ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ : ਵਿਕਸਿਤ ਭਾਰਤ ਦੀ ਊਰਜਾ ਨੀਂਹ ਦਾ ਮਜ਼ਬੂਤ ਥੰਮ੍ਹ
Saturday, May 09, 2026 - 05:03 PM (IST)
ਭਾਰਤ ਨੇ 6 ਅਪ੍ਰੈਲ, 2026 ਨੂੰ ਜਦੋਂ 500 ਮੈਗਾਵਾਟ ਸਮਰੱਥਾ ਵਾਲੇ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ (ਪੀ.ਐੱਫ.ਬੀ.ਆਰ.) ਰਾਹੀਂ ਪਹਿਲੀ ‘ਕ੍ਰਿਟੀਕੈਲਿਟੀ’ ਪ੍ਰਾਪਤ ਕੀਤੀ, ਉਹ ਸਿਰਫ਼ ਇਕ ਵਿਗਿਆਨਕ ਪ੍ਰਾਪਤੀ ਦਾ ਪਲ ਨਹੀਂ ਸੀ, ਸਗੋਂ ਇਕ ਲੰਮੇ ਸਮੇਂ ਦੀ ਰਾਸ਼ਟਰੀ ਦੂਰਅੰਦੇਸ਼ੀ ਦੇ ਸਾਕਾਰ ਹੋਣ ਦਾ ਪ੍ਰਤੀਕ ਵੀ ਸੀ। ਦਹਾਕਿਆਂ ਪਹਿਲਾਂ ਮਹਾਨ ਵਿਗਿਆਨੀ ਹੋਮੀ ਜਹਾਂਗੀਰ ਭਾਭਾ ਦੁਆਰਾ ਪੇਸ਼ ਕੀਤੇ ਗਏ ਤਿੰਨ-ਪੜਾਵੀ ਪ੍ਰਮਾਣੂ ਊਰਜਾ ਪ੍ਰੋਗਰਾਮ ਦੀ ਇਹ ਫੈਸਲਾਕੁੰਨ ਕੜੀ ਅੱਜ ਭਾਰਤ ਨੂੰ ਊਰਜਾ ਆਤਮਨਿਰਭਰਤਾ ਦੀ ਦਿਸ਼ਾ ’ਚ ਇਕ ਨਵੇਂ ਯੁੱਗ ’ਚ ਪ੍ਰਵੇਸ਼ ਕਰਵਾਉਂਦੀ ਹੈ।
ਫਾਸਟ ਬ੍ਰੀਡਰ ਰਿਐਕਟਰ ਦੀ ਵਿਲੱਖਣਤਾ ਸਿਰਫ਼ ਇਕ ਤਕਨੀਕੀ ਵਿਸ਼ੇਸ਼ਤਾ ਨਹੀਂ, ਸਗੋਂ ਸਰੋਤਾਂ ਦੇ ਸੰਕਟ ਨਾਲ ਜੂਝ ਰਹੀ ਦੁਨੀਆ ਲਈ ਇਕ ਰਣਨੀਤਕ ਹੱਲ ਹੈ। ਇਸ ਤਕਨੀਕ ’ਚ ਜਿੰਨਾ ਬਾਲਣ ਖ਼ਰਚ ਕੀਤਾ ਜਾਂਦਾ ਹੈ, ਉਸ ਤੋਂ ਵੱਧ ਪੈਦਾ ਹੁੰਦਾ ਹੈ। ਯੂਰੇਨੀਅਮ-238 ਨੂੰ ਪਲੂਟੋਨੀਅਮ-239 ’ਚ ਤਬਦੀਲ ਕਰਨ ਦੀ ਸਮਰੱਥਾ ਅਤੇ ਭਵਿੱਖ ’ਚ ਥੋਰੀਅਮ-232 