ਹਾਲੀਵੁੱਡ ਸੜ ਕੇ ਹੋ ਰਿਹਾ ਹੈ ਸਵਾਹ
Monday, Jan 13, 2025 - 02:19 PM (IST)
ਅੱਜ ਤੋਂ 50 ਸਾਲ ਪਹਿਲਾਂ ਇਸਕਾਨ ਦੇ ਸੰਸਥਾਪਕ ਅਚਾਰੀਆ ਸਵਾਮੀ ਪ੍ਰਭੂਪਾਦ ਕਾਰ ’ਚ ਕੈਲੀਫੋਰਨੀਆ ਹਾਈਵੇਅ ’ਤੇ ਜਾ ਰਹੇ ਸਨ। ਖਿੜਕੀ ਦੇ ਬਾਹਰੋਂ ਬਹੁਮੰਜ਼ਿਲਾ ਇਮਾਰਤਾਂ ਦੀ ਕਤਾਰ ਦਿਖਾਈ ਦੇ ਰਹੀ ਸੀ। ਸ਼੍ਰੀ ਪ੍ਰਭੂਪਾਦ ਦੇ ਮੂੰਹ ’ਚੋਂ ਅਚਾਨਕ ਨਿਕਲਿਆ ਕਿ ਇਨ੍ਹਾਂ ਲੋਕਾਂ ਨੇ ਰਾਵਣ ਦੀ ਸੋਨੇ ਦੀ ਲੰਕਾ ਖੜ੍ਹੀ ਕਰ ਦਿੱਤੀ ਜੋ ਇਕ ਦਿਨ ਸਵਾਹ ਹੋ ਜਾਵੇਗੀ। ਜਿਸ ਤੇਜ਼ੀ ਨਾਲ ਲਾਸ ਏਂਜਲਸ ਦਾ ਹਾਲੀਵੁੱਡ ਇਲਾਕਾ ਭਿਆਨਕ ਅੱਗ ਦੀ ਲਪੇਟ ’ਚ ਹਰ ਪਲ ਸਵਾਹ ਹੋ ਰਿਹਾ ਹੈ, ਉਸ ਤੋਂ 50 ਸਾਲ ਪਹਿਲਾਂ ਕੀਤੀ ਗਈ ਇਕ ਸੰਤ ਦੀ ਭਵਿੱਖਬਾਣੀ ਸੱਚ ਹੋ ਗਈ ਹੈ। ਕੈਲੀਫੋਰਨੀਆ ਸੂਬੇ ਦੇ ਸ਼ਹਿਰ ਲਾਸ ਏਂਜਲਸ ਦੇ ਜੰਗਲਾਂ ’ਚ ਫੈਲੀ ਅੱਗ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਹੁਣ ਤੱਕ ਇਸ ਅੱਗ ਦੀ ਲਪੇਟ ’ਚ 6 ਜੰਗਲ ਆ ਚੁੱਕੇ ਹਨ ਅਤੇ ਇਸ ਦਾ ਘੇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਅੱਗ ਦੇ ਕਾਰਨ ਹੁਣ ਤੱਕ 10 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 2 ਲੱਖ ਤੋਂ ਵੱਧ ਵਿਅਕਤੀਆਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਤੇਜ਼ ਹਵਾ ਰਾਹਤ ਕਾਲ ’ਚ ਅੜਿੱਕਾ ਪਾ ਰਹੀ ਹੈ। 4 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਕੱਟੀ ਹੋਈ ਹੈ।
