‘ਅਖੀਰ ਟਰੰਪ ਅਤੇ ਮਮਤਾ ਨੂੰ’ ਸੰਵਿਧਾਨ ਅਤੇ ਕਾਨੂੰਨ ਅੱਗੇ ਝੁਕਣਾ ਹੀ ਪਿਆ!

Sunday, May 10, 2026 - 03:20 AM (IST)

‘ਅਖੀਰ ਟਰੰਪ ਅਤੇ ਮਮਤਾ ਨੂੰ’ ਸੰਵਿਧਾਨ ਅਤੇ ਕਾਨੂੰਨ ਅੱਗੇ ਝੁਕਣਾ ਹੀ ਪਿਆ!

ਇਨ੍ਹੀਂ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਖੂਬ ਚਰਚਾ ਹੋ ਰਹੀ ਹੈ ਅਤੇ ਇਹ ਦੋਵੇਂ ਹੀ ਆਪਣੇ-ਆਪਣੇ ਦੇਸ਼ ਦੇ ਕਾਨੂੰਨ ਅਤੇ ਆਪਣੀਆਂ-ਆਪਣੀਆਂ ਪਾਰਟੀਆਂ ਦੇ ਨਿਸ਼ਾਨੇ ’ਤੇ ਆਏ ਹੋਏ ਹਨ।

ਡੋਨਾਲਡ ਟਰੰਪ ਦੀ ਤਾਂ ਮਾਨਸਿਕ ਸਥਿਤੀ ਨੂੰ ਲੈ ਕੇ ਵੀ ਸ਼ੱਕ ਜ਼ਾਹਿਰ ਕੀਤਾ ਜਾਣ ਲੱਗਾ ਹੈ। ਅਮਰੀਕੀ ਕਾਂਗਰਸ ਦੇ ਮੈਂਬਰ ‘ਜੈਕ ਆਚਿਨਕਲੋਸ’ ਨੇ 6 ਅਪ੍ਰੈਲ, 2026 ਨੂੰ ਕਿਹਾ ਸੀ ਕਿ, ‘‘ਈਰਾਨ ’ਤੇ ਹਮਲੇ ਦਾ ਹੁਕਮ ਦੇ ਕੇ ਟਰੰਪ ਪੂਰੀ ਤਰ੍ਹਾਂ ਫੇਲ ਹੋ ਗਏ ਹਨ। ਉਹ ਅਮਰੀਕਾ ਦੇ ਇਤਿਹਾਸ ਦੇ ਇਕਲੌਤੇ ਅਜਿਹੇ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਇਕੱਲਿਆਂ ਜੰਗ ਸ਼ੁਰੂ ਕੀਤੀ ਅਤੇ ਹਾਰ ਗਏ।’’

ਅਮਰੀਕੀ ਸੀਨੇਟਰ ‘ਬਰਨੀ ਸੈਂਡਰਸ’ ਨੇ ਈਰਾਨ ਬਾਰੇ ਡੋਨਾਲਡ ਟਰੰਪ ਦੇ ਬਿਆਨਾਂ ਨੂੰ ਖ਼ਤਰਨਾਕ ਅਤੇ ‘ਇਕ ਅਸੰਤੁਲਿਤ ਵਿਅਕਤੀ ਦੀ ਬਕਵਾਸ’ ਦੱਸਿਆ ਹੈ।

ਟਰੰਪ ਦੀ ਸਾਬਕਾ ਸਹਿਯੋਗੀ ਅਤੇ ਕਾਂਗਰਸ ਦੀ ਸਾਬਕਾ ਮੈਂਬਰ ‘ਮਾਰਜੋਰੀ ਟੇਲਰ ਗ੍ਰੀਨ’ ਨੇ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਮੈਂਬਰਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਉਹ ਈਸ਼ਵਰ ਤੋਂ ਮੁਆਫੀ ਮੰਗਣ ਅਤੇ ਟਰੰਪ ਦੀ ਪੂਜਾ ਕਰਨਾ ਬੰਦ ਕਰਨ। ਮਾਰਜੋਰੀ ਟੇਲਰ ਗ੍ਰੀਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ, ‘‘ਟਰੰਪ ਪਾਗਲ ਹੋ ਚੁੱਕੇ ਹਨ।’’

ਡੈਮੋਕ੍ਰੇਟਿਕ ਪਾਰਟੀ ਦੀ ਮੈਂਬਰ ‘ਸਾਰਾ ਜੈਕਬਸ’ ਨੇ ਵੀ 30 ਅਪ੍ਰੈਲ, 2026 ਨੂੰ ਇਕ ਮੀਟਿੰਗ ’ਚ ਅਮਰੀਕਾ ਦੇ ਰੱਖਿਆ ਮੰਤਰੀ ‘ਪੀਟ ਹੈਗਸੇਥ’ ਤੋਂ ਪੁੱਛ ਲਿਆ ਕਿ ‘‘ਕੀ ਟਰੰਪ ਦੀ ਦਿਮਾਗੀ ਹਾਲਤ ਠੀਕ ਹੈ?’’

