ਕੌਮਾਂਤਰੀ ਯੋਗ ਦਿਵਸ 2025 : ਯੋਗ ਭਾਰਤ ਵਲੋਂ ਵਿਸ਼ਵ ਨੂੰ ਤੋਹਫਾ

Saturday, Jun 21, 2025 - 05:19 PM (IST)

ਕੌਮਾਂਤਰੀ ਯੋਗ ਦਿਵਸ 2025 : ਯੋਗ ਭਾਰਤ ਵਲੋਂ ਵਿਸ਼ਵ ਨੂੰ ਤੋਹਫਾ

ਯੋਗ ਭਾਰਤ ਦੀ ਇਕ ਪ੍ਰਾਚੀਨ ਪ੍ਰਥਾ ਹੈ ਜੋ ਸਿਹਤ ਅਤੇ ਤੰਦਰੁਸਤੀ ਲਈ ਵਰਦਾਨ ਹੈ। ਅੱਜ ਤੇਜ਼ੀ ਨਾਲ ਬਦਲ ਰਹੀ ਸਾਡੀ ਦੁਨੀਆ ’ਚ ਯੋਗ ਇਕ ਅਧਿਆਤਮਿਕ ਪ੍ਰਕਿਰਿਆ ਅਤੇ ਅਜਿਹਾ ਸਿਹਤ ਵਿਗਿਆਨ ਹੈ ਜੋ ਮਨੁੱਖ ਦੇ ਸਰੀਰ ਅਤੇ ਮਨ ਨੂੰ ਇਕਜੁੱਟ ਕਰਕੇ ਅੰਦਰੂਨੀ ਸ਼ਾਂਤੀ ਅਤੇ ਸੰਤੁਲਨ ਪ੍ਰਦਾਨ ਕਰਦਾ ਹੈ।

2025 ’ਚ ਅਸੀਂ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੇ ਹਾਂ ਜਿਸ ਦਾ ਵਿਸ਼ਾ ‘ਇਕ ਧਰਤੀ, ਇਕ ਸਿਹਤ ਲਈ ਯੋਗ’ ਰੱਖਿਆ ਗਿਆ ਹੈ ਜਿਸ ਤੋਂ ਭਾਵ ਹੈ ਕਿ ਅਸੀਂ ਯੋਗ ਦੁਆਰਾ ਪੂਰੀ ਦੁਨੀਆ ਨੂੰ ਸਿਹਤਮੰਦ ਬਣਾਉਣਾ ਚਾਹੰੁਦੇ ਹਾਂ ਅਤੇ ਇਹ ਦੁਨੀਆ ਭਰ ’ਚ ਆਪਸੀ ਭਾਈਚਾਰੇ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।

ਵਿਸ਼ਵ ਪੱਧਰ ’ਤੇ ਯੋਗ ਨੂੰ ਮਾਨਤਾ : ਮਹਾਰਿਸ਼ੀ ਪਤੰਜਲੀ ਨੂੰ ਰਵਾਇਤੀ ਤੌਰ ’ਤੇ ਯੋਗ ਸੂਤਰਾਂ ਦੇ ਰਚੇਤਾ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਯੋਗ ਸੂਤਰਾਂ ਨੂੰ ਯੋਗ ਦਾ ਆਧਾਰ ਮੰਨਿਆ ਜਾਂਦਾ ਹੈ। ਯੋਗ ਦੀ ਇਸ ਮਹਾਨਤਾ ਦੇ ਬਾਵਜੂਦ ਬੀਤੇ ਸਮੇਂ ’ਚ ਹਰ ਪਾਸੇ ਬਾਡੀ ਬਿਲਡਿੰਗ ਅਤੇ ਐਰੋਬਿਕਸ ਵਰਗੇ ਪੱਛਮੀ-ਸ਼ੈਲੀ ਦੇ ਸਿਹਤ ਪ੍ਰਤੀ ਰੁਝਾਨਾਂ ਦਾ ਬੋਲਬਾਲਾ ਰਿਹਾ ਪਰ ਬੀਤੇ ਇਕ ਦਹਾਕੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਨਿਰੰਤਰ ਯਤਨਾਂ ਸਦਕਾ ਵਿਸ਼ਵ ਪੱਧਰ ’ਤੇ ਯੋਗ ਨੂੰ ਮਾਨਤਾ ਮਿਲੀ ਹੈ।