ਤੋਂ ਯੂਰੇਨੀਅਮ-233 ਦਾ ਉਤਪਾਦਨ ਹੋਵੇਗਾ। ਇਹ ਪ੍ਰਾਪਤੀ ਭਾਰਤ ਨੂੰ ਉਸ ਦੇ ਯੂਰੇਨੀਅਮ ਭੰਡਾਰਾਂ ਦੇ ਅਾਧਾਰ ’ਤੇ ਊਰਜਾ ਦੇ ਖੇਤਰ ’ਚ ਲੰਬੇ ਸਮੇਂ ਦੀ ਸਥਿਰਤਾ ਪ੍ਰਦਾਨ ਕਰੇਗੀ।
ਇਹ ਪ੍ਰਾਪਤੀ ਭਾਰਤ ਨੂੰ ਵਿਸ਼ਵ ਪ੍ਰਮਾਣੂ ਤਕਨਾਲੋਜੀ ਦੇ ਨਕਸ਼ੇ ’ਤੇ ਇਕ ਵਿਸ਼ੇਸ਼ ਸਥਾਨ ਪ੍ਰਦਾਨ ਕਰਦੀ ਹੈ। ਰੂਸ ਤੋਂ ਬਾਅਦ ਇਸ ਗੁੰਝਲਦਾਰ ਤਕਨੀਕ ਨੂੰ ਸਫਲਤਾਪੂਰਵਕ ਅਪਣਾਉਣ ਵਾਲਾ ਭਾਰਤ ਵਿਸ਼ਵ ਦਾ ਦੂਜਾ ਦੇਸ਼ ਬਣ ਗਿਆ ਹੈ। ਇਸ ਸਫਲਤਾ ਦੇ ਪਿੱਛੇ ਸਵਦੇਸ਼ੀ ਸੰਸਥਾਵਾਂ ਦੀ ਮਜ਼ਬੂਤ ਭੂਮਿਕਾ ਵੀ ਜ਼ਿਕਰਯੋਗ ਹੈ। ਇੰਦਰਾ ਗਾਂਧੀ ਪ੍ਰਮਾਣੂ ਖੋਜ ਕੇਂਦਰ ਦੁਆਰਾ ਵਿਕਸਿਤ ਡਿਜ਼ਾਈਨ ਅਤੇ ਭਾਰਤੀ ਪ੍ਰਮਾਣੂ ਬਿਜਲੀ ਨਿਗਮ ਲਿਮਟਿਡ (ਭਵਿਨੀ) ਦੁਆਰਾ ਨਿਰਮਿਤ ਅਤੇ ਸੰਚਾਲਿਤ ਇਹ ਰਿਐਕਟਰ ‘ਆਤਮਨਿਰਭਰ ਭਾਰਤ’ ਦੇ ਸੰਕਲਪ ਨੂੰ ਵਿਵਹਾਰਕ ਧਰਾਤਲ ’ਤੇ ਉਤਾਰਦਾ ਹੈ। ਉੱਚ ਤਾਪਮਾਨ ’ਤੇ ਕੰਮ ਕਰਨ ਵਾਲੀ ‘ਸੋਡੀਅਮ ਕੂਲਡ’ ਤਕਨੀਕ ਵਰਗੀਆਂ ਪੇਚੀਦਗੀਆਂ ’ਤੇ ਜਿੱਤ ਪ੍ਰਾਪਤ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦੀ ਇੰਜੀਨੀਅਰਿੰਗ ਅਤੇ ਖੋਜ ਸਮਰੱਥਾ ਹੁਣ ਵਿਸ਼ਵ ਪੱਧਰ ਦੇ ਮਾਪਦੰਡਾਂ ਨੂੰ ਨਾ ਸਿਰਫ਼ ਛੂਹ ਰਹੀ ਹੈ, ਸਗੋਂ ਉਨ੍ਹਾਂ ਨੂੰ ਚੁਣੌਤੀ ਵੀ ਦੇ ਰਹੀ ਹੈ।
ਕੇਂਦਰੀ ਬਜਟ 2025-26 ’ਚ ਐਲਾਨੇ ਗਏ ਪ੍ਰਮਾਣੂ ਊਰਜਾ ਮਿਸ਼ਨ ਦੇ ਤਹਿਤ ਭਾਰਤ ਨੇ ਸਾਲ 2047 ਤੱਕ 100 ਗੀਗਾਵਾਟ ਪ੍ਰਮਾਣੂ ਊਰਜਾ ਸਮਰੱਥਾ ਪ੍ਰਾਪਤ ਕਰਨ ਦਾ ਉਤਸ਼ਾਹੀ ਟੀਚਾ ਮਿੱਥਿਆ ਹੈ। ਇਹ ਟੀਚਾ ਨਾ ਸਿਰਫ਼ ਊਰਜਾ ਦੀ ਮੰਗ ਨੂੰ ਪੂਰਾ ਕਰਨ ਲਈ ਲੋੜੀਂਦਾ ਹੈ, ਸਗੋਂ ਭਾਰਤ ਨੂੰ ਇਕ ਸਵੱਛ ਅਤੇ ਘੱਟ-ਕਾਰਬਨ ਵਾਲੀ ਆਰਥਿਕਤਾ ਦੀ ਦਿਸ਼ਾ ’ਚ ਅੱਗੇ ਵਧਾਉਣ ਲਈ ਵੀ ਲਾਜ਼ਮੀ ਹੈ।
ਇਸ ਦਿਸ਼ਾ ’ਚ ਨਵੀਆਂ ਤਕਨਾਲੋਜੀਆਂ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਲਘੂ ਮਾਡਿਊਲਰ ਰਿਐਕਟਰ (ਐੱਸ. ਐੱਮ. ਆਰ.) ਲਈ 20,000 ਕਰੋੜ ਰੁਪਏ ਦਾ ਰਾਖਵਾਂਕਰਨ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਰਵਾਇਤੀ ਵੱਡੇ ਰਿਐਕਟਰਾਂ ਦੇ ਨਾਲ-ਨਾਲ ਲਚਕਦਾਰ, ਸੁਰੱਖਿਅਤ ਅਤੇ ਘੱਟ ਲਾਗਤ ਵਾਲੇ ਬਦਲਾਂ ਨੂੰ ਅਪਣਾਉਣ ਲਈ ਵੀ ਤਿਆਰ ਹੈ। ਸਾਲ 2033 ਤੱਕ ਘੱਟੋ-ਘੱਟ 5 ਸਵਦੇਸ਼ੀ ਲਘੂ ਮਾਡਿਊਲਰ ਰਿਐਕਟਰਾਂ ਨੂੰ ਸੰਚਾਲਨ ’ਚ ਲਿਆਉਣ ਦਾ ਟੀਚਾ ਇਸ ਵਚਨਬੱਧਤਾ ਨੂੰ ਹੋਰ ਸਪੱਸ਼ਟ ਕਰਦਾ ਹੈ।
ਇਸੇ ਕੜੀ ’ਚ ਭਾਭਾ ਪ੍ਰਮਾਣੂ ਖੋਜ ਕੇਂਦਰ ਦੁਆਰਾ ਵਿਕਸਿਤ ਕੀਤੇ ਜਾ ਰਹੇ ਅਗਲੀ ਪੀੜ੍ਹੀ ਦੇ ਰਿਐਕਟਰ ਸਥਾਪਿਤ ਕੀਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ। ਇਨ੍ਹਾਂ ’ਚ ਬੀ. ਐੱਸ. ਐੱਮ. ਆਰ.-200, ਐੱਸ. ਐੱਮ. ਆਰ.