‘ਨਿਤੀਸ਼ ਸਰਕਾਰ ਨੇ ਖੋਲ੍ਹਿਆ’ ਲੋਕ-ਲੁਭਾਵਣੇ ਵਾਅਦਿਆਂ-ਸਹੂਲਤਾਂ ਦਾ ਪਿਟਾਰਾ!
Sunday, Oct 05, 2025 - 05:26 AM (IST)

ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ, ਰਾਜਨੀਤਿਕ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਲਾਲਚਾਂ ਦਾ ਪਿਟਾਰਾ ਖੋਲ੍ਹ ਦਿੰਦੀਆਂ ਹਨ। ਸਰਕਾਰਾਂ ਵੱਖ-ਵੱਖ ਿਰਆਇਤਾਂ ਅਤੇ ਸਹੂਲਤਾਂ ਦੇ ਐਲਾਨਾਂ ਤੋਂ ਇਲਾਵਾ ਮਹਿਲਾ ਵੋਟਰਾਂ ਨੂੰ ਲੁਭਾਉਣ ਲਈ ਸਾੜ੍ਹੀਆਂ, ਮੰਗਲਸੂਤਰ, ਚਾਵਲ, ਆਟਾ, ਨਕਦ ਰਾਸ਼ੀ ਅਤੇ ਸੈਨੇਟਰੀ ਨੈਪਕਿਨ ਆਦਿ ਦਿੰਦੀਆਂ ਹਨ।
ਹੁਣ ਜਦਕਿ ਜਲਦੀ ਹੀ ਬਿਹਾਰ ’ਚ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਣ ਵਾਲਾ ਹੈ, ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੋਟਰਾਂ ਨੂੰ ਲੁਭਾਉਣ ਲਈ ਅਨੇਕ ਲੋਕ-ਲੁਭਾਵਣੇ ਐਲਾਨਾਂ ਦੀ ਬਰਸਾਤ ਕਰ ਦਿੱਤੀ ਹੈ।
ਇਸੇ ਕੜੀ ’ਚ ਹੁਣ ਤੱਕ ਨਿਤੀਸ਼ ਕੁਮਾਰ ਡੇਢ ਦਰਜਨ ਤੋਂ ਵੱਧ ਐਲਾਨ ਕਰ ਚੁੱਕੇ ਹਨ। ਇਨ੍ਹਾਂ ’ਚ ਸਾਰੇ ਘਰੇਲੂ ਖਪਤਕਾਰਾਂ ਨੂੰ 125 ਯੂਨਿਟ ਤੱਕ ਮੁਫਤ ਬਿਜਲੀ ਦੇਣਾ, ਗਰੀਬੀ ਰੇਖਾ ਤੋਂ ਹੇਠਾਂ ਦੇ 58 ਲੱਖ ਪਰਿਵਾਰਾਂ ਲਈ ਮੁਫਤ ’ਚ ‘ਰੂਫ ਟਾਪ ਸੋਲਰ ਪੈਨਲ’ ਲਗਾਉਣ ਦੀ ਸਹੂਲਤ ਦੇਣਾ, ਨੌਜਵਾਨਾਂ ਨੂੰ ਇੰਟਰਨਸ਼ਿਪ ਲਈ ਉਨ੍ਹਾਂ ਦੀ ਵਿੱਦਿਅਕ ਯੋਗਤਾ ਦੇ ਆਧਾਰ ’ਤੇ 4000 ਤੋਂ 6000 ਰੁਪਏ ਮਹੀਨਾ ਤੱਕ ਦੇਣਾ ਸ਼ਾਮਲ ਹੈ।
ਇਹੀ ਨਹੀਂ, ਬਿਹਾਰ ਦੀਆਂ ਮੂਲ ਨਿਵਾਸੀ ਮਹਿਲਾਵਾਂ ਨੂੰ ਸੂਬੇ ਦੀਆਂ ਹਰੇਕ ਕਿਸਮ ਦੀਆਂ ਸਰਕਾਰੀ ਨੌਕਰੀਆਂ ’ਚ 35 ਫੀਸਦੀ ਰਿਜ਼ਰਵੇਸ਼ਨ ਦੇਣ ਤੋਂ ਇਲਾਵਾ ਮਹਿਲਾਵਾਂ ਲਈ ਸੂਬੇ ਦੀਆਂ ਬੱਸਾਂ ’ਚ ਪਹਿਲੀਆਂ 4 ਕਤਾਰਾਂ ਦੀਆਂ ਸੀਟਾਂ ਰਿਜ਼ਰਵ ਕਰਨ, ‘ਆਸ਼ਾ’ ਵਰਕਰਾਂ ਦਾ ਮਾਣਭੱਤਾ ਅਤੇ ‘ਸਮਾਜਿਕ ਸੁਰੱਖਿਆ ਪੈਨਸ਼ਨ’ ਵਧਾਉਣ ਆਦਿ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਜਿਵੇਂ ਕਿ ਇੰਨਾ ਹੀ ਕਾਫੀ ਨਹੀਂ ਸੀ, ਹੁਣ 3 ਅਕਤੂਬਰ ਨੂੰ ਨਿਤੀਸ਼ ਕੁਮਾਰ ਨੇ ਸੂਬੇ ਦੇ ਹਰ ‘ਬਲਾਕ’ ’ਚ ਸਬਜ਼ੀ ਕੇਂਦਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਦਾ ਇਹ ਐਲਾਨ ਕਿਸਾਨ ਵਰਗ ਨੂੰ ਲੁਭਾਉਣ ਦੇ ਮਾਮਲੇ ’ਚ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਇਸੇ ਦਿਨ ਨਿਤੀਸ਼ ਕੁਮਾਰ ਨੇ ‘ਮੁੱਖ ਮੰਤਰੀ ਮਹਿਲਾ ਰੋਜ਼ਗਾਰ ਯੋਜਨਾ’ ਦੇ ਅਧੀਨ 25 ਲੱਖ ਮਹਿਲਾ ਲਾਭਪਾਤਰੀਆਂ ਦੇ ਖਾਤਿਅਾਂ ’ਚ ‘ਸਿੱਧਾ ਲਾਭ ਟ੍ਰਾਂਸਫਰ’ (ਡੀ. ਬੀ. ਟੀ.) ਰਾਹੀਂ 10-10 ਹਜ਼ਾਰ ਰੁਪਏ ਟ੍ਰਾਂਸਫਰ ਕਰ ਦਿੱਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਇਸ ਮੌਕੇ ’ਤੇ ਉਨ੍ਹਾਂ ਨੇ ਮਹਿਲਾਵਾਂ ਨੂੰ ਬੇਨਤੀ ਕੀਤੀ ਕਿ ‘‘ਚੋਣਾਂ ਆ ਰਹੀਆਂ ਹਨ, ਤੁਸੀਂ ਲੋਕ ਧਿਆਨ ਦੇਣਾ।’’
ਨਿਤੀਸ਼ ਕੁਮਾਰ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਹਰ ਪਰਿਵਾਰ ਦੀ ਘੱਟੋ-ਘੱਟ ਇਕ ਮਹਿਲਾ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਉਪਲਬਧ ਕਰਾਉਣਾ ਹੈ ਅਤੇ ਮਹਿਲਾਵਾਂ ਲਈ ਰਿਜ਼ਰਵੇਸ਼ਨ ਅਤੇ ਸਰਕਾਰੀ ਯੋਜਨਾਵਾਂ ’ਚ ਹਿੱਸੇਦਾਰੀ ਵਧਾ ਕੇ ਬਿਹਾਰ ਸਰਕਾਰ ਨੇ ਹਮੇਸ਼ਾ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਦਾ ਯਤਨ ਕੀਤਾ ਹੈ।
