ਭਾਸ਼ਾ ਵਿਵਾਦ : ਮੁੱਖ ਮੰਤਰੀ ਦੇ ਸਾਹਮਣੇ ‘ਥੱਪੜ ਮਾਰ’ ਬ੍ਰਿਗੇਡ ਨਾਲ ਨਜਿੱਠਣ ਦਾ ਮੁਸ਼ਕਲ ਕੰਮ

Friday, Jul 11, 2025 - 03:07 PM (IST)

ਭਾਸ਼ਾ ਵਿਵਾਦ : ਮੁੱਖ ਮੰਤਰੀ ਦੇ ਸਾਹਮਣੇ ‘ਥੱਪੜ ਮਾਰ’ ਬ੍ਰਿਗੇਡ ਨਾਲ ਨਜਿੱਠਣ ਦਾ ਮੁਸ਼ਕਲ ਕੰਮ

ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਮੁਖੀ ਰਾਜ ਠਾਕਰੇ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੁਕਾਨਦਾਰਾਂ ਨੂੰ ਜ਼ੋਰਦਾਰ ‘ਥੱਪੜ’ ਮਾਰਨ ਲਈ ਤਾਇਨਾਤ ਕੀਤਾ ਹੈ ਜੋ ਮਰਾਠੀ ਨਹੀਂ ਬੋਲ ਸਕਦੇ। ਤਾਜ਼ਾ ਘਟਨਾਕ੍ਰਮ ਨੇ ਸ਼ਹਿਰ ਦੇ ਜ਼ਿਆਦਾਤਰ ਵਪਾਰੀਆਂ ਨੂੰ ਚਿੰਤਤ ਕਰ ਦਿੱਤਾ ਹੈ ਜੋ ਗੁਜਰਾਤ ਜਾਂ ਉੱਤਰੀ ਭਾਰਤੀ ਰਾਜਾਂ ਤੋਂ ਹਨ ਜਿੱਥੇ ਹਿੰਦੀ ਬੋਲੀ ਜਾਂਦੀ ਹੈ।

ਰਾਜ ਠਾਕਰੇ ਦੇ ਪਿਤਾ ਬਾਲ ਠਾਕਰੇ ਦੇ ਭਰਾ ਸਨ, ਜਿਨ੍ਹਾਂ ਨੇ ਸ਼ਿਵਸੈਨਾ ਦੀ ਸਥਾਪਨਾ ਕੀਤੀ ਸੀ। ਰਾਜ ਨੇ ਆਪਣੇ ਚਾਚਾ ਬਾਲ ਠਾਕਰੇ ਦਾ ਬਾਰੀਕੀ ਨਾਲ ਅਧਿਐਨ ਕੀਤਾ ਸੀ ਅਤੇ ਉਨ੍ਹਾਂ ਦੀ ਬੋਲਣ ਦਾ ਲਹਿਜਾ ਅਤੇ ਲੀਡਰਸ਼ਿਪ ਦੇ ਲਹਿਜੇ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਦੋਵਾਂ ਹੀ ਮਾਮਲਿਆਂ ’ਚ ਸਫਲ ਹੋਣ ਦੇ ਕਰੀਬ ਪਹੁੰਚ ਗਏ ਸਨ।

