ਇਸ ਸਾਲ-‘ਕਾਂਵੜ ਯਾਤਰੀਆਂ’ ’ਤੇ ‘ਵਰ੍ਹਾਏ ਫੁੱਲ ਅਤੇ ਚਲਾਈਆਂ ਲਾਠੀਆਂ’!
Tuesday, Jul 22, 2025 - 07:20 AM (IST)

ਭਗਵਾਨ ਸ਼ਿਵ ਦੀ ਅਰਾਧਨਾ ਲਈ ਸਾਉਣ ਦਾ ਮਹੀਨਾ ਸ੍ਰੇਸ਼ਠ ਮੰਨਿਆ ਜਾਂਦਾ ਹੈ,ਇਸ ਮਹੀਨੇ ਜਿਸ ਤਰ੍ਹਾਂ ਜੰਮੂ-ਕਸ਼ਮੀਰ ਵਿਚ ਸ਼੍ਰੀ ਅਮਰਨਾਥ ਧਾਮ ਦੀ ਯਾਤਰਾ ਲਈ ਲੱਖਾਂ ਲੋਕਾਂ ਦੀ ਗਿਣਤੀ ਵਿਚ ਸ਼ਰਧਾਲੂ ਉਮੜਦੇ ਹਨ, ਉਸੇ ਤਰ੍ਹਾਂ ਤੁਰੰਤ ਪ੍ਰਸੰਨ ਹੋਣ ਵਾਲੇ ਆਸ਼ੂਤੋਸ਼ ਭਗਵਾਨ ਸ਼ਿਵ ਸ਼ੰਭੂ ਦੇ ਜਲਾਭਿਸ਼ੇਕ ਦੇ ਲਈ ਲੱਖਾਂ ਨੌਜਵਾਨ, ਬਜ਼ੁਰਗ ਅਤੇ ਅੱਲ੍ਹੜ ਭਗਤਾਂ ਵੱਲੋਂ ਕਾਂਵੜ ਵਿਚ ਪਵਿੱਤਰ ਨਦੀਆਂ ਦਾ ਜਲ ਭਰ ਕੇ ਲਿਜਾਣ ਦੀ ਪ੍ਰੰਪਰਾ ਲੰਮੇ ਸਮੇਂ ਤੋਂ ਚਲੀ ਆ ਰਹੀ ਹੈ।
ਸਾਉਣ ਮਹੀਨੇ ਵਿਚ ਕਾਂਵੜ ਚੁੱਕ ਕੇ ਸ਼ਿਵਾਲਿਆਂ ਵਿਚ ਗੰਗਾ ਜਲ ਚੜ੍ਹਾਉਣ ਦੀ ਸ਼ਿਵ ਭਗਤਾਂ ਦੀ ਇਸ ਪ੍ਰੰਪਰਾ ਨੇ ਅੱਜ ਇਕ ਮੇਲੇ ਦਾ ਰੂਪ ਧਾਰਨ ਕਰ ਲਿਆ ਹੈ। ਇਨ੍ਹਾਂ ਵਿਚ ਸਿਰਫ ਮੋਢੇ ’ਤੇ ਕਾਂਵੜ ਚੁੱਕ ਕੇ ਚੱਲਣ ਵਾਲੇ ਭਗਤ ਹੀ ਨਹੀਂ ਹੁੰਦੇ, ਦੰਡੌਤ ਹੋ ਕੇ ਭਾਰੀ ਕਸ਼ਟ ਉਠਾਉਂਦੇ ਹੋਏ ਸਾਰਾ ਮਾਰਗ ਲੇਟ ਕੇ ਪੂਰਾ ਕਰਨ ਵਾਲੇ ਸ਼ਿਵ ਭਗਤ ਵੀ ਹੁੰਦੇ ਹਨ। ਇਸ ਸਾਲ ਦੀ ਕਾਂਵੜ ਯਾਤਰਾ ਪੂਰੇ ਉਤਸ਼ਾਹ ਨਾਲ ਜਾਰੀ ਹੈ।
