2 ਸਾਲ ਦੀ ਚੁੱਪ ਤੋਂ ਬਾਅਦ ਫਿਰ ਗਰਜੇ ‘ਕੇ.ਸੀ.ਆਰ.’
Monday, May 05, 2025 - 05:38 PM (IST)

ਵੱਖਰੇ ਤੇਲੰਗਾਨਾ ਰਾਜ ਦੀ ਸਥਾਪਨਾ ਲਈ ਸਫਲ ਸੰਘਰਸ਼ ਕਰਨ ਵਾਲੇ ਨੇਤਾ ਚੰਦਰਸ਼ੇਖਰ ਰਾਓ ਲਗਭਗ 2 ਸਾਲਾਂ ਬਾਅਦ ਇੱਕ ਵਾਰ ਫਿਰ ਆਪਣੇ ਪੁਰਾਣੇ ਗਰਜਨ ਵਾਲੇ ਤੇਵਰਾਂ ’ਚ ਦਿਖਾਈ ਦਿੱਤੇ।
ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੇ ਪ੍ਰਧਾਨ ਕੇ.ਸੀ.ਆਰ. ਨੇ ਹਾਲ ਹੀ ’ਚ ਆਪਣਾ 2 ਸਾਲ ਦਾ ਇਕਾਂਤਵਾਸ ਤੋੜਿਆ ਹੈ। ਨਵੰਬਰ 2023 ਦੀਆਂ ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਕੇ.ਸੀ.ਆਰ. ਨੇ ਜਨਤਕ ਸਮਾਗਮਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ।
ਇਸ ਕਾਰਨ ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਵੀ ਦੂਰੀ ਬਣਾ ਲਈ ਸੀ। ਜ਼ਮੀਨ ਨਾਲ ਜੁੜੇ ਅਤੇ ਸੰਘਰਸ਼ੀਲ ਨੇਤਾ ਦਾ ਇੰਝ ਅਚਾਨਕ ਖੁਦ ਨੂੰ ਜਨਤਕ ਜੀਵਨ ਤੋਂ ਵੱਖ ਕਰ ਲੈਣਾ ਕਿਸੇ ਦੇ ਵੀ ਗਲੇ ਨਹੀਂ ਉਤਰਿਆ।
ਕੇ.ਸੀ.ਆਰ. 2 ਵਾਰੀ ਲਗਾਤਾਰ ਪ੍ਰਭਾਵਸ਼ਾਲੀ ਬਹੁਮਤ ਨਾਲ ਤੇਲੰਗਾਨਾ ਦੇ ਮੁੱਖ ਮੰਤਰੀ ਬਣੇ। ਇਸ ਦੌਰਾਨ ਉਨ੍ਹਾਂ ਨੇ ਤੇਲੰਗਾਨਾ ਦਾ ਬਹੁਤ ਤੇਜ਼ੀ ਨਾਲ ਵਿਕਾਸ ਕੀਤਾ। ਉਨ੍ਹਾਂ ਦੀ ਇਸ ਪ੍ਰਤਿਭਾ ਨੂੰ ਦੇਖ ਕੇ ਦੁਨੀਆ ਦੀਆਂ ਮਸ਼ਹੂਰ ਅਤੇ ਵੱਡੀਆਂ ਬਹੁਕੌਮੀ ਕੰਪਨੀਆਂ ਨੇ ਤੇਲੰਗਾਨਾ ’ਚ ਭਾਰੀ ਨਿਵੇਸ਼ ਕੀਤਾ।
