ਅੱਲ੍ਹੜਾਂ ਅਤੇ ਨੌਜਵਾਨਾਂ ਵਿਚ ਹਿੰਸਾ ਦੀ ਭਾਵਨਾ ਦਾ ਪੈਦਾ ਹੋਣਾ ਚਿੰਤਾਜਨਕ
Wednesday, Dec 11, 2024 - 03:51 AM (IST)
ਅੱਜ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ’ਤੇ ਦਿਖਾਈ ਜਾਂਦੀ ਹਿੰਸਕ ਸਮੱਗਰੀ ਦਾ ਅੱਲ੍ਹੜਾਂ ਅਤੇ ਨੌਜਵਾਨਾਂ ਦੇ ਮਨਾਂ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਵਿਚ ਜਿਨਸੀ ਅਪਰਾਧ ਅਤੇ ਹਿੰਸਾ ਦੀ ਭਾਵਨਾ ਵਧ ਰਹੀ ਹੈ। ਇਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 12 ਨਵੰਬਰ ਨੂੰ ਛਤਰਪੁਰ (ਮੱਧ ਪ੍ਰਦੇਸ਼) ’ਚ ਇਕ ਨੌਜਵਾਨ ਨੇ ਆਪਣੇ ਪਿਤਾ ‘ਪੂਰਨ ਰੈਕਵਾਰ’ ਨੂੰ ਇਸ ਲਈ ਕੁੱਟ-ਕੁੱਟ ਕੇ ਮਾਰ ਦਿੱਤਾ ਕਿਉਂਕਿ ਉਸ ਦਾ ਪਿਤਾ ਉਸ ਨੂੰ ਬਚਪਨ ’ਚ ਸ਼ਰਾਰਤ ਕਰਨ ’ਤੇ ਕੁੱਟਦਾ ਰਹਿੰਦਾ ਸੀ ਅਤੇ ਜਦੋਂ ਉਹ ਵੱਡਾ ਹੋਇਆ ਤਾਂ ਉਸ ਦਾ ਵਿਆਹ ਵੀ ਉਸਦੀ ਮਨਪਸੰਦ ਲੜਕੀ ਨਾਲ ਨਹੀਂ ਕਰਵਾਇਆ, ਜਿਸ ਦਾ ਬਦਲਾ ਉਸ ਨੇ ਇਸ ਤਰ੍ਹਾਂ ਲਿਆ।
* 14 ਨਵੰਬਰ ਨੂੰ ਨਾਲੰਦਾ (ਬਿਹਾਰ) ਦੇ ਪਿੰਡ ‘ਛੋਟੀਆਟ’ ’ਚ ਇਕ ਲੜਕੀ ਨਾਲ ਛੇੜਛਾੜ ਕਰਨ ਵਾਲੇ ਨਾਬਾਲਗ ਨੂੰ ਪਿੰਡ ਦੇ ਮੁਖੀ ‘ਕਾਰੂ ਤਾਂਤੀ’ ਨੇ ਸਜ਼ਾ ਦਿੱਤੀ ਤਾਂ ਉਸ ਨੇ ਗੁੱਸੇ 'ਚ ਆ ਕੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ‘ਕਾਰੂ ਤਾਂਤੀ’ ਦਾ ਕਤਲ ਕਰ ਦਿੱਤਾ।
* 23 ਨਵੰਬਰ ਨੂੰ ਮੁੰਬਈ ਦੀ ਲੋਕਲ ਟਰੇਨ ’ਚ ਸੀਟ ਨੂੰ ਲੈ ਕੇ ਹੋਏ ਝਗੜੇ ’ਚ 16 ਸਾਲਾ ਅੱਲ੍ਹੜ ਨੇ ‘ਅੰਕੁਸ਼ ਭਾਲੇਰਾਓ’ ਨਾਂ ਦੇ 35 ਸਾਲਾ ਯਾਤਰੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।