ਪ੍ਰਧਾਨ ਮੰਤਰੀ ਵਲੋਂ ਸੰਯੁਕਤ ਰਾਸ਼ਟਰ ਮਹਾਸਭਾ ’ਚ 27 ਸਤੰਬਰ, 2014 ਨੂੰ ਯੋਗ ਦੀ ਮਹੱਤਤਾ ਨੂੰ ਮਾਨਤਾ ਦੇਣ ਲਈ ਦਿੱਤੇ ਇਤਿਹਾਸਕ ਭਾਸ਼ਣ ਨੇ ਵਿਸ਼ਵ ਪੱਧਰ ’ਤੇ ਸਿਹਤ ਸਬੰਧੀ ਚਰਚਾ ਨੂੰ ਇਕ ਨਵਾਂ ਮੋੜ ਦਿੱਤਾ ਅਤੇ ਯੋਗ ਦੇ ਪ੍ਰਾਚੀਨ ਭਾਰਤੀ ਵਿਗਿਆਨ ਨੂੰ ਦੁਨੀਆ ਦੇ ਧਿਆਨ ਵਿਚ ਲਿਆਂਦਾ। ਇਸ ਦੇ ਬਾਅਦ ਕੁਝ ਮਹੀਨਿਆਂ ਦੇ ਅੰਦਰ ਹੀ ਸੰਯੁਕਤ ਰਾਸ਼ਟਰ ਨੇ 193 ਮੈਂਬਰ ਦੇਸ਼ਾਂ ਦੇ ਸਮਰਥਨ ਨਾਲ ਅਧਿਕਾਰਤ ਤੌਰ ’ਤੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਐਲਾਨ ਦਿੱਤਾ।

2024 ’ਚ ਯੋਗਾ ਦੀ ਨਵੀਂ ਮਹੱਤਤਾ ਨੂੰ ਦਰਸਾਉਂਦੇ ਹੋਏ, ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਡੇਨਿਸ ਫ੍ਰਾਂਸਿਸ ਨੇ ਕਿਹਾ ਕਿ ਯੋਗਾ ਸੰਯੁਕਤ ਰਾਸ਼ਟਰ ਦੇ ਵਿਸ਼ਵ ਏਕਤਾ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦਾ ਪ੍ਰਤੀਕ ਹੈ।

ਅੰਤਰਰਾਸ਼ਟਰੀ ਯੋਗ ਦਿਵਸ ਦਾ ਦੁਨੀਆ ’ਤੇ ਪ੍ਰਭਾਵ : ਅੰਤਰਰਾਸ਼ਟਰੀ ਯੋਗ ਦਿਵਸ ਨੇ ਦੁਨੀਆ ਭਰ ’ਚ ਯੋਗ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਹੈ। ਅੱਜ ਵਿਸ਼ਵ ਪੱਧਰ ’ਤੇ ਯੋਗ ਦਿਵਸ ਨੂੰ ਮਨਾਇਆ ਜਾ ਰਿਹਾ ਹੈ ਜਿਸ ਵਿਚ ਲੋਕਾਂ ਦੀ ਵੱਡੀ ਭਾਗੀਦਾਰੀ ਇਸ ਗੱਲ ਦਾ ਸਬੂਤ ਹੈ ਕਿ ਦੁਨੀਆ ਨੇ ਯੋਗ ਨੂੰ ਅਪਣਾ ਲਿਆ ਹੈ।

