ਉਥਲ-ਪੁਥਲ ਤੋਂ ਬਾਅਦ ਕਾਂਗਰਸ ਲਈ ਪੁਨਰਜਨਮ ਦਾ ਸਾਲ ਹੈ 2025
Thursday, Jan 02, 2025 - 05:20 PM (IST)
ਸਾਲ 2024 ਭਾਰਤੀ ਰਾਸ਼ਟਰੀ ਕਾਂਗਰਸ ਲਈ ਇਕ ਉਥਲ-ਪੁਥਲ ਭਰਿਆ ਸਾਲ ਸੀ, ਜਿਸ ’ਚ ਇਸ ਨੇ ਅੰਦਰੂਨੀ ਸੰਘਰਸ਼, ਚੋਣਾਂ ਦੀ ਹਾਰ ਅਤੇ ਰਵਾਇਤੀ ਸਮਰਥਨ ਆਧਾਰ ’ਚ ਵਧਦੀ ਨਿਰਾਸ਼ਾ ਦਾ ਸਾਹਮਣਾ ਕੀਤਾ। ਫਿਰ ਵੀ ਇਸ ਨੇ ਸੰਭਾਵਿਤ ਮੁੜ ਉਭਾਰ ਦੀ ਨੀਂਹ ਰੱਖੀ ਕਿਉਂਕਿ ਪਾਰਟੀ ਨੇ ਫਿਰ ਤੋਂ ਸੰਗਠਿਤ ਹੋ ਕੇ ਆਪਣੀ ਲੀਡਰਸ਼ਿਪ ਦੀ ਪੁਨਰ ਰਚਨਾ ਕੀਤੀ ਅਤੇ 2025 ਲਈ ਭਾਰਤੀ ਸਿਆਸਤ ’ਚ ਆਪਣੀ ਭੂਮਿਕਾ ’ਤੇ ਵਿਚਾਰ ਕੀਤਾ।
2024 ਦੀਆਂ ਕਈ ਅਸਫਲਤਾਵਾਂ ਦੇ ਬਾਵਜੂਦ, 2025 ’ਚ ਕਾਂਗਰਸ ਲਈ ਆਸ ਬਣੀ ਹੋਈ ਹੈ ਪਰ ਇਹ ਕਈ ਅਹਿਮ ਤੱਤਾਂ ’ਤੇ ਨਿਰਭਰ ਕਰੇਗਾ।
ਗੱਠਜੋੜ ਰਣਨੀਤੀਆਂ : ਕਾਂਗਰਸ ਨੂੰ ‘ਇੰਡੀਆ’ ਗੱਠਜੋੜ ਅੰਦਰ ਆਪਣੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੋਵੇਗੀ, ਨਾਲ ਹੀ ਇਲਾਕਾਈ ਪਾਰਟੀਆਂ ਨਾਲ ਗੱਠਜੋੜ ਬਣਾਉਣ ਦੇ ਮੌਕਿਆਂ ਦੀ ਭਾਲ ਕਰਨੀ ਪਵੇਗੀ। ਇਸ ਲਈ ਸਮਝੌਤਿਆਂ ਅਤੇ ਕਾਂਗਰਸ ਪਾਰਟੀ ਦੀਆਂ ਰਵਾਇਤੀ ਕੇਂਦਰੀਕਰਨ ਪ੍ਰਵਿਰਤੀਆਂ ਤੋਂ ਹਟ ਕੇ ਇਕ ਵਧੇਰੇ ਵਿਕੇਂਦਰੀਕ੍ਰਿਤ ਨਜ਼ਰੀਆ ਅਪਣਾਉਣਾ ਪਵੇਗਾ ਜੋ ਇਲਾਕਾਈ ਆਗੂਆਂ ਦੀਆਂ ਅਭਿਲਾਸ਼ਾਵਾਂ ਦਾ ਸਨਮਾਨ ਕਰਦਾ ਹੋਵੇ।
ਕਥਾਨਕ ਨਿਰਮਾਣ : 2025 ’ਚ ਕਾਂਗਰਸ ਨੂੰ ਆਪਣੇ ਕਥਾਨਕ ਦੇ ਫਿਰ ਤੋਂ ਨਿਰਮਾਣ ’ਤੇ ਧਿਆਨ ਕੇਂਦ੍ਰਿਤ ਕਰਨਾ ਪਵੇਗਾ। ਪਾਰਟੀ ਨੂੰ ਇਕ ਅਜਿਹਾ ਨਜ਼ਰੀਆ ਪੇਸ਼ ਕਰਨਾ ਪਵੇਗਾ ਜੋ ਸਾਰੇ ਭਾਰਤੀਆਂ ਦੀਆਂ ਅਭਿਲਾਸ਼ਾਵਾਂ ਨਾਲ ਮੇਲ ਖਾਂਦਾ ਹੋਵੇ, ਨਾ ਕਿ ਸਿਰਫ ਕੁਝ ਵਿਸ਼ੇਸ਼ ਵਰਗਾਂ ਨਾਲ। ਇਸ ਦਾ ਮਤਲਬ ਹੈ ਆਰਥਿਕ ਸੁਧਾਰ, ਰੋਜ਼ਗਾਰ ਸਿਰਜਣ ਅਤੇ ਸਮਾਜਿਕ ਨਿਆਂ ਵਰਗੇ ਮੁੱਦਿਆਂ ’ਤੇ ਧਿਆਨ ਕੇਂਦ੍ਰਿਤ ਕਰਨਾ, ਨਾਲ ਹੀ ਭਾਰਤ ਦੇ ਭਵਿੱਖ ਲਈ ਇਕ ਪ੍ਰੇਰਣਾਦਾਇਕ ਨਜ਼ਰੀਆ ਪੇਸ਼ ਕਰਨਾ।
ਨੌਜਵਾਨ ਅਤੇ ਤਕਨਾਲੋਜੀ : ਭਾਰਤ ’ਚ ਸਿਆਸਤ ਦਾ ਭਵਿੱਖ ਤੇਜ਼ੀ ਨਾਲ ਡਿਜੀਟਲ ਹੋ ਰਿਹਾ ਹੈ। ਕਾਂਗਰਸ ਨੂੰ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਕੇ ਨੌਜਵਾਨ ਵੋਟਰਾਂ ਤੱਕ ਪਹੁੰਚਣ ’ਚ ਨਿਵੇਸ਼ ਕਰਨਾ ਹੋਵੇਗਾ ਜੋ ਸਿਆਸੀ ਨਤੀਜਿਆਂ ਨੂੰ ਆਕਾਰ ਦੇਣ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਤਕਨਾਲੋਜੀ ਦੀ ਰਣਨੀਤਕ ਵਰਤੋਂ ਕਰ ਕੇ ਕਾਂਗਰਸ ਆਪਣੇ ਰਵਾਇਤੀ ਆਧਾਰ ਅਤੇ ਨਵੀਆਂ ਤਕਨੀਕੀ-ਜਾਣਕਾਰ ਪੀੜ੍ਹੀਆਂ ਦਰਮਿਆਨ ਖੱਡੇ ਨੂੰ ਪੂਰ ਸਕਦੀ ਹੈ।
ਸ਼ਾਸਨ ’ਤੇ ਧਿਆਨ ਕੇਂਦ੍ਰਿਤ ਕਰਨਾ : ਕਾਂਗਰਸ ਨੂੰ ਫਿਰ ਤੋਂ ਸ਼ਾਸਨ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੋਵੇਗੀ। ਰਾਜਸਥਾਨ ਅਤੇ ਛੱਤੀਸਗੜ੍ਹ ਜਿਹੇ ਸੂਬਿਆਂ ’ਚ ਕਾਂਗਰਸ ਲੀਡਰਸ਼ਿਪ ਤਹਿਤ ਕੁਝ ਹਾਂ-ਪੱਖੀ ਨੀਤੀਗਤ ਪਹਿਲਕਦਮੀਆਂ ਦੇਖੀਆਂ ਗਈਆਂ ਹਨ ਅਤੇ ਪਾਰਟੀ ਨੂੰ ਇਨ੍ਹਾਂ ਸਫਲਤਾਵਾਂ ’ਤੇ ਨਿਰਮਾਣ ਕਰਦਿਆਂ, ਬੇਰੋਜ਼ਗਾਰੀ, ਸਿੱਖਿਆ ਅਤੇ ਸਿਹਤ ਵਰਗੇ ਮੁੱਦਿਆਂ ਦੇ ਅਸਲ ਹੱਲ ਪੇਸ਼ ਕਰਨੇ ਪੈਣਗੇ।
