‘ਆਰਟੀਫੀਸ਼ੀਅਲ ਇੰਟੈਲੀਜੈਂਸ’ ਸਿੱਖਿਆ ਸਮੇਤ ਕਈ ਖੇਤਰਾਂ ''ਚ ਲਿਆ ਰਹੀ ਹੈ ਕ੍ਰਾਂਤੀ
Monday, Sep 02, 2024 - 07:35 PM (IST)
ਦੇਸ਼ ਦੇ ਕਈ ਸੂਬਿਆਂ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਸਕੂਲ ਸਿੱਖਿਆ ਦੇ ਸਿਲੇਬਸ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ’ਚ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਵਰਗੇ ਕਈ ਸੂਬੇ ਤੇਜ਼ੀ ਨਾਲ ਸ਼ਾਮਲ ਹੋ ਰਹੇ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਤੇਜ਼ੀ ਨਾਲ ਵਿਕਸਿਤ ਹੁੰਦੀ ਹੋਈ ਤਕਨੀਕ ਹੈ, ਜੋ ਸਿੱਖਿਆ ਸਮੇਤ ਕਈ ਖੇਤਰਾਂ ’ਚ ਕ੍ਰਾਂਤੀ ਲਿਆ ਰਹੀ ਹੈ।
2023 ’ਚ ਖੋਲ੍ਹਿਆ ਗਿਆ ਕੇਰਲ ਦਾ ਸ਼ਾਂਤੀਗਿਰੀ ਵਿੱਦਿਆ ਭਵਨ ਭਾਰਤ ਦਾ ਪਹਿਲਾ ਏ. ਆਈ. ਸਕੂਲ ਹੈ। ਇਥੇ ਵਿਦਿਆਰਥੀਆਂ ਨੂੰ ਗਣਿਤ, ਵਿਗਿਆਨ ਅਤੇ ਅੰਗਰੇਜ਼ੀ ਵਰਗੇ ਵਿਸ਼ੇ ਪੜ੍ਹਾਉਣ ਲਈ ਏ. ਆਈ. ਦੀ ਵਰਤੋਂ ਕੀਤੀ ਜਾਂਦੀ ਹੈ। ਖਬਰਾਂ ਅਨੁਸਾਰ ਪੰਜਾਬ ’ਚ ਖੁੱਲ੍ਹੇ ਸਕੂਲ ਆਫ ਐਮੀਨੈਂਸ ਵੀ ਇਸੇ ਲੜੀ ’ਚ ਸ਼ਾਮਲ ਹੋ ਚੁੱਕੇ ਹਨ।
ਏ. ਆਈ. ਦੇ ਸਕੂਲ ਸਿੱਖਿਆ ’ਚ ਵਰਤੋਂ ਦੇ ਫਾਇਦੇ ਅਤੇ ਨੁਕਸਾਨ ’ਤੇ ਬਹਿਸ ਚੱਲ ਰਹੀ ਹੈ ਪਰ ਇਸ ਦੀ ਵਧੀਆ ਵਰਤੋਂ ਸਿਲੇਬਸ ਸਮੱਗਰੀ ਨੂੰ ਵੱਧ ਨਿੱਜੀ ਅਤੇ ਆਕਰਸ਼ਿਤ ਬਣਾਉਣ ਲਈ ਕੀਤੀ ਜਾ ਸਕਦੀ ਹੈ।
ਵਿਦਿਆਰਥੀਆਂ ਦੀਆਂ ਰੁਚੀਆਂ ਅਤੇ ਸਿੱਖਣ ਦੀ ਸ਼ੈਲੀ ਦੇ ਆਧਾਰ ’ਤੇ ਸਿਲੇਬਸ ਸਮੱਗਰੀ ਨੂੰ ਉਨ੍ਹਾਂ ਦੇ ਅਨੁਸਾਰ ਬਣਾਉਣ ਲਈ ਏ. ਆਈ. ਨੂੰ ਵਰਤਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਦੀ ਵਰਤੋਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇਣ, ਉਨ੍ਹਾਂ ਨੂੰ ਨਿੱਜੀ ਅਭਿਆਸ ਕਰਵਾਉਣ ਅਤੇ ਸਿੱਖਣ ਦੇ ਸੁਧਾਰ ’ਤੇ ਅਗਵਾਈ ਕਰਨ ਲਈ ਕੀਤੀ ਜਾ ਸਕਦੀ ਹੈ।
ਏ. ਆਈ. ਦੀ ਸਿੱਖਿਆ ’ਚ ਵਰਤੋਂ ਨਾਲ ਜੁੜੀਆਂ ਕੁਝ ਚਿੰਤਾਵਾਂ ਵੀ ਹਨ। ਇਕ ਵੱਡੀ ਚਿੰਤਾ ਵੱਖ-ਵੱਖ ਆਰਥਿਕ ਪਿਛੋਕੜ ਤੋਂ ਆਉਣ ਵਾਲੇ ਵਿਦਿਆਰਥੀਆਂ ਦਰਮਿਆਨ ਦਾ ਤਕਨੀਕੀ ਫਾਸਲਾ ਵੀ ਹੈ। ਏ. ਆਈ. ਸਕੂਲੀ ਸਿੱਖਿਆ ਲਈ ਇਕ ਸ਼ਕਤੀਸ਼ਾਲੀ ਯੰਤਰ ਹੋ ਸਕਦਾ ਹੈ ਪਰ ਇਸ ਖੇਤਰ ’ਚ ਅਜੇ ਵੀ ਕੁਝ ਚੁਣੌਤੀਆਂ ਹਨ।
ਇਕ ਚੁਣੌਤੀ ਤਾਂ ਲਾਗਤ ਦੀ ਹੈ। ਏ. ਆਈ. ਤਕਨੀਕ ਲਾਗੂ ਕਰਨੀ ਫਿਲਹਾਲ ਮਹਿੰਗੀ ਹੈ, ਇਸ ਲਈ ਸਾਰੇ ਸਕੂਲਾਂ ਲਈ ਇਸ ਨੂੰ ਅਪਣਾਉਣਾ ਵੀ ਇਕ ਚੁਣੌਤੀ ਹੈ। ਏ. ਆਈ. ਦੀ ਵਰਤੋਂ ਕਰਨ ਵਾਲੇ ਅਧਿਆਪਕਾਂ ਨੂੰ ਏ. ਆਈ. ਤਕਨੀਕਾਂ ਨੂੰ ਸਿੱਖਣ ਅਤੇ ਵਰਤਣ ਲਈ ਸਮਾਂ ਅਤੇ ਯਤਨ ਕਰਨ ਦੀ ਲੋੜ ਹੈ। ਨਾਲ ਹੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਖੁਫੀਅਤਾ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ।
ਏ. ਆਈ. ਨੂੰ ਸਕੂਲੀ ਸਿਲੇਬਸ ’ਚ ਸ਼ਾਮਲ ਕੀਤੇ ਜਾਣ ’ਤੇ ਸਾਈਬਰ ਮਾਹਿਰ ਕਹਿੰਦੇ ਹਨ ਕਿ ਕੋਈ ਵੀ ਤਕਨੀਕ ਤੁਸੀਂ ਤੁਰੰਤ ਕਿਸੇ ਦੀ ਜ਼ਿੰਦਗੀ ’ਚ ਲਿਆਉਂਦੇ ਹੋ ਤਾਂ ਉਸ ਦੇ ਮਾੜੇ ਨਤੀਜੇ ਸਮਝ ਨਹੀਂ ਸਕਦੇ। ਪਹਿਲਾਂ ਤਕਨੀਕ ਦੇ ਫਾਇਦੇ ਅਤੇ ਭੈੜੇ ਪ੍ਰਭਾਵ ਪੜ੍ਹਾਉਣੇ ਚਾਹੀਦੇ ਹਨ। ਬੱਚਿਆਂ ਨੂੰ ਸਮਝਾਇਆ ਜਾਣਾ ਚਾਹੀਦਾ ਹੈ ਕਿ ਇਸ ਤਕਨੀਕ ਨੂੰ ਸਿਹਤਮੰਦ ਅਤੇ ਨੈਤਿਕ ਤਰੀਕੇ ਨਾਲ ਕਿਵੇਂ ਵਰਤਣਾ ਚਾਹੀਦਾ ਹੈ।
ਕੀ ਬੱਚੇ ਆਪਣੇ ਅਧਿਆਪਕਾਂ, ਖਾਸ ਕਰ ਕੇ ਮਹਿਲਾ ਅਧਿਆਪਕਾਂ ਦਾ ਅਪਮਾਨ ਕਰਨ ਲਈ ਇਨ੍ਹਾਂ ਤਕਨੀਕਾਂ ਨੂੰ ਨਹੀਂ ਵਰਤ ਸਕਦੇ ਹਨ? ਇਸ ਦਾ ਜਵਾਬ ਲੱਭਣਾ ਹੋਵੇਗਾ। ਇਸ ਰਾਹੀਂ ਸਾਈਬਰ ਬੁਲਿੰਗ ਵੀ ਹੋ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਏ. ਆਈ. ਨੂੰ ਸਕੂਲੀ ਸਿਲੇਬਸਾਂ ’ਚ ਲਿਆਉਣ ਦੀ ਹੜਬੜੀ ’ਤੇ ਵਿਚਾਰ ਕਰਨਾ ਹੋਵੇਗਾ। ਅਸੀਂ ਪਹਿਲਾਂ ਬੱਚਿਆਂ ਦਰਮਿਆਨ ਇਸ ਨੂੰ ਅਪਣਾਉਣ ਦਾ ਬੇਸ ਬਣਾਉਣਾ ਹੋਵੇਗਾ।
ਇਸ ਤੋਂ ਇਲਾਵਾ ਇਕ ਵੱਡੀ ਚਿੰਤਾ ਵੱਖ-ਵੱਖ ਆਰਥਿਕ ਪਿਛੋਕੜ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਦਰਮਿਆਨ ਦਾ ਤਕਨੀਕੀ ਫਾਸਲਾ ਵੀ ਹੈ। ਕੋਰੋਨਾ ਮਹਾਮਾਰੀ ਦੌਰਾਨ ਇਹ ਫਰਕ ਵੱਧ ਸਪੱਸ਼ਟ ਦਿਸਿਆ। ਜਮਾਤਾਂ ਆਨਲਾਈਨ ਮਾਧਿਅਮ ਨਾਲ ਲੱਗਣ ਲੱਗੀਆਂ ਪਰ ਦਿਹਾਤੀ ਇਲਾਕਿਆਂ, ਖਾਸ ਕਰ ਕੇ ਗਰੀਬ ਆਮਦਨ ਵਰਗ ਦੇ ਵਿਦਿਆਰਥੀਆਂ ਕੋਲ ਲੈਪਟਾਪ ਅਤੇ ਸਮਾਰਟਫੋਨ ਵਰਗੇ ਸਾਧਨਾਂ ਦੀ ਘਾਟ ਸੀ।
ਨਤੀਜੇ ਵਜੋਂ ਕਈ ਬੱਚਿਆਂ ਦੀ ਜਾਂ ਤਾਂ ਪੜ੍ਹਾਈ ਛੁੱਟ ਗਈ ਜਾਂ ਫਿਰ ਉਹ ਕਾਫੀ ਪੱਛੜ ਗਏ। ਇਹ ਬਿੰਦੂ ਏ. ਆਈ. ਨੂੰ ਲਾਗੂ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦੇ ਦਰਮਿਆਨ ਤਕਨੀਕੀ ਫਾਸਲਾ ਘਟਾਉਣ ਦੀ ਲੋੜ ’ਤੇ ਵੀ ਰੌਸ਼ਨੀ ਪਾਉਂਦੇ ਹਨ। ਇਸ ਦੇ ਲਈ ਸਰਕਾਰੀ ਸਕੂਲਾਂ ’ਚ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਅਤੇ ਦੁਪਹਿਰ ਦੇ ਭੋਜਨ ਦੀ ਤਰਜ਼ ’ਤੇ ਵਿਦਿਆਰਥੀਆ ਨੂੰ ਟੈਬਲੇਟ ਜਾਂ ਕੰਪਿਊਟਰ ਦਿੱਤਾ ਜਾਣਾ ਚਾਹੀਦਾ ਹੈ।
ਇਸ ਨਾਲ ਗਰੀਬ ਅਤੇ ਆਰਥਿਕ ਪਿਛੋਕੜ ਵਾਲੇ ਵਿਦਿਆਰਥੀ ਵੀ ਰਿਕਾਰਡਡ ਵੀਡੀਓਜ਼ ਨਾਲ ਪੜ੍ਹਾਈ ਕਰ ਸਕਣਗੇ। ਬਸਤੇ ਦਾ ਭਾਰ ਵੀ ਘਟੇਗਾ। ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਅਨੁਪਾਤ ਸੁਧਰੇਗਾ। ਨਾਲ ਹੀ ਵਿਦਿਆਰਥੀਆਂ ਨੂੰ ਏ. ਆਈ. ਵਰਗੀਆਂ ਤਕਨੀਕਾਂ ਲਈ ਵਧੀਆ ਢੰਗ ਨਾਲ ਤਿਆਰ ਕੀਤਾ ਜਾ ਸਕੇਗਾ।
ਏ. ਆਈ. ’ਚ ਪੂਰੇ ਦੇਸ਼ ਦੀ ਸਕੂਲੀ ਸਿੱਖਿਆ ਦੇ ਭਵਿੱਖ ਨੂੰ ਬਦਲਣ ਦੀ ਅਥਾਹ ਸਮਰੱਥਾ ਹੈ। ਡਿਸਟੈਂਸ ਐਜੂਕੇਸ਼ਨ ਅਤੇ ਆਨਲਾਈਨ ਸਿੱਖਿਆ ਵਰਗੀ ਗੈਰ-ਰਵਾਇਤੀ ਸਿੱਖਿਆ ਤਕ ਪਹੁੰਚ ਨੂੰ ਹੁਲਾਰਾ ਦੇਣ ’ਚ ਏ. ਆਈ. ਸਹੀ ਸਾਬਿਤ ਹੋਵੇਗੀ।
ਇਸ ਨਾਲ ਦਿਹਾਤੀ ਅਤੇ ਦੂਰ-ਦੁਰਾਡੇ ਇਲਾਕਿਆਂ ’ਚ ਰਹਿਣ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਚੰਗੇ ਪੱਧਰ ਦੀ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲੇਗਾ। ਵਿਦਿਆਰਥੀਆਂ ਨੂੰ ਬਿਹਤਰ ਸੋਚ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਨੂੰ ਵਿਕਸਿਤ ਕਰਨ ’ਚ ਵੀ ਏ. ਆਈ. ਮਦਦਗਾਰ ਹੋਵੇਗੀ।
ਡਾ. ਵਰਿੰਦਰ ਭਾਟੀਆ