ਕੇ.ਸੀ.ਆਰ. ਨੇ ਵਿਵਸਥਿਤ ਸ਼ਹਿਰੀਕਰਨ ਅਤੇ ਲਗਾਤਾਰ ਬਿਜਲੀ ਅਤੇ ਪਾਣੀ ਦੀ ਸਪਲਾਈ ਯਕੀਨੀ ਕਰਕੇ ਸ਼ਹਿਰੀ ਵਿਕਾਸ ਨੂੰ ਤੇਜ਼ ਰਫਤਾਰ ਦਿੱਤੀ, ਜਿਸ ਨਾਲ ਭਵਨ ਨਿਰਮਾਣ ਉਦਯੋਗ ਨੂੰ ਬਹੁਤ ਉਤਸ਼ਾਹ ਮਿਲਿਆ।
ਅੱਜ ਹੈਦਰਾਬਾਦ ’ਚ ਜ਼ਮੀਨਾਂ ਦੇ ਭਾਅ ਸਭ ਤੋਂ ਵੱਧ ਹਨ। ਕਿਸਾਨਾਂ, ਔਰਤਾਂ, ਨੌਜਵਾਨਾਂ ਅਤੇ ਦਲਿਤਾਂ ਲਈ ਉਨ੍ਹਾਂ ਨੇ ਕਈ ਲਾਭਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ। ਸਿੰਚਾਈ ਦੇ ਖੇਤਰ ’ਚ ਕਾਲੇਸ਼ਵਰਮ ਵਰਗੀ ਵੱਡੀ ਯੋਜਨਾ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ।
ਇਸ ਸਭ ਦੌਰਾਨ, ਉਨ੍ਹਾਂ ਦੇ ਵਿਰੋਧੀਆਂ ਅਤੇ ਆਲੋਚਕਾਂ ਨੇ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ। ਉਨ੍ਹਾਂ ਦੀ ਪਰਵਾਹ ਕੀਤੇ ਬਿਨਾਂ ਕੇ.ਸੀ.ਆਰ. ਇਕ ਜਨੂਨ ਵਾਂਗ ਆਪਣੀ ਮੁਹਿੰਮ ’ਚ ਜੁਟੇ ਰਹੇ, ਪਰ ਉਨ੍ਹਾਂ ਤੋਂ ਇਕ ਵੱਡੀ ਗਲਤੀ ਹੋ ਗਈ। ਉਨ੍ਹਾਂ ’ਤੇ ਇਹ ਦੋਸ਼ ਲੱਗੇ ਕਿ ਉਹ ਖੁਦ ਨੂੰ ਜਨਤਾ ਅਤੇ ਆਪਣੀ ਪਾਰਟੀ ਦੇ ਵਰਕਰਾਂ ਤੋਂ ਦੂਰ ਰੱਖਦੇ ਸਨ।
ਸ਼ਾਇਦ ਇਸ ਲਈ 2023 ’ਚ ਉਨ੍ਹਾਂ ਨੂੰ ਜਨਤਾ ਦਾ ਸਮਰਥਨ ਨਹੀਂ ਮਿਲਿਆ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ।
ਸੰਤ ਸ਼੍ਰੀ ਚਿੰਨਾਹਜਿਆਰ ਸਵਾਮੀ ਦੀ ਸਲਾਹ ’ਤੇ ਮੇਰੀ ਕੇ.ਸੀ.ਆਰ. ਨਾਲ 2022 ’ਚ ਜਾਣ-ਪਛਾਣ ਹੋਈ। ਪਹਿਲੀ ਮੁਲਾਕਾਤ ’ਚ ਹੀ, ਉਸ ਨੇ ਮੈਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਅਤੇ ਇਸ ਤੋਂ ਬਾਅਦ, ਸਾਲ ਭਰ ਉਸ ਨੇ ਮੈਨੂੰ ਵਾਰ-ਵਾਰ ਹੈਦਰਾਬਾਦ ਬੁਲਾਇਆ ਅਤੇ ਵਿਕਾਸ ਦੇ ਵੱਖ-ਵੱਖ ਵਿਸ਼ਿਆਂ ’ਤੇ ਮੇਰੇ ਅਤੇ ਮੇਰੇ ਸਾਥੀਆਂ ਨਾਲ ਡੂੰਘੀ ਚਰਚਾ ਕੀਤੀ। ਮੈਂ ਉਸ ਵਿੱਚ ਇਕ ਦੂਰਦਰਸ਼ੀ ਨੇਤਾ ਦੇਖਿਆ।
