VIP ਕਲਚਰ ਧਾਰਮਿਕ ਸਥਾਨਾਂ ’ਚ ਬੰਦ ਹੋਵੇ
Saturday, Jan 11, 2025 - 03:39 AM (IST)
ਸਨਾਤਨ ਪਰੰਪਰਾ ਵਿਚ ਹਰ ਕੰਮ ਪਰਮਾਤਮਾ ਦਾ ਧਿਆਨ ਕਰ ਕੇ ਸ਼ੁਰੂ ਕੀਤਾ ਜਾਂਦਾ ਹੈ ਅਤੇ ਮੰਦਰ ਜਾਣਾ ਵੀ ਇਸ ਦਾ ਇਕ ਹਿੱਸਾ ਹੈ, ਜਿੱਥੇ ਪ੍ਰਵੇਸ਼ ਕਰਦੇ ਹੀ ਅਜਿਹੀ ਊਰਜਾ ਮਿਲਦੀ ਹੈ ਜਿਸ ਨਾਲ ਸਰੀਰ ਦੀਆਂ ਸਾਰੀਆਂ ਪੰਜ ਇੰਦਰੀਆਂ (ਦ੍ਰਿਸ਼ਟੀ, ਸੁਣਨਾ, ਛੋਹ, ਗੰਧ, ਅਤੇ ਸਵਾਦ) ਸਰਗਰਮ ਹੋ ਜਾਂਦੀਆਂ ਹਨ। ਇਨ੍ਹਾਂ ਦਾ ਮੰਦਰ ਜਾਣ ਨਾਲ ਡੂੰਘਾ ਸਬੰਧ ਹੈ।
ਮੰਦਰ ਕੁਝ ਮੰਗਣ ਦੀ ਜਗ੍ਹਾ ਨਹੀਂ ਹੈ। ਉੱਥੇ ਸ਼ਾਂਤੀ ਨਾਲ ਬੈਠ ਕੇ ਸਿਰਫ਼ ਆਪਣੇ ਪੂਜਨੀਕ ਭਗਵਾਨ ਦੇ ਦਰਸ਼ਨ ਕਰਨੇ ਚਾਹੀਦੇ ਹਨ ਪਰ ਬਹੁਤ ਸਾਰੇ ਲੋਕ ਇਹ ਸੋਚਣ ਲੱਗ ਪਏ ਹਨ ਕਿ ਉਨ੍ਹਾਂ ਨੇ ਆਪਣੀਆਂ ਮੰਗਾਂ ਭਗਵਾਨ ਅੱਗੇ ਰੱਖਣ ਲਈ ਮੰਦਰ ਜਾਣਾ ਹੈ।
ਇਸੇ ਮਕਸਦ ਨਾਲ ਕਈ ਵਾਰ ਮੰਦਰਾਂ ਵਿਚ ਭਗਵਾਨ ਦੇ ਤੁਰੰਤ ਦਰਸ਼ਨ ਕਰਨ ਦੀ ਲਾਲਸਾ ਨਾਲ ਉੱਥੇ ਪਹੁੰਚੇ ਸ਼ਰਧਾਲੂਆਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਢੁੱਕਵੇਂ ਪ੍ਰਬੰਧਾਂ ਦੀ ਘਾਟ ਅਤੇ ਹੋਰ ਕਾਰਨਾਂ ਕਰਕੇ, ਭਗਦੜ ਮਚ ਜਾਂਦੀ ਹੈ ਜਿਸ ਵਿਚ ਕਈ ਵਾਰ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ।