ਡੋਨਾਲਡ ਟਰੰਪ ਨੂੰ ਤਾਜ਼ਾ ਝਟਕਾ 7 ਮਈ, 2026 ਨੂੰ ਲੱਗਾ ਜਦੋਂ ‘ਅਮਰੀਕੀ ਵਪਾਰ ਅਦਾਲਤ’ ਨੇ ਟਰੰਪ ਵੱਲੋਂ ਲਗਾਈ ਗਈ 10 ਫੀਸਦੀ ਗਲੋਬਲ ਦਰਾਮਦ ਡਿਊਟੀ ਨੂੰ ਗੈਰ-ਕਾਨੂੰਨੀ ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ।

ਇਹੀ ਨਹੀਂ, ਡੋਨਾਲਡ ਟਰੰਪ ਵੱਲੋਂ ਅਮਰੀਕਾ ’ਚ ਸਥਾਈ ਰਿਹਾਇਸ਼ ਲਈ ਸ਼ੁਰੂ ਕੀਤਾ ਗਿਆ 8.40 ਕਰੋੜ ਰੁਪਏ ’ਚ ਦਿੱਤਾ ਜਾਣ ਵਾਲਾ ‘ਗੋਲਡ ਕਾਰਡ ਵੀਜ਼ਾ ਪ੍ਰੋਗਰਾਮ’ ਵੀ ਵਿਵਾਦਾਂ ’ਚ ਆ ਗਿਆ ਹੈ। ‘ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ’ ਨੇ ਅਦਾਲਤ ’ਚ ਸਾਫ਼ ਕਿਹਾ ਹੈ ਕਿ ਗੋਲਡ ਕਾਰਡ ਬਿਨੈਕਾਰਾਂ ਨੂੰ ਆਮ ਵੀਜ਼ਾ ਬਿਨੈਕਾਰਾਂ ਦੀ ਤੁਲਨਾ ’ਚ ਕੋਈ ਵਿਸ਼ੇਸ਼ ਤਰਜੀਹ ਨਹੀਂ ਦਿੱਤੀ ਜਾਵੇਗੀ।

ਮਮਤਾ ਬੈਨਰਜੀ ਚੋਣਾਂ ’ਚ ਹਾਰਨ ਦੇ ਬਾਵਜੂਦ ਅਸਤੀਫ਼ਾ ਨਾ ਦੇਣ ਦੀਆਂ ਗੱਲਾਂ ਕਰ ਰਹੀ ਸੀ ਪਰ ਕਾਨੂੰਨ ਦੇ ਸਾਹਮਣੇ ਉਨ੍ਹਾਂ ਦੀ ਇਕ ਨਾ ਚੱਲੀ। ਰਾਜਪਾਲ ਆਰ. ਐੱਨ. ਰਵੀ ਨੇ 7 ਮਈ ਨੂੰ ਵਿਧਾਨ ਸਭਾ ਦਾ ਕਾਰਜਕਾਲ ਖਤਮ ਹੁੰਦੇ ਹੀ ਸੰਵਿਧਾਨ ਅਨੁਸਾਰ ਪੂਰੀ ਕੈਬਨਿਟ ਨੂੰ ਭੰਗ ਕਰ ਦਿੱਤਾ ਅਤੇ 9 ਮਈ ਨੂੰ ਭਾਜਪਾ ਦੇ ਸ਼ੁਭੇਂਦੂ ਅਧਿਕਾਰੀ ਨੇ ਸ਼ਾਨਦਾਰ ਸਮਾਰੋਹ ’ਚ ਮੁੱਖ ਮੰਤਰੀ ਵਜੋਂ ਸਹੁੰ ਵੀ ਚੁੱਕ ਲਈ।

ਮਮਤਾ ਬੈਨਰਜੀ ਨੇ ਵੀ ਦੇਸ਼ ਦੇ ਸੰਵਿਧਾਨ ਅਤੇ ਕਾਨੂੰਨ ਅੱਗੇ ਝੁਕਦੇ ਹੋਏ ਚੋਣਾਂ ’ਚ ਆਪਣੀ ਹਾਰ ਦਾ ਫਤਵਾ ਸਵੀਕਾਰ ਕਰਕੇ ਆਪਣੇ ਨਾਂ ਦੇ ਅੱਗੇ ਹੁਣ ‘ਸਾਬਕਾ ਮੁੱਖ ਮੰਤਰੀ’ ਲਿਖਣਾ ਸ਼ੁਰੂ ਕਰ ਦਿੱਤਾ ਹੈ।

