‘ਸਰਕਾਰੀ ਸਕੂਲਾਂ ਦੀ ਖਸਤਾ ਹਾਲਤ’ ਵਿਦਿਆਰਥੀਆਂ ’ਤੇ ਮੰਡਰਾਉਂਦੀ ਮੌਤ!
Saturday, Jul 26, 2025 - 07:15 AM (IST)

ਅਸੀਂ ਵਾਰ-ਵਾਰ ਲਿਖਦੇ ਰਹੇ ਹਾਂ ਕਿ ਲੋਕਾਂ ਨੂੰ ਸਾਫ ਪਾਣੀ, ਬਿਜਲੀ, ਸਿਹਤ ਸਹੂਲਤਾਂ ਅਤੇ ਘੱਟ ਖਰਚ ’ਤੇ ਪੱਧਰ ਦੀ ਸਿੱਖਿਆ ਮੁਹੱਈਆ ਕਰਵਾਉਣਾ ਕੇਂਦਰ ਅਤੇ ਸੂਬਾਈ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਦੋਵੇਂ ਹੀ ਇਹ ਜ਼ਿੰਮੇਵਾਰੀ ਨਿਭਾਉਣ ’ਚ ਅਸਫਲ ਹੋ ਰਹੀਆਂ ਹਨ।
ਸਾਡੇ ਸਰਕਾਰੀ ਸਕੂਲਾਂ ਦੀ ਹਾਲਤ ਵੀ ਤਰਸਯੋਗ ਹੈ ਅਤੇ ਕਈ ਸਕੂਲਾਂ ਦੀਆਂ ਖਸਤਾਹਾਲ ਇਮਾਰਤਾਂ ਦੇ ਰੂਪ ’ਚ ਵਿਦਿਆਰਥੀਆਂ ’ਤੇ ਮੌਤ ਮੰਡਰਾਉਂਦੀ ਹੈ। ਇਹ ਗੱਲ ਵਿਸ਼ੇਸ਼ ਤੌਰ ’ਤੇ ਹੇਠਲੀਆਂ ਕਲਾਸਾਂ ਵਾਲੇ ਸਕੂਲਾਂ ’ਤੇ ਲਾਗੂ ਹੁੰਦੀ ਹੈ।
ਮੱਧ ਪ੍ਰਦੇਸ਼ ਦੇ ‘ਸਿੰਗਰੋਲੀ’ ਜ਼ਿਲੇ ’ਚ ਕਈ ਸਰਕਾਰੀ ਸਕੂਲ ਖੰਡਰਾਂ ’ਚ ਤਬਦੀਲ ਹੋ ਚੁੱਕੇ ਹਨ ਅਤੇ ਛੱਤਾਂ ਟਪਕ ਰਹੀਆਂ ਹਨ। ਪਲਾਸਟਰ ਅਤੇ ਸੀਮੈਂਟ ਕੰਧਾਂ ਦਾ ਸਾਥ ਛੱਡ ਰਹੇ ਹਨ। ਕੰਧਾਂ ਦਰਾੜਾਂ ਨਾਲ ਭਰੀਆਂ ਹੋਈਆਂ ਹਨ, ਅਨੇਕ ਥਾਵਾਂ ’ਤੇ ਛੱਤਾਂ ਦੀ ਹਾਲਤ ਇੰਨੀ ਖਰਾਬ ਹੈ ਕਿ ਇਹ ਕਦੋਂ ਡਿੱਗ ਜਾਣ ਉਸ ਦਾ ਕੋਈ ਭਰੋਸਾ ਨਹੀਂ।
ਅਨੇਕਾਂ ਸਕੂਲਾਂ ’ਚ ਪੀਣ ਦਾ ਸਾਫ ਪਾਣੀ ਵੀ ਉਪਲਬਧ ਨਹੀਂ। ਬੱਚੇ ਅਤੇ ਅਧਿਆਪਕ ਆਪਣੇ ਘਰਾਂ ਤੋਂ ਪਾਣੀ ਲੈ ਕੇ ਆਉਂਦੇ ਹਨ। ਸ਼ੌਚਾਲਿਆ ਦੀ ਹਾਲਤ ਵੀ ਕਾਫੀ ਨਰਕੀ ਹੈ। ਮੱਧ ਪ੍ਰਦੇਸ਼ ਦੇ ‘ਜੋਗਿਆਨੀ’ ਪਿੰਡ ਦੇ ਸਰਕਾਰੀ ਸਕੂਲ ’ਚ ਸਥਿਤੀ ਦਾ ਜਾਇਜ਼ਾ ਲੈਣ ਗਏ ਪੱਤਰਕਾਰਾਂ ਦੇ ਇਕ ਦਲ ਨੇ ਕਈ ਸਕੂਲਾਂ ’ਚ ਵਰਖਾ ਕਾਰਨ ਟਪਕਦੀਆਂ ਛੱਤਾਂ ਦੇ ਹੇਠਾਂ ਬੈਠੇ ਬੱਚਿਆਂ ਨੂੰ ਭਿੱਜਦੇ ਵੀ ਦੇਖਿਆ।
ਇਨ੍ਹਾਂ ਸਕੂਲਾਂ ’ਚ ਵਿਦਿਆਰਥੀ-ਵਿਦਿਆਰਥਣਾਂ ਜਾਨ ਜੋਖਮ ’ਚ ਪਾ ਕੇ ਪੜ੍ਹਾਈ ਕਰ ਰਹੇ ਹਨ। ਵਰਖਾ ਨੇ ਸਰਕਾਰੀ ਇਮਾਰਤਾਂ ਦੀ ਖਸਤਾ ਹਾਲਤ ਦੀ ਪੋਲ ਖੋਲ੍ਹ ਦਿੱਤੀ ਹੈ। ਸਥਿਤੀ ਦੀ ਗੰਭੀਰਤਾ ਦਾ ਅਨੁਮਾਨ ਸਿਰਫ 5 ਦਿਨਾਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਲਗਾਇਆ ਜਾ ਸਕਦਾ ਹੈ :