ਜਿਸ ਤਰ੍ਹਾਂ ਉਨ੍ਹਾਂ ਨੇ ਹੈਦਰਾਬਾਦ ਤੋਂ 60 ਕਿਲੋਮੀਟਰ ਦੂਰ ਯਦਾਦ੍ਰੀਗਿਰੀਗੁੱਟਾ ਇਲਾਕੇ ’ਚ ਭਗਵਾਨ ਲਕਸ਼ਮੀ ਨਰਸਿੰਹ ਦੇਵ ਦਾ ਨੱਕਾਸ਼ੀਦਾਰ ਗ੍ਰੇਨਾਈਟ ਪੱਥਰ ਦਾ ਪਹਾੜ ਉੱਤੇ ਇਕ ਬਹੁਤ ਹੀ ਵਿਸ਼ਾਲ ਮੰਦਰ ਬਣਾਇਆ ਹੈ, ਉਹ ਕਲਪਨਾ ਤੋਂ ਬਾਹਰ ਹੈ।
ਜਿਕਰਯੋਗ ਹੈ ਕਿ ਇਸ ਮੰਦਰ ਦਾ ਸਾਰਾ ਨਿਰਮਾਣ ਕੰਮ ਆਗਮ, ਵਾਸਤੂ ਅਤੇ ਪੰਚਰਥ ਸ਼ਾਸਤਰਾਂ ਦੇ ਸਿਧਾਂਤਾਂ ’ਤੇ ਕੀਤਾ ਗਿਆ ਹੈ, ਜਿਨ੍ਹਾਂ ਦੀ ਦੱਖਣ ਭਾਰਤ ’ਚ ਬਹੁਤ ਮਾਨਤਾ ਹੈ। ਕੇ.ਸੀ.ਆਰ. ਦੀ ਸਨਾਤਨ ਧਰਮ ’ਚ ਡੂੰਘੀ ਆਸਥਾ ਹੈ।
ਇਸ ਮੰਦਰ ਦੇ ਚਾਰੇ ਪਾਸੇ ਉਨ੍ਹਾਂ ਨੇ ਤਿਰੂਪਤੀ ਵਰਗਾ ਸੁੰਦਰ ਵੈਦਿਕ ਨਗਰ ਰਾਤੋਂ-ਰਾਤ ਸਥਾਪਿਤ ਕਰ ਦਿੱਤਾ। ਜਿਥੇ ਉੱਤਰ ਭਾਰਤ ਦੇ ਮੰਦਰਾਂ ਦਾ ਤੇਜ਼ੀ ਨਾਲ ਬਾਜ਼ਾਰੀਕਰਨ ਹੋ ਰਿਹਾ ਹੈ, ਉਥੇ ਹੀ ਕੇ.ਸੀ.ਆਰ. ਨੇ ਮੰਦਰ ਦੇ ਪਰਿਸਰ ਅਤੇ ਉਸ ਦੇ ਆਲੇ-ਦੁਆਲੇ ਫਲ-ਫੁੱਲ, ਮਠਿਆਈਆਂ, ਕਲਾਕ੍ਰਿਤੀਆਂ ਜਾਂ ਖਾਣ-ਪੀਣ ਦੀ ਇਕ ਵੀ ਦੁਕਾਨ ਨਹੀਂ ਬਣਨ ਦਿੱਤੀ ਕਿਉਂਕਿ ਉਸ ਨਾਲ ਮੰਦਰ ਦੀ ਪਵਿੱਤਰਤਾ ਭੰਗ ਹੁੰਦੀ ਹੈ।
ਇਹ ਸਾਰੀਆਂ ਕਾਰੋਬਾਰੀ ਗਤੀਵਿਧੀਆਂ ਪਹਾੜੀ ਦੀ ਤਲਹਟੀ ’ਚ ਚਾਰੋਂ ਪਾਸੇ ਨਵੇਂ ਉਸਾਰੇ ਗਏ ਸ਼ਹਿਰ ’ਚ ਹੀ ਹੁੰਦੀਆਂ ਹਨ।