ਇਸ ਤੋਂ ਪਹਿਲਾਂ 26 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਯੋਜਨਾ ਦੀ ਸ਼ੁਰੂਆਤ ’ਤੇ 75 ਲੱਖ ਔਰਤਾਂ ਦੇ ਬੈਂਕ ਖਾਤਿਆਂ ’ਚ 10-10 ਹਜ਼ਾਰ ਰੁਪਏ ਟ੍ਰਾਂਸਫਰ ਕੀਤੇ ਸਨ ਅਤੇ ਹੁਣ 4 ਅਕਤੂਬਰ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਨੇ ਬਿਹਾਰ ਲਈ 62,000 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ‘ਯੁਵਾ ਕੇਂਦਰਿਤ ਯੋਜਨਾਵਾਂ’ ਦਾ ਉਦਘਾਟਨ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਬਿਹਾਰ ਦੀ ਸੋਧੀ ਹੋਈ ‘ਮੁੱਖ ਮੰਤਰੀ ਨਿਸ਼ਚੈ ਸਵੈਮ-ਸਹਾਇਤਾ ਭੱਤਾ ਯੋਜਨਾ’ ਦੀ ਵੀ ਸ਼ੁਰੂਆਤ ਕੀਤੀ ਜਿਸ ਦੇ ਅਧੀਨ ਹਰੇਕ ਸਾਲ ਲਗਭਗ 5 ਲੱਖ ਗ੍ਰੈਜੂਏਟਾਂ ਨੂੰ ਦੋ ਸਾਲਾਂ ਤੱਕ 1000-1000 ਰੁਪਏ ਦਾ ਮਾਸਿਕ ਭੱਤਾ ਦਿੱਤਾ ਜਾਵੇਗਾ।
ਸਪੱਸ਼ਟ ਤੌਰ ’ਤੇ ਕੇਂਦਰ ਅਤੇ ਸੂਬਾਈ ਸਰਕਾਰਾਂ ਚੋਣਾਂ ਦੇ ਨੇੜੇ ਆਉਣ ’ਤੇ ਇਸ ਤਰ੍ਹਾਂ ਦੇ ਕਦਮ ਚੁੱਕਦੀਆਂ ਹਨ ਤਾਂ ਕਿ ਵੋਟਰਾਂ ਨੂੰ ਉਨ੍ਹਾਂ ਵਲੋਂ ਦਿੱਤੀਆਂ ਗਈਆਂ ਸਹੂਲਤਾਂ ਯਾਦ ਰਹਿਣ ਅਤੇ ਉਹ ਵੋਟ ਪਾਉਣ ਦੇ ਸਮੇਂ ਉਨ੍ਹਾਂ ਦੇ ਪੱਖ ’ਚ ਵੋਟ ਪਾ ਕੇ ਇਸ ਦਾ ਬਦਲਾ ਚੁਕਾ ਦੇਣ।
ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਹੋਰ ਸਹੂਲਤਾਂ ਤੋਂ ਇਲਾਵਾ 10-10 ਹਜ਼ਾਰ ਰੁਪਏ ਹਾਸਲ ਕਰਨ ਵਾਲੀਆਂ ਸੂਬੇ ਦੀਆਂ ਮਹਿਲਾਵਾਂ ਨਿਤੀਸ਼ ਕੁਮਾਰ ਦੀ ਇਸ ਅਪੀਲ ’ਤੇ ਕਿੰਨਾ ‘ਧਿਆਨ’ ਦਿੰਦੀਆਂ ਹਨ।
ਸਾਡੇ ਵਿਚਾਰ ’ਚ ਜਨਤਾ ਨੂੰ ਦੇਖਣਾ ਚਾਹੀਦਾ ਹੈ ਕਿ ਪਿਛਲੀ ਵਾਰ ਪਾਰਟੀ ਨੇ ਆਪਣੇ ਵਾਅਦੇ ਪੂਰੇ ਕੀਤੇ ਹਨ ਜਾਂ ਨਹੀਂ ਅਤੇ ਜੇਕਰ ਪੂਰੇ ਨਹੀਂ ਕੀਤੇ ਹਨ ਤਾਂ ਜਨਤਾ ਨੂੰ ਅਜਿਹੇ ਨੇਤਾਵਾਂ ਅਤੇ ਪਾਰਟੀਆਂ ਦਾ ਬਾਈਕਾਟ ਕਰਕੇ ਉਨ੍ਹਾਂ ਦੀ ਜਗ੍ਹਾ ਚੰਗਾ ਕੰਮ ਕਰਨ ਵਾਲਿਆਂ ਨੂੰ ਚੁਣਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਵਲੋਂ ਕੀਤੇ ਗਏ ਚੰਗੇ-ਚੰਗੇ ਵਾਅਦਿਆਂ ਦੇ ਲਾਗੂ ਹੋਣ ਨਾਲ ਜਨਤਾ ਦੇ ਜੀਵਨ ’ਚ ਕੁਝ ਸੁਧਾਰ ਆਏ।
–ਵਿਜੇ ਕੁਮਾਰ