ਅੰਦਰੂਨੀ ਸੰਘਰਸ਼ ਅਤੇ ਲੀਡਰਸ਼ਿਪ ਦੀਆਂ ਚੁਣੌਤੀਆਂ : ਕਾਂਗਰਸ ਲਈ ਸਭ ਤੋਂ ਵੱਡੀ ਉਥਲ-ਪੁਥਲ ’ਚੋਂ ਇਕ ਲੀਡਰਸ਼ਿਪ ਅਤੇ ਦਿਸ਼ਾ ਨੂੰ ਲੈ ਕੇ ਲਗਾਤਾਰ ਸੰਘਰਸ਼ ਸੀ, ਜਿਸ ਕਾਰਨ 2025 ’ਚ ਨਵੀਂ ਰਣਨੀਤੀ ਤਿਆਰ ਕਰਨੀ ਪਵੇਗੀ। ਰਾਹੁਲ ਗਾਂਧੀ ਦੀ ਅਗਵਾਈ, ਜਿਸ ਨੇ ਕੁਝ ਹੱਦ ਤਕ ਪਾਰਟੀ ਨੂੰ ਪੁਨਰਜੀਵਤ ਕੀਤਾ ਸੀ, ਫਿਰ ਵੀ ਇਕ ਵਿਵਾਦਿਤ ਮੁੱਦਾ ਬਣਿਆ ਰਿਹਾ। ਪਾਰਟੀ ਦੀ ਪਰਿਵਾਰਕ ਲੀਡਰਸ਼ਿਪ ਪ੍ਰਤੀ ਖਦਸ਼ੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਇਹ ਆਮ ਤੌਰ ’ਤੇ ਇਕ ਵੰਸ਼ਵਾਦੀ ਸੰਗਠਨ ਵਜੋਂ ਹੀ ਦੇਖਿਆ ਜਾਂਦਾ ਰਿਹਾ, ਜੋ ਨਹਿਰੂ-ਗਾਂਧੀ ਪਰਿਵਾਰ ਪ੍ਰਤੀ ਸ਼ਰਧਾਵਾਨ ਸੀ।
ਕਾਂਗਰਸੀ ਕਾਰਜਕਾਰੀ ਕਮੇਟੀ ਅਕਸਰ ਲੀਡਰਸ਼ਿਪ ਤਬਦੀਲੀ ਨੂੰ ਲੈ ਕੇ ਬਹਿਸਾਂ ’ਚ ਉਲਝੀ ਰਹਿੰਦੀ ਸੀ, ਕੁਝ ਮੈਂਬਰ ਪਾਰਟੀ ਦੀ ਅਗਵਾਈ ਕਰਨ ਲਈ ਇਕ ਨਵੇਂ ਚਿਹਰੇ ਦੀ ਭਾਲ ’ਚ ਸਨ, ਜਦੋਂ ਕਿ ਹੋਰ ਰਾਹੁਲ ਗਾਂਧੀ ਦੇ ਹੱਕ ’ਚ ਖੜ੍ਹੇ ਸਨ, ਇਹ ਮੰਨਦੇ ਹੋਏ ਕਿ ਉਹ ਪਾਰਟੀ ਲਈ ਭਾਜਪਾ ਦਾ ਮੁਕਾਬਲਾ ਕਰਨ ਦੀ ਸਭ ਤੋਂ ਵੱਡੀ ਆਸ ਹਨ।
ਇਹ ਅੰਦਰੂਨੀ ਵੰਡ ਜਨਤਕ ਤੌਰ ’ਤੇ ਸਾਹਮਣੇ ਆਈ, ਜਿਸ ਨਾਲ ਪਾਰਟੀ ਦਾ ਅਕਸ ਕਮਜ਼ੋਰ ਹੋਇਆ ਅਤੇ ਉਹ ਨੁਕਤਾਚੀਨੀਆਂ ਦਾ ਸ਼ਿਕਾਰ ਹੋਏ। 2024 ਦੀਆਂ ਅਹਿਮ ਸੂਬਾਈ ਚੋਣਾਂ ’ਚ ਵਿਸ਼ੇਸ਼ ਤੌਰ ’ਤੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਕਾਂਗਰਸ ਇਕਜੁੱਟ ਮੋਰਚਾ ਪੇਸ਼ ਕਰਨ ’ਚ ਅਸਫਲ ਰਹੀ, ਜਿਸ ਦੇ ਸਿੱਟੇ ਵਜੋਂ ਚੋਣ ਹਾਰ ਹੋਈ ਅਤੇ ਇਸ ਦੇ ਆਧਾਰ ’ਚ ਹੋਰ ਗਿਰਾਵਟ ਆਈ।