ਰਾਜ ਠਾਕਰੇ ਬਹੁਤ ਨਾਰਾਜ਼ ਹੋਏ ਜਦੋਂ ਉਨ੍ਹਾਂ ਦੇ ਚਾਚੇ ਬਾਲ ਠਾਕਰੇ ਨੇ ਆਪਣੇ ਬੇਟੇ ਊਧਵ ਨੂੰ ਸ਼ਿਵਸੈਨਾ ਦਾ ਸਰਸੈਨਾਪਤੀ ਚੁਣਿਆ। ਉਨ੍ਹਾਂ ਨੇ ਆਪਣੇ ਚਾਚੇ ਅਤੇ ਆਪਣੇ ਚਚੇਰੇ ਭਰਾ ਤੋਂ ਅਲੱਗ ਹੋ ਕੇ ਆਪਣੀ ‘ਸੈਨਾ’ ਸਥਾਪਿਤ ਕੀਤੀ। ਬਾਲ ਠਾਕਰੇ ਦੇ ਜ਼ਿਆਦਾਤਰ ਗੁੰਡੇ ਰਾਜ ਠਾਕਰੇ ਨਾਲ ਜੁੜ ਗਏ ਕਿਉਂਕਿ ਰਾਜ ਠਾਕਰੇ ਆਪਣੇ ਚਚੇਰੇ ਭਰਾ ਊਧਵ ਠਾਕਰੇ ਦੇ ਉਲਟ, ਸ਼ਹਿਰ ਦੀਆਂ ਸੜਕਾਂ ’ਤੇ ਡਰ ਅਤੇ ਖੌਫ ਪੈਦਾ ਕਰਨ ਲਈ ਹਿੰਸਾ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਨਹੀਂ ਕਰਦੇ ਸਨ। ਰਾਜ ਠਾਕਰੇ ਨਾਲ ਜੁੜਨ ਵਾਲੇ ਗੁੰਡੇ ਜ਼ਿਆਦਾਤਰ ਬੇਰੋਜ਼ਗਾਰ ਸਨ।

ਇਨ੍ਹਾਂ ਗੁੰਡਾ ਅਨਸਰਾਂ ਨੂੰ ਸ਼ੁਰੂ ’ਚ ਬਾਲ ਠਾਕਰੇ ਨੇ ਅਧਿਕਾਰੀਆਂ ਅਤੇ ਨਾਗਰਿਕਾਂ ਨੂੰ ਰਾਜਨੀਤਿਕ ਖੇਤਰ ’ਚ ਆਪਣੇ ਆਉਣ ਦਾ ਅਹਿਸਾਸ ਕਰਵਾਉਣ ਲਈ ਲਗਾਇਆ ਸੀ। ਉਨ੍ਹਾਂ ਨੇ ਸਵੇਰ ਦੀ ਸੈਰ ’ਤੇ ਨਿਕਲਣ ਵਾਲੇ ਦੱਖਣੀ ਭਾਰਤੀ ਸੱਜਣਾਂ ਤੋਂ ਉਨ੍ਹਾਂ ਦੀਆਂ ‘ਲੂੰਗੀਆਂ’ ਖੋਹਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨਾਲ ਇਹ ਸੁਨੇਹਾ ਫੈਲ ਗਿਆ ਕਿ ਦੱਖਣੀ ਭਾਰਤੀਆਂ ਦਾ ਮੁੰਬਈ ’ਚ ਸਵਾਗਤ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਅੰਗਰੇਜ਼ੀ ਭਾਸ਼ਾ ’ਚ ਸਥਾਨਕ ਲੋਕਾਂ ਨੂੰ ਪਛਾੜ ਦਿੱਤਾ ਹੈ ਅਤੇ ਰੇਲਵੇ ਅਤੇ ਹੋਰ ਕੇਂਦਰੀ ਸਰਕਾਰੀ ਅਦਾਰਿਆਂ ’ਚ ਸਾਰੀਆਂ ਵ੍ਹਾਈਟ ਕਾਲਰ ਨੌਕਰੀਆਂ ’ਤੇ ਕਬਜ਼ਾ ਕਰ ਲਿਆ ਹੈ।

ਬਹੁਤ ਹੱਦ ਤੱਕ, ਬਾਲ ਠਾਕਰੇ ਦੀ ਅਗਵਾਈ ਵਾਲੀ ਸ਼ਿਵਸੈਨਾ ਸ਼ਹਿਰ ’ਚ ਸਥਿਤ ਬੈਂਕਾਂ, ਏਅਰ ਇੰਡੀਆ ਅਤੇ ਦੋਵੇਂ ਰੇਲਵੇ ਹੈੱਡਕੁਆਰਟਰਾਂ ਦੇ ਪ੍ਰਬੰਧਨ ਨੂੰ ਆਪਣੀ ਟੀਮ ’ਚ ਹੋਰ ਮਹਾਰਾਸ਼ਟਰੀਆਂ ਨੂੰ ਸ਼ਾਮਲ ਕਰਨ ਲਈ ਮਨਾਉਣ ’ਚ ਸਫਲ ਹੋ ਗਈ। ਸ਼ਿਵਸੈਨਾ ਉਨ੍ਹਾਂ ਦੇ ਜੀਵਨ ’ਚ ਵਧੇਰੇ ਪ੍ਰਾਸੰਗਿਕ ਬਣ ਗਈ, ਜਿਸ ਨਾਲ ਬਾਲ ਠਾਕਰੇ ਰਾਜਨੀਤੀ ’ਚ ਆਪਣੇ ਖੰਭ ਫੈਲਾਉਣ ਦੇ ਯੋਗ ਹੋ ਗਏ। ਕਾਂਗਰਸ ਸਰਕਾਰ ਨੇ ਸ਼ਿਵਸੈਨਾ ਦੀ ਅਰਾਜਕਤਾ ਵੱਲੋਂ ਅੱਖਾਂ ਮੀਟ ਲਈਆਂ ਕਿਉਂਕਿ ਉਹ ਕਮਿਊਨਿਸਟਾਂ ਅਤੇ ਸਮਾਜਵਾਦੀਆਂ ਨੂੰ ਸੱਜੇ-ਪੱਖੀ ਸ਼ਿਵ ਸੈਨਾ ਤੋਂ ਹਾਰਦੇ ਦੇਖ ਕੇ ਖੁਸ਼ ਸੀ।

ਜਦੋਂ ਭਾਜਪਾ ਨੇ ਮਹਾਰਾਸ਼ਟਰ ਦੇ ਸਿਆਸੀ ਖੇਤਰ ’ਚ ਪ੍ਰਵੇਸ਼ ਕੀਤਾ ਤਾਂ ਉਸ ਨੇ ਸ਼ਿਵਸੈਨਾ ਦੀ ਪਿੱਠ ’ਤੇ ਸਵਾਰ ਹੋਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਬਾਲ ਠਾਕਰੇ ਨੇ ਖੁਦ ਨੂੰ ‘ਹਿੰਦੂ ਸਮਰਾਟ’ ਦੇ ਰੂਪ ’ਚ ਸਥਾਪਿਤ ਕੀਤਾ ਸੀ ਅਤੇ ‘ਮਰਾਠੀ ਮਾਨੁਸ’ ਦੇ ਮਾਣ ਨੂੰ ਉਤਸ਼ਾਹ ਦਿੱਤਾ, ਜਿਸ ਨੇ ਉਨ੍ਹਾਂ ਨੂੰ ਸ਼ਹਿਰ ਅਤੇ ਬਾਅਦ ’ਚ ਸੂਬੇ ’ਚ ਬੜ੍ਹਤ ਦਿਵਾਈ ਸੀ।

ਭਾਜਪਾ ਦੀਆਂ ਚਾਲਾਂ ਕਾਮਯਾਬ ਹੋ ਗਈਆਂ। ਸ਼ਿਵਸੈਨਾ ਨਾਲ ਸਮਝੌਤੇ ਤੋਂ ਪਹਿਲਾਂ ਮਹਾਰਾਸ਼ਟਰ ’ਚ ਉਸ ਦੀ ਲਗਭਗ ਕੋਈ ਹਾਜ਼ਰੀ ਨਹੀਂ ਸੀ। ਹੁਣ ਉਹ ਉਸ ਦੀ ਸਰਕਾਰ ’ਚ ਸੀਨੀਅਰ ਸਹਿਯੋਗੀ ਹੈ। ਭਾਜਪਾ ਦੇ ਦੇਵੇਂਦਰ ਫੜਨਵੀਸ ਵਲੋਂ ਚਲਾਕੀ ਨਾਲ ਕੀਤੀ ਗਈ ਇਸ ਵੰਡ ਦੇ ਨਾਲ, ਸ਼ਿਵ ਸੈਨਿਕਾਂ ਦਾ ਇਕ ਬਹੁਤ ਵੱਡਾ ਹਿੱਸਾ ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਮਹਾਵਿਕਾਸ ਆਘਾੜੀ (ਐੱਮ. ਵੀ. ਏ.) ਸਰਕਾਰ ’ਚ ਸ਼ਾਮਲ ਹੋ ਗਿਆ ਹੈ, ਜਿਸ ਦੀ ਅਗਵਾਈ ਏਕਨਾਥ ਸ਼ਿੰਦੇ ਕਰ ਰਹੇ ਹਨ, ਜੋ ਵਾਅਦਾ ਕੀਤੇ ਗਏ ਮੁੱਖ ਮੰਤਰੀ ਅਹੁਦੇ ਦੇ ਲਾਲਚ ’ਚ ਠਾਕਰੇ ਤੋਂ ਵੱਖ ਹੋ ਗਏ ਸਨ। 2022 ’ਚ ਕਾਂਗਰਸ ਦੀ ਅਗਵਾਈ ਵਾਲੀ ਮਹਾਯੁਤੀ ਸਰਕਾਰ ਦੀ ਥਾਂ ਸ਼ਿੰਦੇ ਦੀ ਅਗਵਾਈ ਵਾਲੀ ਭਾਜਪਾ-ਸੰਚਾਲਿਤ ਐੱਮ. ਵੀ. ਏ. ਸਰਕਾਰ ਨੇ ਲੈ ਲਈ।