ਕੈਲੀਫੋਰਨੀਆ ਦੇ ਇਤਿਹਾਸ ’ਚ ਇਸ ਨੂੰ ਸਭ ਤੋਂ ਵੱਡਾ ਤਬਾਹਕੁੰਨ ਹਾਦਸਾ ਦੱਸਿਆ ਜਾ ਰਿਹਾ ਹੈ। ਸ਼ੁਰੂ ’ਚ ਸਿਰਫ 10 ਏਕੜ ਇਲਾਕੇ ’ਚ ਲੱਗੀ ਇਹ ਅੱਗ ਕੁਝ ਹੀ ਦਿਨਾਂ ’ਚ 17,200 ਏਕੜ ’ਚ ਫੈਲ ਗਈ। ਪੂਰੇ ਸ਼ਹਿਰ ’ਚ ਧੂੰਏਂ ਦੇ ਬੱਦਲ ਛਾਏ ਹੋਏ ਹਨ। ਇਸ ਭਿਆਨਕ ਅੱਗ ਨਾਲ ਹੁਣ ਤੱਕ ਅੰਦਾਜ਼ਨ ਲਗਭਗ 135-150 ਅਰਬ ਡਾਲਰ (12 ਹਜ਼ਾਰ ਅਰਬ ਰੁਪਏ) ਦਾ ਨੁਕਸਾਨ ਹੋ ਚੁੱਕਾ ਹੈ। ਹਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਪੈਰਿਸ ਹਿਲਟਨ ਦੇ ਮਕਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਬੜੀਆਂ ਵਾਇਰਲ ਹੋ ਰਹੀਆਂ ਹਨ। ਮਾਲਿਬੂ ਨਗਰ ’ਚ ਸਮੁੰਦਰ ਦੇ ਕੰਢੇ ’ਤੇ ਬਣੇ ਫਿਲਮੀ ਸਿਤਾਰਿਆਂ ਦੇ ਖੂਬਸੂਰਤ ਘਰ ਮਲਬੇ ’ਚ ਬਦਲ ਚੁੱਕੇ ਹਨ ਅਤੇ ਇਨ੍ਹਾਂ ਦੇ ਸਿਰਫ ਸੜੇ ਹੋਏ ਅਵਸ਼ੇਸ਼ ਹੀ ਬਚੇ ਹਨ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਘਰ ਵੀ ਖਤਰੇ ’ਚ ਹੈ। ਇਸ ਦੇ ਕਾਰਨ ਉਨ੍ਹਾਂ ਦੇ ਘਰ ਨੂੰ ਵੀ ਖਾਲੀ ਕਰਵਾਇਆ ਗਿਆ ਹੈ। ਸਿਆਸਤ, ਉਦਯੋਗ ਅਤੇ ਫਿਲਮ ਜਗਤ ਦੀਆਂ ਕਈ ਪ੍ਰਸਿੱਧ ਹਸਤੀਆਂ ਦੇ ਆਲੀਸ਼ਾਨ ਮਕਾਨਾਂ ਨੂੰ ਵੀ ਖਾਲੀ ਕਰਨ ਦੇ ਹੁਕਮ ਜਾਰੀ ਹੋਏ ਹਨ। ਵਰਣਨਯੋਗ ਹੈ ਕਿ ਲਾਸ ਏਂਜਲਸ ਅਮਰੀਕਾ ਦੀ ਸਭ ਤੋਂ ਵੱਧ ਆਬਾਦੀ ਵਾਲਾ ਕਾਊਂਟੀ ਹੈ। ਇੱਥੇ 1 ਕਰੋੜ ਤੋਂ ਵੱਧ ਲੋਕ ਰਹਿੰਦੇ ਹਨ। ਕੈਲੀਫੋਰਨੀਆ ’ਚ ਕਈ ਸਾਲਾਂ ਤੋਂ ਸੋਕੇ ਦੇ ਹਾਲਾਤ ਹਨ। ਇਲਾਕੇ ’ਚ ਨਮੀ ਦੀ ਕਮੀ ਹੈ। ਇਸ ਦੇ ਇਲਾਵਾ ਇਹ ਸੂਬਾ ਅਮਰੀਕਾ ਦੇ ਦੂਜੇ ਇਲਾਕਿਆਂ ਦੀ ਤੁਲਨਾ ’ਚ ਕਾਫੀ ਗਰਮ ਹੈ। ਇਹੀ ਕਾਰਨ ਹੈ ਕਿ ਇੱਥੇ ਗਰਮੀ ਦੇ ਮੌਸਮ ’ਚ ਅਕਸਰ ਜੰਗਲਾਂ ’ਚ ਅੱਗ ਲੱਗ ਜਾਂਦੀ ਹੈ। ਇਹ ਸਿਲਸਿਲਾ ਬਰਸਾਤ ਦਾ ਮੌਸਮ ਆਉਣ ਤੱਕ ਜਾਰੀ ਰਹਿੰਦਾ ਹੈ।