ਚੋਣ ਹਾਰ ਅਤੇ ਖੇਤਰੀ ਪਾਰਟੀਆਂ ਦਾ ਉਭਾਰ : ਸੂਬਾ ਚੋਣਾਂ ’ਚ ਕਾਂਗਰਸ ਲਈ ਕਈ ਮਹੱਤਵਪੂਰਨ ਸੂਬਿਆਂ ’ਚ ਸਥਿਤੀ ਬਹੁਤ ਖਰਾਬ ਰਹੀ। ਉੱਤਰ ਪ੍ਰਦੇਸ਼ ’ਚ ਪਾਰਟੀ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ, ਜਿਥੇ ਭਾਜਪਾ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਵਿਰੁੱਧ ਕਾਂਗਰਸ ਕੋਈ ਅਹਿਮ ਥਾਂ ਨਹੀਂ ਬਣਾ ਸਕੀ। ਹਾਲਾਂਕਿ ਸੂਬਾ ਅਤੇ ਰਾਸ਼ਟਰੀ ਪੱਧਰ ’ਤੇ ਸੱਤਾਧਾਰੀ ਪਾਰਟੀ ਦੇ ਵਿਰੁੱਧ ਅਸੰਤੋਸ਼ ਸੀ। ਕਾਂਗਰਸ ਦਾ ਵੋਟ ਸ਼ੇਅਰ ਸਥਿਰ ਰਿਹਾ ਅਤੇ ਇਕ ਸੁਸੰਗਤ ਰਣਨੀਤੀ ਅਤੇ ਸਥਾਨਕ ਲੀਡਰਸ਼ਿਪ ਦੀ ਕਮੀ ਕਾਰਨ ਵੋਟਰ ਹੋਰ ਵੀ ਵੱਖ ਹੋ ਗਏ।
ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਵੀ ਕਾਂਗਰਸ ਨੂੰ ਅੰਦਰੂਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਦੋਵਾਂ ਸੂਬਿਆਂ ’ਚ ਭਾਜਪਾ ਵਿਰੁੱਧ ਉੱਚ ਪੱਧਰ ਦਾ ਵਿਰੋਧ ਸੀ। ਪਾਰਟੀ ਇਸ ਦਾ ਲਾਭ ਉਠਾਉਣ ’ਚ ਅਸਫਲ ਰਹੀ, ਜਿਸ ਦਾ ਇਕ ਕਾਰਨ ਪਾਰਟੀ ਦੇ ਅੰਦਰ ਦਾ ਆਪਸੀ ਸੰਘਰਸ਼ ਸੀ।
ਇਸੇ ਮਿਆਦ ’ਚ ਖੇਤਰੀ ਪਾਰਟੀਆਂ ਦਾ ਉਭਾਰ ਦੇਖਿਆ ਗਿਆ, ਜਿਵੇਂ ਓਡਿਸ਼ਾ ’ਚ ਬੀਜਦ, ਤੇਲੰਗਾਨਾ ’ਚ ਬੀ. ਆਰ. ਐੱਸ. ਅਤੇ ਦਿੱਲੀ ਅਤੇ ਪੰਜਾਬ ’ਚ ਆਮ ਆਦਮੀ ਪਾਰਟੀ (ਆਪ) ਨੇ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ।
ਇਨ੍ਹਾਂ ਪਾਰਟੀਆਂ ਨੇ ਖੇਤਰੀ ਅਭਿਲਾਸ਼ਾਵਾਂ ਨੂੰ ਸਹੀ ਤਰੀਕੇ ਨਾਲ ਫੜਿਆ ਅਤੇ ਰਵਾਇਤੀ ਰਾਸ਼ਟਰੀ ਪਾਰਟੀਆਂ ਜਿਸ ’ਚ ਕਾਂਗਰਸ ਵੀ ਸ਼ਾਮਲ ਹੈ, ਦੇ ਮੁਕਾਬਲੇ ਇਕ ਬਦਲ ਪੇਸ਼ ਕੀਤਾ। ਕਾਂਗਰਸ ਦੇ ਸਮਰਥਨ ਆਧਾਰ ਦਾ ਇਨ੍ਹਾਂ ਇਲਾਕਾਈ ਪਾਰਟੀਆਂ ਵੱਲ ਜਾਣਾ 2024 ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ’ਚੋਂ ਇਕ ਸੀ।
ਕੇ. ਐੱਸ. ਤੋਮਰ