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਰਵਾਏ ਜਾ ਰਹੇ ਪ੍ਰੋਗਰਾਮਾਂ ’ਚ ਵਿਸ਼ਵ ਭਰ ਤੋਂ 24.53 ਕਰੋੜ ਲੋਕਾਂ ਨੇ ਹਿੱਸਾ ਲਿਆ ਜਦਕਿ ਸੋਸ਼ਲ ਮੀਡੀਆ ’ਤੇ 34,890,990 ਲੋਕ ਇਸ ਨਾਲ ਜੁੜੇ ਅਤੇ ਰੇਡੀਓ ਰਾਹੀ 2,600,000 ਕਰੋੜ ਲੋਕਾਂ ਤੱਕ ਯੋਗ ਨੇ ਪਹੁੰਚ ਕੀਤੀ।ਸੰਯੁਕਤ ਰਾਸ਼ਟਰ ਦੇ 177 ਮੈਂਬਰ ਦੇਸ਼ਾਂ ਨੇ ਭਾਰਤ ਦੀ ਇਸ ਪਹਿਲਕਦਮੀ ਦਾ ਸਮਰਥਨ ਕੀਤਾ।

ਭਾਰਤ ਦੀ ਅਰਥਵਿਵਸਥਾ ’ਚ ਯੋਗ ਦਾ ਯੋਗਦਾਨ : ਅੱਜ ਜਦ ਯੋਗ ਸਰੀਰਕ ਅਤੇ ਮਾਨਸਿਕ ਸਿਹਤ ਲਈ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਾ ਹੈ, ਇਸ ਦੇ ਨਾਲ ਹੀ ਨਵੀਂ ਯੋਗ ਅਰਥਵਿਵਸਥਾ ਦੁਨੀਆ ਭਰ ਵਿਚ ਵੱਡੇ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰ ਰਹੀ ਹੈ।

ਯੋਗ ਦੇ ਵਿਸਥਾਰ ਦੀ ਬੇਅੰਤ ਸੰਭਾਵਨਾ : ਦੁਨੀਆ ਭਰ ’ਚ ਯੋਗ ਨਾਲ ਸਬੰਧਤ ਉਦਯੋਗ ਜੋ ਲਗਭਗ 88 ਬਿਲੀਅਨ ਅਮਰੀਕੀ ਡਾਲਰ ਦੇ ਨੇੜੇ ਸਨ, 2025 ਤੱਕ ਉਨ੍ਹਾਂ ਦੇ 215 ਬਿਲੀਅਨ ਡਾਲਰ ਤੋਂ ਵੱਧ ਤੱਕ ਪਹੁੰਚਣ ਦਾ ਅਨੁਮਾਨ ਹੈ। 2022 ਗਲੋਬਲ ਆਯੁਸ਼ ਇਨਵੈਸਟਮੈਂਟ ਅਤੇ ਇਨੋਵੇਸ਼ਨ ਸਮਿਟ ਵਰਗੀਆਂ ਮੁੱਖ ਪਹਿਲਕਦਮੀਆਂ ਨੇ 9,013 ਕਰੋੜ ਰੁਪਏ ਦੇ ਨਿਵੇਸ਼ ਨੂੰ ਇਸ ਖੇਤਰ ’ਚ ਆਕਰਸ਼ਿਤ ਕੀਤਾ ਹੈ, ਜਿਸ ਨਾਲ 535,000 ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।