ਬੀਤੇ ਕੁਝ ਸਾਲਾਂ ਤੋਂ ਹਰ ਮੌਸਮ ’ਚ ਅੱਗ ਲੱਗਣ ਦੀਆਂ ਘਟਨਾਵਾਂ ਵਧੀਆਂ ਹਨ। ਪਿਛਲੇ 50 ਸਾਲਾਂ ’ਚ ਕੈਲੀਫੋਰਨੀਆ ਦੇ ਜੰਗਲਾਂ ’ਚ 78 ਤੋਂ ਵੱਧ ਵਾਰ ਅੱਗ ਲੱਗ ਚੁੱਕੀ ਹੈ। ਇਨ੍ਹਾਂ ਜੰਗਲਾਂ ਕੋਲ ਰਿਹਾਇਸ਼ੀ ਇਲਾਕੇ ਵਧੇ ਹਨ। ਅਜਿਹੇ ’ਚ ਅੱਗ ਲੱਗਣ ’ਤੇ ਨੁਕਸਾਨ ਵੱਧ ਹੁੰਦਾ ਹੈ। 1933 ’ਚ ਲਾਸ ਏਂਜਲਸ ਦੇ ਗ੍ਰਿਫਿਥ ਪਾਰਕ ’ਚ ਲੱਗੀ ਅੱਗ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਅੱਗ ਸੀ। ਇਸ ਨੇ ਲਗਭਗ 83 ਹਜ਼ਾਰ ਏਕੜ ਨੂੰ ਆਪਣੀ ਲਪੇਟ ’ਚ ਲੈ ਲਿਆ ਸੀ। ਲਗਭਗ 3 ਲੱਖ ਲੋਕਾਂ ਨੂੰ ਆਪਣੇ ਘਰ ਛੱਡ ਕੇ ਦੂਜੇ ਸ਼ਹਿਰਾਂ ’ਚ ਜਾਣਾ ਪਿਆ ਸੀ। ਮੌਸਮ ਦੇ ਹਾਲਾਤ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਕਾਰਨ ਆਉਣ ਵਾਲੇ ਦਿਨਾਂ ’ਚ ਇਸ ਅੱਗ ਦੇ ਹੋਰ ਭੜਕਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਅਮਰੀਕਾ ਦੀਆਂ ਬੀਮਾ ਕੰਪਨੀਆਂ ਨੂੰ ਡਰ ਹੈ ਕਿ ਇਹ ਅਮਰੀਕਾ ਦੇ ਇਤਿਹਾਸ ’ਚ ਜੰਗਲਾਂ ’ਚ ਲੱਗੀ ਸਭ ਤੋਂ ਮਹਿੰਗੀ ਅੱਗ ਸਾਬਿਤ ਹੋਵੇਗੀ, ਕਿਉਂਕਿ ਅੱਗ ਦੇ ਘੇਰੇ ’ਚ ਆਉਣ ਵਾਲੀਆਂ ਜਾਇਦਾਦਾਂ ਦੀ ਕੀਮਤ ਬੜੀ ਜ਼ਿਆਦਾ ਹੈ। ਜੇਕਰ ਅੱਗ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਅਮਰੀਕੀ ਸਰਕਾਰ ਦੀ ਖੋਜ ’ਚ ਸਪੱਸ਼ਟ ਤੌਰ ’ਤੇ ਇਹ ਕਿਹਾ ਗਿਆ ਹੈ ਕਿ ਪੱਛਮੀ ਅਮਰੀਕਾ ’ਚ ਵੱਡੇ ਪੱਧਰ ’ਤੇ ਜੰਗਲਾਂ ’ਚ ਭਿਆਨਕ ਅੱਗ ਦਾ ਸੰਬੰਧ ਜਲਵਾਯੂ ਤਬਦੀਲੀ ਨਾਲ ਵੀ ਹੈ। ਵਾਤਾਵਰਣ ਮਾਹਿਰਾਂ ਦਾ ਮੰਨਣਾ ਹੈ ਕਿ ਵਧਦੀ ਗਰਮੀ, ਲੰਬੇ ਸਮੇਂ ਤੱਕ ਸੋਕਾ ਅਤੇ ਪਿਆਸੇ ਵਾਯੂਮੰਡਲ ਸਮੇਤ ਜਲਵਾਯੂ ਤਬਦੀਲੀ ਪੱਛਮੀ ਅਮਰੀਕਾ ’ਚ ਅੱਗ ਦੇ ਖਤਰੇ ਅਤੇ ਇਸ ਦੇ ਫੈਲਣ ਦਾ ਪ੍ਰਮੁੱਖ ਕਾਰਨ ਰਹੇ ਹਨ।
ਅਮਰੀਕਾ ’ਚ ਦੱਖਣੀ ਕੈਲੀਫੋਰਨੀਆ ’ਚ ਅੱਗ ਲੱਗਣ ਦਾ ਮੌਸਮ ਆਮ ਤੌਰ ’ਤੇ ਮਈ ਤੋਂ ਅਕਤੂਬਰ ਤੱਕ ਮੰਨਿਆ ਜਾਂਦਾ ਹੈ ਪਰ ਸੂਬੇ ਦੇ ਗਵਰਨਰ ਗੈਵਿਨ ਨਿਊਸਮ ਨੇ ਮੀਡੀਆ ਨੂੰ ਦੱਸਿਆ ਕਿ ਅੱਗ ਲੱਗਣਾ ਪੂਰੇ ਸਾਲ ਦੀ ਇਕ ਸਮੱਸਿਆ ਬਣ ਗਈ ਹੈ। ਇਸ ਦੇ ਨਾਲ ਇਸ ਅੱਗ ਨੂੰ ਫੈਲਾਉਣ ਦਾ ਇਕ ਵੱਡਾ ਕਾਰਨ ‘ਸੇਂਟਾ ਐਨਾ’ ਹਵਾਵਾਂ ਵੀ ਹਨ, ਜੋ ਜ਼ਮੀਨ ਤੋਂ ਸਮੁੰਦਰ ਦੇ ਕੰਢੇ ਵੱਲ ਵਗਦੀਆਂ ਹਨ। ਮੰਨਿਆ ਜਾਂਦਾ ਹੈ ਕਿ ਲਗਭਗ 10 ਿਕਲੋਮੀਟਰ ਪ੍ਰਤੀ ਘੰਟੇ ਨਾਲੋਂ ਵੱਧ ਦੀ ਰਫਤਾਰ ਨਾਲ ਚੱਲਣ ਵਾਲੀਆਂ ਇਨ੍ਹਾਂ ਹਵਾਵਾਂ ਨੇ ਅੱਗ ਨੂੰ ਹੋਰ ਭੜਕਾਇਆ। ਇਹ ਹਵਾਵਾਂ ਸਾਲ ’ਚ ਕਈ ਵਾਰ ਵਗਦੀਆਂ ਹਨ। ਅਮਰੀਕਾ ਹੋਵੇ, ਭਾਰਤ ਹੋਵੇ ਜਾਂ ਵਿਸ਼ਵ ਦਾ ਕੋਈ ਵੀ ਦੇਸ਼, ਚਿੰਤਾ ਦੀ ਗੱਲ ਇਹ ਹੈ ਕਿ ਇੱਥੋਂ ਦੇ ਨੇਤਾ ਕਦੇ ਵਾਤਾਵਰਣ ਮਾਹਿਰਾਂ ਦੀ ਸਲਾਹ ਨੂੰ ਮਹੱਤਵ ਨਹੀਂ ਦਿੰਦੇ। ਵਾਤਾਵਰਣ ਦੇ ਨਾਂ ’ਤੇ ਮੰਤਰਾਲਾ, ਵਿਭਾਗ ਅਤੇ ਅੰਤਰਰਾਸ਼ਟਰੀ ਸੰਮੇਲਨ ਸਭ ਕਾਗਜ਼ੀ ਖਾਨਾਪੂਰਤੀ ਕਰਨ ਲਈ ਹਨ। ਕਾਰਪੋਰੇਟ ਘਰਾਣਿਆਂ ਦੇ ਪ੍ਰਭਾਵ ’ਚ ਅਤੇ ਉਨ੍ਹਾਂ ਦੀ ਹਵਸ ਨੂੰ ਪੂਰਾ ਕਰਨ ਲਈ ਸਾਰੇ ਨਿਯਮ ਅਤੇ ਕਾਨੂੰਨਾਂ ਨੂੰ ਟਿੱਚ ਜਾਣਿਆ ਜਾਂਦਾ ਹੈ। ਪਹਾੜ ਹੋਣ, ਜੰਗਲ ਹੋਣ, ਨਦੀ ਹੋਵੇ ਜਾਂ ਸਮੁੰਦਰ ਦੇ ਕੰਢੇ ਦਾ ਸੂਬਾ, ਹਰ ਪਾਸੇ ਤਬਾਹੀ ਦਾ ਅਜਿਹਾ ਹੀ ਨਾਚ ਜਾਰੀ ਹੋਵੇ। ਵਿਕਾਸ ਦੇ ਨਾਂ ’ਤੇ ਹੋਣ ਵਾਲੀ ਤਬਾਹੀ ਜੇਕਰ ਇੰਝ ਹੀ ਹੁੰਦੀ ਰਹੇਗੀ ਤਾਂ ਭਵਿੱਖ ’ਚ ਇਸ ਤੋਂ ਵੀ ਭਿਆਨਕ ਤ੍ਰਾਸਦੀ ਆਵੇਗੀ।
ਅਮਰੀਕਾ ਵਰਗੇ ਰੱਜੇ-ਪੁੱਜੇ ਅਤੇ ਵਿਕਸਿਤ ਦੇਸ਼ ’ਚ ਜਦੋਂ ਅਜਿਹੇ ਹਾਦਸੇ ਵਾਰ-ਵਾਰ ਹੁੰਦੇ ਹਨ ਤਾਂ ਜਾਪਦਾ ਹੈ ਕਿ ਉੱਥੇ ਵੀ ਪ੍ਰਸਿੱਧ ਵਾਤਾਵਰਣ ਮਾਹਿਰਾਂ, ਇੰਜੀਨੀਅਰਾਂ ਅਤੇ ਵਿਗਿਆਨੀਆਂ ਦੇ ਤਜਰਬਿਆਂ ਅਤੇ ਸਲਾਹਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਜੇਕਰ ਇਨ੍ਹਾਂ ਦੀਆਂ ਸਲਾਹਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਸ਼ਾਇਦ ਆਉਣ ਵਾਲੇ ਸਮੇਂ ’ਚ ਅਜਿਹਾ ਨਾ ਹੋਵੇ। ਇਕ ਖੋਜ ਦੇ ਅਨੁਸਾਰ ਜਲਵਾਯੂ ਤਬਦੀਲੀ ’ਤੇ ਨਜ਼ਰ ਰੱਖਣ ਵਾਲੇ ਯੂ. ਐੱਨ. ਦੇ ਵਿਗਿਆਨੀਆਂ ਨੇ ਅਕਤੂਬਰ 2018 ’ਚ ਚਿਤਾਵਨੀ ਦਿੱਤੀ ਸੀ ਕਿ ਜੇਕਰ ਵਾਤਾਵਰਣ ਨੂੰ ਬਚਾਉਣ ਲਈ ਸਖਤ ਕਦਮ ਨਾ ਚੁੱਕੇ ਗਏ ਤਾਂ ਵਧਦੇ ਤਾਪਮਾਨ ਦੇ ਕਾਰਨ 2040 ਤੱਕ ਭਿਆਨਕ ਹੜ੍ਹ, ਸੋਕਾ, ਕਾਲ ਅਤੇ ਜੰਗਲ ਦੀ ਅੱਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੁਨੀਆ ਦਾ ਕੋਈ ਵੀ ਦੇਸ਼ ਹੋਵੇ, ਕੀ ਕੋਈ ਇਨ੍ਹਾਂ ਵਿਗਿਆਨਿਕ ਖੋਜੀਆਂ ਅਤੇ ਮਾਹਿਰਾਂ ਦੀ ਸਲਾਹ ਨੂੰ ਕਦੇ ਸੁਣੇਗਾ?
ਵਿਨੀਤ ਨਾਰਾਇਣ