2024 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ, ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ, ਜਿਸ ਨਾਲ ਬਾਗੀ ਸ਼ਿੰਦੇ ਨੂੰ ਭਾਜਪਾ ਦੇ ਦੇਵੇਂਦਰ ਫੜਨਵੀਸ ਦੀ ਅਗਵਾਈ ’ਚ ਉਪ-ਮੁੱਖ ਮੰਤਰੀ ਦਾ ਅਹੁਦਾ ਸਵੀਕਾਰ ਕਰਨਾ ਪਿਆ।

ਬਾਲ ਠਾਕਰੇ ਦੀ ਅਣਵੰਡੀ ਸ਼ਿਵਸੈਨਾ ਨੇ ਇਕ ਦਹਾਕੇ ਤਕ ਮੁੰਬਈ ਨਗਰ ਨਿਗਮ ’ਤੇ ਸ਼ਾਸਨ ਕੀਤਾ ਸੀ। ਇਹ ਵਿਆਪਕ ਰੂਪ ਨਾਲ ਅਫਵਾਹ ਸੀ ਕਿ ਬੀ. ਐੱਮ. ਸੀ. ਇਕ ਧਨ-ਸੰਪਤੀ ਸਰੋਤ ਹੋਣ ਦੇ ਨਾਤੇ, ਸ਼ਿਵਸੈਨਾ ਨੂੰ ਉਸ ਦੇ ਰੋਜ਼ਾਨਾ ਅਤੇ ਚੋਣ ਖਰਚਿਆਂ ਲਈ ਬਹੁਤ ਸਾਰਾ ਧਨ ਮੁਹੱਈਆ ਕਰਵਾਉਂਦੀ ਸੀ। ਜੇਕਰ ਨਗਰਪਾਲਿਕਾ ਦੇ ਠੇਕਿਆਂ ਦਾ ਸਿਰਫ 10 ਫੀਸਦੀ ਵੀ ਪਾਰਟੀ ਦੀਆਂ ਲੋੜਾਂ ਲਈ ਕੱਢਿਆ ਜਾ ਸਕੇ, ਤਾਂ ਉਸ ਦੀ ਹੋਂਦ ਯਕੀਨੀ ਸੀ।