ਇਸ ਦੀ ਇਕ ਮਿਸਾਲ ਬੀਤੀ 8 ਜਨਵਰੀ ਨੂੰ ਦੇਖਣ ਨੂੰ ਮਿਲੀ, ਜਦੋਂ ਆਂਧਰਾ ਪ੍ਰਦੇਸ਼ ਦੇ ‘ਤਿਰੂਪਤੀ ਮੰਦਰ’ ਦੇ ‘ਵਿਸ਼ਨੂੰ ਨਿਵਾਸ’ ਨੇੜੇ ‘ਤਿਰੂਮਲਾ ਸ਼੍ਰੀਵਾਰੀ ਵੈਕੁੰਠ ਇਕਾਦਸ਼ੀ’ ਦੇ ਮੌਕੇ ’ਤੇ ਸ਼ਰਧਾਲੂਆਂ ਨੂੰ ਦਰਸ਼ਨ ਟੋਕਨ ਵੰਡਣ ਲਈ ਲਗਾਏ ਗਏ ਕੁਝ ਕਾਊਂਟਰਾਂ ’ਤੇ ਸ਼ਰਧਾਲੂਆਂ ਦੀ ਭੀੜ ਵਿਚ ਅਚਾਨਕ ਵਾਧਾ ਹੋਣ ਕਾਰਨ ਭਗਦੜ ਮਚ ਜਾਣ ਨਾਲ 6 ਸ਼ਰਧਾਲੂਆਂ ਦੀ ਮੌਤ ਹੋ ਗਈ।
ਪੁਲਸ ਅਨੁਸਾਰ ਜਦੋਂ ਟੋਕਨ ਜਾਰੀ ਕਰਨ ਵਾਲੇ ਕਾਊਂਟਰ ’ਤੇ ਕਿਸੇ ਕਰਮਚਾਰੀ ਦੀ ਤਬੀਅਤ ਖਰਾਬ ਹੋਈ ਅਤੇ ਉਸ ਨੂੰ ਹਸਪਤਾਲ ਲਿਜਾਣ ਲਈ ਦਰਵਾਜ਼ੇ ਖੋਲ੍ਹੇ ਗਏ ਤਾਂ ਉੱਥੇ ਇਕੱਠੇ ਹੋਏ ਸ਼ਰਧਾਲੂਆਂ ਨੇ ਸੋਚਿਆ ਕਿ ਟੋਕਨ ਜਾਰੀ ਕਰਨ ਲਈ ‘ਕਿਊ ਲਾਈਨ’ ਖੁੱਲ੍ਹ ਗਈ ਹੈ ਅਤੇ ਉਹ ਤੁਰੰਤ ਉਸ ਪਾਸੇ ਭੱਜੇ ਜੋ ਉਥੇ ਭਗਦੜ ਮਚਣ ਦੇ ਨਤੀਜੇ ਵਜੋਂ ਦੁਖਦਾਈ ਮੌਤਾਂ ਦਾ ਕਾਰਨ ਬਣਿਆ।
ਧਾਰਮਿਕ ਸਥਾਨਾਂ ’ਤੇ ਦਰਸ਼ਨਾਂ ਦੀ ਉਤਾਵਲੀ ਕਾਰਨ ਹੋਣ ਵਾਲੀ ਭਗਦੜ ਜਿੱਥੇ ਉੱਥੋਂ ਦੇ ਪ੍ਰਬੰਧਨ ਵਿਚ ਤਰੁੱਟੀਆਂ ਦਾ ਨਤੀਜਾ ਹੈ, ਉੱਥੇ ਹੀ ਮੰਦਰਾਂ ਵਿਚ ਦਰਸ਼ਨਾਂ ਲਈ ਵਿਸ਼ੇਸ਼ ਲੋਕਾਂ ਨੂੰ ਤਰਜੀਹ ਦੇਣ ਦੀ ਪ੍ਰਣਾਲੀ ਵਿਵਸਥਾ ਸਮੱਸਿਆਵਾਂ ਪੈਦਾ ਕਰਦੀ ਹੈ।
ਇਸ ਸੰਬੰਧੀ ਇਕ ਪਟੀਸ਼ਨ ਸੁਪਰੀਮ ਕੋਰਟ ਵਿਚ ਵੀ ਵਿਚਾਰ ਅਧੀਨ ਹੈ, ਜਿਸ ਦੀ ਸੁਣਵਾਈ 27 ਜਨਵਰੀ ਨੂੰ ਹੋਣੀ ਹੈ। ਇਸ ਵਿਚ ਪਟੀਸ਼ਨਕਰਤਾ ਨੇ ਕਿਹਾ ਹੈ ਕਿ ‘‘ਮੰਦਰਾਂ ਵਿਚ ਵਿਸ਼ੇਸ਼ ਜਾਂ ਜਲਦੀ ਦਰਸ਼ਨਾਂ ਲਈ ਵਾਧੂ ‘ਵੀ. ਆਈ. ਪੀ. ਦਰਸ਼ਨ ਫੀਸ’ ਦੀ ਵਸੂਲੀ ਸੰਵਿਧਾਨ ਦੀ ਧਾਰਾ 14 ਅਤੇ 21 ਦੇ ਤਹਿਤ ਸਮਾਨਤਾ ਦੇ ਸਿਧਾਂਤ ਦੀ ਉਲੰਘਣਾ ਹੈ।’’