ਸਰਕਾਰ ਦੇ ਸਮਰਥਨ ਵਾਲਾ ਆਯੁਸ਼ ਸਿੱਖਿਆ ਪ੍ਰੋਗਰਾਮ ਹੁਨਰਮੰਦ ਕਰਮਚਾਰੀ ਵੀ ਪੈਦਾ ਕਰ ਰਿਹਾ ਹੈ, ਜਿਸ ਵਿਚ 30 ਲੱਖ ਤੱਕ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦਾ ਅਨੁਮਾਨ ਹੈ। ਭਾਰਤ ਦਾ ਯੋਗਾ ਸੈਰ-ਸਪਾਟਾ ਬਾਜ਼ਾਰ ਵੀ ਇਸ ਵਾਧੇ ਨੂੰ ਦਰਸਾਉਂਦਾ ਹੈ, ਜਿਸ ਨੇ 2021 ਵਿਚ 9.35 ਬਿਲੀਅਨ ਅਮਰੀਕੀ ਡਾਲਰ ਪੈਦਾ ਕੀਤੇ ਅਤੇ 2030 ਤੱਕ 14.63 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ 5.1 ਫੀਸਦੀ (ਸਾਲਾਨਾ ਮਿਸ਼ਰਿਤ ਵਾਧਾ ਦਰ) ਨਾਲ ਵਧ ਰਿਹਾ ਹੈ। ਇਹ ਰੁਝਾਨ ਯੋਗਾ ਨਾਲ ਸਬੰਧਤ ਸੈਰ-ਸਪਾਟੇ ਨੂੰ ਭਾਰਤ ਦੀ ਵਧ ਰਹੀ ਅਰਥਵਿਵਸਥਾ ਦਾ ਇਕ ਮਹੱਤਵਪੂਰਨ ਹਿੱਸਾ ਬਣਾਉਂਦਾ ਹੈ।

ਆਯੁਸ਼ ਮਾਰਕੀਟ ਦਾ ਤੇਜ਼ੀ ਨਾਲ ਵਿਸਥਾਰ : ਬੀਤੇ ਕੁਝ ਸਮੇਂ ਦੌਰਾਨ ਆਯੁਸ਼ ਖੇਤਰ ਵਿਚ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ, ਜੋ 2014 ਵਿਚ 2.85 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 2023 ਵਿਚ 43.4 ਬਿਲੀਅਨ ਅਮਰੀਕੀ ਡਾਲਰ ਤਕ ਪਹੁੰਚ ਗਿਆ ਹੈ। ਇਸ ਦਾ ਨਿਰਯਾਤ ਵੀ ਦੁੱਗਣਾ ਹੋ ਗਿਆ ਹੈ, ਜੋ 1.09 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 2.16 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ, ਜੋ ਇਸਦੀ ਵਿਸ਼ਵ ਪੱਧਰ ’ਤੇ ਵਧ ਰਹੀ ਮੰਗ ਨੂੰ ਉਜਾਗਰ ਕਰਦਾ ਹੈ।

ਇਸ ਖੇਤਰ ਨਾਲ ਸਬੰਧਤ ਸਟਾਰਟਅੱਪਸ ਨੂੰ ਸਰਕਾਰੀ ਪਹਿਲਕਦਮੀਆਂ ਦਾ ਜ਼ੋਰਦਾਰ ਸਮਰਥਨ ਪ੍ਰਾਪਤ ਹੋਇਆ ਹੈ। ਆਯੁਸ਼ ਸਬੰਧਤ ਛੋਟੇ ਅਤੇ ਮੱਧਮ ਉਦਯੋਗਾਂ ਦੀ ਗਿਣਤੀ ਲਗਭਗ 40 ਫੀਸਦੀ ਵਧੀ ਹੈ, ਜੋ ਅਗਸਤ 2021 ਵਿਚ 38,216 ਤੋਂ ਜਨਵਰੀ 2023 ਤੱਕ 53,023 ਹੋ ਗਈ ਹੈ। ਇਹ ਸ਼ਾਨਦਾਰ ਵਾਧਾ ਆਯੁਸ਼ ਦੁਆਰਾ ਭਾਰਤ ਦੀ ਸਿਹਤ ਅਰਥਵਿਵਸਥਾ ਅਤੇ ਨੌਕਰੀਆਂ ਸਿਰਜਣ ਵਿਚ ਇਕ ਮਹੱਤਵਪੂਰਨ ਯੋਗਦਾਨ ਨੂੰ ਦਰਸਾਉਂਦਾ ਹੈ।