ਕੋਵਿਡ-19 ਦੇ ਕੰਟਰੋਲ ’ਚ ਆਉਣ ਤੋਂ ਬਾਅਦ 3 ਸਾਲਾਂ ਤੋਂ ਕੋਈ ਨਗਰਪਾਲਿਕਾ ਚੋਣ ਨਹੀਂ ਹੋਈ। ਭਾਜਪਾ ਦੀ ਅਗਵਾਈ ਵਾਲੀ ਸੂਬਾਈ ਸਰਕਾਰ ਬੀ. ਐੱਮ. ਸੀ. ਦੇ ਮਾਮਲਿਆਂ ਦਾ ਨਗਰ ਕਮਿਸ਼ਨਰ ਦੇ ਦਫਤਰ ਰਾਹੀਂ ਪ੍ਰਬੰਧਨ ਕਰਦੀ ਹੈ। ਦਸੰਬਰ ’ਚ ਚੋਣਾਂ ਹੋਣ ਦੀ ਚਰਚਾ ਚੱਲ ਰਹੀ ਹੈ। ਊਧਵ ਠਾਕਰੇ ਅਤੇ ਉਨ੍ਹਾਂ ਦੇ ਚਚੇਰੇ ਭਰਾ ਰਾਜ ਠਾਕਰੇ ਸ਼ਿਵਸੈਨਾ ਦੇ ਗੌਰਵ ਨੂੰ ਮੁੜ ਸਥਾਪਿਤ ਕਰਨ ਲਈ ਇਕਜੁੱਟ ਹੋ ਰਹੇ ਹਨ। ਜੇਕਰ ਉਹ ਰਾਜ ਠਾਕਰੇ ਦੇ ਨਾਲ ਮਿਲ ਕੇ ਨਗਰ ਨਿਗਮ ਚੋਣਾਂ ਲੜਦੇ ਹਨ, ਤਾਂ ਬੀ. ਐੱਮ. ਸੀ. ’ਚ ਸ਼ਿਵਸੈਨਾ ਦੀ ਸੱਤਾ ਬਰਕਰਾਰ ਰਹਿਣ ਦੀਆਂ ਸੰਭਾਵਨਾਵਾਂ ਕਾਫੀ ਵਧ ਜਾਣਗੀਆਂ। ਮੁੰਬਈ ਸ਼ਹਿਰ ਹਮੇਸ਼ਾ ਤੋਂ ਸ਼ਿਵਸੈਨਾ ਦਾ ਪਸੰਦੀਦਾ ਅੱਡਾ ਰਿਹਾ ਹੈ।

ਇਸੇ ਪਿਛੋਕੜ ’ਚ ਸ਼ਹਿਰ ਦੇ ਗੈਰ-ਮਰਾਠੀ ਦੁਕਾਨਦਾਰਾਂ ਨੂੰ ਰਾਜ ਦੇ ਸੈਨਿਕਾਂ ਨੇ ਨਿਸ਼ਾਨਾ ਬਣਾਇਆ ਹੈ। ਦੇਸ਼ ’ਚ ਹਿੰਦੀ ਨੂੰ ਇਕੋ-ਇਕ ਸੰਪਰਕ ਭਾਸ਼ਾ ਬਣਾਉਣ ਦੀ ਭਾਜਪਾ ਦੀ ਸਨਕ ਨੇ ਉਨ੍ਹਾਂ ਨੂੰ ਥੱਪੜ ਮਾਰਨ ਦਾ ‘ਸੁਨਹਿਰੀ ਮੌਕਾ’ ਦੇ ਦਿੱਤਾ। ਮੌਜੂਦਾ ਸਮੇਂ ਦੋ-ਭਾਸ਼ਾ ਸੂਤਰ ਤਹਿਤ ਸਾਰੇ ਸਕੂਲਾਂ ’ਚ ਮਰਾਠੀ ਜ਼ਰੂਰੀ ਹੈ। ਇਸ ਲਈ ਜੇਕਰ ਕੋਈ ਅੰਗਰੇਜ਼ੀ ਮਾਧਿਅਮ ਦਾ ਸਕੂਲ ਹੈ ਤਾਂ ਉਸ ਨੂੰ ਮਰਾਠੀ ਤੋਂ ਇਲਾਵਾ ਤੀਜੀ ਭਾਸ਼ਾ ਦੇ ਰੂਪ ’ਚ ਹਿੰਦੀ ਵੀ ਪੜ੍ਹਾਉਣੀ ਪਵੇਗੀ। ਇਸ ਹੁਕਮ ਨੂੰ ਬੱਚਿਆਂ ਦੇ ਮਾਪਿਆਂ ਨੇ ਚੰਗੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਅਤੇ ਇਸ ਨਾਲ ਸ਼ਿਵਸੈਨਾ ਨੇਤਾਵਾਂ, ਊਧਵ ਅਤੇ ਰਾਜ, ਦੋਵਾਂ ਨੂੰ ਉਹ ਸਹਾਰਾ ਮਿਲ ਗਿਆ ਜਿਸ ਦੀ ਉਨ੍ਹਾਂ ਨੂੰ ਲੋੜ ਸੀ।

