‘ਮੁੱਖ ਜੱਜ ਗਵਈ ’ਤੇ ਹਮਲਾ’ ਹੋਇਆ ਸੰਵਿਧਾਨ ਦਾ ਨਿਰਾਦਰ!
Wednesday, Oct 08, 2025 - 04:09 AM (IST)

ਅਦਾਲਤਾਂ ਨੂੰ ‘ਨਿਆਂ ਦਾ ਮੰਦਰ’ ਮੰਨਿਆ ਜਾਂਦਾ ਹੈ ਅਤੇ ਜੱਜਾਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਅਤੇ ਉਨ੍ਹਾਂ ਤੋਂ ਬਿਨਾਂ ਕਿਸੇ ਵਿਤਕਰੇ ਦੇ ਸਭ ਦੇ ਪ੍ਰਤੀ ਇਕੋ-ਜਿਹਾ ਭਾਵ ਰੱਖਦੇ ਹੋਏ ਨਿਆਂ ਕਰਨ ਦੀ ਆਸ ਕੀਤੀ ਜਾਂਦੀ ਹੈ, ਫਿਰ ਵੀ ਅਪਵਾਦ ਵਜੋਂ ਕੁਝ ਘਟਨਾਵਾਂ ਹੋਈਆਂ ਹਨ ਜਿਨ੍ਹਾਂ ’ਚ ਜੱਜਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੁਝ ਲੋਕਾਂ ਨੇ ਕੀਤੀ ਹੈ।
ਇਸੇ ਸਾਲ 21 ਅਪ੍ਰੈਲ ਨੂੰ ਦਿੱਲੀ ’ਚ ‘ਦੁਆਰਕਾ ਕੋਰਟ’ ਦੀ ਨਿਆਇਕ ਮੈਜਿਸਟ੍ਰੇਟ ‘ਸ਼ਿਵਾਂਗੀ ਮੰਗਲਾ’ ਨੇ ਕਿਹਾ ਕਿ ‘‘ਜਦੋਂ ਇਕ ਦੋਸ਼ੀ ਨੇ ਸੁਣਿਆ ਕਿ ਮੇਰਾ ਫੈਸਲਾ ਉਸ ਦੇ ਿਵਰੁੱਧ ਆਇਆ ਹੈ ਤਾਂ ਉਹ ਗੁੱਸੇ ’ਚ ਭੜਕ ਉੱਠਿਆ ਅਤੇ ਅਦਾਲਤ ’ਚ ਬੜੀ ਘਟੀਆ ਭਾਸ਼ਾ ਦੀ ਵਰਤੋਂ ਕਰਨ ਲੱਗਾ ਅਤੇ ਬੋਲਿਆ, ‘‘ਤੂੰ ਹੈ ਕੀ ਚੀਜ਼। ਤੂੰ ਬਾਹਰ ਮਿਲ। ਦੇਖਦੇ ਹਾਂ ਤੂੰ ਕਿਵੇਂ ਜ਼ਿੰਦਾ ਘਰ ਜਾਂਦੀ ਹੈਂ।’’
ਅਤੇ ਹੁਣ 6 ਅਕਤੂਬਰ ਨੂੰ ਸੁਪਰੀਮ ਕੋਰਟ ’ਚ ਇਕ ਕੇਸ ਦੀ ਸੁਣਵਾਈ ਦੇ ਦੌਰਾਨ ‘ਰਾਕੇਸ਼ ਕਿਸ਼ੋਰ’ ਨਾਂ ਦੇ ਇਕ ਵਕੀਲ ਨੇ ਮੁੱਖ ਜੱਜ ਬੀ. ਆਰ. ਗਵਈ ’ਤੇ ਹਮਲਾ ਕਰਦੇ ਹੋਏ ਉਨ੍ਹਾਂ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਸ਼੍ਰੀ ਗਵਈ ਨੇ ਸੰਜਮ ਬਣਾਈ ਰੱਖਿਆ ਅਤੇ ਵਕੀਲਾਂ ਨੂੰ ਦਲੀਲਾਂ ਜਾਰੀ ਰੱਖਣ ਦੀ ਬੇਨਤੀ ਕਰਦੇ ਹੋਏ ਕਿਹਾ, ‘‘ਇਨ੍ਹਾਂ ਸਾਰੀਆਂ ਗੱਲਾਂ ਤੋਂ ਤੁਸੀਂ ਲੋਕ ਪ੍ਰੇਸ਼ਾਨ ਨਾ ਹੋਵੋ, ਇਨ੍ਹਾਂ ਗੱਲਾਂ ਦਾ ਮੇਰੇ ’ਤੇ ਕੋਈ ਅਸਰ ਨਹੀਂ ਪੈਂਦਾ।’’