* 20 ਜੁਲਾਈ ਨੂੰ ‘ਭੋਪਾਲ’ (ਮੱਧ ਪ੍ਰਦੇਸ਼) ਦੇ ‘ਬਰਖੇੜਾ ਪਠਾਨੀ’ ਸਥਿਤ ‘ਸਰਕਾਰੀ ਪੀ. ਐੱਮ. ਸ਼੍ਰੀ ਸਕੂਲ’ ਦੇ ਇਕ ਕਮਰੇ ’ਚ ਚੱਲ ਰਹੀ ਕਲਾਸ ਦੌਰਾਨ ਛੱਤ ਤੋਂ ਪਲਾਸਟਰ ਦਾ ਇਕ ਵੱਡਾ ਟੁਕੜਾ ਟੁੱਟ ਕੇ ਇਕ ਵਿਦਿਆਰਥਣ ਦੇ ਸਿਰ ’ਤੇ ਆ ਡਿੱਿਗਆ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ ਅਤੇ ਉਸ ਨੂੰ ਕਈ ਟਾਂਕੇ ਲਗਾਉਣੇ ਪਏ।
* ਅਤੇ ਹੁਣ 25 ਜੁਲਾਈ ਨੂੰ ਸਵੇਰੇ ਪੌਣੇ 8 ਵਜੇ ਰਾਜਸਥਾਨ ’ਚ ‘ਝਾਲਾਵਾਰਡ’ ਜ਼ਿਲੇ ਦੇ ‘ਪੀਪਲੋਧੀ’ ਪਿੰਡ ਦੇ ਸਰਕਾਰੀ ਸਕੂਲ ਦੀ ਖਸਤਾ ਇਮਾਰਤ ਢਹਿ ਜਾਣ ਨਾਲ 7 ਬੱਚਿਆਂ ਦੀ ਦਰਦਨਾਕ ਮੌਤ ਅਤੇ 35 ਬੱਚੇ ਮਲਬੇ ਦੇ ਹੇਠਾਂ ਦੱਬੇ ਗਏ।
ਇਨ੍ਹਾਂ ਨੂੰ ਇਲਾਜ ਲਈ ‘ਮਨੋਹਰ ਥਾਣਾ ਕਮਿਊਨਿਟੀ ਸਿਹਤ ਕੇਂਦਰ’ (ਸੀ. ਐੱਸ. ਸੀ.) ਲਿਜਾਇਆ ਿਗਆ ਜਿੱਥੇ ਇਨ੍ਹਾਂ ’ਚੋਂ 9 ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਝਾਲਾਵਾਰਡ ਜ਼ਿਲਾ ਹਸਪਤਾਲ ’ਚ ਰੈਫਰ ਕੀਤਾ ਿਗਆ ਹੈ।
ਇਸ ਮਾਮਲੇ ’ਚ ਸਕੂਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ। ਜਦੋਂ ਕੁਝ ਬੱਚਿਆਂ ਨੇ ਕਲਾਸ ’ਚ ਮੌਜੂਦ ਅਧਿਆਪਕ ਨੂੰ ਕਿਹਾ ਕਿ ਛੱਤ ਡਿੱਗ ਰਹੀ ਹੈ ਤਾਂ ਕਥਿਤ ਤੌਰ ’ਤੇ ਅਧਿਆਪਕ ਨੇ ਇਹ ਕਹਿ ਕੇ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਕਿ ਬੈਠੇ ਰਹੋ।
ਪਿੰਡ ਵਾਸੀਅਾਂ ਦਾ ਦੋਸ਼ ਹੈ ਕਿ ਅਧਿਕਾਰੀਆਂ ਦਾ ਇਸ ਪਾਸੇ ਵਾਰ-ਵਾਰ ਧਿਆਨ ਦਿਵਾਉਣ ਦੇ ਬਾਅਦ ਵੀ ਇਸ ਦੀ ਮੁਰੰਮਤ ਨਹੀਂ ਕਰਵਾਈ ਗਈ ਅਤੇ ਪਿਛਲੇ ਕੁਝ ਦਿਨਾਂ ਦੀ ਭਾਰੀ ਵਰਖਾ ਨੇ ਇਸ ਦੀ ਸਥਿਤੀ ਨੂੰ ਹੋਰ ਕਮਜ਼ੋਰ ਕਰ ਦਿੱਤਾ ਸੀ।
ਸਥਾਨਕ ਲੋਕਾਂ ਅਨੁਸਾਰ ਸਕੂਲ ਦੀ ਖਰਾਬ ਹਾਲਤ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਪਰ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਹਾਲਾਂਕਿ ਹੁਣ ਸਕੂਲ ਦੇ ਹੈੱਡਮਾਸਟਰ ਸਮੇਤ 5 ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਿਗਆ ਹੈ।
ਘਟਨਾ ਦੇ ਸਮੇਂ ਸਕੂਲ ’ਚ ਲਗਭਗ 60-70 ਬੱਚੇ ਅਤੇ ਕੁਝ ਅਧਿਆਪਕ ਮੌਜੂਦ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ‘ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ’ ਅਤੇ ‘ਸੂਬਾਈ ਆਫਤ ਪ੍ਰਤੀਕਿਰਿਆ ਬਲ’ ਦੀਆਂ ਟੀਮਾਂ, ਜੇ. ਸੀ. ਬੀ. ਮਸ਼ੀਨਾਂ ਦੇ ਨਾਲ ਮਲਬਾ ਹਟਾਉਣ ਅਤੇ ਉਸ ਦੇ ਹੇਠਾਂ ਦੱਬੇ ਬੱਚਿਆਂ ਨੂੰ ਕੱਢਣ ’ਚ ਜੁਟ ਗਈਆਂ। ਪਿੰਡ ਵਾਸੀਆਂ ਨੇ ਵੀ ਆਪਣੇ ਹੱਥਾਂ ਨਾਲ ਮਲਬਾ ਹਟਾ ਕੇ ਬਚਾਅ ਕਾਰਜ ’ਚ ਸਹਿਯੋਗ ਕੀਤਾ।
ਇੱਥੇ ਦਿੱਤੀਆਂ ਗਈਆਂ ਘਟਨਾਵਾਂ ਤਾਂ ਮਹਿਜ਼ ਉਦਾਹਰਣਾਂ ਹੀ ਹਨ, ਅਜਿਹੇ ’ਚ ਵਿਦਿਆਰਥੀਆਂ ਦੇ ਸਰਪ੍ਰਸਤਾਂ ਵਲੋਂ ਇਹ ਸਵਾਲ ਪੁੱਛਣਾ ਉਚਿਤ ਹੀ ਹੈ ਕਿ ਬੱਚਿਆਂ ਨੂੰ ਅਜਿਹੀਆਂ ਅਸੁਰੱਖਿਅਤ ਇਮਾਰਤਾਂ ’ਚ ਪੜ੍ਹਨ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ ਹੈ? ਇਨ੍ਹਾਂ ਘਟਨਾਵਾਂ ਨੇ ਦੇਸ਼ ਭਰ ’ਚ ਸਿੱਖਿਆ ਵਿਭਾਗ ਦੀਆਂ ਤਿਆਰੀਆਂ ਅਤੇ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਲਈ ਇਸ ਦੇ ਲਈ ਜ਼ਿੰਮੇਵਾਰ ਸਟਾਫ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸਕੂਲੀ ਸਿੱਖਿਆ ਰਾਜਾਂ ਦਾ ਵਿਸ਼ਾ ਹੈ ਅਤੇ ਵੱਖ-ਵੱਖ ਰਾਜਾਂ ਦੇ ਸਿੱਿਖਆ ਬੋਰਡ ਸਰਕਾਰੀ ਸਕੂਲਾਂ ਦਾ ਸੰਚਾਲਨ ਕਰਦੇ ਹਨ। ਇਸ ਲਈ ਰਾਜਾਂ ਦੇ ਸਿੱਖਿਆ ਬਜਟ ’ਚ ਵਾਧਾ ਕਰ ਕੇ ਸਕੂਲਾਂ ਦੀਆਂ ਪੁਰਾਣੀਆਂ ਅਤੇ ਖਸਤਾਹਾਲ ਇਮਾਰਤਾਂ ਨੂੰ ਤੁਰੰਤ ਸੁਧਾਰਨਾ ਚਾਹੀਦਾ ਹੈ ਤਾਂ ਕਿ ਅਜਿਹੀਆਂ ਦੁਰਘਟਨਾਵਾਂ ’ਚ ਬੱਚਿਆਂ ਦੀ ਜਾਨ ਨਾ ਜਾਵੇ।
–ਵਿਜੇ ਕੁਮਾਰ