-55 ਅਤੇ ਹਾਈਡ੍ਰੋਜਨ ਉਤਪਾਦਨ ਲਈ ਉੱਚ-ਤਾਪਮਾਨ ਗੈਸ-ਕੂਲਡ ਰਿਐਕਟਰ ਮੁੱਖ ਤੌਰ ’ਤੇ ਸ਼ਾਮਲ ਹਨ। ਇਹ ਰਿਐਕਟਰ ਭਾਰਤ ਦੇ ਊਰਜਾ ਦ੍ਰਿਸ਼ ਨੂੰ ਬਹੁ-ਪੱਖੀ ਬਣਾਉਣ ਦੀ ਦਿਸ਼ਾ ’ਚ ਮਹੱਤਵਪੂਰਨ ਪਹਿਲ ਸਾਬਤ ਹੋਣਗੇ। ਵਿਸ਼ੇਸ਼ ਤੌਰ ’ਤੇ ਹਾਈਡ੍ਰੋਜਨ ਉਤਪਾਦਨ ਦੇ ਨਾਲ ਪ੍ਰਮਾਣੂ ਊਰਜਾ ਦੇ ਏਕੀਕਰਨ ਦੀ ਧਾਰਨਾ ਭਵਿੱਖ ਦੀ ਸਵੱਛ ਊਰਜਾ ਆਰਥਿਕਤਾ ਲਈ ਬਹੁਤ ਪ੍ਰਾਸੰਗਿਕ ਹੈ।
ਨੀਤੀਗਤ ਪੱਧਰ ’ਤੇ ਵੀ ਮਹੱਤਵਪੂਰਨ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ‘ਸਸਟੇਨੇਬਲ ਹਾਰਨੈਸਿੰਗ ਐਂਡ ਐਡਵਾਂਸਮੈਂਟ ਆਫ ਨਿਊਕਲੀਅਰ ਐਨਰਜੀ ਫਾਰ ਟ੍ਰਾਂਸਫਾਰਮਿੰਗ ਇੰਡੀਆ (ਸ਼ਾਂਤੀ) ਐਕਟ, 2025’ ਨੇ ਪ੍ਰਮਾਣੂ ਊਰਜਾ ਖੇਤਰ ਦੇ ਕਾਨੂੰਨੀ ਢਾਂਚੇ ਨੂੰ ਆਧੁਨਿਕ ਬਣਾਉਂਦੇ ਹੋਏ ਸੀਮਤ ਨਿੱਜੀ ਖੇਤਰ ਦੀ ਹਿੱਸੇਦਾਰੀ ਦੇ ਰਾਹ ਖੋਲ੍ਹੇ ਹਨ। ਇਸ ਦੇ ਨਾਲ ਹੀ, ਜੇਕਰ ਭਾਰਤ ਆਪਣੀ ਪ੍ਰਮਾਣੂ ਸਮਰੱਥਾ ਨੂੰ ਹੋਰ ਵਧਾਉਣਾ ਚਾਹੁੰਦਾ ਹੈ, ਤਾਂ ਕੁਝ ਰਣਨੀਤਕ ਉਪਾਵਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ। ਪ੍ਰਮਾਣੂ ਊਰਜਾ ਨੂੰ ‘ਗ੍ਰੀਨ ਟੈਕਸੋਨੋਮੀ’ ਅਧੀਨ ਸ਼ਾਮਲ ਕਰਨ ਨਾਲ ਇਸ ਨੂੰ ਅੰਤਰਰਾਸ਼ਟਰੀ ਜਲਵਾਯੂ ਵਿੱਤ ਅਤੇ ਗ੍ਰੀਨ ਬਾਂਡਾਂ ਤੱਕ ਪਹੁੰਚ ਮਿਲ ਸਕਦੀ ਹੈ। ਇਸੇ ਤਰ੍ਹਾਂ ‘ਪਲੱਗ-ਐਂਡ-ਪਲੇਅ’ ਨਿਊਕਲੀਅਰ ਪਾਰਕ ਮਾਡਲ ਪ੍ਰਾਜੈਕਟਾਂ ’ਚ ਹੋਣ ਵਾਲੀ ਦੇਰੀ ਨੂੰ ਘੱਟ ਕਰ ਸਕਦਾ ਹੈ।