ਘਟਨਾ ਦੇ ਬਾਅਦ ਵਕੀਲ ਰਾਕੇਸ਼ ਕਿਸ਼ੋਰ ਨੇ ਕਿਹਾ ਕਿ ਉਸ ਨੇ ਜੁੱਤੀ ਸਿਰਫ ਮੁੱਖ ਜੱਜ ਵੱਲ ਉਛਾਲੀ ਸੀ, ਇਸ ਦੇ ਬਾਅਦ ਕੋਰਟ ਰੂਮ ਸਕਿਓਰਿਟੀ ਵਾਲੇ ਉਸ ਨੂੰ ਡਿਟੇਨ ਕਰ ਕੇ ਤੁਰੰਤ ਅਦਾਲਤ ਕੰਪਲੈਕਸ ਤੋਂ ਬਾਹਰ ਲੈ ਗਏ ਅਤੇ ਬਾਅਦ ’ਚ ਪੁਲਸ ਨੇ ਉਸ ਨੂੰ ਰਿਹਾਅ ਕਰ ਦਿੱਤਾ। ਜਦੋਂ ਉਸ ਨੂੰ ਬਾਹਰ ਲਿਜਾਇਆ ਜਾ ਰਿਹਾ ਸੀ ਤਾਂ ਉਹ ਉੱਚੀ-ਉੱਚੀ ਇਹ ਕਹਿ ਰਿਹਾ ਸੀ, ‘‘ਸਨਾਤਨ ਦਾ ਅਪਮਾਨ ਨਹੀਂ ਸਹੇਗਾ ਹਿੰਦੋਸਤਾਨ।’’
ਵਕੀਲ ‘ਰਾਕੇਸ਼ ਕਿਸ਼ੋਰ’ ਦਾ ਕਹਿਣਾ ਸੀ ਕਿ ‘‘ਸੀ. ਜੇ. ਆਈ. ਦੇ ਭਗਵਾਨ ਵਿਸ਼ਨੂੰ ’ਤੇ ਦਿੱਤੇ ਬਿਆਨ ਤੋਂ ਮੈਂ ਦੁਖੀ ਹਾਂ, ਉਨ੍ਹਾਂ ਦੀ ਟਿੱਪਣੀ ’ਤੇ ਇਹ ਮੇਰੀ ਪ੍ਰਤੀਕਿਰਿਆ ਸੀ ਅਤੇ ਜੋ ਹੋਇਆ ਮੈਨੂੰ ਉਸ ਦਾ ਅਫਸੋਸ ਨਹੀਂ।’’
ਵਰਣਨਯੋਗ ਹੈ ਕਿ ਇਹ ਮਾਮਲਾ ਇਸੇ ਸਾਲ ‘ਖਜੁਰਾਹੋ ਮੰਦਰ’ ਦੇ ਭਗਵਾਨ ਵਿਸ਼ਨੂੰ ਦੀ ਮੂਰਤੀ ’ਤੇ ਦਿੱਤੇ ਗਏ ਸ਼੍ਰੀ ਗਵਈ ਦੇ ਬਿਆਨ ਨਾਲ ਜੁੜਿਆ ਹੈ। ਇਕ ਲੋਕਹਿੱਤ ਪਟੀਸ਼ਨ ’ਤੇ ਸੁਣਵਾਈ ਦੌਰਾਨ ਸ਼੍ਰੀ ਗਵਈ ਨੇ ਕਿਹਾ ਸੀ ਕਿ ‘‘ਇਹ ਪਬਲਿਕ ਇੰਟ੍ਰੈਸਟ ਲਿਟੀਗੇਸ਼ਨ ਹੈ। ਹੁਣ ਦੇਵਤਾ ਕੋਲੋਂ ਹੀ ਪੁੱਛ ਲਵੋ ਕਿ ਕੀ ਕਰੀਏ।’’
ਮਾਹਿਰਾਂ ਦਾ ਕਹਿਣਾ ਹੈ ਕਿ ‘‘ਇਹ ਹਮਲਾ ਮੁੱਖ ਜੱਜ ’ਤੇ ਨਹੀਂ ਸਗੋਂ ਸਮੁੱਚੇ ਸੰਵਿਧਾਨ ਅਤੇ ਦੇਸ਼ ਦੀ ਸ਼ਾਨ ’ਤੇ ਸੀ। ਦੇਸ਼ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ’ਤੇ ਇਸ ਤਰ੍ਹਾਂ ਦੇ ਹਮਲੇ ਨੂੰ ਹੌਲੇਪਨ ’ਚ ਨਹੀਂ ਲਿਆ ਜਾ ਸਕਦਾ। ਇਸ ਲਈ ਅਦਾਲਤ ਨੂੰ ਇਸ ਸਬੰਧ ’ਚ ਨੋਟਿਸ ਲੈ ਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।’’
ਹਾਲਾਂਕਿ ‘ਬਾਰ ਕਾਊਂਸਿਲ ਆਫ ਇੰਡੀਆ’ ਨੇ ਵਕੀਲ ‘ਰਾਕੇਸ਼ ਕਿਸ਼ੋਰ’ ਦਾ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ ਪਰ ਇੰਨਾ ਹੀ ਕਾਫੀ ਨਹੀਂ ਹੈ, ਵਕੀਲ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਭਵਿੱਖ ’ਚ ਕੋਈ ਵਕੀਲ ਤਾਂ ਕੀ ਕੋਈ ਵੀ ਹੋਰ ਵਿਅਕਤੀ ਇਸ ਤਰ੍ਹਾਂ ਦਾ ਘਟੀਆ ਕਾਰਾ ਨਾ ਕਰ ਸਕੇ। ਕਿਸੇ ਵਕੀਲ ਲਈ ਤਾਂ ਇਹ ਗੱਲ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਇਨ੍ਹਾਂ ’ਚੋਂ ਬਾਅਦ ’ਚ ਜੱਜ ਬਣਦੇ ਹਨ।
ਜਿੱਥੇ ਇਸ ਘਟਨਾ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ, ਉੱਥੇ ਹੀ ਇਸ ਨੇ ਸਿਆਸੀ ਰੰਗ ਲੈਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ‘ਆਮ ਆਦਮੀ ਪਾਰਟੀ’ ਨੇ ਨਵੀਂ ਦਿੱਲੀ ’ਚ ਅਤੇ ‘ਰਾਕਾਂਪਾ’ (ਸ਼ਰਦ ਪਵਾਰ) ਨੇ ਮੁੰਬਈ ਅਤੇ ਮਹਾਰਾਸ਼ਟਰ ਦੇ ਹੋਰਨਾਂ ਹਿੱਸਿਆਂ ’ਚ ਵਿਖਾਵਾ ਕੀਤਾ। ਵਿਖਾਵਾਕਾਰੀਆਂ ਨੇ ਡਾ. ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲੈ ਕੇ ‘ਜੈ ਭੀਮ’ ਅਤੇ ‘ਮੁੱਖ ਜੱਜ ਦਾ ਅਪਮਾਨ, ਨਹੀਂ ਸਹੇਗਾ ਹਿੰਦੋਸਤਾਨ’ ਦੇ ਨਾਅਰੇ ਲਗਾਏ।
ਫਿਲਹਾਲ ਮੁਲਜ਼ਮ ਵਕੀਲ ਵਿਰੁੱਧ ਕਾਰਵਾਈ ਕਰਨ ਜਾਂ ਨਾ ਕਰਨ ਦਾ ਫੈਸਲਾ ਤਾਂ ਅਦਾਲਤ ਹੀ ਕਰੇਗੀ ਪਰ ਜੇਕਰ ਅਜਿਹੀਆਂ ਘਟਨਾਵਾਂ ਹੋਣ ਲੱਗਣ ਤਦ ਤਾਂ ਧਾਰਮਿਕ ਸਥਾਨਾਂ ਵਾਂਗ ਕੋਰਟ ਰੂਮ ’ਚ ਵੀ ਜੁੱਤੀਆਂ ਉਤਾਰ ਕੇ ਹੀ ਦਾਖਲ ਹੋਣ ਦੀ ਇਜਾਜ਼ਤ ਦੇਣ ਦੀ ਨੌਬਤ ਆ ਜਾਵੇਗੀ।
ਵਕੀਲ ‘ਰਾਕੇਸ਼ ਕਿਸ਼ੋਰ’ ਨੇ ਮੁੱਖ ਜੱਜ ’ਤੇ ਹਮਲਾ ਕਰ ਕੇ ਸੰਵਿਧਾਨ ਦੀ ਸ਼ਾਨ ਨੂੰ ਭਾਰੀ ਠੇਸ ਪਹੁੰਚਾਈ ਹੈ। ਬੇਸ਼ੱਕ ‘ਬਾਰ ਕਾਊਂਸਿਲ ਆਫ ਇੰਡੀਆ’ ਨੇ ਉਸ ਦਾ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਪਰ ਇੰਨਾ ਹੀ ਕਾਫੀ ਨਹੀਂ ਹੈ। ਹੋਰ ਬਾਰ ਕਾਊਂਸਿਲਾਂ ਨੂੰ ਵੀ ਉਸ ਦੇ ਕਾਰੇ ਦੀ ਨਿੰਦਾ ਕਰਨੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੇ ਗਲਤ ਆਚਰਣ ਨੂੰ ਇਕ ਪ੍ਰੰਪਰਾ ਬਣਨ ਤੋਂ ਪਹਿਲਾਂ ਹੀ ਦਬਾਅ ਦਿੱਤਾ ਜਾਵੇ।
–ਵਿਜੇ ਕੁਮਾਰ