ਅਨੇਕ ਥਾਵਾਂ ’ਤੇ ਕਾਂਵੜ ਯਾਤਰੀਆਂ ’ਤੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਕਈ ਥਾਵਾਂ ’ਤੇ ਨਵੀਆਂ ਝਲਕੀਆਂ ਭਗਤਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ, ਜਿਨ੍ਹਾਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* ‘ਬਾਗਪਤ’ (ਉੱਤਰ ਪ੍ਰਦੇਸ਼) ਤੋਂ ਲਿਆਂਦੀ ਗਈ ‘ਬੁਲਡੋਜ਼ਰ ਕਾਂਵੜ’ ਲੋਕਾਂ ਦੇ ਆਕਰਸ਼ਣ ਦਾ ਵਿਸ਼ਾ ਬਣੀ ਹੋਈ ਹੈ। ਇਸ ਵਿਚ ਬੁਲਡੋਜ਼ਰ ’ਤੇ ਭਗਵਾਨ ਸ਼ਿਵ ਦੀ ਵਿਸ਼ਾਲ ਮੂਰਤੀ ਨੂੰ ਭਗਵੇ ਝੰਡੇ ਦੇ ਨਾਲ ਸਥਾਪਤ ਕੀਤਾ ਗਿਆ ਹੈ।
* ਇਕ ਕਾਂਵੜ ਯਾਤਰਾ ‘ਆਪ੍ਰੇਸ਼ਨ ਸਿੰਧੂਰ’ ਦੇ ਥੀਮ ’ਤੇ ਵੀ ਕੱਢੀ ਗਈ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਫੌਜ ਦਾ ਚਿੱਤਰ ਲਗਾਇਆ ਗਿਆ ਹੈ ਅਤੇ ਸ਼ਹੀਦ ਜਵਾਨਾਂ ਦੀਆਂ ਫੋਟੋਆਂ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ।
* ‘ਮੇਰਠ’ ਦੇ 4 ਕਿਸਾਨ ਭਰਾ ਆਪਣੇ ਮਾਤਾ-ਪਿਤਾ ਨੂੰ ਮੋਢੇ ’ਤੇ ਬਿਠਾ ਕੇ ਕਾਂਵੜ ਯਾਤਰਾ ’ਤੇ ਨਿਕਲੇ ਹਨ ਅਤੇ ਰੋਜ਼ਾਨਾ ਲੱਗਭਗ 15 ਕਿਲੋਮੀਟਰ ਦੀ ਯਾਤਰਾ ਕਰਦੇ ਹਨ। ਇਸ ਤੋਂ ਪਹਿਲਾਂ ਇਨ੍ਹਾਂ 4 ਭਰਾਵਾਂ ਨੇ ਆਪਣੇ ਦਾਦਾ-ਦਾਦੀ ਨੂੰ ਵੀ ਇਸੇ ਤਰ੍ਹਾਂ 2 ਵਾਰੀ ਕਾਂਵੜ ਯਾਤਰਾ ਕਰਵਾਈ ਸੀ।
* ਇਸੇ ਤਰ੍ਹਾਂ ‘ਮੁਜ਼ੱਫਰਨਗਰ’ ਦੀ ਰਹਿਣ ਵਾਲੀ ਇਕ ਮਹਿਲਾ ਆਪਣੇ ਦਿਵਿਆਂਗ ਪਤੀ ਨੂੰ ਪਿੱਠ ’ਤੇ ਬਿਠਾ ਕੇ ਉਸ ਦੀ ਸਿਹਤ ਦੀ ਕਾਮਨਾ ਦੇ ਨਾਲ ਹਰਿਦੁਆਰ ਤੋਂ ਗੰਗਾ ਜਲ ਲੈ ਕੇ 2 ਬੱਚਿਆਂ ਨਾਲ ਕਾਂਵੜ ਲੈ ਕੇ ਨਿਕਲੀ ਹੈ।