ਦਰਅਸਲ, ਹਿੰਦੀ ਦੀ ਮੁੰਬਈ ਸੰਸਕਰਣ, ਹਿੰਦੁਸਤਾਨੀ ਸ਼ਹਿਰ ਦੇ ਜ਼ਿਆਦਾਤਰ ਨਾਗਰਿਕਾਂ ਵਲੋਂ ਵਿਆਪਕ ਤੌਰ ’ਤੇ ਬੋਲੀ ਅਤੇ ਸਮਝੀ ਜਾਂਦੀ ਹੈ। ਮੇਰਾ ਜਨਮ 96 ਸਾਲ ਪਹਿਲਾਂ ਬੰਬਈ ’ਚ ਹੋਇਆ ਸੀ। ਮੈਨੂੰ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ ’ਚ ਦੂਸਰੇ ਨਾਗਰਿਕਾਂ ਨਾਲ ਗੱਲਬਾਤ ਕਰਨ ’ਚ ਕਦੇ ਕੋਈ ਦਿੱਕਤ ਨਹੀਂ ਹੋਈ। ਸਿਆਸੀ ਵਰਗ ਆਪਣੇ ਸਵਾਰਥ ਲਈ ਭਾਸ਼ਾ ਦੇ ਮੁੱਦੇ ਨੂੰ ਤੂਲ ਦੇ ਰਿਹਾ ਹੈ। ਦੇਸ਼ ਦੇ ਦੱਖਣ ’ਚ ਵੀ ਹਿੰਦੀ ਜ਼ਿਆਦਾਤਰ ਲੋਕਪ੍ਰਿਯ ਹੋ ਰਹੀ ਸੀ। ਸਿਆਸੀ ਸਵਾਰਥ ਲਈ ਇਸ ਨੂੰ ਸਾਹਮਣੇ ਲਿਆ ਕੇ ਭਾਜਪਾ ਇਕ ਵੱਡੀ ਭੁੱਲ ਕਰ ਰਹੀ ਹੈ ਜਿਸ ਦਾ ਉਸ ਨੂੰ ਪਛਤਾਵਾ ਹੋਵੇਗਾ।

ਜਦੋਂ ਨੌਕਰੀ ਚਾਹੁਣ ਵਾਲਿਆਂ ਨੂੰ ਹਿੰਦੀ ਸਿੱਖਣ ਦੀ ਲੋੜ ਮਹਿਸੂਸ ਹੋਵੇਗੀ ਤਾਂ ਉਹ ਖੁਦ ਹੀ ਅਜਿਹਾ ਕਰਨਗੇੇ। ਫਿਲਹਾਲ, ਮੁੰਬਈ ’ਚ ਮਹਾਰਾਸ਼ਟਰ ਦਾ ਹੇਠਲਾ ਦਰਮਿਆਨਾ ਵਰਗ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ’ਚ ਭੇਜ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਰੋਜ਼ਗਾਰ ਦੇ ਜ਼ਿਆਦਾ ਮੌਕੇ ਮਿਲਣਗੇ ਪਰ ਅੰਗਰੇਜ਼ੀ ਮਾਧਿਅਮ ਦੇ ਸਕੂਲ ’ਚ ਪੜ੍ਹਨ ਵਾਲੇ ਸਾਰੇ ਬੱਚੇ ਧਾਰਾ ਪ੍ਰਵਾਹ ਹਿੰਦੀ ਬੋਲਦੇ ਹਨ। ਮੇਰੇ 2-4 ਸਾਲ ਦੇ ਪੜਪੋਤੇ ਤਾਂ ਬਿਲਕੁਲ ਬੋਲਦੇ ਹਨ।

