇ ਕੁਝ ਲੋਕਾਂ ਨੇ ‘ਅੰਮ੍ਰਿਤਸਰ’ ਦੇ ‘ਇਸਲਾਮਾਬਾਦ’ ਪੁਲਸ ਸਟੇਸ਼ਨ ’ਤੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ ਪਰ ਇਸ ਹਮਲੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
* 20 ਦਸੰਬਰ, 2024 ਨੂੰ ਪੰਜਾਬ ਦੇ ‘ਗੁਰਦਾਸਪੁਰ’ ਜ਼ਿਲੇ ਦੀ ‘ਵਡਾਲਾ ਬਾਂਗਰ’ ਪੁਲਸ ਚੌਕੀ ਦੇ ਬਾਹਰ ਧਮਾਕਾ ਹੋਇਆ।
* 3 ਫਰਵਰੀ ਰਾਤ ਨੂੰ ਪੰਜਾਬ ਦੇ ‘ਫਤਹਿਗੜ੍ਹ ਚੂੜੀਆਂ’ ਸਥਿਤ ‘ਗੁਮਟਾਲਾ’ ਪੁਲਸ ਪੋਸਟ ਦੇ ਬਾਹਰ ਰਾਤ 8 ਵਜੇ ਦੇ ਲਗਭਗ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ।
* 11 ਫਰਵਰੀ, 2025 ਨੂੰ ਕਰਨਾਟਕ ਦੇ ‘ਮੈਸੂਰ’ ’ਚ ‘ਉਦੈਗਿਰੀ’ ਪੁਲਸ ਸਟੇਸ਼ਨ ’ਤੇ ਹਿੰਸਕ ਭੀੜ ਨੇ ਹਮਲਾ ਕਰ ਦਿੱਤਾ। ਇਸ ਹਮਲੇ ’ਚ 7 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਇਹ ਹਿੰਸਾ ਇਕ ਅਪਮਾਨਜਨਕ ਸੋਸ਼ਲ ਮੀਡੀਆ ਪੋਸਟ ਤੋਂ ਭੜਕੀ ਹੋਈ ਭੀੜ ਨੇ ਕੀਤੀ।
* ਅਤੇ ਹੁਣ 1 ਅਪ੍ਰੈਲ ਨੂੰ ‘ਪਟਿਆਲਾ’ ਦੀ ‘ਪਾਤੜਾਂ’ ਸਬ ਡਵੀਜ਼ਨ ਅਧੀਨ ਆਉਂਦੀ ‘ਬਾਦਸ਼ਾਹਪੁਰ’ ਪੁਲਸ ਚੌਕੀ ਦੇ ਬਾਹਰ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਨਾਲ ਚੌਕੀ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਧਮਾਕੇ ਦੀ ਆਵਾਜ਼ ਨਾਲ ਆਲੇ-ਦੁਆਲੇ ਦੇ ਇਲਾਕਿਆਂ ’ਚ ਦਹਿਸ਼ਤ ਫੈਲ ਗਈ। ਬੱਬਰ ਖਾਲਸਾ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਵੀ ਲੈ ਲਈ ਹੈ।
31 ਦਸੰਬਰ, 2024 ਨੂੰ ਪੰਜਾਬ ਪੁਲਸ ਦੇ ਡੀ. ਜੀ. ਪੀ. ‘ਗੌਰਵ ਯਾਦਵ’ ਨੇ ਦਾਅਵਾ ਕੀਤਾ ਸੀ ਕਿ ਪੁਲਸ ਨੇ ‘ਬੱਬਰ ਖਾਲਸਾ ਇੰਟਰਨੈਸ਼ਨਲ’ ਦੇ ਆਈ. ਐੱਸ. ਆਈ. ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਦੇ ਨਾਲ ਹੀ ਸੂਬੇ ਦੇ ਥਾਣਿਆਂ ’ਤੇ ਹੋਏ ਸਾਰੇ ਹਮਲਿਆਂ ਨੂੰ ਸੁਲਝਾ ਲਿਆ ਹੈ ਅਤੇ ਇਨ੍ਹਾਂ ’ਚ ਸ਼ਾਮਲ ਤਮਾਮ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਦੇ ਬਾਵਜੂਦ 1 ਅਪ੍ਰੈਲ ਨੂੰ ਹੋਇਆ ਧਮਾਕਾ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਵਿਰੋਧੀ ਤੱਤਾਂ ’ਤੇ ਅਜੇ ਵੀ ਪੂਰੀ ਤਰ੍ਹਾਂ ਨਾਲ ਲਗਾਮ ਨਹੀਂ ਲੱਗੀ ਹੈ ਅਤੇ ਦੇਸ਼ ਵਿਰੋਧੀ ਤੱਤ ਅਜੇ ਵੀ ਸਰਗਰਮ ਹਨ।
ਅਜਿਹੇ ’ਚ ਪੁਲਸ ਨੂੰ ਆਪਣੇ ਖੁਫੀਆ ਤੰਤਰ ਨੂੰ ਜ਼ਿਆਦਾ ਮਜ਼ਬੂਤ ਕਰਨਾ ਹੋਵੇਗਾ ਤਾਂ ਕਿ ਆਮ ਲੋਕਾਂ ’ਚ ਪੁਲਸ ਨੂੰ ਲੈ ਕੇ ਭਰੋਸਾ ਵਧੇ ਅਤੇ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਵੇ।
ਇਸ ਦੇ ਨਾਲ ਹੀ ਤਮਾਮ ਮਾਮਲਿਆਂ ’ਚ ਫੜੇ ਗਏ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫਾਸਟ ਟ੍ਰੈਕ ਅਦਾਲਤਾਂ ਤੋਂ ਸਖਤ ਸਜ਼ਾ ਦਿਵਾਉਣ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂ ਕਿ ਭਵਿੱਖ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ।
–ਵਿਜੇ ਕੁਮਾਰ