* 27 ਨਵੰਬਰ ਨੂੰ ਉੱਤਰ-ਪੂਰਬੀ ਦਿੱਲੀ ਦੇ ‘ਹਰਸ਼ ਵਿਹਾਰ’ ਇਲਾਕੇ ’ਚ ਲੁੱਟ-ਖੋਹ ਦਾ ਵਿਰੋਧ ਕਰਨ ’ਤੇ ਇਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ’ਚ ਪੁਲਸ ਨੇ ਇਕ ਨਾਬਾਲਗ ਸਮੇਤ 5 ਦੋਸ਼ੀਆਂ ਨੂੰ ਫੜਿਆ।
* 5 ਦਸੰਬਰ ਨੂੰ ਦੱਖਣੀ ਦਿੱਲੀ ’ਚ ‘ਅਰਜੁਨ ਤੰਵਰ’ ਨਾਂ ਦੇ ਨੌਜਵਾਨ ਨੇ ਆਪਣੇ ਮਾਤਾ-ਪਿਤਾ ਅਤੇ ਵੱਡੀ ਭੈਣ ਦੀ ਹੱਤਿਆ ਕਰ ਦਿੱਤੀ ਕਿਉਂਕਿ ‘ਅਰਜੁਨ ਤੰਵਰ’ ਨੂੰ ਹਮੇਸ਼ਾ ਲੱਗਦਾ ਸੀ ਕਿ ਉਸ ਦੇ ਮਾਤਾ-ਪਿਤਾ ਉਸ ਤੋਂ ਜ਼ਿਆਦਾ ਉਸ ਦੀ ਵੱਡੀ ਭੈਣ ਨੂੰ ਤਵੱਜੋ ਦੇ ਰਹੇ ਹਨ।
* 5 ਦਸੰਬਰ ਨੂੰ ਹੀ ਦੁਰਗ (ਛੱਤੀਸਗੜ੍ਹ) ਦੇ ਪਿੰਡ ‘ਜੇਵਰਾ’ ਵਿਚ ਇਕ ਵਿਆਹ ਸਮਾਗਮ ਵਿਚ ਰਸਗੁੱਲੇ ਨੂੰ ਲੈ ਕੇ ਹੋਏ ਝਗੜੇ ਦੇ ਨਤੀਜੇ ਵਜੋਂ ਇਕ ਨਾਬਾਲਗ ਨੇ ‘ਸਾਗਰ ਠਾਕੁਰ’ ਨਾਂ ਦੇ ਨੌਜਵਾਨ ਨੂੰ ਚਾਕੂਆਂ ਨਾਲ ਵਾਰ ਕਰ ਕੇ ਮਾਰ ਦਿੱਤਾ।
* 6 ਦਸੰਬਰ ਨੂੰ ਰਾਏਚੋਟੀ (ਆਂਧਰਾ ਪ੍ਰਦੇਸ਼) ਦੇ ‘ਜ਼ਿਲਾ ਪ੍ਰੀਸ਼ਦ ਉਰਦੂ ਸਕੂਲ’ ’ਚ ‘ਸੱਯਦ ਅਹਿਮਦ’ ਨਾਂ ਦੇ ਅਧਿਆਪਕ ਨੇ ਜਦੋਂ 3 ਵਿਦਿਆਰਥੀਆਂ ਨੂੰ ਕਲਾਸ ’ਚ ਰੌਲਾ ਪਾਉਣ ਤੋਂ ਮਨ੍ਹਾ ਕੀਤਾ ਤਾਂ ਉਨ੍ਹਾਂ ਨੇ ਅਧਿਆਪਕ ‘ਸੱਯਦ ਅਹਿਮਦ’ ’ਤੇ ਹਮਲਾ ਕਰ ਦਿੱਤਾ ਜਿਸ ਵਿਚ ਉਸਦੀ ਮੌਤ ਹੋ ਗਈ।
* 6 ਦਸੰਬਰ ਨੂੰ ਹੀ ਛਤਰਪੁਰ (ਮੱਧ ਪ੍ਰਦੇਸ਼) ਜ਼ਿਲ੍ਹੇ ਦੇ ਪਿੰਡ ‘ਧਮੋਰਾ’ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੀ 12ਵੀਂ ਜਮਾਤ ਦੇ ਨਾਬਾਲਗ ਵਿਦਿਆਰਥੀ ‘ਸਦਮ ਯਾਦਵ’ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਆਪਣੇ ਸਕੂਲ ਦੇ ਪ੍ਰਿੰਸੀਪਲ ਐੱਸ. ਕੇ. ਸਕਸੈਨਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪ੍ਰਿੰਸੀਪਲ ਨੇ ‘ਸਦਮ ਯਾਦਵ’ ਨੂੰ ਸਿਰਫ ਇੰਨਾ ਹੀ ਸਮਝਾਇਆ ਸੀ ਕਿ ‘‘ਬੇਟਾ ਸੁਧਰ ਜਾਓ, ਵਿਗੜੋ ਨਾ’’।