ਯੋਗ ਅਤੇ ਆਯੁਸ਼ ਨੂੰ ਕਰੀਅਰ ਵਜੋਂ ਉਤਸ਼ਾਹਿਤ ਕਰਨਾ : ਯੋਗ ਅਤੇ ਆਯੁਸ਼ ਨੂੰ ਨੌਜਵਾਨਾਂ ਵਿਚ ਇਕ ਕਰੀਅਰ ਬਦਲ ਵਜੋਂ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਜੋ ਭਾਰਤੀ ਨੌਜਵਾਨਾਂ ਲਈ ਵਿਸ਼ਵ ਪੱਧਰ ’ਤੇ ਨੌਕਰੀਆਂ ਦੇ ਨਵੇਂ ਮੌਕੇ ਖੋਲ੍ਹ ਸਕਦਾ ਹੈ। ਇਸ ਲਈ ਭਾਰਤੀ ਯੂਨੀਵਰਸਿਟੀਆਂ ਨੂੰ ਵੀ ਵੱਡੇ ਪੱਧਰ ’ਤੇ ਆਯੁਸ਼ ਅਤੇ ਯੋਗ ਨਾਲ ਸਬੰਧਤ ਮਾਹਿਰ ਨੌਜਵਾਨ ਤਿਆਰ ਕਰਨ ਲਈ ਸਬੰਧਤ ਡਿਗਰੀਆਂ ਅਤੇ ਕੋਰਸ ਕਰਵਾਉਣੇ ਚਾਹੀਦੇ ਹਨ।

ਨਿਰੋਗ ਸਰੀਰ ਲਈ ਯੋਗ ਦਾ ਉਪਯੋਗ : ਅਕਸਰ ਕਿਹਾ ਜਾਂਦਾ ਹੈ ਕਿ ਇਲਾਜ ਨਾਲੋਂ ਰੋਕਥਾਮ ਬਿਹਤਰ ਹੈ, ਸਿਹਤ ਸੰਭਾਲ ਵਿਚ ਯੋਗ ਦੇ ਪ੍ਰਯੋਗ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਜਿਸ ਰਾਹੀ ਇਕ ਸਿਹਤਮੰਦ ਜੀਵਨਸ਼ੈਲੀ ਵਿਕਸਿਤ ਹੋਵੇਗੀ ਅਤੇ ਲੋਕ ਬੀਮਾਰੀਆਂ ਤੋਂ ਬਚ ਸਕਣਗੇ।

ਸਕੂਲ ਦੇ ਪਾਠਕ੍ਰਮ ਵਿਚ ਯੋਗ ਨੂੰ ਸ਼ਾਮਲ ਕਰਨਾ : ਜਿਵੇਂ ਕਿ ਸਰੀਰਕ ਸਿੱਖਿਆ ਭਾਰਤੀ ਸਿੱਖਿਆ ਦਾ ਇਕ ਅਨਿੱਖੜਵਾਂ ਅੰਗ ਹੈ, ਇਸ ਤਰ੍ਹਾਂ ਯੋਗ ਨੂੰ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਇਹ ਭਾਰਤ ਨੂੰ ਨੌਜਵਾਨਾਂ ਵਿਚ ਮੋਟਾਪੇ ਵਰਗੀਆਂ ਕਈ ਸਿਹਤ ਸਮੱਸਿਆਵਾਂ ਨੂੰ ਰੋਕਣ ਵਿਚ ਵੀ ਮਦਦ ਕਰੇਗਾ।

ਸਤਨਾਮ ਸਿੰਘ ਸੰਧੂ ਸੰਸਦ ਮੈਂਬਰ (ਰਾਜ ਸਭਾ)


author

Rakesh

Content Editor

Related News