‘‘ਬਹੁਤ ਸਾਰੇ ਧਾਰਮਿਕ ਸਥਾਨਾਂ ਵਿਚ 400-500 ਰੁਪਏ ਤੱਕ ਦੀ ਵਾਧੂ ਫੀਸ ਦੇ ਕੇ ਕੋਈ ਵੀ ਵਿਅਕਤੀ ਮੰਦਰਾਂ ਵਿਚ ਦੇਵਤਿਆਂ ਦੀ ਮੂਰਤੀ ਦੇ ਵੱਧ ਤੋਂ ਵੱਧ ਨੇੜੇ ਤੱਕ ਜਲਦੀ ਪਹੁੰਚ ਸਕਦਾ ਹੈ। ਇਹ ਪ੍ਰਬੰਧ ਸਰੀਰਕ ਅਤੇ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਵੀ. ਆਈ. ਪੀ. ਪ੍ਰਵੇਸ਼ ਫੀਸ ਦੇਣ ’ਚ ਅਸਮਰੱਥ ਆਮ ਸ਼ਰਧਾਲੂਆਂ ਪ੍ਰਤੀ ਅਸੰਵੇਦਨਸ਼ੀਲ ਹੈ। ਇਸ ਨਾਲ ਫੀਸ ਦੇਣ ’ਚ ਅਸਮਰੱਥ ਭਗਤਾਂ ਨਾਲ ਭੇਦਭਾਵ ਹੁੰਦਾ ਹੈ। ਖਾਸ ਤੌਰ ’ਤੇ ਇਨ੍ਹਾਂ ਗ਼ਰੀਬ ਸ਼ਰਧਾਲੂਆਂ ਵਿਚ ਔਰਤਾਂ ਅਤੇ ਬਜ਼ੁਰਗ ਵੱਧ ਰੁਕਾਵਟਾਂ ਦਾ ਸਾਹਮਣਾ ਕਰਨ ਵਾਲਿਆਂ ’ਚ ਸ਼ਾਮਲ ਹਨ।’’
ਇਸ ਸਬੰਧ ਵਿਚ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ 7 ਜਨਵਰੀ ਨੂੰ ਧਰਮਸਥਲ (ਕਰਨਾਟਕ) ’ਚ ਸਥਿਤ ਸ਼੍ਰੀ ਮੰਜੂਨਾਥ ਮੰਦਰ ਵਿਚ ਦੇਸ਼ ਦੇ ਸਭ ਤੋਂ ਵੱਡੇ ‘ਕਿਊ ਕੰਪਲੈਕਸ’ (ਉਡੀਕ ਕੰਪਲੈਕਸ) ਦਾ ਉਦਘਾਟਨ ਕਰਦੇ ਹੋਏ ਕਿਹਾ ਕਿ , ‘‘ਸਾਨੂੰ ਵਿਸ਼ੇਸ਼ ਤੌਰ ’ਤੇ ਮੰਦਰਾਂ ’ਚ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨਾ ਚਾਹੀਦਾ ਹੈ ਕਿਉਂਕਿ ਵੀ. ਆਈ. ਪੀ. ਦਰਸ਼ਨ ਦਾ ਵਿਚਾਰ ਹੀ ਬ੍ਰਹਮਤਾ ਦੇ ਵਿਰੁੱਧ ਹੈ।’’
‘‘ਜਦੋਂ ਕਿਸੇ ਨੂੰ ਤਰਜੀਹ ਦਿੱਤੀ ਜਾਂਦੀ ਹੈ ਅਤੇ ਅਸੀਂ ਉਸ ਨੂੰ ਵੀ. ਵੀ. ਆਈ. ਪੀ. ਜਾਂ ਵੀ. ਆਈ. ਪੀ. ਕਹਿੰਦੇ ਹਾਂ ਤਾਂ ਇਸ ਸਮਾਨਤਾ ਦੀ ਭਾਵਨਾ ਨੂੰ ਕਮਜ਼ੋਰ ਕਰਨ ਵਾਂਗ ਹੈ। ਵੀ. ਆਈ. ਪੀ. ਕਲਚਰ ਇਕ ਭਟਕਣਾ ਹੈ। ਇਹ ਇਕ ਕਬਜ਼ਾ ਹੈ। ਸਮਾਨਤਾ ਦੇ ਦ੍ਰਿਸ਼ਟੀਕੋਣ ਤੋਂ ਇਸ ਦੀ ਸਮਾਜ ਵਿਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਧਾਰਮਿਕ ਸਥਾਨਾਂ ’ਤੇ ਤਾਂ ਬਿਲਕੁਲ ਵੀ ਨਹੀਂ।’’
ਸ਼੍ਰੀ ਧਨਖੜ ਨੇ ਠੀਕ ਹੀ ਕਿਹਾ ਹੈ ਕਿਉਂਕਿ ਅਜਿਹੀ ਸਥਿਤੀ ਵਿਚ ਸਮਾਨਤਾ ਦੀ ਭਾਵਨਾ ਤਿਆਗ ਕੇ ਕੁਝ ਧਾਰਮਿਕ ਸਥਾਨਾਂ ਦੇ ਕੁਝ ਪੁਜਾਰੀ ਆਪਣੇ ਆਪ ਨੂੰ ਹੀ ਭਗਵਾਨ ਸਮਝਣਾ ਸ਼ੁਰੂ ਕਰ ਦਿੰਦੇ ਹਨ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ।
ਜਿੱਥੋਂ ਤੱਕ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸਵਾਲ ਹੈ ਤਾਂ ਪਿਛਲੇ ਸਾਲ ਸਤੰਬਰ ਵਿੱਚ ਆਂਧਰਾ ਪ੍ਰਦੇਸ਼ ਵਿਚ ਤਿਰੂਪਤੀ ਦੇ ਹੀ ਪ੍ਰਸਾਦ ਦੇ ਲੱਡੂਆਂ ਵਿਚ ਪਸ਼ੂ ਚਰਬੀ ਨਾਲ ਮਿਲਾਵਟੀ ਘਿਓ ਦੀ ਵਰਤੋਂ ਦੇ ਦੋਸ਼ਾਂ ਦੇ ਜਨਤਕ ਹੋਣ ਤੋਂ ਬਾਅਦ ਪੈਦਾ ਹੋਇਆ ਵਿਵਾਦ ਅਜੇ ਵੀ ਜਾਰੀ ਹੈ ਅਤੇ ਇਸ ਸਬੰਧ ਵਿਚ ਗਠਿਤ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਾਫ ਹੋਵੇਗੀ।
ਇਸ ਲਈ, ਸਭ ਤੋਂ ਵੱਡੀ ਲੋੜ ਧਾਰਮਿਕ ਸਥਾਨਾਂ ’ਤੇ ਸਾਰਿਆਂ ਨਾਲ ਬਰਾਬਰ ਵਿਵਹਾਰ ਕਰਨ ਅਤੇ ਵਧੀਆ ਪ੍ਰਬੰਧ ਕਰਨ ਦੀ ਹੈ ਤਾਂ ਜੋ ਨਾ ਤਾਂ ਕੋਈ ਅਣਸੁਖਾਵੀਂ ਘਟਨਾ ਵਾਪਰੇ ਅਤੇ ਨਾ ਹੀ ਕੋਈ ਵਿਵਾਦ ਪੈਦਾ ਹੋਣ ਨਾਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ।
-ਵਿਜੇ ਕੁਮਾਰ