ਚੋਣ ਨਤੀਜਿਆਂ ਦੇ ਐਲਾਨ ਦੇ ਦਿਨ ਤੋਂ ਹੀ ਪੱਛਮੀ ਬੰਗਾਲ ’ਚ ਬਦਲਾਅ ਦੇ ਚਿੰਨ੍ਹ ਦਿਖਾਈ ਦੇਣ ਲੱਗੇ ਸਨ। ਆਸਨਸੋਲ (ਉੱਤਰੀ) ’ਚ 15 ਸਾਲਾਂ ਤੋਂ ਬੰਦ ਪਿਆ ਸ਼ਿਵ ਮੰਦਰ ਭਾਜਪਾ ਦੇ ਜੇਤੂ ਉਮੀਦਵਾਰ ਕ੍ਰਿਸ਼ਨੇਂਦੂ ਮੁਖਰਜੀ ਨੇ ਖੁਲ੍ਹਵਾ ਦਿੱਤਾ ਅਤੇ ਤ੍ਰਿਣਮੂਲ ਕਾਂਗਰਸ ਵੱਲੋਂ ਕਬਜ਼ੇ ’ਚ ਲਏ ਗਏ ਦਫ਼ਤਰ ’ਤੇ ਬੁਲਡੋਜ਼ਰ ਚਲਵਾ ਦਿੱਤਾ ਗਿਆ।

7 ਮਈ ਨੂੰ ਹੀ ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕੋਲਕਾਤਾ ਜਾ ਕੇ ਮਮਤਾ ਬੈਨਰਜੀ ਦੇ ਨਿਵਾਸ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਅਖਿਲੇਸ਼ ਨੇ ਮਮਤਾ ਬੈਨਰਜੀ ਨੂੰ ਸ਼ਾਲ ਭੇਟ ਕੀਤਾ ਅਤੇ ਕਿਹਾ, ‘‘ਦੀਦੀ ਤੁਸੀਂ ਲੜੇ ਹੋ, ਹਾਰੇ ਨਹੀਂ, ਤੁਹਾਨੂੰ ਹਰਾਇਆ ਗਿਆ ਹੈ। ਤੁਸੀਂ ਜਨਤਾ ਦੇ ਨੇਤਾ ਹੋ। ਭਾਜਪਾ ਨੇ ਚੋਣਾਂ ਲੁੱਟੀਆਂ ਹਨ। ਲੋਕਤੰਤਰ ਦੀ ਰੱਖਿਆ ਲਈ ਲੜਾਈ ਜਾਰੀ ਰਹੇਗੀ। ਅਸੀਂ ਤੁਹਾਡੇ ਨਾਲ ਹਾਂ।’’

ਅਖਿਲੇਸ਼ ਨੇ ਇਸ ਚੋਣ ਦੇ ਨਤੀਜਿਆਂ ਤੋਂ ਸਬਕ ਲੈਂਦੇ ਹੋਏ ਭਾਜਪਾ ਨੂੰ ਹਰਾਉਣ ਲਈ ਭਵਿੱਖ ’ਚ ਸਾਰੀਆਂ ਵਿਰੋਧੀ ਪਾਰਟੀਆਂ ’ਚ ਏਕਤਾ ਦੀ ਗੱਲ ਕਹੀ।

ਇਸ ਚੋਣ ’ਚ ਭਾਰੀ ਹਾਰ ਤੋਂ ਬਾਅਦ ਤ੍ਰਿਣਮੂਲ ਕਾਂਗਰਸ ’ਚ ਨਾਰਾਜ਼ਗੀ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਕੁਝ ਲੋਕ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਮਮਤਾ ਬੈਨਰਜੀ ਦੇ ਸਕੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਹੰਕਾਰੀ ਸੁਭਾਅ ਦੀ ਸ਼ਿਕਾਇਤ ਵੀ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਸ ਨੇ ਪਾਰਟੀ ਨੂੰ ਕਮਜ਼ੋਰ ਕੀਤਾ ਹੈ।

ਜਿੱਥੇ ਭਾਰਤ ’ਚ ਮਮਤਾ ਬੈਨਰਜੀ ਦੀ ਹਾਰ ਅਤੇ ਉਨ੍ਹਾਂ ਦਾ ਵਿਵਹਾਰ ਚਰਚਾ ’ਚ ਹੈ, ਉੱਥੇ ਹੀ ਅਮਰੀਕਾ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਿਵਹਾਰ ਆਲੋਚਨਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁੱਲ ਮਿਲਾ ਕੇ ਅਮਰੀਕਾ ’ਚ ਡੋਨਾਲਡ ਟਰੰਪ ਅਤੇ ਭਾਰਤ ’ਚ ਮਮਤਾ ਬੈਨਰਜੀ ਨੂੰ ਸੰਵਿਧਾਨ ਅਤੇ ਕਾਨੂੰਨ ਅੱਗੇ ਝੁਕਣਾ ਪਿਆ ਹੈ ਅਤੇ ਜੇਕਰ ਮਮਤਾ ਬੈਨਰਜੀ ਚੋਣਾਂ ’ਚ ਵਿਰੋਧੀ ਧਿਰ ਨੂੰ ਨਾਲ ਲੈ ਕੇ ਚੱਲਦੀ ਤਾਂ ਉਨ੍ਹਾਂ ਦੀ ਸਥਿਤੀ ਮੌਜੂਦਾ ਸਥਿਤੀ ਨਾਲੋਂ ਬਿਹਤਰ ਹੋ ਸਕਦੀ ਸੀ।

—ਵਿਜੇ ਕੁਮਾਰ


author

Sandeep Kumar

Content Editor

Related News