ਤੇਲੰਗਾਨਾ ਸੂਬੇ ਨੂੰ ਬਣਵਾਉਣ ਤੋਂ ਬਾਅਦ ਕੇ.ਸੀ.ਆਰ. ਨਵੇਂ ਰਾਜ ਦੇ ਮੁੱਖ ਮੰਤਰੀ ਬਣ ਕੇ ਚੁੱਪ ਨਹੀਂ ਬੈਠੇ। ਉਨ੍ਹਾਂ ਨੇ ਕਿਸਾਨੀ ਦੇ ਆਪਣੇ ਤਜਰਬੇ ਅਤੇ ਦੂਰਦ੍ਰਿਸ਼ਟੀ ਨਾਲ ਸੀ.ਈ.ਓ. ਵਾਂਗ ਦਿਨ-ਰਾਤ ਇਕ ਕਰਕੇ ਹਰ ਮੋਰਚੇ ’ਤੇ ਅਜਿਹੀ ਅਨੋਖੀ ਕਾਮਯਾਬੀ ਹਾਸਲ ਕੀਤੀ ਕਿ ਇੰਨੇ ਘੱਟ ਸਮੇਂ ’ਚ ਤੇਲੰਗਾਨਾ ਭਾਰਤ ਦਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲਾ ਪ੍ਰਦੇਸ਼ ਬਣ ਗਿਆ।
ਮੈਂ ਖੁਦ ਤੇਲੰਗਾਨਾ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਅਤੇ ਤੇਲੰਗਾਨਾ ’ਚ ਖੇਤੀਬਾੜੀ, ਸਿੰਚਾਈ, ਕੁਟੀਰ ਅਤੇ ਵੱਡੇ ਉਦਯੋਗਾਂ, ਸਿੱਖਿਆ, ਸਿਹਤ ਅਤੇ ਸਮਾਜ ਭਲਾਈ ਦੇ ਖੇਤਰਾਂ ’ਚ ਜੋ ਤਰੱਕੀ ਦੇਖੀ, ਉਹ ਹੈਰਾਨੀਜਨਕ ਹੈ।
ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਦਿੱਲੀ ’ਚ 4 ਦਹਾਕਿਆਂ ਤੋਂ ਰਾਜਨੀਤਿਕ ਪੱਤਰਕਾਰੀ ਕਰਨ ਦੇ ਬਾਵਜੂਦ ਨਾ ਤਾਂ ਮੈਨੂੰ ਕੇ.ਸੀ.ਆਰ. ਦੀਆਂ ਇਨ੍ਹਾਂ ਉਪਲਬਧੀਆਂ ਦਾ ਕੋਈ ਅੰਦਾਜ਼ਾ ਸੀ ਅਤੇ ਨਾ ਹੀ ਕੇ.ਸੀ.ਆਰ. ਬਾਰੇ ਆਮ ਨਾਲੋਂ ਵੱਧ ਕੁਝ ਪਤਾ ਸੀ।
ਬੀਤੇ ਹਫਤੇ ਕੇ.ਸੀ.ਆਰ. ਨੇ ਆਪਣੀ ਪਾਰਟੀ ਦੀ ਸਿਲਵਰ ਜੁਬਲੀ ਦੇ ਮੌਕੇ ’ਤੇ ਵਾਰੰਗਲ ਜ਼ਿਲੇ ਦੇ ਏਲਕਥੁਰਥੀ ਪਿੰਡ ’ਚ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ।
ਇਸ ਰੈਲੀ ’ਚ ਅਪਾਰ ਜਨਸਮੂਹ ਦੇ ਆਉਣ ਨਾਲ ਇਹ ਗੱਲ ਸਾਹਮਣੇ ਆਈ ਕਿ ਜਿਨ੍ਹਾਂ ਵੋਟਰਾਂ ਨੇ 2 ਸਾਲ ਪਹਿਲਾਂ ਕੇ.ਸੀ.ਆਰ. ਨੂੰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ’ਚ ਨਕਾਰ ਦਿੱਤਾ ਸੀ, ਉਹ ਹੁਣ ਫਿਰ ਵਾਪਸ ਕੇ.ਸੀ.ਆਰ. ਦੇ ਝੰਡੇ ਹੇਠ ਖੜ੍ਹੇ ਹੋ ਗਏ ਹਨ।