* 7 ਦਸੰਬਰ ਨੂੰ ਕੁਰੂਕਸ਼ੇਤਰ (ਹਰਿਆਣਾ) ਦੇ ਪਿੰਡ ‘ਯਾਰਾ’ ’ਚ ਪੈਸਿਆਂ ਦੇ ਲੈਣ-ਦੇਣ ਤੋਂ ਤੰਗ ਆ ਕੇ ਸ਼ਾਹਾਬਾਦ ਕੋਰਟ ’ਚ ਕੰਮ ਕਰਦੇ ਕਰਮਚਾਰੀ ਦੁਸ਼ਯੰਤ ਨੇ ਆਪਣੇ ਮਾਤਾ-ਪਿਤਾ ਅਤੇ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਮੁਲਜ਼ਮ ਨੇ ਆਪਣੇ 13 ਸਾਲਾ ਪੁੱਤਰ ਨੂੰ ਵੀ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ ਪਰ ਉਸ ਨੂੰ ਬਚਾ ਲਿਆ ਗਿਆ।
* 8 ਦਸੰਬਰ ਨੂੰ ਨੋਇਡਾ ਦੇ ‘ਮੰਗਰੋਲੀ’ ਪਿੰਡ ’ਚ 9ਵੀਂ ਜਮਾਤ ਦੇ ਇਕ ਵਿਦਿਆਰਥੀ ਵੱਲੋਂ ਆਪਣੀ ਭਾਬੀ ਨਾਲ ਵਿਆਹ ਕਰਵਾਉਣ ਖਾਤਿਰ ਆਪਣੇ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਨਾਬਾਲਗ ਵਿਦਿਆਰਥੀ ਦਾ ਕਹਿਣਾ ਹੈ ਕਿ ਉਸ ਦੇ ਆਪਣੀ ਭਾਬੀ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ।
ਟੈਲੀਵਿਜ਼ਨ, ਸੋਸ਼ਲ ਮੀਡੀਆ ਅਤੇ ਫਿਲਮਾਂ ਤੋਂ ਇਲਾਵਾ ਨੌਜਵਾਨਾਂ ਵਿਚ ਵਧ ਰਹੀ ਇਸ ਹਿੰਸਕ ਪ੍ਰਵਿਰਤੀ ਦੇ ਹੋਰ ਵੱਡੇ ਕਾਰਨਾਂ ਵਿਚ ਬੱਚਿਆਂ ਪ੍ਰਤੀ ਮਾਪਿਆਂ ਦੀ ਉਦਾਸੀਨਤਾ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਨਾਂਹ-ਪੱਖੀ ਭੂਮਿਕਾ ਆਦਿ ਸ਼ਾਮਲ ਹਨ।
ਇਸ ਲਈ ਇਸ ਸਮੱਸਿਆ ਤੋਂ ਬਚਣ ਲਈ ਨਾ ਸਿਰਫ਼ ਸਮਾਜਿਕ-ਧਾਰਮਿਕ ਸੰਗਠਨਾਂ ਨੂੰ ਅੱਗੇ ਆਉਣਾ ਪਵੇਗਾ ਸਗੋਂ ਮਾਪਿਆਂ ਨੂੰ ਵੀ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਦੇ ਆਚਰਣ ਅਤੇ ਉਨ੍ਹਾਂ ਨਾਲ ਮਿਲਣ ਵਾਲੇ ਲੋਕਾਂ ’ਤੇ ਨਜ਼ਰ ਰੱਖਣੀ ਪਵੇਗੀ।
-ਵਿਜੇ ਕੁਮਾਰ