* ‘ ਉੱਤਰ ਪ੍ਰਦੇਸ਼’ ਦੇ ਸਹਾਰਨਪੁਰ ਦੇ ਸੇਵਾ ਕੈਂਪ ਵਿਚ ਪਹੁੰਚੀ ‘ਕੈਰਾਨਾ’ ਦੀ ਸੰਸਦ ਮੈਂਬਰ ‘ਇਕਰਾ ਹਸਨ’ ਨੇ ਆਪਣੇ ਹੱਥਾਂ ਨਾਲ ਭੋਜਨ ਪਰੋਸ ਕੇ ਫਿਰਕੂ ਸੁਹਿਰਦਤਾ ਦੀ ਮਿਸਾਲ ਪੇਸ਼ ਕੀਤੀ ਅਤੇ ਸ਼ਿਵ ਭਗਤਾਂ ਦੀ ਸੇਵਾ ਕਰ ਕੇ ਸਭ ਦਾ ਦਿਲ ਜਿੱਤ ਲਿਆ।
* ‘ਪਟਨਾ’ ਜ਼ਿਲੇ ਦੇ ‘ਮਾਰੂਫਗੰਜ’ ਸਥਿਤ ‘ਵਿਸ਼ਾਲ ਸ਼ਿਵਧਾਰੀ ਸੰਘ’ ਦੇ 500 ਤੋਂ ਵੱਧ ਸ਼ਿਵ ਭਗਤਾਂ ਨੇ ‘ਸੁਲਤਾਨਗੰਜ’ ਤੋਂ ਗੰਗਾ ਜਲ ਭਰ ਕੇ 54 ਫੁੱਟ ਲੰਮੀ ਵਿਸ਼ਾਲ ਕਾਂਵੜ ਦੇ ਨਾਲ ਦੇਵਘਰ ਦੇ ਲਈ ਯਾਤਰਾ ਸ਼ੁਰੂ ਕੀਤੀ ਹੈ। ਇਸ ਕਾਂਵੜ ’ਤੇ ਚਾਂਦੀ ਦਾ ਮੰਦਰ, ਚਾਂਦੀ ਦੀ ਛਤਰੀ ਅਤੇ 6 ਵੱਡੇ ਘੜੇ ਲੱਗੇ ਹਨ, ਜਿਨ੍ਹਾਂ ਵਿਚ ਕੁੱਲ 50 ਲੀਟਰ ਗੰਗਾ ਜਲ ਭਰਿਆ ਗਿਆ ਹੈ।
* ‘ਹਰਿਦੁਆਰ’ ਤੋਂ ਕੱਢੀ ਗਈ ਇਕ ਹੋਰ ਕਾਂਵੜ ਯਾਤਰਾ ਵਿਚ ਗਊ ਮਾਤਾ ਦੀ ਸੁਰੱਖਿਆ ਲਈ ਰਾਸ਼ਟਰੀ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ। ਇਸ ’ਚ ਕਾਂਵੜੀਏ ਗੰਗਾ ਜਲ ਲੈ ਕੇ ਇਕ ਵਿਸ਼ੇਸ਼ ਰੱਥ ’ਤੇ ਗਊ ਮਾਤਾ ਦੀ ਮੂਰਤੀ ਨੂੰ ਸਥਾਪਤ ਕਰ ਕੇ ਪੈਦਲ ਚਲ ਰਹੇ ਸਨ।
* ‘ਬਾਗਪਤ’ ਵਿਚ ਸੋਨੇ ਦਾ ਕੰਮ ਕਰਨ ਵਾਲੇ ਇਕ ਸ਼ਿਵ ਭਗਤ ਅੰਕਿਤ ਨੇ ਭਗਵਾਨ ਭੋਲੇ ਨਾਥ ਦੀ ਭਗਤੀ ਵਿਚ ਅਜਿਹਾ ਰੰਗ ਜਮਾਇਆ ਹੈ ਕਿ ਜਗ੍ਹਾ-ਜਗ੍ਹਾ ਲੋਕ ਉਸ ਨੂੰ ਦੇਖਣ ਲਈ ਰੁਕ ਜਾਂਦੇ ਹਨ। ਉਹ ਆਪਣੇ ‘ਗੋਲਡਨ’ ਮੋਟਰਸਾਈਕਲ ’ਤੇ ਸੋਨੇ ਵਰਗੀ ਚਮਕਦੀ ਸ਼ਿਵ ਮੂਰਤੀ ਨੂੰ ਬਿਰਾਜਮਾਨ ਕਰ ਕੇ ਹਰਿਦੁਆਰ ਤੋਂ ਜਲ ਲੈ ਕੇ ਨਿਕਲੇ ਹਨ।