ਹੈਦਰਾਬਾਦ ਅਤੇ ਬਾਕੀ ਤੇਲੰਗਾਨਾ ’ਚ ਆਪਣੇ ਸੰਪਰਕਾਂ ਨਾਲ ਤਹਿਕੀਕਾਤ ਕਰਨ ’ਤੇ ਪਤਾ ਲੱਗਾ ਕਿ ਤੇਲੰਗਾਨਾ ਦੀ ਮੌਜੂਦਾ ਕਾਂਗਰਸ ਸਰਕਾਰ 2 ਸਾਲਾਂ ’ਚ ਹੀ ਆਪਣੀ ਹਰਮਨਪਿਆਰਤਾ ਗੁਆ ਚੁੱਕੀ ਹੈ।
ਇਸ ਦਾ ਮੁੱਖ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਨੇ ਜੋ ਦਰਜਨਾਂ ਵਾਅਦੇ ਤੇਲੰਗਾਨਾ ਦੀ ਜਨਤਾ ਨਾਲ ਕੀਤੇ ਸਨ, ਉਨ੍ਹਾਂ ’ਚੋਂ ਜ਼ਿਆਦਾਤਰ ਨੂੰ ਉਹ ਪੂਰਾ ਨਹੀਂ ਕਰ ਸਕੀ।
ਜਦਕਿ ਗੁਆਞਢੀ ਸੂਬੇ ਕਰਨਾਟਕ ’ਚ ਕਾਂਗਰਸ ਨੇ ਆਪਣੇ ਕਾਫ਼ੀ ਵਾਅਦੇ ਪੂਰੇ ਕੀਤੇ ਹਨ।
ਇਸ ਰੈਲੀ ’ਚ ਕੇ.ਸੀ.ਆਰ. ਕਾਂਗਰਸ ’ਤੇ ਖੁੱਲ੍ਹ ਕੇ ਵਰ੍ਹੇ। ਕੇ.ਸੀ.ਆਰ. ਨੇ ਰੈਲੀ ’ਚ ਜਨਤਾ ਨੂੰ ਪੁੱਛਿਆ ਕਿ ਕੀ ਆਪਣੇ ਵਾਅਦਾਂ ਦੇ ਮੁਤਾਬਕ ਕਾਂਗਰਸ ਸਰਕਾਰ ਨੇ ਤੁਹਾਨੂੰ ਡਬਲ ਪੈਨਸ਼ਨ ਦਿੱਤੀ, ਕੀ ਵਿਦਿਆਰਥੀਆਂ ਨੂੰ ਮੁਫ਼ਤ ਸਕੂਟੀ ਦਿੱਤੀ, ਕਿਸਾਨਾਂ ਦੇ ਕਰਜ਼ੇ ਮਾਫ ਕੀਤੇ? ਇਸ ’ਤੇ ਜਨਤਾ ਦਾ ਜ਼ੋਰ-ਸ਼ੋਰ ਨਾਲ ਜਵਾਬ ਸੀ ‘ਨਹੀਂ’।
ਜਦਕਿ ਕੇ.ਸੀ.ਆਰ. ਨੇ ਰਾਇਥੂ ਬੰਧੂ ਵਰਗੀਆਂ ਕਲਿਆਣਕਾਰੀ ਤਰਜੀਹਾਂ ਅਤੇ ਆਪਣੇ ਕਾਰਜਕਾਲ ਦੌਰਾਨ ਸ਼ੁਰੂ ਕੀਤੇ ਗਏ ਵੱਡੇ ਸਿੰਚਾਈ ਪ੍ਰੋਜੈਕਟਾਂ ਨੂੰ ਉਜਾਗਰ ਕੀਤਾ।
ਇਹ ਧਿਆਨ ਦੇਣਯੋਗ ਹੈ ਕਿ ਤੇਲੰਗਾਨਾ ਦਾ ਖੇਤੀ ਉਤਪਾਦਨ ਕੇ.ਸੀ.ਆਰ. ਦੇ ਸ਼ਾਸਨਕਾਲ ਦੌਰਾਨ ਦੁੱਗਣਾ ਹੋ ਗਿਆ।
ਇਸ ਵਿਸ਼ਾਲ ਰੈਲੀ ਨੇ ਨਾ ਸਿਰਫ਼ ਪਾਰਟੀ ਵਰਕਰਾਂ ਨੂੰ ਉਤਸ਼ਾਹਿਤ ਕੀਤਾ ਸਗੋਂ ਇਹ ਸੰਦੇਸ਼ ਵੀ ਦਿੱਤਾ ਕਿ ਕੇ.ਸੀ.ਆਰ. ਅਤੇ ਉਨ੍ਹਾਂ ਦੀ ਪਾਰਟੀ ਹੁਣ ਦੁਬਾਰਾ ਤੇਲੰਗਾਨਾ ਦੀ ਜਨਤਾ ਵਿਚਾਲੇ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ।