ਦਸੰਬਰ ’ਚ ਹੋਣ ਵਾਲੀਆਂ ਬੀ. ਐੱਮ. ਸੀ. ਚੋਣਾਂ ਦੱਸਣਗੀਆਂ ਕਿ ਲੋਕਾਂ ਦੇ ਹਿੱਤ ਕਿਸ ’ਚ ਹਨ। ਮੇਰਾ ਆਪਣਾ ਅਨੁਮਾਨ ਹੈ ਕਿ ਊਧਵ ਦੀ ਸ਼ਿਵਸੈਨਾ ਅਤੇ ਰਾਜ ਦੀ ਮਨਸੇ, ਸ਼ਿੰਦੇ ਧੜੇ ਨੂੰ ਪਛਾੜ ਕੇ ਨਿਗਮ ’ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ। ਉਨ੍ਹਾਂ ਦੇ ਠੀਕ ਪਿੱਛੇ ਭਾਜਪਾ ਹੋਵੇਗੀ ਕਿਉਂਕਿ ਗੁਜਰਾਤੀ ਅਤੇ ਹਿੰਦੀ ਭਾਸ਼ੀ ਨਾਗਰਿਕਾਂ ਦੇ ਵੋਟ ਉਨ੍ਹਾਂ ਨੂੰ ਹੀ ਮਿਲਣਗੇ।

ਇਸੇ ਦੌਰਾਨ ਮੁੱਖ ਮੰਤਰੀ ਦੇ ਸਾਹਮਣੇ ਰਾਜ ਦੀ ਥੱਪੜ ਮਾਰਨ ਵਾਲੀ ਬ੍ਰਿਗੇਡ ਨਾਲ ਨਜਿੱਠਣ ਦਾ ਇਕ ਮੁਸ਼ਕਲ ਕੰਮ ਹੈ। ਫੜਨਵੀਸ ਨੇ ਉਨ੍ਹਾਂ ਨੂੰ ਸਖਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦੇ ਨਵੇਂ ਚੁਣੇ ਪੁਲਸ ਕਮਿਸ਼ਨਰ ਦੇਵੇਨ ਭਾਰਤੀ ਨੇ ਕਾਨੂੰਨ ਦੀ ਸ਼ਾਨ ਨੂੰ ਠੇਸ ਪਹੁੰਚਾਉਣ ਵਾਲੀ ਇਕ ਸ਼ਰਾਰਤ ਨਾਲ ਨਜਿੱਠਣ ਲਈ ਇਕ ਸ਼ਾਨਦਾਰ ਤਰੀਕਾ ਕੱਢਿਆ ਹੈ। ਦੰਗਾ ਕਰਨ ਦੇ ਦੋਸ਼ ’ਚ ਮੁਕੱਦਮਾ ਚਲਾਉਣ ਤੋਂ ਇਲਾਵਾ ਪੁਲਸ ਨੇ ਹਿੰਸਾ ’ਚ ਸ਼ਾਮਲ ਮਨਸੇ ਵਰਕਰਾਂ ਤੋਂ ਚੰਗੇ ਆਚਰਣ ਦਾ ਮੁੱਚਲਕਾ ਭਰਾਉਣ ਦਾ ਵੀ ਫੈਸਲਾ ਕੀਤਾ ਹੈ।

ਪੁਰਾਣੀ ਸਜ਼ਾ ਪ੍ਰਕਿਰਿਆ ਜ਼ਾਬਤੇ ਤਹਿਤ ਇਸ ਨੂੰ ‘ਅਧਿਆਏ ਕਾਰਵਾਈ’ ਕਿਹਾ ਜਾਂਦਾ ਸੀ। ਮੈਨੂੰ ਨਹੀਂ ਪਤਾ ਕਿ ਨਵੇਂ ਕਾਨੂੰਨਾਂ ਤਹਿਤ ਇਸ ਨੂੰ ਕੀ ਕਿਹਾ ਜਾਵੇਗਾ ਪਰ ਮੈਂ ਜਾਣਦਾ ਹਾਂ ਕਿ ਇਹ ਪ੍ਰਕਿਰਿਆਵਾਂ ਅਜਿਹੇ ‘ਚਲਾਕ’ ਸ਼ਰਾਰਤੀ ਲੋਕਾਂ ਨੂੰ ਕਾਬੂ ਕਰਨ ’ਚ ਬਹੁਤ ਪ੍ਰਭਾਵੀ ਹੋ ਸਕਦੀਆਂ ਹਨ, ਜੋ ਜਾਣਦੇ ਹਨ ਕਿ ਸਿਰਫ਼ ਥੱਪੜ ਮਾਰਨਾ ਇਕ ਗੈਰ-ਦਖਲਯੋਗ ਅਪਰਾਧ ਹੈ।

ਜੂਲੀਓ ਰਿਬੈਰੋ


author

DIsha

Content Editor

Related News