ਇਸ ਸਮੁੱਚੇ ਦ੍ਰਿਸ਼ ’ਚ ਪੀ.ਐੱਫ.ਬੀ.ਆਰ. ਦੀ ਸਫਲਤਾ ਇਕ ‘ਟਰਨਿੰਗ ਪੁਆਇੰਟ’ ਵਜੋਂ ਉੱਭਰਦੀ ਹੈ। ਇਹ ਸਿਰਫ਼ ਇਕ ਰਿਐਕਟਰ ਦੀ ਪ੍ਰਾਪਤੀ ਨਹੀਂ, ਸਗੋਂ ਇਕ ਅਜਿਹੇ ਈਕੋ-ਸਿਸਟਮ ਦੀ ਸਥਾਪਨਾ ਹੈ, ਜੋ ਭਾਰਤ ਨੂੰ ਊਰਜਾ ਦੇ ਖੇਤਰ ’ਚ ਆਤਮਨਿਰਭਰ, ਟਿਕਾਊ ਅਤੇ ਵਿਸ਼ਵ ਲੀਡਰਸ਼ਿਪ ਦੀ ਸਥਿਤੀ ’ਚ ਸਥਾਪਿਤ ਕਰ ਸਕਦਾ ਹੈ। ਅੱਜ ਜਦੋਂ ਵਿਸ਼ਵ ਸਵੱਛ ਅਤੇ ਘੱਟ-ਕਾਰਬਨ ਊਰਜਾ ਸਰੋਤਾਂ ਵੱਲ ਤੇਜ਼ੀ ਨਾਲ ਵਧ ਰਿਹਾ ਹੈ, ਅਜਿਹੇ ’ਚ ਫਾਸਟ ਬ੍ਰੀਡਰ ਰਿਐਕਟਰ ਉੱਚ ਕੁਸ਼ਲਤਾ ਦੇ ਨਾਲ ਸਥਿਰ ਅਤੇ ਭਰੋਸੇਮੰਦ ਊਰਜਾ ਸਪਲਾਈ ਯਕੀਨੀ ਬਣਾ ਸਕਦੇ ਹਨ।
ਹਰ ਸਾਲ 11 ਮਈ ਨੂੰ ਮਨਾਏ ਜਾਣ ਵਾਲੇ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ ’ਤੇ ਇਹ ਪ੍ਰਾਪਤੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਤਕਨੀਕੀ ਆਤਮਨਿਰਭਰਤਾ ਸਿਰਫ਼ ਵਿਕਾਸ ਦਾ ਮਾਧਿਅਮ ਨਹੀਂ, ਸਗੋਂ ਰਾਸ਼ਟਰੀ ਸਵੈ-ਮਾਣ ਅਤੇ ਰਣਨੀਤਕ ਸਸ਼ਕਤੀਕਰਨ ਦਾ ਅਾਧਾਰ ਵੀ ਹੈ। ਇਹ ਭਾਰਤ ਲਈ ਸਿਰਫ਼ ਇਕ ਵਿਗਿਆਨਕ ਪੜਾਅ ਨਹੀਂ, ਸਗੋਂ ਇਕ ਵਿਆਪਕ ਰਾਸ਼ਟਰੀ ਪ੍ਰਾਪਤੀ ਹੈ, ਜੋ ਇਹ ਦਰਸਾਉਂਦੀ ਹੈ ਕਿ ਦੂਰਅੰਦੇਸ਼ੀ, ਆਤਮਨਿਰਭਰਤਾ ਅਤੇ ਵਿਗਿਆਨਕ ਉੱਤਮਤਾ ਦੇ ਤਾਲਮੇਲ ਨਾਲ ਕੋਈ ਵੀ ਟੀਚਾ ਅਸੰਭਵ ਨਹੀਂ ਹੈ।
ਦਿਨੇਸ਼ ਕੁਮਾਰ
