ਅੱਜ ਦਾ ਆਰਥਿਕ ਤੌਰ ’ਤੇ ਗਤੀਸ਼ੀਲ ਭਾਰਤ ਮਨਮੋਹਨ ਸਿੰਘ ਦੀ ਵਿਰਾਸਤ ਹੈ
Sunday, Jan 12, 2025 - 03:07 PM (IST)
ਡਾ. ਮਨਮੋਹਨ ਸਿੰਘ ਦੇ ਸਨਮਾਨ ਵਿਚ ਹੋਣ ਵਾਲੇ ਸਮਾਗਮ ਨੂੰ ਸੰਬੋਧਨ ਕਰਨ ਲਈ ਸੱਦਾ ਮਿਲਣਾ ਮੇਰੇ ਲਈ ਮਾਣ ਅਤੇ ਪ੍ਰਸੰਨਤਾ ਦੀ ਗੱਲ ਹੈ, ਜੋ ਕਿ ਉਨ੍ਹਾਂ ਮਹਾਨ ਵਿਅਕਤੀਆਂ ਵਿਚੋਂ ਇਕ ਹਨ ਜਿਨ੍ਹਾਂ ਨੂੰ ਜਾਣਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਹੈ। ਇਕ ਜਨਤਕ ਸੇਵਕ ਵਜੋਂ ਸਿੰਘ ਦੀਆਂ ਪ੍ਰਾਪਤੀਆਂ ਮੇਰੇ ਜਾਣੇ-ਪਛਾਣੇ ਕਿਸੇ ਵੀ ਹੋਰ ਵਿਅਕਤੀ ਨਾਲੋਂ ਵੱਧ ਹਨ। ਅੱਜ ਬਹੁਤ ਸਾਰੇ ਲੋਕ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਨਗੇ। ਮੈਂ ਉਨ੍ਹਾਂ ਦੇ ਬੇਮਿਸਾਲ ਚਰਿੱਤਰ ’ਤੇ ਹੋਰ ਵੀ ਵੱਧ ਜ਼ੋਰ ਦੇਣਾ ਚਾਹਾਂਗਾ। ਮੈਂ ਬਹੁਤ ਸਾਰੇ ਹੁਸ਼ਿਆਰ ਅਤੇ ਸਮਰੱਥ ਲੋਕਾਂ ਨੂੰ ਮਿਲਿਆ ਹਾਂ ਪਰ ਸਿੰਘ ਦੂਜਿਆਂ ਤੋਂ ਵੱਖਰੇ ਸਨ। ਉਹ ਹਮੇਸ਼ਾ ਸੰਤੁਲਿਤ, ਵਿਚਾਰਸ਼ੀਲ ਅਤੇ ਬੁੱਧੀਮਾਨ ਸਨ। ਸਭ ਤੋਂ ਵੱਧ, ਉਹ ਇਕ ਬਹੁਤ ਹੀ ਦੁਰਲੱਭ ਵਿਅਕਤੀ ਸਨ। ਉਹ ਉੱਚੇ ਰੁਤਬੇ ’ਤੇ ਇਕ ਪੂਰੀ ਤਰ੍ਹਾਂ ਨਾਲ ਸੱਭਿਅਕ ਆਦਮੀ ਸਨ।
ਮੈਂ ਉਨ੍ਹਾਂ ਨੂੰ ਪਹਿਲੀ ਵਾਰ 1974 ਦੇ ਅੱਧ ਵਿਚ ਮਿਲਿਆ ਸੀ, ਜਦੋਂ ਉਹ ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਸਨ ਅਤੇ ਮੈਂ ਭਾਰਤ ਵਿਚ ਵਿਸ਼ਵ ਬੈਂਕ ਦਾ ਸੀਨੀਅਰ ਡਿਵੀਜ਼ਨਲ ਅਰਥਸ਼ਾਸਤਰੀ ਸੀ। ਇਹ ਪਹਿਲੀ ਤੇਲ ਆਫ਼ਤ ਤੋਂ ਠੀਕ ਪਹਿਲਾਂ ਦੀ ਗੱਲ ਹੈ। ਸਿੰਘ ਨੇ ਆਪਣੇ ਮੌਲਿਕ ਖੋਜ ਕਾਰਜ ‘ਇੰਡੀਆਜ਼ ਐਕਸਪੋਰਟ ਟ੍ਰੈਂਡਜ਼ ਐਂਡ ਦਿ ਪ੍ਰਾਸਪੈਕਟਸ ਆਫ਼ ਸੈਲਫ-ਰਿਲਾਇੰਟ ਗ੍ਰੋਥ’ (ਭਾਰਤ ਦੇ ਬਰਾਮਦ ਰੁਝਾਨ ਅਤੇ ਆਤਮ-ਨਿਰਭਰ ਵਿਕਾਸ ਦੀਆਂ ਸੰਭਾਵਨਾਵਾਂ) ਵਿਚ ਪਹਿਲਾਂ ਹੀ ਉਨ੍ਹਾਂ ਸਮੱਸਿਆਵਾਂ ਦੀ ਪਛਾਣ ਕਰ ਲਈ ਸੀ ਜੋ ਭਾਰਤ ਨੂੰ ਅਜਿਹੇ ਝਟਕੇ ਤੋਂ ਬਾਅਦ ਆਉਣਗੀਆਂ, ਜਿਨ੍ਹਾਂ ਨੂੰ ਬਾਅਦ ਵਿਚ 1964 ਵਿੱਚ ਕਲੈਰੇਂਡਨ ਪ੍ਰੈੱਸ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ।
ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧੇ ਪ੍ਰਤੀ ਭਾਰਤ ਦੀ ਅਤਿ ਸੰਵੇਦਨਸ਼ੀਲਤਾ ਮੁੱਖ ਤੌਰ ’ਤੇ ਦੇਸ਼ ਦੇ ਬਰਾਮਦ ਦੇ ਬਹੁਤ ਘੱਟ ਪੱਧਰ ਅਤੇ ਇਸ ਦੇ ਨਤੀਜੇ ਵਜੋਂ ਦਰਾਮਦਾਂ ’ਤੇ ਸਭ ਤੋਂ ਘੱਟ ਲੋੜ ਨੂੰ ਪੂਰਾ ਕਰਨ ਲਈ ਦਬਾਅ ਦੇ ਕਾਰਨ ਸੀ। ਦੋਵੇਂ ਭਾਰਤ ਦੀਆਂ ਨੀਤੀਆਂ ਵਿਚ ਅਤਿਅੰਤ ਵਪਾਰ ਵਿਰੋਧੀ ਪੱਖਪਾਤ ਦਾ ਨਤੀਜਾ ਸਨ। ਇਸ ਤੋਂ ਬਾਅਦ, ਮੈਂ 1982 ਵਿਚ ਆਪਣੀ ਕਿਤਾਬ ‘ਇੰਡੀਆਜ਼ ਐਕਸਪੋਰਟਸ’ ਪ੍ਰਕਾਸ਼ਿਤ ਕੀਤੀ, ਜੋ ਕਿ ਉਦਾਰੀਕਰਨ ਦੇ ਬਹੁਤ ਜ਼ਰੂਰੀ ਪ੍ਰਾਜੈਕਟ ਵਿਚ ਇਕ ਛੋਟਾ ਜਿਹਾ ਯੋਗਦਾਨ ਸੀ। ਇਤਫ਼ਾਕ ਨਾਲ ਨਹੀਂ, ਮੈਨੂੰ ਨਫੀਲਡ ਕਾਲਜ ਵਿਚ ਇਆਨ ਲਿਟਲ ਵੱਲੋਂ ਪੜ੍ਹਾਇਆ ਗਿਆ ਸੀ, ਜੋ ਕਿ ਸਿੰਘ ਦੇ ਥੀਸਿਸ ਸੁਪਰਵਾਈਜ਼ਰ ਵੀ ਸਨ। ਜਦੋਂ ਮੈਂ ਪਹਿਲੀ ਵਾਰ ਉਨ੍ਹਾਂ ਨੂੰ ਮਿਲਿਆ, ਤਾਂ ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਅਧੀਨ ਇਸ ਵਿਗੜੀ ਹੋਈ ਨੀਤੀ ਪ੍ਰਣਾਲੀ ਵਿਚ ਬੁਨਿਆਦੀ ਸੁਧਾਰ ਵਾਲੇ ਵਿੱਤ ਮੰਤਰੀ ਬਣਨਗੇ। ਇਹ ਸਿਰਫ਼ ਮੇਰੇ ਉਨ੍ਹਾਂ ਨਾਲ ਨਿੱਜੀ ਸੰਬੰਧ ਨਹੀਂ ਸਨ।