ਕਦੇ ਉਹ ਭੋਲੇ ਬਾਬਾ ਦੀ ਮੂਰਤੀ ਨੂੰ ਮੋਟਰਸਾਈਕਲ ’ਤੇ ਬਿਠਾ ਦਿੰਦੇ ਹਨ ਤਾਂ ਕਦੇ ਸ਼ਰਧਾ ਨਾਲ ਆਪਣੇ ਸਿਰ ’ਤੇ ਚੁੱਕ ਲੈਂਦੇ ਹਨ। ਕਿਤੇ ਲੋਕ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਉਨ੍ਹਾਂ ਦਾ ਸਵਾਗਤ ਕਰਦੇ ਹਨ ਤਾਂ ਕਿਤੇ ਉਨ੍ਹਾਂ ਦੇ ਪੈਰਾਂ ਵਿਚ ਫੁੱਲ ਵਿਛਾ ਕੇ ਆਸ਼ੀਰਵਾਦ ਲੈ ਰਹੇ ਹਨ ਅਤੇ ‘ਭੋਲੇ ਬਾਬਾ ਕੀ ਜੈ’, ‘ਗੋਲਡਨ ਬਾਬਾ ਕੀ ਜੈ’ ਦੇ ਨਾਅਰੇ ਲਗਾਉਂਦੇ ਹਨ।
ਅਜਿਹੇ ਸ਼ਿਵਮਈ ਵਾਤਾਵਰਣ ਦੇ ਵਿਚਾਲੇ ਕਿਹਾ ਜਾਂਦਾ ਹੈ ਕਿ ਕੁਝ ਕਾਂਵੜੀਆਂ ਤੋਂ ਅਜਿਹੀਆਂ ਹਰਕਤਾਂ ਹੋਈਆਂ, ਜਿਨ੍ਹਾਂ ਵਿਚ ਪੁਲਸ ਨੂੰ ਕਾਂਵੜੀਆਂ ’ਤੇ ਲਾਠੀਆਂ ਵਰ੍ਹਾਉਣੀਆਂ ਪਈਆਂ। ਬਸਤੀ ਜ਼ਿਲੇ ਵਿਚ ਇਕ ਧਾਰਮਿਕ ਸਥਾਨ ਨੂੰ ਲੈ ਕੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਕਾਰਨ ਕਾਂਵੜੀਆਂ ਨੇ ਹੰਗਾਮਾ ਕੀਤਾ ਅਤੇ ਬੈਰੀਅਰ ਅਤੇ ਪੋਸਟਰ ਉਖਾੜ ਕੇ ਅੱਗ ਲਗਾ ਦਿੱਤੀ।
ਇਸ ਤਰ੍ਹਾਂ ਦੇ ਹਾਲਾਤ ਵਿਚ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਕਿ ਜਿਸ ਭਾਵਨਾ ਨਾਲ ਸ਼ਿਵ ਭਗਤ ਕਾਂਵੜ ਲੈ ਕੇ ਨਿਕਲੇ ਹਨ, ਉਸ ਦੀ ਸ਼ਾਨ ਬਣਾਈ ਰੱਖਣ ਅਤੇ ਆਪਣੇ ਕਿਸੇ ਗਲਤ ਕੰਮ ਨਾਲ ਆਲੋਚਨਾ ਦੇ ਪਾਤਰ ਨਾ ਬਣਨ।
-ਵਿਜੇ ਕੁਮਾਰ