ਇਸ ਜਨ ਸਭਾ ’ਚ ਕੇ.ਸੀ.ਆਰ. ਨੇ ਕਾਂਗਰਸ ਨੂੰ ‘ਤੇਲੰਗਾਨਾ ਦਾ ਨੰਬਰ ਇਕ ਖਲਨਾਇਕ’ ਕਰਾਰ ਦਿੱਤਾ। ਹਾਲਾਂਕਿ ਉਹ ਖੁਦ ਦਹਾਕਿਆਂ ਤਕ ਕਾਂਗਰਸ ਪਾਰਟੀ ਦੇ ਮੈਂਬਰ ਰਹੇ, ਪਰ ਇਸ ਰੈਲੀ ’ਚ ਉਨ੍ਹਾਂ ਨੇ ਦੋਸ਼ ਲਾਇਆ ਕਿ 1956 ’ਚ ਕਾਂਗਰਸ ਨੇ ਤੇਲੰਗਾਨਾ ਨੂੰ ਆਂਧਰਾ ਪ੍ਰਦੇਸ਼ ਦੇ ਨਾਲ ਜ਼ਬਰਦਸਤੀ ਮਿਲਾ ਦਿੱਤਾ ਸੀ, ਜਿਸ ਦੇ ਵਿਰੁੱਧ ਤੇਲੰਗਾਨਾ ਦੀ ਜਨਤਾ ਨੇ ਲੰਬਾ ਸੰਘਰਸ਼ ਕੀਤਾ।
ਉਨ੍ਹਾਂ ਨੇ ਨਾ ਸਿਰਫ ਕਾਂਗਰਸ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਸਗੋਂ ਮੌਜੂਦਾ ਮੁੱਖ ਮੰਤਰੀ ਰੇਵੰਤ ਰੈੱਡੀ ’ਤੇ ਵੀ ਨਿਸ਼ਾਨਾ ਸਾਧਿਆ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ 420 ਤੋਂ ਵੱਧ ਵਾਅਦੇ ਕੀਤੇ, ਪਰ ਸੂਬੇ ਦੀ ਵਿੱਤੀ ਸਥਿਤੀ ਦਾ ਜਾਇਜ਼ਾ ਲਏ ਬਿਨਾਂ ਕੀਤੇ ਗਏ ਇਹ ਵਾਅਦੇ ਖੋਖਲੇ ਸਾਬਤ ਹੋਏ।
ਇਸ ਤੋਂ ਇਲਾਵਾ, ਉਨ੍ਹਾਂ ਨੇ ਭਾਜਪਾ ਦੇ ਹਿੰਦੂਤਵ ਏਜੰਡੇ ਦਾ ਜਵਾਬ ਦਿੰਦੇ ਹੋਏ ਭਗਵਾਨ ਰਾਮ ਦਾ ਵਰਨਣ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਪ੍ਰੇਰਣਾ ‘ਜਨਨੀ ਜਨਮਭੂਮੀਸ਼ਚ ਸਵਰਗਾਦਪੀ ਗਰੀਅਸੀ’ ਸੀ, ਜਿਸ ਨੇ ਉਨ੍ਹਾਂ ਨੂੰ ਤੇਲੰਗਾਨਾ ਅੰਦੋਲਨ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।
ਇਹ ਉਨ੍ਹਾਂ ਦੇ ਹਿੰਦੂ ਵੋਟ ਬੈਂਕ ਨੂੰ ਜੋੜਣ ਦੀ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
-ਵਿਨੀਤ ਨਾਰਾਇਣ