ਮੈਂ ਆਪਣੇ ਜੀਵਨ ਭਰ ਦੇ ਦੋਸਤਾਂ ਮੋਨਟੇਕ ਸਿੰਘ ਆਹਲੂਵਾਲੀਆ ਅਤੇ ਸ਼ੰਕਰ ਆਚਾਰੀਆ ਨੂੰ 1971 ਵਿਚ ਮਿਲਿਆ ਸੀ, ਜਦੋਂ ਮੈਂ ਵਿਸ਼ਵ ਬੈਂਕ ਦੇ ਘਰੇਲੂ ਵਿੱਤ ਵਿਭਾਗ ਵਿਚ ਇਕ ਨੌਜਵਾਨ ਪੇਸ਼ੇਵਰ ਸੀ। ਬੇਸ਼ੱਕ, ਦੋਵਾਂ ਨੇ ਉਨ੍ਹਾਂ ਦੀ ਸੇਵਾ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨਾਲ ਮੇਰੀ ਦੋਸਤੀ ਨੇ ਉਨ੍ਹਾਂ ਨਾਲ ਮੇਰਾ ਰਿਸ਼ਤਾ ਹੋਰ ਵੀ ਡੂੰਘਾ ਕਰ ਦਿੱਤਾ। ਬੈਂਕ ਛੱਡਣ ਤੋਂ ਬਾਅਦ ਵੀ ਮੈਂ ਸਿੰਘ ਨੂੰ ਮਿਲਦਾ ਰਿਹਾ, ਇਸ ਵਾਰ ਇਕ ਪੱਤਰਕਾਰ ਦੇ ਤੌਰ ’ਤੇ। ‘ਫਾਈਨੈਂਸ਼ੀਅਲ ਟਾਈਮਜ਼’ ਦੇ ਸਾਬਕਾ ਸੰਪਾਦਕ ਰਿਚਰਡ ਲੈਂਬਰਟ, ਉਨ੍ਹਾਂ ਵਿਚੋਂ ਇਕ ਮੀਟਿੰਗ ਬਾਰੇ ਹੇਠ ਲਿਖੀ ਕਹਾਣੀ ਦੱਸਦੇ ਹਨ। ਭਾਰਤ ਦੇ ਵਿੱਤ ਮੰਤਰੀ ਹੋਣ ਦੇ ਨਾਤੇ, ਮਨਮੋਹਨ ਸਿੰਘ ਨੇ 1990 ਦੇ ਦਹਾਕੇ ਦੇ ਸ਼ੁਰੂ ਵਿਚ ਮਾਰਟਿਨ ਵੁਲਫ ਅਤੇ ਮੇਰੇ ਨਾਲ ਆਪਣੇ ਸੁਧਾਰ ਪ੍ਰੋਗਰਾਮ ਬਾਰੇ ਚਰਚਾ ਕਰਨ ਲਈ ਐੱਫ. ਟੀ. ਦੇ ਲੰਡਨ ਦਫ਼ਤਰ ਦਾ ਦੌਰਾ ਕੀਤਾ।
ਮਾਰਟਿਨ ਨੇ ਪੁੱਛਿਆ ਕਿ ਉਨ੍ਹਾਂ ਨੇ ਉਹ ਨੀਤੀਗਤ ਬਦਲਾਅ ਕਿਉਂ ਨਹੀਂ ਕੀਤਾ ਜੋ ਕਾਫ਼ੀ ਸਪੱਸ਼ਟ ਜਾਪਦਾ ਸੀ। ਸਿੰਘ ਨੇ ਹੌਲੀ ਜਿਹੀ ਜਵਾਬ ਦਿੱਤਾ, “ਹਾਂ, ਮਾਰਟਿਨ, ਮੈਂ ਅਰਥਸ਼ਾਸਤਰ ਨੂੰ ਸਮਝਦਾ ਹਾਂ। ਪਰ ਤੁਹਾਡੇ ਅਤੇ ਮੇਰੇ ਵਿਚ ਫ਼ਰਕ ਇਹ ਹੈ ਕਿ ਜੇਕਰ ਤੁਸੀਂ ਕੋਈ ਗਲਤੀ ਕਰਦੇ ਹੋ, ਤਾਂ ਤੁਸੀਂ ਇਸ ਨੂੰ ਆਪਣੇ ਅਗਲੇ ਕਾਲਮ ਵਿਚ ਸੁਧਾਰ ਸਕਦੇ ਹੋ। ਜੇ ਮੈਂ ਗਲਤੀ ਕਰਦਾ ਹਾਂ, ਤਾਂ 20 ਮਿਲੀਅਨ (2 ਕਰੋੜ) ਲੋਕ ਮਰ ਜਾਂਦੇ ਹਨ।’’ ਇਕ ਪਲ ਲਈ, ਮਾਰਟਿਨ ਵੀ ਬੋਲ ਨਾ ਸਕੇ। ਸਿੰਘ ਇਕ ਬਹੁਤ ਮਹਾਨ ਇਨਸਾਨ ਸਨ। ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਸਾਲਾਂ ਦੌਰਾਨ, ਮੈਂ ਉਨ੍ਹਾਂ ਨੂੰ ਕਈ ਵਾਰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮਿਲਿਆ। ਮੈਨੂੰ ਯਾਦ ਹੈ ਕਿ ਮੈਂ ਉਨ੍ਹਾਂ ਨਾਲ ਪਾਕਿਸਤਾਨ ਨਾਲ ਸ਼ਾਂਤੀ ਦਾ ਰਸਤਾ ਲੱਭਣ ਦੀ ਉਨ੍ਹਾਂ ਦੀ ਇੱਛਾ ਅਤੇ ਅਮਰੀਕਾ ਨਾਲ ਸਬੰਧਾਂ ਨੂੰ ਇਕ ਨਵੇਂ ਪੱਧਰ ’ਤੇ ਲੈ ਜਾਣ ਦੇ ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਬਾਰੇ ਗੱਲ ਕੀਤੀ ਸੀ। ਅਸੀਂ ਹਾਲ ਹੀ ਵਿਚ, ਉਨ੍ਹਾਂ ਦੇ ਘਰ, ਭਾਰਤ ਵਿਚ ਲੋਕਤੰਤਰ ਦੇ ਭਵਿੱਖ ਬਾਰੇ ਗੱਲ ਕੀਤੀ।
ਇਸ ਬਾਰੇ ਉਹ ਪੂਰੀ ਤਰ੍ਹਾਂ ਆਸ਼ਾਵਾਦੀ ਸਨ। 2023 ਦੀਆਂ ਗਰਮੀਆਂ ਵਿਚ ਉਨ੍ਹਾਂ ਨਾਲ ਮੇਰੀ ਆਖਰੀ ਗੱਲਬਾਤ ਵਿਚ, ਮੈਂ ਸ਼ੁਰੂ ਵਿਚ ਚਿੰਤਤ ਸੀ ਕਿ ਉਨ੍ਹਾਂ ਨੂੰ ਗੱਲ ਕਰਨ ਵਿਚ ਬਹੁਤ ਮੁਸ਼ਕਲ ਆ ਰਹੀ ਸੀ। ਮੈਂ ਗ਼ਲਤ ਸੀ। ਉਹ ਯੂਕ੍ਰੇਨ ਵਿਚ ਜੰਗ ਨੂੰ ਲੈ ਕੇ ਪੱਛਮ ਅਤੇ ਰੂਸ ਵਿਚਕਾਰ ਟਕਰਾਅ ਬਾਰੇ ਆਪਣੀਆਂ ਚਿੰਤਾਵਾਂ ਪ੍ਰਗਟ ਕਰਨ ਵਿਚ ਸਫਲ ਰਹੇ। ਅਸੀਂ ਅਸਹਿਮਤ ਸੀ। ਫਿਰ ਵੀ, ਹਮੇਸ਼ਾ ਵਾਂਗ, ਉਨ੍ਹਾਂ ਦੀ ਅਸਹਿਮਤੀ ਨਿਮਰਤਾਪੂਰਨ ਸੀ, ਉਨ੍ਹਾਂ ਦੇ ਤਰਕ ਤਰਕਸੰਗਤ ਸਨ ਅਤੇ ਉਨ੍ਹਾਂ ਦੀ ਚਿੰਤਾ ਦੀਆਂ ਜੜ੍ਹਾਂ ਮਾਨਵੀ ਸਨ। ਮਨਮੋਹਨ ਨੂੰ ਜਾਣਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਭਾਗ ਸੀ। ਉਨ੍ਹਾਂ ਨੇ ਮੈਨੂੰ ਅਤੇ ਬਾਕੀ ਸਾਰਿਆਂ ਨੂੰ ਦਿਖਾਇਆ ਕਿ ਲੀਡਰਸ਼ਿਪ ਅਤੇ ਸੇਵਾ ਦਾ ਅਸਲ ਅਰਥ ਕੀ ਹੈ। ਅੱਜ ਦਾ ਆਰਥਿਕ ਤੌਰ ’ਤੇ ਗਤੀਸ਼ੀਲ ਭਾਰਤ ਉਨ੍ਹਾਂ ਦੀ ਵਿਰਾਸਤ ਹੈ। ਇਸ ਤੋਂ ਇਲਾਵਾ, ਇਕ ਖੁਸ਼ਹਾਲ ਅਤੇ ਲੋਕਤੰਤਰੀ ਭਾਰਤ ਲਈ ਸਮਰਪਿਤ ਸੇਵਾ ਦੀ ਉਨ੍ਹਾਂ ਦੀ ਮਿਸਾਲ ਵੀ ਹੈ ਜੋ ਦੁਨੀਆ ਲਈ ਖੁੱਲ੍ਹਾ ਹੈ। ਜਿਵੇਂ ਕਿ ਸ਼ੈਕਸਪੀਅਰ ਨੇ ਲਿਖਿਆ ਹੋਵੇਗਾ, ‘‘ਇੱਥੇ ਇਕ ਸ਼ੇਰ ਸੀ, ਅਜਿਹਾ ਦੂਜਾ ਕਦੋਂ ਆਵੇਗਾ?’’
ਮਾਰਟਿਨ ਵੁਲਫ